ਬਿਨੁ ਭਾਗਾ ਸਤਸੰਗੁ ਨ ਲਭੈ

ਬਿਨੁ ਭਾਗਾ ਸਤਸੰਗੁ ਨ ਲਭੈ








ਇੱਕ ਵਾਰ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਜਗਦ ਜਲੰਦੇ ਦਾ ਉਧਾਰ ਕਰਦੇ ਹੋਏ ਇੱਕ ਪਿੰਡ ਦੇ ਬਾਹਰ ਪਹੁੰਚੇ। ਇਥੇ ਹੀ ਗੁਰੂ ਸਾਹਿਬ ਜੀ ਨੇ ਟਿਕਾਣਾ ਕਰ ਲਿਆ। ਪਿੰਡ ਵਿੱਚ ਇੱਕ ਸ਼ਰਧਾਲੂ ਰਹਿੰਦਾ ਸੀ ਜੋ ਖੱਤਰੀ ਸੀ।

ਗੁਰੂ ਸਾਹਿਬ ਜੀ ਰੋਜ ਉਥੇ ਕੀਰਤਨ ਕਰਦੇ ਅਤੇ ਰੋਜ ਹੀ ਖੱਤਰੀ ਸਤਿਸੰਗ ਵਿੱਚ ਆਉਂਦਾ ਤੇ ਕੀਰਤਨ ਸੁਣ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਕੇ ਨਿਹਾਲ ਹੁੰਦਾ। ਉਸ ਦੇ ਹਟਵਾਣੀਏ ਦੀ ਹੱਟੀ ਸੀ, ਉਹ ਰੋਜ ਵੇਖੇ ਕਿ ਇਹ ਖੱਤਰੀ ਰੋਜ ਹੀ ਇੱਥੇ ਲੰਘਦਾ ਹੈ। ਇੱਕ ਦਿਨ ਨੇ ਖੱਤਰੀ ਨੂੰ ਪੁੱਛ ਲਿਆ। ਖੱਤਰੀ ਨੇ ਦੱਸਿਆ ਕਿ ਉਹ ਸਤਿਸੰਗ ਵਿੱਚ ਜਾਂਦਾ ਹੈ।

ਖੱਤਰੀ ਨੇ ਦੱਸਿਆ ਕਿ ਪਿੰਡ ਦੇ ਬਾਹਰ ਇੱਕ ਮਹਾਨ ਸਾਧੂ ਆਏ ਹਨ ਉਹਨਾਂ ਦੇ ਦਰਸ਼ਨ ਕਰਨ ਨਾਲ ਹੀ ਇਨਸਾਨ ਤਰ ਜਾਂਦਾ ਹੈ। ਹਟਵਾਣੀਏ ਨੇ ਕਿਹਾ ਫਿਰ ਮੈਨੂੰ ਵੀ ਦਰਸ਼ਨ ਕਰਾ ਦਏ। ਖੱਤਰੀ ਨੇ ਕਿਹਾ ਠੀਕ ਹੈ ਤੁਸੀਂ ਕੱਲ੍ਹ ਮੇਰੇ ਨਾਲ ਚਲਣਾ।

ਦੋਵੇ ਅਗਲੇ ਦਿਨ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਗਏ। ਅੱਗੇ ਜਾ ਕੇ ਸੜਕ ਦੋ ਰਾਹਾਂ ਵਿੱਚ ਵੰਡੀ ਜਾਂਦੀ ਸੀ। ਇੱਕ ਰਾਹ ਸਿੱਧਾ ਗੁਰੂ ਸਾਹਿਬ ਜੀ ਦੇ ਟਿਕਾਣੇ ਤੇ ਜਾਂਦਾ ਸੀ ਅਤੇ ਦੂਜਾ ਰਾਹ ਮਾੜੇ ਥਾਂ ਵੱਲ ਜਾਂਦਾ ਸੀ। ਜਦੋਂ ਇਉਹ ਦੋਵੇ ਉਥੇ ਪਹੁੰਚੇ ਤਾਂ ਗੰਦੀ ਬਸਤੀ ਵਿੱਚੋ ਇੱਕ ਔਰਤ ਆ ਰਹੀ ਸੀ ਜਿਸ ਦੀ ਸੁੰਦਰਤਾ ਵੇਖ ਕੇ ਹਟਵਾਣੀਏ ਦਾ ਮਨ ਭਟਕ ਗਿਆ।

ਉਸ ਦਿਨ ਤਾਂ ਉਹ ਖੱਤਰੀ ਨਾਲ ਸਤਿਸੰਗ ਵਿਚ ਚਲਿਆ ਗਿਆ, ਪਰ ਉਸ ਦੇ ਮਨ ਵਿੱਚ ਲਗਾਤਾਰ ਉਸ ਔਰਤ ਦਾ ਹੀ ਖਿਆਲ ਰਿਹਾ। ਖੱਤਰੀ ਹਰ ਬਾਰ ਦੀ ਤਰ੍ਹਾਂ ਧਿਆਨ ਨਾਲ ਕੀਰਤਨ ਸੁਣ ਕੇ ਸੇਵਾ ਕਰਦਾ ਰਿਹਾ ਦੋਵੇ ਪਿੰਡ ਪਰਤ ਗਏ।

ਇਸ ਤਰ੍ਹਾਂ ਦੋਵੇ ਇੱਕਠੇ ਪਿੰਡ ਤੋਂ ਸਤਿਸੰਗ ਲਈ ਨਿਕਲਦੇ ਪਰ ਖੱਤਰੀ ਦਾ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਜਾਂਦਾ ਅਤੇ ਹਟਵਾਣੀਆ ਰੋਜ ਉਸ ਔਰਤ ਨੂੰ ਮਿਲਣ ਚਲਾ ਜਾਂਦਾ। ਕਈ ਦਿਨਾਂ ਬਾਅਦ ਹਟਵਾਈਏ ਨੇ ਕਿਹਾ ਤੂੰ ਰੋਜ ਸਤਿਸੰਗ ਵਿੱਚ ਜਾਂਦਾ ਹੈ ਤੈਨੂੰ ਉਥੋਂ ਕੀ ਮਿਲਦਾ ਹੈ। ਮੈਂ ਤੇ ਆਪਣੀ ਜਿੰਦਗੀ ਦਾ ਪੂਰਾ ਅਨੰਦ ਮੰਨ ਰਿਹਾ ਹਾਂ। ਇੱਕ ਕੰਮ ਕਰਦੇ ਹਾਂ ਅੱਜ ਜਦੋਂ ਤੂੰ ਸਤਿਸੰਗ ਤੋਂ ਆ ਜਾਵੇ ਤਾਂ ਇਸ ਦਰੱਖਤ ਥੱਲੇ ਬੈਠ ਕੇ ਮੇਰਾ ਇੰਤਜਾਰ ਕਰੀ ਜੇ ਮੈਂ ਪਹਿਲਾ ਆ ਗਿਆ ਤਾਂ ਤੇਰਾ ਇੰਤਜਾਰ ਕਰਾਂਗਾ ਤੂੰ ਮੈਨੂੰ ਦੱਸੀ ਕਿ ਤੂੰ ਕੀ ਪਾਇਆ ਅਤੇ ਮੈਂ ਤੈਨੂੰ ਦੱਸਾਂਗਾ ਕਿ ਮੈਂ ਕੀ ਪਾਇਆ ਹੈ।

ਖੱਤਰੀ ਨੇ ਕਈ ਵਾਰ ਹਟਵਾਣੀਏ ਨੂੰ ਸਮਝਾਇਆ ਕਿ ਸਤਿਸੰਗ ਵਿੱਚ ਚਲਿਆ ਕਰ ਪਰ ਉਹ ਮੰਨਦਾ ਹੀ ਨਹੀਂ ਸੀ। ਹੁਣ ਉਸ ਨੇ ਕਿਹਾ ਵੇਖਣਾ ਤੂੰ ਕੀ ਪਾਇਆ ਅਤੇ ਮੈਂ ਕੀ। ਦੋਵੇ ਆਪਣੇ-ਆਪਣੇ ਰਾਹ ਚਲੇ ਗਏ। ਹਟਵਾਣੀਆ ਜਦੋਂ ਉਸ ਔਰਤ ਪਾਸ ਗਿਆ ਤਾਂ ਉਹ ਤਾਂ ਕਿਸੇ ਹੋਰ ਆਦਮੀ ਨਾਲ ਚਲੀ ਗਈ ਸੀ। ਉਹ ਕਾਫੀ ਉਡੀਕ ਦੇ ਬਾਅਦ ਵਾਪਸ ਆ ਕੇ ਉਸ ਦਰੱਖਤ ਥੱਲੇ ਬੈਠ ਗਿਆ। ਬਹੁਤ ਦੇਰ ਤੱਕ ਜਦੋਂ ਖੱਤਰੀ ਸਿੱਖ ਨਹੀਂ ਆਇਆ ਤਾਂ ਹਟਵਾਣੀਏ ਨੇ ਵੈਸੇ ਹੀ ਧਰਤੀ ਖਤੋਰਣ ਲਗਿਆ। ਕੁੱਝ ਦੇਰ ਬਾਅਦ ਉਸ ਨੂੰ ਮਿੱਟੀ ਵਿੱਚ ਇੱਕ ਸੋਨੇ ਦੀ ਮੁਹਰ ਮਿਲੀ ਉਹ ਬਹੁਤ ਖੁਸ਼ ਹੋਇਆ ਅਤੇ ਹੁਣ ਚਾਹ ਨਾਲ ਹੋਰ ਮਿੱਟੀ ਖਤੋਰਣ ਲਗਿਆ।

ਕੁੱਝ ਦੇਰ ਬਾਅਦ ਮਿੱਟੀ ਵਿੱਚੋਂ ਇੱਕ ਮਿੱਟੀ ਦੇ ਦੱਬੇ ਹੋਏ ਭਾਂਡੇ ਦਾ ਮੂੰਹ ਛੂਰੀ ਨਾਲ ਠਹਿਕੀਆ ਤਾਂ ਉਸ ਨੇ ਛੇਤੀ-ਛੇਤੀ ਮਿੱਟੀ ਪੁੱਟੀ ਅਤੇ ਭਾਂਡਾ ਕੱਢ ਲਿਆ। ਜਦੋਂ ਉਸ ਦਾ ਢੱਕਣ ਖੋਲ੍ਹਿਆ ਤਾਂ ਉਸ ਦੇ ਵਿਚ ਕੋਲੇ ਨਿਕਲੇ।
ਐਨੀ ਦੇਰ ਵਿੱਚ ਖੱਤਰੀ ਸਿੱਖ ਸ਼ਾਮ ਤੱਕ ਸਤਿਸੰਗਤ ਅਤੇ ਸੇਵਾ ਕਰ ਕੇ ਉਸ ਦਰੱਖਤ ਕੋਲ ਆਇਆ ਤਾਂ ਉਸ ਦੇ ਪੈਰ ਵਿੱਚ ਇੱਕ ਕੰਡਾ ਚੁਭ ਗਿਆ ਸੀ।

ਹਟਵਾਣੀਏ ਨੇ ਉਸ ਨੂੰ ਕਿਹਾ ਤੇਰੇ ਪੈਰ ਵਿੱਚ ਕੀ ਹੋਇਆ ਤਾਂ ਖੱਤਰੀ ਸਿੱਖ ਨੇ ਦੱਸਿਆ ਕਿ ਮੇਰੇ ਪੈਰ ਵਿੱਚ ਕੰਡਾ ਚੁੱਭ ਗਿਆ। ਹਟਵਾਣੀਏ ਨੇ ਕਿਹਾ ਮੈਂ ਤਾਂ ਰੋਜ ਮਾੜੇ ਪਾਸੇ ਜਾਂਦਾ ਹਾਂ ਫਿਰ ਵੀ ਵੇਖ ਮੈਨੂੰ ਇੱਕ ਸੋਨੇ ਦੀ ਮੁਹਰ ਮਿਲੀ ਅਤੇ ਤੂੰ ਸਤਿਸੰਗ ਵਿੱਚ ਜਾਣਦਾ ਹੈ ਫਿਰ ਵੀ ਤੈਨੂੰ ਕੰਡਾ ਲੱਗ ਗਿਆ। ਦੱਸ ਇਹ ਕਿਵੇਂ ਹੋਇਆ। ਹਟਵਾਣੀਏ ਨੇ ਚੱਲ ਇਹ ਗੱਲ ਅਸੀਂ ਤੇਰੇ ਗੁਰੂ ਜੀ ਤੋਂ ਹੀ ਪੁੱਛ ਲੈਂਦੇ ਹਾਂ।





ਜਦੋਂ ਦੋਵੇ ਗੁਰੂ ਸਾਹਿਬ ਕੋਲ ਪਹੁੰਚੇ ਤਾਂ ਮੱਥਾ ਟੇਕ ਕੇ ਸਾਰੀ ਗੱਲ ਦੱਸੀ ਅਤੇ ਕਾਰਨ ਪੁੱਛਿਆ ਕਿ ਇਹ ਸਤਿਸੰਗ ਕਰਦਾ ਰਿਹਾ ਤਾਂ ਇਸ ਨੂੰ ਕੰਡਾ ਮਿਲਿਆ ਅਤੇ ਮੈਂ ਗਲਤ ਕੰਮ ਕੀਤੇ ਤਾਂ ਮੈਨੂੰ ਸੋਨੇ ਦੀ ਮੁਹਰ ਮਿਲੀ ਕਾਰਨ ਦੱਸੋ। ਗੁਰੂ ਸਾਹਿਬ ਜੀ ਮੁਸਕੁਰਾਏ ਅਤੇ ਕਹਿਣ ਲੱਗੇ ਤੈਨੂੰ ਅੱਜ ਇੱਕ ਸੋਨੇ ਦੀ ਮੁਹਰ ਮਿਲੀ ਕਿਉਂਕਿ ਤੂੰ ਰੋਜ ਮਾੜੇ ਕਰਮ ਕਰਦਾ ਰਿਹਾ ਤਾਂ ਤੈਨੂੰ ਭਾਂਡਾ ਮਿਲਿਆ ਉਹ ਕੋਲੇ ਦਾ ਮਿਲਿਆ ਜੇ ਤੂੰ ਮਾੜੇ ਕਰਮ ਨਹੀਂ ਕਰਦਾ ਤਾਂ ਉਹ ਭਾਂਡਾ ਸੋਨੇ ਦੀਆਂ ਮੁਹਰਾਂ ਨਾਲ ਭਰਿਆ ਹੁੰਦਾ ਪਰ ਤੇਰੇ ਮਾੜੇ ਕਰਮ ਕਰ ਕੇ ਤੈਨੂੰ ਸਿਰਫ ਇੱਕ ਹੀ ਸੋਨੇ ਦੀ ਮੁਹਰ ਮਿਲੀ। ਇਸ ਸਿੱਖ ਦੇ ਪੈਰ ਵਿੱਚ ਕੰਡਾ ਲੱਗ ਗਿਆ, ਇਸ ਨੂੰ ਮਿਲਣੀ ਤਾਂ ਸੂਲੀ ਸੀ, ਪਰ ਇਸ ਦੇ ਚੰਗੇ ਕਰਮਾਂ ਕਰ ਕੇ ਰੋਜ ਸਤਿਸੰਗ ਵਿੱਚ ਆਉਣੇ ਕਰ ਕੇ ਇਸ ਨੂੰ ਸਿਰਫ ਇੱਕ ਕੰਡਾ ਹੀ ਲਗਿਆ।

ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਮਾੜੇ ਕਰਮਾਂ ਦਾ ਫੱਲ ਵੀ ਮਾੜਾ ਹੁੰਦਾ ਹੈ ਚੰਗੇ ਕਰਮ, ਭਜਨ, ਸਿਮਰਨ ਅਤੇ ਸੇਵਾ, ਸਤਿਸੰਗਤ ਦਾ ਫੱਲ ਸਦਾ ਚੰਗਾ ਹੀ ਹੁੰਦਾ ਹੈ। ਬੰਦੇ ਦਾ ਦਿਮਾਗ ਉਸ ਕੁਦਰਤ ਦੀ ਕਿਰਪਾ ਨੂੰ ਸਮਝ ਨਹੀਂ ਪਾਉਂਦਾ।
 
Top