ਭਾਈ ਤਾਰੂ ਜੀ

ਭਾਈ ਤਾਰੂ ਜੀ




ਜਗਤ ਜਲੰਦੇ ਨੂੰ ਰੱਖਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤਲਵੰਡੀ ਵਿੱਚ ਜਗਤ ਦਾ ਉਧਾਰ ਕਰ ਰਹੇ ਸੀ। ਸਵਾ ਪਹਿਰ ਰਾਤ ਰਹਿੰਦੀ ਤੋਂ ਕੀਰਤਨ ਸ਼ੁਰੂ ਹੁੰਦਾ ਅਤੇ ਸਵੇਰੇ ਭੋਗ ਪੈਂਦਾ ਸੀ। ਕਈ ਜੀਵ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆਉਂਦੇ ਤੇ ਆਪਣਾ ਜੀਵਨ ਸੁਧਾਰਦੇ ਸੀ।

ਇਸ ਤਰ੍ਹਾਂ ਹੀ ਰੋਜ ਇੱਕ ਦਸਾਂ ਕੁ ਸਾਲਾ ਦਾ ਬਾਲਕ ਵੀ ਰੋਜ ਸਤਿਸੰਗਤ ਵਿੱਚ ਆਉਣ ਲੱਗ ਪਿਆ। ਇਹ ਬੱਚਾ ਅੱਧੀ ਰਾਤ ਦੇ ਸਮੇਂ ਜਦੋਂ ਕੀਰਤਨ ਸ਼ੁਰੂ ਹੁੰਦਾ ਉਦੋਂ ਹੀ ਸਤਿਸੰਗ ਵਿੱਚ ਆ ਜਾਇਆ ਕਰਦਾ ਸੀ। ਜਿਸ ਪਾਸੇ ਗੁਰੂ ਸਾਹਿਬ ਕੀ ਬੈਠਦੇ ਸੀ ਇਹ ਪਿੱਛਲੇ ਪਾਸੇ ਜਾ ਕੇ ਬੈਠ ਜਾਂਦਾ ਸੀ।

ਉਹ ਬੱਚਾ ਧਿਆਨ ਨਾਲ ਕੀਰਤ ਸੁਣਦਾ ਅਤੇ ਭੋਗ ਪੈਣ ਤੇ ਮੱਥਾ ਟੇਕ ਕੇ ਚਲਾ ਜਾਂਦਾ। ਇੱਕ ਦਿਨ ਗੁਰੂ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਅੱਜ ਬੱਚੇ ਨੂੰ ਜਾਣ ਨਹੀਂ ਦੇਣਾ ਤੇ ਸਾਡੇ ਕੋਲ ਲੈ ਕੇ ਆਉਣਾ। ਜਦੋਂ ਸਤਿਸੰਗ ਖਤਮ ਹੋਇਆ, ਸਿੱਖਾਂ ਨੇ ਬੱਚੇ ਨੂੰ ਰੋਕਿਆ ਅਤੇ ਸਤਿਗੁਰੂ ਜੀ ਦੇ ਕੋਲ ਲੈ ਕੇ ਆਏ। ਗੁਰੂ ਸਾਹਿਬ ਜੀ ਨੇ ਬੱਚੇ ਨੂੰ ਪੁੱਛਿਆ ਬੇਟਾ ਤੇਰੀ ਉਮਰ ਕਿੰਨ੍ਹੀ ਹੈ। ਐਨੀ ਛੋਟੀ ਉਮਰ ਵਿੱਚ ਤੂੰ ਐਨੀ ਰਾਤ ਨੂੰ ਕਿਵੇਂ ਉਠ ਕੇ ਆ ਜਾਂਦਾ ਹੈ। ਤੇਰੀ ਉਮਰ ਤਾਂ ਅਜੇ ਖੇਡਣ ਦੀ ਹੈ ਤੈਨੂੰ ਸਤਿਸੰਗ ਨਾਲ ਪਿਆਰ ਕਿਵੇਂ ਪੈ ਗਿਆ। ਬੱਚੇ ਨੇ ਹੱਥ ਜੋੜੇ ਅਤੇ ਕਿਹਾ ਮਹਾਰਾਜ ਮੈਨੂੰ ਮੌਤ ਤੋਂ ਡਰ ਲੱਗਦਾ ਹੈ।

ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਪੁੱਛਿਆ ਮੌਤ ਦਾ ਡਰ ਕਿਵੇਂ ਲੱਗ ਗਿਆ? ਬੱਚਾ ਕਹਿਣ ਲਗਾ ਜੀ ਮੈਂ ਪਹਿਲਾਂ ਸੋਚਦਾ ਸੀ ਕਿ ਮੌਤ ਦਾ ਬੁੱਢੇ ਨੂੰ ਹੀ ਆਉਂਦੀ ਹੈ। ਮੈਂ ਤਾਂ ਹੁਣੇ ਬੱਚਾ ਹਾਂ ਫਿਰ ਜੁਆਨੀ ਤੇ ਫਿਰ ਬੁੱਢੇ ਹੋ ਕੇ ਵੇਖੀ ਜਾਉ। ਇੱਕ ਦਿਨ ਮੇਰੀ ਮਾਂ ਨੇ ਕਿਹਾ ਕਿ ਕਿਸੇ ਹਮਸਾਏ ਦੇ ਘਰੋਂ ਅੱਗ ਲਿਆ। ਮੈਂ ਅੱਗ ਲਿਆਉਂਦੀ ਤਾਂ ਚੁਲ੍ਹੇ ਵਿੱਚ ਰੱਖ ਕੇ ਅੱਗ ਬਾਲਨ ਦੀ ਕਾਫੀ ਕੋਸ਼ਿਸ਼ ਕੀਤੀ, ਫਿਰ ਮੇਰੀ ਮਾਂ ਨੇ ਅਵਾਜ ਦਿੱਤੀ ਕਿ ਪਹਿਲਾਂ ਛੋਟੀਆਂ ਲਕੜੀਆਂ ਨੂੰ ਬਾਲ ਵੱਡੀਆਂ ਬਾਅਦ ਵਿੱਚ ਬਲ ਜਾਵੇਗੀ। ਜਦੋਂ ਮੈਂ ਨਿੱਕੀਆਂ-ਨਿੱਕੀਆਂ ਲੱਕੜਾ ਨੂੰ ਬਾਲ ਲਿਆ ਤਾਂ ਮੇਰੇ ਮਨ ਵਿੱਚ ਖਿਆਲ ਆਇਆ ਕਿ ਜਿਸ ਤਰ੍ਹਾਂ ਨਿੱਕੀਆਂ ਲੱਕੜਾ ਪਹਿਲਾ ਬਲ ਸਕਦੀਆਂ ਹਨ ਇਸ ਤਰ੍ਹਾਂ ਛੋਟੀ ਉਮਰ ਵਿੱਚ ਵੀ ਮੌਤ ਆ ਸਕਦੀ ਹੈ।

ਮੈਂ ਸੁਣਿਆ ਸੀ ਕਿ ਸੰਤਾ ਦੀ ਸੰਗਤ ਕਰਨ ਨਾਲ ਮੌਤ ਦਾ ਡਰ ਖਤਮ ਹੋ ਜਾਂਦਾ ਹੈ। ਇਸ ਲਈ ਮੈਂ ਆਪ ਜੀ ਦੇ ਦਰਸ਼ਨ ਲਈ ਆਉਂਦਾ ਹਾਂ ਅਤੇ ਆਪ ਜੀ ਦੇ ਬਚਨ ਸੁਣਦਾ ਹਾਂ। ਗੁਰੂ ਸਾਹਿਬ ਜੀ ਨੇ ਫੁਰਮਾਇਆ ਭਾਈ ਤੇਰਾ ਨਾਂ ਕੀ ਹੈ? ਬੱਚੇ ਨੇ ਕਿਹਾ: ਜੀ ਮੇਰਾ ਨਾਂ ਤਾਰੂ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਤੂੰ ਕੁਲ ਤਾਰੂ ਹੋਵੇਗਾ।

ਬੱਚਾ ਇਸ ਤਰ੍ਹਾਂ ਹੀ ਸਤਿਸੰਗਤ ਵਿੱਚ ਆਉਂਦਾ ਰਿਹਾ। ਇੱਕ ਦਿਨ ਗੁਰੂ ਸਾਹਿਬ ਜੀ ਨੇ ਬੁਲਾਇਆ ਤੇ ਫੁਰਮਾਇਆ ਤਾਰੂ ਤੂੰ ਬਾਣੀ ਸੁਣਦਾ ਹੈ। ਇਸ ਨਾਲ ਤੇਰਾ ਮਨ ਸ਼ੁੱਧ ਹੁੰਦਾ ਹੈ ਅੱਗੇ ਉਮਰ ਕੰਮ ਕਰਨ ਦੀ ਆਵੇਗੀ ਤਾਂ ਬਾਣੀ ਵੀ ਸੁਣਨਾ ਅਤੇ ਕੰਮ ਵੀ ਕਰਨਾ ਤੇ ਵੰਡ ਕੇ ਛਕਣਾ।

ਮਨ ਨੂੰ ਵੈਰ,ਇਰਖਾ ਅਤੇ ਮੋਹ ਤੋਂ ਬਚਾ ਕੇ ਰੱਖਣਾ। ਇਸ ਤਰ੍ਹਾਂ ਸ਼ੁੱਧ ਹੋਏ ਮਨ ਵਿੱਚ ਨਾਮ ਦਾ ਨਿਵਾਸ ਹੁੰਦਾ ਹੈ।
ਮਨ ਸ਼ੁੱਧ ਹੋਣ ਤੇ ਗੁਣ ਆਉਂਦੇ ਹਨ ਅਤੇ ਹੁਣਾਂ ਬਿਨਾਂ ਭਗਤੀ ਨਹੀਂ ਮਿਲਦੀ। ਵਾਹਿਗੁਰੂ ਦੇ ਨਾਮ ਦਾ ਸਿਮਰਨ ਕਰੋ। ਸਿਮਰਨ ਕਰਨ ਨਾਲ ਗੁਣ ਆਉਂਦੇ ਹਨ। ਜੀਵ ਵਿੱਚ ਸ਼ੁਭ ਗੁਣਾਂ ਦੀ ਕਮੀ ਹੈ। ਗੁਣ ਤਾਂ ਕਰਤਾਰ ਵਿੱਚ ਹਨ। ਪਰ ਸਾਨੂੰ ਆਪਣਾ ਮਨ ਸ਼ੁੱਧ ਕਰਨਾ ਹੈ ਅਤੇ ਇਹ ਸ਼ੁੱਧ ਵੀ ਵਾਹਿਗੁਰੂ ਨਾਮ ਦੇ ਸਿਮਰਨ ਨਾਲ ਹੋਵੇਗਾ।

ਜੋ ਤੂੰ ਸਤਿਸੰਗ ਵਿੱਚ ਆਕੇ ਬਾਣੀ ਸੁਣਦਾ ਹੈ ਉਸ ਦਾ ਵੀਚਾਰ ਕਰਨਾ ਹੈ ਮਨ ਅਤੇ ਸਰੀਰ ਤੇ ਪਹਿਰਾ ਦੇਣਾ ਅਤੇ ਸੁਆਸ ਸੁਆਸ ਨਾਮ ਜਪਣਾ ਹੈ। ਤਾਰੂ ਜੀ ਨੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਧਿਆਨ ਨਾਲ ਸੁਣਿਆ ਅਤੇ ਜੀਵਨ ਭਰ ਕਮਾਇਆ ਅਤੇ ਆਪਣਾ ਜੀਵਨ ਸਫਲ ਕੀਤਾ। ਗੁਰੂ ਸਾਹਿਬ ਜੀ ਕਿਰਪਾ ਕਰਨ ਅਸੀਂ ਵੀ ਗੁਰੂ ਸਾਹਿਬ ਜੀ ਦੇ ਹੁਕਮ ਨੂੰ ਕਮਾ ਕੇ ਆਪਣਾ ਜੀਵਨ ਸਫਲ ਕਰ ਲਈਏ।
 
Top