ਭਾਈ ਮਤੀ ਦਾਸ ਜੀ

ਭਾਈ ਮਤੀ ਦਾਸ ਜੀ
"ਆਰਾ ਪਿਆਰ ਲਗਤ ਹੈ ਸਹਿਜੇ ਸਹਿਜੇ ਜਾਇ
ਜਿੰਦ ਜਾਨ ਜਾਇ ਤੋਂ ਜਾਏ ਹੈ ਮੇਰਾ ਸਿੱਖੀ ਸਿਦਕ ਨਾ ਜਾਇ"

ਦਿੱਲੀ ਵਿੱਚ ਗੁਰਦੁਆਰਾ ਸੀਸ ਗੰਜ ਦੇ ਸਾਹਮਣੇ ਚੌਂਕ ਵਿੱਚ ਵੱਡਾ ਫੁਹਾਰਾ ਹੈ। ਇਸ ਨੂੰ ਭਾਈ ਮਤੀ ਦਾਸ ਚੌਂਕ ਕਹਿੰਦੇ ਹਨ। ਇਥੇ ਭਾਈ ਮਤੀ ਦਾਸ ਜੀ ਨੇ ਆਪਣਾ ਖੂਨ ਡੋਲ੍ਹ ਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ।
ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ।


ਜਦੋਂ ਭਾਈ ਮਤੀ ਦਾਰ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਬਹੁਤ ਸਮਾਂ ਗੁਰੂ ਜੀ ਦੇ ਨੇੜੇ ਰਹੇ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।

ਜਦੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਹਿੰਦੂਆਂ ਤੇ ਹੋ ਰਹੇ ਜੁਲਮ ਨੂੰ ਰੋਕਣ ਲਈ ਦਿੱਲੀ ਗਏ ਤਾਂ ਆਪ ਜੀ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਦਿਆਲਾ ਹੀ, ਭਾਈ ਗੁਰਦਿੱਤਾ ਜੀ, ਭਾਈ ਉਦੈ ਜੀ, ਭਾਈ ਜੈਤਾ ਜੀ ਤੇ ਭਾਈ ਸਤੀ ਦਾਸ ਦੀ ਆਦਿ ਗੁਰਸਿੱਖ ਸਨ।

ਜਦੋਂ ਮੁਗਲ ਹਕੂਮਤ ਨਾਲ ਗੱਲਬਾਤ ਸਿਰੇ ਨਾ ਚੜ੍ਹੀ ਤਾਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ। ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਗੁਰੂ ਸਾਹਿਬ ਜੀ ਕੋਲ ਹੀ ਰਹੇ। ਉਨ੍ਹਾਂ ਫੈਸਲਾ ਕੀਤਾ ਕਿ ਉਹ ਗੁਰੂ ਜੀ ਨੂੰ ਇਕੱਲਿਆਂ ਸ਼ਹੀਦ ਨਹੀਂ ਹੋਣ ਦੇਣਗੇ। ਭਾਈ ਗੁਰਦਿੱਤਾ ਜੀ ਨੂੰ ਸ਼੍ਰੀ ਅਨੰਦਪੁਰ ਸਾਹਿਬ ਭੇਜਿਆ ਗਿਆ। ਭਾਈ ਜੈਤਾ ਜੀ ਤੇ ਭਾਈ ਉਦੈ ਜੀ ਦੀ ਜਿੰਮੇਵਾਰੀ ਸਤਿਗੁਰਾਂ ਦੀ ਸ਼ਹਾਦਤ ਦੇ ਬਾਅਦ ਸਰੀਰ ਨੂੰ ਸੰਭਾਲਣ ਦੀ ਲਗਾਈ ਗਈ।

ਮੁਗਲ ਹਕੂਮਤ ਨੇ ਫੈਸਲਾ ਕੀਤਾ ਕਿ ਪਹਿਲਾਂ ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਜਾਵੇ। ਸਾਰੇ ਸ਼ਹਿਰ ਵਿੱਚ ਢੰਡੋਰਾ ਪਿਟਵਾਇਆ ਗਿਆ। ਭਾਰੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ। ਪਹਿਲਾਂ ਭਾਈ ਮਤੀ ਦਾਸ ਜੀ ਨੂੰ ਕੋਤਵਾਲੀ ਵਿੱਚੋ ਬਾਹਰ ਲਿਆਂਦਾ ਗਿਆ, ਜਿਥੇ ਜਲਾਦ ਪਹਿਲਾਂ ਹੀ ਆਰਾ ਤੇ ਸ਼ਕੰਜਾ ਲੈ ਕੇ ਖੜ੍ਹੇ ਕੀਤੇ ਗਏ ਸਨ।

ਭਾਈ ਮਤੀ ਦਾਸ ਜੀ ਨੂੰ ਕਾਜੀ ਨੇ ਆਖਿਆ 'ਸਿੱਖੀ ਛੱਡ ਕੇ ਮੁਸਲਮਾਨ ਹੋ ਜਾਉ, ਤੁਹਾਨੂੰ ਬਹੁਤ ਸੁਖ ਦਿੱਤੇ ਜਾਣਗੇ। ਪਰੰਤੂ ਭਾਈ ਜੀ ਨੇ ਸਾਰੇ ਦੁਨਿਆਵੀ ਸੁਖ ਤੇ ਲਾਲਚ ਠੁਕਰਾ ਦਿੱਤੇ ਤੇ ਕਿਹਾ ਮੈਂ ਸਿੱਖੀ ਨਹੀਂ ਛੱਡ ਸਕਦਾ, ਭਾਵੇਂ ਮੇਰੀ ਜਾਨ ਵੀ ਚਲੀ ਜਾਵੇ। ਕਾਜ਼ੀ ਨੇ ਫਿਰ ਕਿਹਾ ਕਿ ਗੁਰੂ ਸਾਹਿਬ ਦਾ ਸਾਥ ਛੱਡ ਦਿਉ। ਭਾਈ ਸਾਹਿਬ ਨੇ ਕਿਹਾ ਗੁਰੂ ਸਾਹਿਬ ਜੀ ਨੂੰ ਛੱਡ ਕੇ ਮੈਂ ਜਿੰਦਾ ਨਹੀਂ ਰਹਿ ਸਕਦਾ। ਅੰਤ ਵਿੱਚ ਮਰਨਾ ਤਾਂ ਹੈ ਹੀ, ਕਿਉਂ ਨਾ ਸਿੱਖੀ ਨਿਭਾ ਕੇ ਹੀ ਮਰਾਂ। ਗੁਰੂ ਸਾਹਿਬ ਜੀ ਤੋਂ ਪਹਿਲਾਂ ਸ਼ਹਾਦਤ ਮੇਰੀ ਹੋਵੇਗੀ।

ਕਾਜੀ ਨੇ ਭਾਈ ਸਾਹਿਬ ਨੂੰ ਆਰੇ ਨਾਲ ਦੋਫਾੜ ਕਰਨ ਦਾ ਹੁਕਮ ਸੁਣਾ ਦਿੱਤਾ। ਭਾਈ ਸਾਹਿਬ ਜੀ ਤੋਂ ਅੰਤਮ ਇੱਛਾ ਪੁੱਛੀ ਕਿ ਤੁਸੀਂ ਕੀ ਚਾਹੁੰਦੇ ਹੋ? ਭਾਈ ਮਤੀ ਦਾਸ ਜੀ ਨੇ ਉੱਤਰ ਦਿੱਤਾ ਮੇਰੇ ਸੀਸ ਤੇ ਆਰਾ ਰੱਖਣ ਸਮੇਂ ਮੇਰਾ ਮੂੰਹ ਗੁਰੂ ਸਾਹਿਬ ਜੀ ਵੱਲ ਕਰ ਦੇਣਾ ਤਾਂ ਕਿ ਮੈਂ ਆਪਣੇ ਅੰਤਲੇ ਸਮੇਂ ਆਪਣੇ ਪ੍ਰੀਤਮ ਦੇ ਦਰਸ਼ਨ ਕਰ ਸਕਾਂ। ਬੱਸ ਇਹੀ ਮੇਰੀ ਇੱਛਾ ਹੈ।

ਇਸ ਤਰ੍ਹਾਂ ਹੀ ਕੀਤਾ ਗਿਆ। ਭਾਈ ਸਾਹਿਬ ਤੇ ਸੀਸ ਤੇ ਆਰਾ ਚੱਲਣਾ ਹੋਇਆ। ਖੂਨ ਦੀਆਂ ਧਾਰਾਂ ਦੂਰ-ਦੂਰ ਤੱਕ ਵਗਣ ਲੱਗੀਆਂ। ਖੂਨ ਦੇ ਪਰਨਾਲੇ ਛੁੱਟ ਪਏ ਪਰ ਵੇਖਣ ਵਾਲੇ ਲੋਕ ਦੰਗ ਰਹਿ ਗਏ ਕਿ ਭਾਈ ਸਾਹਿਬ ਨੂੰ ਜਰਾ ਵੀ ਘਬਰਾਹਟ ਨਹੀਂ ਸੀ। ਜਿਵੇਂ-ਜਿਵੇਂ ਆਰਾ ਚੱਲ ਰਿਹਾ ਸੀ ਚਿਹਰੇ ਤੇ ਜਲਾਲ ਵਧਦਾ ਜਾ ਰਿਹਾ ਸੀ। ਵੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਹੋ ਗਏ। ਇਸ ਤਰ੍ਹਾਂ ਦੀ ਸ਼ਹੀਦੀ ਉਹਨਾਂ ਨੇ ਪਹਿਲਾ ਕਦੇ ਨਹੀਂ ਸੀ ਵੇਖੀ। ਆਰੇ ਦੀ ਚੀਰ ਭਾਈ ਸਾਹਿਬ ਦੀ ਸਮਾਧੀ ਨੂੰ ਭੰਗ ਨਾ ਕਰ ਸਕਿਆ। ਭਾਈ ਸਾਹਿਬ ਦਾ ਸਰੀਰ ਦੋਫਾੜ ਹੋ ਗਿਆ ਤੇ ਉਨ੍ਹਾਂ ਦਾ ਆਤਮਾ ਰੂਪੀ ਭੌਰ ਉਡਾਰੀ ਮਾਰ ਗਿਆ। ਦੁਨੀਆਂ ਦੇ ਇਤਿਹਾਸ ਵਿੱਚ ਭਾਈ ਸਾਹਿਬ ਦੀ ਸ਼ਹਾਦਤ ਬੇਮਿਸਾਲ ਹੈ।

ਜਿਨ੍ਹਾਂ ਲੋਕਾਂ ਨੇ ਇਹ ਭਿਆਨਕ ਸਾਕਾ ਵੇਖਿਆ ਜਾਂ ਸੁਣਿਆ ਉਨ੍ਹਾਂ ਅੰਦਰ ਸਿੱਖ ਧਰਮ ਪ੍ਰਤੀ ਦ੍ਰਿੜਤਾ ਤੇ ਪਿਆਰ ਹੋਰ ਵਧਿਆ। ਲੋਕਾਂ ਨੇ ਮਹਿਸੂਸ ਕੀਤਾ ਕਿ ਸਿੱਖ ਧਰਮ ਹੀ ਇੱਕ ਮਹਾਨ ਧਰਮ ਹੈ, ਜੋ ਅਸਲੀ ਜੀਵਨ ਜਾਚ ਸਿਖਾਉਂਦਾ ਹੈ। ਸਿੱਖੀ ਨਾਲ ਮਨੁੱਖ ਦੀ ਆਤਮਾ ਇਤਨੀ ਬਲਵਾਨ ਹੋ ਜਾਂਦੀ ਹੈ ਕਿ ਮੌਤ ਉਸ ਨੂੰ ਡਰਾ ਨਹੀਂ ਸਕਦੀ।

ਧੰਨ ਹਨ ਭਾਈ ਮਤੀ ਦਾਸ ਜੀ, ਜਿਨ੍ਹਾਂ ਨੇ ਧਰਮ ਨਹੀਂ ਛੱਡੀਆ, ਗੁਰੂ ਸਾਹਿਬ ਜੀ ਨੂੰ ਨਹੀਂ ਛੱਡੀਆ, ਖੁਸ਼ੀ ਨਾਲ ਸ਼ਹਾਦਤ ਦਾ ਜਾਮ ਪੀ ਲਿਆ। ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਵੀ ਅਜਿਹੀ ਸੋਚ ਬਖਸ਼ੇ ਇਹੀ ਅਰਦਾਸ ਹੈ।

ਸਹਿਯੋਗ ਨਾਲ
ਸ਼੍ਰੋਮਣੀ ਗੁ:ਪ੍ਰ: ਕਮੇਟ
 
Top