ਦੋ ਥਾਵਾਂ ਤੋਂ 70 ਕਰੋੜ ਦੀ ਹੈਰੋਇਨ ਫੜੀ

[JUGRAJ SINGH]

Prime VIP
Staff member

ਸਰਹੱਦ ਤੋਂ 50 ਕਰੋੜ ਦੀ ਹੈਰੋਇਨ ਬਰਾਮਦ
ਖਾਸਾ/ਝਬਾਲ, 17 ਦਸੰਬਰ (ਮਹਿਤਾਬ ਸਿੰਘ ਪੰਨੂ, ਸੁਖਦੇਵ ਸਿੰਘ)-ਬੀਤੀ ਰਾਤ ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਸੈਕਟਰ ਅੰਮ੍ਰਿਤਸਰ ਬਾਰਡਰ 'ਤੇ 10 ਕਿਲੋ ਹੈਰੋਇਨ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਖਾਸਾ ਹੈੱਡ ਕੁਆਟਰ ਵਿਖੇ ਪੱਤਰਕਾਰਾਂ ਨੂੰ ਜਾਣਕਾਰੀ ਕਰਦਿਆਂ ਆਈ ਜੀ ਸ੍ਰੀ ਵਿਜੇ ਕੁਮਾਰ ਤੋਮਰ ਅਤੇ ਡੀ. ਆਈ. ਜੀ. ਐਮ ਐਫ. ਫਾਰੂਕੀ ਨੇ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਦੀ ਮਹਿੰਦਰਾ ਪੋਸਟ ਦੇ ਜਵਾਨ ਜਦੋਂ ਰਾਤ ਨੂੰ ਤਕਰੀਬਨ ਇਕ ਵਜੇ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੂੰ ਕੋਈ ਆਵਾਜ਼ ਸੁਣਾਈ ਦਿੱਤੀ। ਜਦੋਂ ਉਹ ਆਵਾਜ਼ ਵਾਲੇ ਪਾਸੇ ਗਏ ਤਾਂ ਧੁੰਦ ਸੰਘਣੀ ਹੋਣ ਕਾਰਨ ਕੁੱਝ ਦਿਖਾਈ ਨਾ ਦਿੱਤਾ ਪਰ ਇਹ ਸਪੱਸ਼ਟ ਹੋ ਗਿਆ ਕਿ ਕੋਈ ਹਲਚਲ ਹੋ ਰਹੀ ਹੈ। ਬੀ. ਐਸ. ਐਫ. ਦੇ ਜਵਾਨਾਂ ਵੱਲੋਂ ਉਸ ਪਾਸੇ ਵੱਲ ਗੋਲੀਬਾਰੀ ਕੀਤੀ ਗਈ। ਦੂਜੇ ਪਾਸਿਓਂ ਵੀ ਜਵਾਬੀ ਗੋਲੀਬਾਰੀ ਹੋਈ। ਸੰਘਣੀ ਹੋਣ ਕਾਰਨ ਤਸਕਰ ਦੌੜ ਗਏ ਤੇ ਜਵਾਨਾਂ ਵੱਲੋਂ ਉਸ ਜਗ੍ਹਾ ਦੀ ਤਲਾਸ਼ੀ ਕਰਨ 'ਤੇ 10 ਪੈਕਟ ਹੈਰੋਇਨ ਤੇ ਇਕ ਪਾਇਪ ਮਿਲਿਆ ਜਿਸ ਉਪਰ ਲਾਹੌਰ ਨਾਮਕ ਕੰਪਨੀ ਦੀ ਮੋਹਰ ਲੱਗੀ ਹੋਈ ਹੈ। ਆਈ. ਜੀ. ਤੋਮਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਹੀ ਮੌਸਮ ਵਿਚ ਖਰਾਬੀ ਦੇ ਚੱਲਦਿਆਂ ਸਰਹੱਦ 'ਤੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਸੀ ਜਿਸ ਕਰਕੇ ਉਨ੍ਹਾਂ ਇਹ ਸਫਲਤਾ ਹਾਸਲ ਕੀਤੀ ਅਤੇ ਜਿਨ੍ਹਾਂ ਜਵਾਨਾਂ ਨੇ ਹੈਰਇਨ ਤਸਕਰੀ ਦੀ ਇਸ ਵਾਰਦਾਤ ਨੂੰ ਅਸਫਲ ਬਣਾਇਆ ਹੈ ਉਨ੍ਹਾਂ ਨੂੰ ਨਕਦ ਇਨਾਮ ਅਤੇ ਮੈਡਲ ਦੇ ਕੇ ਨਿਵਾਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹੈਰੋਇਨ ਸੁੱਟ ਕੇ ਪਾਕਿਸਤਾਨ ਵਿਚ ਸ਼ਰਨ ਲੈਂਦੇ ਤਸਕਰਾਂ ਦੇ ਸੰਬੰਧ ਵਿਚ ਪਾਕਿਸਤਾਨ ਰੇਂਜ਼ਰਾਂ ਨਾਲ ਫਲੈਗ ਮੀਟਿੰਗ ਕੀਤੀ ਜਾਵੇਗੀ।


ਬਟਾਲਾ 'ਚ 20 ਕਰੋੜ ਦੀ ਹੈਰੋਇਨ ਸਮੇਤ ਇਕ ਕਾਬੂ
ਬਟਾਲਾ, 17 ਦਸੰਬਰ (ਕਮਲ ਕਾਹਲੋਂ)-ਬਟਾਲਾ ਪੁਲਿਸ ਨੇ ਇਕ ਵਿਅਕਤੀ ਨੂੰ 4 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ। ਐਸ.ਐਸ.ਪੀ. ਬਟਾਲਾ ਸ: ਸੁਰਿੰਦਰਜੀਤ ਸਿੰਘ ਮੰਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਕਾਹਨੂੰਵਾਨ ਵਾਲੇ ਪਾਸਿਓਂ ਭਾਰੀ ਮਾਤਰਾ 'ਚ ਹੈਰੋਇਨ ਸਮਗਲ ਕਰਕੇ ਬਟਾਲਾ ਲਿਆਂਦੀ ਜਾ ਰਹੀ ਹੈ, ਜਿਸ 'ਤੇ ਫੌਰੀ ਕਾਰਵਾਈ ਕਰਦਿਆਂ ਉਨ੍ਹਾਂ ਵਿਸ਼ੇਸ਼ ਸੈੱਲ ਦੇ ਇੰਚਾਰਜ ਤੇ ਐਸ.ਐਚ.ਓ. ਸਿਵਲ ਲਾਈਨ ਇੰਸਪੈਕਟਰ ਗੁਰਭਿੰਦਰ ਸਿੰਘ ਦੀ ਡਿਊਟੀ ਲਾਈ, ਜਿਨ੍ਹਾਂ ਵਲੋਂ ਟੀਮ ਨਾਲ ਪੁਲ ਡਰੇਨ ਝਾੜੀਆਂਵਾਲ ਵਿਖੇ ਲਾਏ ਨਾਕੇ ਦੌਰਾਨ ਇਕ ਸਪਲੈਂਡਰ ਮੋਟਰ ਸਾਈਕਲ ਨੂੰ ਤਲਾਸ਼ੀ ਲਈ ਰੋਕਿਆ ਗਿਆ ਤਾਂ ਸਵਾਰ ਨੇ ਮੋਟਰ ਸਾਈਕਲ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸਨੂੰ ਪੁਲਿਸ ਨੇ ਮੁਸ਼ਤੈਦੀ ਵਰਤਦਿਆਂ ਮੌਕੇ 'ਤੇ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਤਲਾਸ਼ੀ ਲੈਣ 'ਤੇ ਉਸ ਦੇ ਬੈਗ 'ਚੋਂ 4 ਪੈਕਟ ਹੈਰੋਇਨ ਬਰਾਮਦ ਹੋਈ, ਜੋ ਪਲਾਸਟਿਕ ਦੇ ਲਿਫਾਫੇ 'ਚ ਪਾ ਕੇ ਕੱਪੜੇ ਦੇ ਕਵਰ 'ਚ ਢਕੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੈਕਟਾਂ ਉਪਰ ਉਰਦੂ 'ਚ ਪਾਕਿਸਤਾਨੀ ਮੋਹਰਾਂ ਲੱਗੀਆਂ ਹੋਈਆਂ ਹਨ ਤੇ 999 ਛਪਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 20 ਕਰੋੜ ਰੁਪਏ ਬਣਦੀ ਹੈ। ਪੁਲਿਸ ਮੁਖੀ ਨੇ ਦੱਸਿਆ ਕਿ ਫੜੇ ਗਏ ਵਿਅਕਤੀ ਦੀ ਪਛਾਣ ਸਤਿੰਦਰਜੀਤ ਸਿੰਘ ਉਰਫ ਮਿੰਟੂ ਪੁੱਤਰ ਅਮਰੀਕ ਸਿੰਘ ਵਾਸੀ ਗੁਰੂ ਅਰਜਨ ਦੇਵ ਨਗਰ ਲੁਧਿਆਣਾ ਵਜੋਂ ਹੋਈ ਹੈ, ਜਿਸ ਵਿਰੁੱਧ ਥਾਣਾ ਸਿਵਲ ਲਾਈਨ ਬਟਾਲਾ 'ਚ ਪਰਚਾ ਦਰਜ ਕਰ ਲਿਆ ਗਿਆ ਹੈ। ਸ: ਮੰਡ ਨੇ ਦੱਸਿਆ ਕਿ ਪੁੱਛਗਿਛ ਦੌਰਾਨ ਪਤਾ ਲੱਗਾ ਕਿ ਦੋਸ਼ੀ ਵਿਰੁੱਧ ਥਾਣਾ ਮਾਡਲ ਟਾਊਨ ਜਲੰਧਰ ਵਿਖੇ ਪਹਿਲਾਂ ਵੀ ਕਤਲ, ਇਰਾਦਾ ਕਤਲ ਤੇ ਅੱਤਵਾਦੀਆਂ ਨੂੰ ਪਨਾਹ ਦੇਣ ਦੇ 4 ਕੇਸ ਦਰਜ ਹਨ। ਸ: ਮੰਡ ਨੇ ਦੱਸਿਆ ਕਿ ਉਕਤ ਵਿਅਕਤੀ ਕਰੀਬ 9 ਸਾਲ ਜੇਲ੍ਹ 'ਚ ਰਿਹਾ ਹੈ। ਇਸਨੇ ਆਪਣੀ ਰਿਹਾਇਸ਼ ਮੁਕੱਦਮਿਆਂ 'ਚ ਭਗੌੜਾ ਹੋਣ ਜਾਣ 'ਤੇ ਲੁਧਿਆਣਾ ਤੋਂ ਗੋਰਖਪੁਰ (ਯੂ.ਪੀ.) ਵਿਖੇ ਬਦਲ ਲਈ ਤੇ ਕਈ ਸਾਲਾਂ ਤੋਂ ਹੈਰੋਇਨ ਸਮਗਲ ਕਰਨ ਲਈ ਕੋਰੀਅਰ ਦਾ ਕੰਮ ਕਰਦਾ ਆ ਰਿਹਾ ਹੈ। ਇਸ ਮੌਕੇ ਐਸ.ਐਚ.ਓ. ਗੁਰਭਿੰਦਰ ਸਿੰਘ, ਏ.ਐਸ.ਆਈ. ਰਜਿੰਦਰ ਸਿੰਘ ਚਾਹਲ ਤੇ ਬਲਜੀਤ ਸਿੰਘ ਛਕਾਲਾ ਆਦਿ ਵੀ ਹਾਜ਼ਰ ਸਨ।
 
Top