Punjab News ਮੇਰਾ ਸਰੀਰ ਅਕਾਲ ਤਖਤ ਨੂੰ ਸਮਰਪਿਤ ਕੀਤਾ ਜਾਏ : ਬਲਵ&#

Android

Prime VIP
Staff member
ਅੰਮ੍ਰਿਤਸਰ- ਪਟਿਆਲਾ ਦੀ ਜੇਲ 'ਚ ਬੰਦ ਫਾਂਸੀ ਦੀ ਸਜ਼ਾ ਪ੍ਰਾਪਤ ਬਲਵੰਤ ਸਿੰਘ ਰਾਜੋਆਣਾ ਦੀ ਵਸੀਅਤ ਨੂੰ ਲੈ ਕੇ ਅੱਜ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ 'ਚ ਬਲਵੰਤ ਸਿੰਘ ਦੀ ਭੈਣ ਕਮਲਜੀਤ ਕੌਰ, ਭਰਾ ਕੁਲਵੰਤ ਸਿੰਘ ਅਤੇ ਭਤੀਜਾ ਰਵਨੀਤ ਸਿੰਘ ਅਤੇ ਰਾਜੋਆਣਾ ਪਿੰਡ ਦੀ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਅੱਜ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਪਹੁੰਚੀ ਅਤੇ ਬਲਵੰਤ ਸਿੰਘ ਦੀ ਵਸੀਅਤ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੇਸ਼ ਕੀਤੀ ਜਿਸ 'ਚ ਬਲਵੰਤ ਸਿੰਘ ਦਾ ਪੂਰਾ ਸ਼ਰੀਰ ਸਿੱਖ ਕੌਮ ਨੂੰ ਦੇਣ ਦੀ ਅਪੀਲ ਕੀਤੀ ਹੈ ਨਾਲ ਹੀ ਮੌਤ ਤੋਂ ਪਹਿਲਾਂ ਜੱਥੇਦਾਰ ਸਾਹਿਬ ਨੂੰ ਮਿਲਣ ਦੀ ਅਪੀਲ ਅਤੇ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਨ ਦੀ ਅਪੀਲ ਕੀਤੀ ਹੈ ਅਤੇ ਜਿਸ ਦੇ ਚੱਲਦੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਬਲਵੰਤ ਸਿੰਘ ਨੂੰ ਮਿਲਣ ਲਈ ਜਾ ਰਹੇ ਹਨ।
ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਨੂੰ ਅਦਾਲਤ ਨੇ 31 ਮਾਰਚ ਨੂੰ ਫਾਂਸੀ ਦੇਣੀ ਹੈ ਜਿਸ ਦੇ ਚੱਲਦੇ ਹੁਣ ਇਹ ਮਾਮਲਾ ਅਕਾਲ ਤਖਤ ਸਾਹਿਬ ਸਾਹਮਣੇ ਆਇਆ ਹੈ। ਅਸਲ 'ਚ ਬਲਵੰਤ ਸਿੰਘ ਨੇ ਆਪਣੀ ਮੌਤ ਤੋਂ ਪਹਿਲਾਂ ਇੱਛਾ ਮੁਤਾਬਕ ਸੰਤ ਸਮਾਜ ਦੇ ਮੁਖੀ ਬਲਜੀਤ ਸਿੰਘ ਦਾਦੂਵਾਲ ਉਨ੍ਹਾਂ ਦੀ ਵਸੀਅਤ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੇ। ਉਧਰ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨਾਲ ਮਿਲ ਕੇ ਉਨ੍ਹਾਂ ਬਲਵੰਤ ਸਿੰਘ ਦੀ ਉਹ ਵਸੀਅਤ ਜਿਸ 'ਚ ਉਨ੍ਹਾਂ ਆਪਣੇ ਸ਼ਰੀਰ ਨੂੰ ਅਕਾਲ ਤਖਤ ਸਾਹਿਬ ਨੂੰ ਸੌਂਪਣ ਦੀ ਗੱਲ ਕਹੀ ਹੈ ਜੱਥੇਦਾਰਾਂ ਨੂੰ ਭੇਂਟ ਕੀਤੀ। ਉਧਰ ਇਸ ਮੌਕੇ 'ਤੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਦਾ ਕਹਿਣਾ ਹੈ ਕਿ ਅੱਜ ਇਹ ਮਾਮਲਾ ਉਨ੍ਹਾਂ ਦੇ ਸਾਹਮਣੇ ਆਇਆ ਹੈ ਅਤੇ ਉਹ ਇਸ ਮਾਮਲੇ 'ਚ ਕੱਲ ਸਵੇਰੇ ਪਟਿਆਲਾ ਜੇਲ ਜਾਣਗੇ ਜਿੱਥੇ ਉਹ ਬਲਵੰਤ ਸਿੰਘ ਨੂੰ ਮਿਲਣਗੇ ਅਤੇ ਨਾਲ ਹੀ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਵੀ ਲੈ ਕੇ ਜਾਣਗੇ ਅਤੇ ਬਲਵੰਤ ਸਿੰਘ ਨੂੰ ਇਸ਼ਨਾਨ ਕਰਾਉਣਗੇ। ਨਾਲ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਬਲਵੰਤ ਸਿੰਘ ਨੇ ਆਪਣੀਆਂ ਅੱਖਾਂ ਹਰਿਮੰਦਰ ਸਾਹਿਬ ਦੇ ਰਾਖੀ ਨੂੰ ਦਿੱਤੀਆਂ ਹਨ ਅਤੇ ਨਾਲ ਹੀ 20 ਤਰੀਕ ਨੂੰ ਹੋਣ ਵਾਲੀ ਸਿੰਘ ਸਾਹਿਬਾਨ ਦੀ ਮੀਟਿੰਗ 'ਚ ਇਸ ਮਾਮਲੇ ਨੂੰ ਲਿਆ ਜਾਏਗਾ ਅਤੇ ਉਸ ਉੱਪਰ ਫੈਸਲਾ ਕੀਤਾ ਜਾਏਗਾ।
ਉਧਰ ਇਸ ਮੌਕੇ 'ਤੇ ਵਸੀਅਤ ਲੈ ਕੇ ਆਏ ਦਾਦੂਵਾਲ ਅਤੇ ਬਲਵੰਤ ਸਿੰਘ ਦੀ ਭੈਣ ਬੀਬੀ ਕਮਲਜੀਤ ਕੌਰ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਲਈ ਇਹ ਫਖਰ ਦੀ ਗੱਲ ਹੈ ਕਿ ਬਲਵੰਤ ਸਿੰਘ ਨੇ ਫਾਂਸੀ ਨੂੰ ਗੱਲ ਲਾਇਆ ਹੈ ਅਤੇ ਆਪਣਾ ਸ਼ਰੀਰ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੀਤਾ ਹੈ ਨਾਲ ਹੀ ਉਹ ਅਕਾਲ ਤਖਤ ਸਾਹਿਬ ਤੋਂ ਇਹ ਮੰਗ ਕਰਦੇ ਹਨ ਕਿ ਬਲਵੰਤ ਸਿੰਘ ਨੂੰ ਫਾਂਸੀ ਦੇ ਫੰਦੇ ਤੋਂ ਬਚਾਇਆ ਜਾਏ ਅਤੇ ਨਾਲ ਹੀ ਉਹ ਪੂਰੀ ਸਿੱਖ ਕੌਮ ਨੂੰ ਅਪੀਲ ਕਰਦੇ ਹਨ ਕਿ ਉਹ ਉਨ੍ਹਾਂ ਦੇ ਭਰਾ ਦੀ ਜਾਨ ਨੂੰ ਬਚਾਏ । ਉਨ੍ਹਾਂ ਕਿਹਾ ਕਿ ਜੋ ਕੁਝ ਉਨ੍ਹਾਂ ਦੇ ਭਰਾ ਨੇ ਕੀਤਾ ਉਹ ਸਿੱਖ ਕੌਮ ਲਈ ਕੀਤਾ ਹੈ ਅਤੇ ਨਾਲ ਹੀ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਸਾਹਮਣੇ ਉਨ੍ਹਾਂ ਇਹ ਸਾਰਾ ਮਾਮਲਾ ਰੱਖ ਦਿੱਤਾ ਹੈ ਅਤੇ ਨਾਲ ਹੀ ਉਹ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਇਹ ਮੰਗ ਕਰਦੇ ਹਨ ਕਿ ਬਲਵੰਤ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਰੋਕਿਆ ਜਾਏ।
 
Top