ਨਕਲੀ ਯੂਰੋ ਚਲਾਉਂਦਾ ਪੁਲਿਸ ਦੇ ਕਾਬੂ ਆ ਗਿਆ।

ਆਰਜੀਨਿਆਨੋ -ਇਟਲੀ (ਗੁਰਮੁਖ ਸਿੰਘ ਸਰਕਾਰੀਆ) ਇਟਲੀ ਵਿਚ ਪੰਜਾਬੀ ਮਾਰਕੀਟ ਵਿਚ ਨਕਲੀ ਯੂਰੋ ਚਲਾਉਂਦਾ ਪੁਲਿਸ ਦੇ ਕਾਬੂ ਆ ਗਿਆ। ਵਿਦੇਸ਼ੀ ਲੋਕਾਂ ਨੇ ਵਿਚੈਂਨਤੀਨੋ ਵਾਲੀ ਮਾਰਕੀਟ ਵਿਚ ਨਕਲੀ ਯੂਰੋ ਚਲਾਉਣ ਦਾ ਪਲੈਨ ਬਹੁਤ ਵਧੀਆ ਢੰਗ ਨਾਲ ਬਣਾਇਆ ਸੀ ਜੋ ਬਹੁਤਾ ਚਿਰ ਨਾ ਚਲ ਸਕਿਆ ਇਟਲੀ ਪੁਲਿਸ ਨੇ ਨਕਲੀ ਨੋਟ ਚਲਾਉਣ ਵਾਲਿਆਂ ਨੂੰ ਕਾਬੂ ਕਰਨ ਹਿੱਤ ਵਿਛਾਏ ਜਾਲ ਵਿਚ 28 ਸਾਲਾ ਪੰਜਾਬੀ ਨੌਜ਼ਵਾਨ ਸੁਖਜੀਵਨ ਸਿੰਘ ਉਸ ਸਮੇਂ ਫਸ ਗਿਆ ਜਦੋਂ ਉਹ ਇਕ ਸੁਪਰ ਮਾਰਕੀਟ ਵਿਚ ਖ੍ਰੀਦੋ ਫ਼ਰੋਖਤ ਕਰਕੇ ਨਕਲੀ 100 ਯੂਰੋ ਨਾਲ ਪੇਮੈਂਟ ਕਰ ਰਿਹਾ ਸੀ ਜਦੋਂ ਇਹ ਨੌਜ਼ਵਾਨ ਨਕਲੀ ਨੋਟ ਨਾਲ ਪੇਮੈਂਟ ਕਰ ਰਿਹਾ ਸੀ ਤਾਂ ਸਿਵਲ ਵਰਦੀ ਵਿਚ ਤਾਇਨਾਤ ਪੁਲਿਸ ਨੇ ਦਬੋਚ ਲਿਆ ਇਸ ਨੌਜ਼ਵਾਨ ਨੇ ਭੱਜਣ ਦੀ ਕੋਸਿ਼ਸ ਵੀ ਕੀਤੀ ਪਰ ਪੁਲਿਸ ਤੋਂ ਬਚ ਨਹੀਂ ਸਕਿਆ। । ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਇਹਨਾਂ ਦਿਨਾਂ ਵਿਚ 10 ਰਿਪੋਰਟਾਂ ਨਕਲੀ ਨੋਟ ਚਲਾਉਣ ਵਾਲਿਆਂ ਵਿਰੁੱਧ ਦਰਜ ਹੋਈਆਂ ਸਨ ਜਿਸ ਨੂੰ ਮੁੱਖ ਰੱਖ ਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਇੱਕ ਜਾਲ ਵਿਛਾਇਆ ਗਿਆ ਹੈ। ਸੁਖਜੀਵਨ ਸਿੰਘ ਕੋਲੋਂ ਮੌਕੇ 'ਤੇ 100-100 ਦੇ 14 ਨੋਟ ਬਰਾਮਦ ਕੀਤੇ ਜਿਨਾਂ ਦੇ ਸੀਰੀਅਲ ਨੰਬਰ ਇੱਕੋ ਜਿਹੇ ਸਨ। ਦੋਸ਼ੀ ਨਕਲੀ ਨੋਟਾਂ ਨਾਲ ਜਿਆਦਾਤਰ ਬੀਅਰਾਂ ਤੇ ਸ਼ਰਾਬ ਹੀ ਖ੍ਰੀਦਦੇ ਸਨ ਜਿਸ ਨੂੰ ਇੰਡੀਅਨ ਐਲਮੰਤਾਰੀਆਂ ਤੇ ਮਹਿੰਗੇ ਭਾਅ ਵੇਚਦੇ ਸਨ । ਇਹਨਾਂ ਦਿਨਾਂ ਵਿਚ ਸੀਸਾ ਦੀ ਆਰਜੀਨਿਆਨੋ, ਅਲਤਾਵਿਲਾ, ਕੋਸਤਾਬਿਸਾਰਾ , ਸੋਵੀਸੋਤੇ ਰੀਵੀਏਰਾ ਦੀ ਵਿਚੈਂਸਾ ਨਾਂ ਦੀ ਸੁਪਰ ਮਾਰਕੀਟਾਂ ਵਿਚ ਨਕਲੀ ਨੋਟਾਂ ਨਾਲ ਸਮਾਨ ਖ੍ਰੀਦਿਆ ਗਿਆ ਤੇ ਪੁਲਿਸ ਨੇ ਇਹਨਾਂ ਮਾਰਕੀਟਾਂ ਦੀ ਪਰਚੀਆਂ(ਸਕੋਂਤਰੀਨੀਆ) ਵੀ ਬਰਾਮਦ ਕਰ ਲਈਆਂ ਹਨ । ਜੋਰਨਾਲੇ ਦੀ ਵਿਚੈਂਸਾ ਵਿਚ ਵਿਸਥਾਰ ਨਾਲ ਦਿੱਤੀ ਜਾਣਕਾਰੀ ਮੁਤਾਬਕ ਸੁਖਜੀਵਣ ਸਿੰਘ ਪਹਿਲਾਂ ਵੀ ਕੁਝ ਕੇਸਾਂ ਵਿਚ ਪੁਲਿਸ ਹਿਰਾਸਤ ਵਿਚ ਰਹਿ ਚੁੱਕਾ ਹੈ ਤੇ ਸੁਖਜੀਵਣ ਦੇ ਨਾਲ ਘੁੰਮਦੇ ਵਿਅਕਤੀਆਂ ਦੀ ਪੁਲਿਸ ਵੱਲੋਂ ਤੇਜੀ ਨਾਲ ਭਾਲ ਕੀਤੀ ਜਾ ਰਹੀ ਹੈ। ਪੁਲਿਸ ਅਨੁਸਾਰ ਨਕਲੀ ਨੋਟ ਚਲਾਉਣ ਦਾ ਧੰਦਾ ਹੋਰ ਗਰੁੱਪ ਵੀ ਕਰਦੇ ਹਨ ਜਿਨ੍ਹਾਂ ਵਿਚੋਂ ਸੁਖਜੀਵਣ ਸਿੰਘ ਇੱਕ ਸੀ। ਸੁਖਜੀਵਣ ਸਿੰਘ ਨੂੰ ਏਲੋਇਸਾ ਪੇਸੈਂਤੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਸ਼ੱਕ ਹੈ ਕਿ ਇਹ ਵਿਅਕਤੀ ਕੁਝ ਇੰਡੀਅਨ ਮੁੰਡਿਆਂ ਨਾਲ ਪਹਿਲਾਂ ਵੀ ਲਗਭਗ 10 ਹਜਾਰ ਨਕਲੀ ਯੂਰੋਆਂ ਦੀ ਖ੍ਰੀਦੋ ਫ਼ਰੋਖਤ ਕਰ ਚੁੱਕੇ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਨੌਜ਼ਵਾਨ ਇਟਲੀ ਦੇ ਇਕ ਪ੍ਰਸਿੱਧ ਬਿਜ਼ਨਿਸਮੈਨ ਤੇ ਸਮਾਜ ਸੇਵਕ ਦਾ ਨੇੜਲਾ ਰਿਸ਼ਤੇਦਾਰ ਹੈ
 
Top