ਦੀਪਿਕਾ ਨੇ ਠੁਕਰਾਏ 4 ਕਰੋੜ

ਮੁੰਬਈ, 6 ਅਪ੍ਰੈਲ (ਮਿ. ਡੇ.)¸ਦੀਪਿਕਾ ਪਾਦੁਕੋਨ ਨੂੰ ਲੰਦਨ ਵਿਚ ਇਕ ਨਿੱਜੀ ਪਾਰਟੀ ਵਿਚ ਡਾਂਸ ਕਰਨ ਲਈ 4 ਕਰੋੜ ਰੁਪਏ ਦੀ ਪੇਸ਼ਕਸ਼ ਹੋਈ ਪਰ ਉਸਨੇ ਇਹ ਰੱਦ ਕਰ ਦਿੱਤੀ। ਇਹ ਖਾਸ ਪੇਸ਼ਕਸ਼ ਸੀ, ਜੋ ਇਸ ਕਲੱਬ ਦੇ ਮਾਲਕ ਪੰਜਾਬੀ ਪਰਿਵਾਰ ਨੇ ਕੀਤੀ ਸੀ। ਉਹ ਚਾਹੁੰਦਾ ਸੀ ਕਿ ਦੀਪਿਕਾ ਪਾਰਟੀ ਦੌਰਾਨ ਆਪਣਾ ਦਮ ਮਾਰੋ ਦਮ ਆਈਟਮ ਨੰਬਰ ਕਰੇ। ਉਕਤ ਪਾਰਟੀ ਵਿਚ ਸਿਰਫ ਪਰਿਵਾਰਕ ਮੈਂਬਰ ਤੇ ਹੋਰ ਕਰੀਬੀ ਦੋਸਤ ਹੀ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ। ਸੂਤਰਾਂ ਨੇ ਖੁਲਾਸਾ ਕੀਤਾ ਕਿ ਉਹ ਗੀਤ ਵਿਚ ਦੀਪਿਕਾ ਦੀ ਬੇਹੱਦ ਸੈਕਸੀ ਦਿੱਖ ਤੋਂ ਪ੍ਰਭਾਵਿਤ ਸਨ ਤੇ ਚਾਹੁੰਦੇ ਸਨ ਕਿ ਪਾਰਟੀ ਵਿਚ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਕਰੇ, ਜਿਹੋ ਜਿਹੀਆਂ ਉਸਨੇ ਅਸਲ ਗਾਣੇ ਵਿਚ ਕੀਤੀਆਂ ਸਨ। ਲੰਦਨ ਤੋਂ ਇਕ ਸੂਤਰ ਨੇ ਦੱਸਿਆ ਕਿ ‘ਦਮ ਮਾਰੋ ਦਮ’ ਗੀਤ ਨਾਈਟ ਕਲੱਬਾਂ ਵਿਚ ਚਲਾਇਆ ਜਾ ਰਿਹਾ ਹੈ। ਇਸੇ ਤੋਂ ਪ੍ਰਭਾਵਿਤ ਹੋ ਕੇ ਨਾਈਟਸ ਬਰਿੱਜ ਤੋਂ ਬੇਹੱਦ ਅਮੀਰ ਪੰਜਾਬੀ ਪਰਿਵਾਰ ਨੇ ਦੀਪਿਕਾ ਨੂੰ ਉਕਤ ਪੇਸ਼ਕਸ਼ ਕੀਤੀ ਸੀ।
ਦੀਪਿਕਾ ਨੇ ਪਹਿਲਾਂ ਤਾਂ ਉਨ੍ਹਾਂ ਦੀ ਪੇਸ਼ਕਸ਼ ਨੂੰ ਇਕ ਲਤੀਫਾ ਸਮਝਿਆ ਪਰ ਉਸਨੂੰ ਰਕਮ ਦਰਸਾਉਂਦਾ ਪ੍ਰਸਤਾਵ ਪੱਤਰ ਮਿਲਿਆ ਤਾਂ ਉਹ ਝਿੰਜੋੜੀ ਗਈ। ਉਸਨੂੰ ਪਿਛੋਕੜ ਵਿਚ ਵੀ ਅਜਿਹੀਆਂ ਕਈ ਪੇਸ਼ਕਸ਼ਾਂ ਮਿਲੀਆਂ ਸਨ ਪਰ ਉਹ ਹਮੇਸ਼ਾ ਹੀ ਉਨ੍ਹਾਂ ਨੂੰ ਰੱਦ ਕਰਦੀ ਰਹੀ। ਪੇਸ਼ਕਸ਼ ਰੱਦ ਹੋਣ ‘ਤੇ ਉਕਤ ਪਰਿਵਾਰ ਬਹੁਤ ਦੁਖੀ ਹੋਇਆ ਕਿਉਂਕਿ ਉਸ ਨੇ ਪਹਿਲਾਂ ਹੀ ਕਲੱਬ ਬੁੱਕ ਕਰਵਾ ਲਿਆ ਸੀ। ਦੀਪਿਕਾ ਦੇ ਕਰੀਬੀ ਇਕ ਸੂਤਰ ਨੇ ਦੱਸਿਆ ਕਿ ਦੀਪਿਕਾ ਨੂੰ ਉਕਤ ਪਾਰਟੀ ਲਈ ਪੇਸ਼ਕਸ਼ ਹੋਈ ਸੀ ਪਰ ਉਸ ਨੇ ਸਪੱਸ਼ਟ ਤੌਰ ‘ਤੇ ਇਹ ਕਹਿੰਦਿਆਂ ਪ੍ਰਸਤਾਵ ਰੱਦ ਕਰ ਦਿੱਤਾ ਕਿ ਨਿੱਜੀ ਪਾਰਟੀਆਂ ਦੌਰਾਨ ਉਹ ਆਪਣੀ ਪੇਸ਼ਕਾਰੀ ਨਹੀਂ ਦਿੰਦੀ। ਜ਼ਿਕਰਯੋਗ ਹੈ ਕਿ ਦੀਪਿਕਾ ਬੀਤੇ ਤਿੰਨ ਮਹੀਨਿਆਂ ਤੋਂ ਲੰਦਨ ਵਿਚ ‘ਦੇਸੀ ਬੁਆਏਜ਼’ ਲਈ ਸ਼ੂਟਿੰਗ ਕਰ ਰਹੀ ਹੈ।
 
Top