ਜ਼ਰੂਰੀ ਹਨ ਗੁਆਂਢੀਆਂ ਨਾਲ ਚੰਗੇ ਸੰਬੰਧ

1935382__18-1.jpg

ਜ਼ਿੰਦਗੀ ਦੇ ਕਿਸੇ ਵੀ ਸੰਕਟ, ਦੁੱਖ, ਮੁਸੀਬਤ ਅਤੇ ਕਿਸੇ ਅਣਕਿਆਸੀ ਘਟਨਾ ਸਮੇਂ ਤੁਹਾਡੇ ਕਰੀਬੀ ਰਿਸ਼ਤੇਦਾਰਾਂ ਤੋਂ ਵੀ ਪਹਿਲਾਂ ਤੁਹਾਡੇ ਗੁਆਂਢੀ ਹੀ ਕੰਮ ਆਉਂਦੇ ਹਨ। ਇਸ ਲਈ ਤੁਹਾਡੇ ਆਂਢ-ਗੁਆਂਢ ਵਿਚ ਰਹਿਣ ਵਾਲੇ ਲੋਕਾਂ ਨਾਲ ਦੋਸਤਾਨਾ ਅਤੇ ਚੰਗੇ ਸੰਬੰਧਾਂ ਦਾ ਹੋਣਾ ਜ਼ਰੂਰੀ ਹੈ। ਦੋਸਤ ਬਦਲੇ ਜਾ ਸਕਦੇ ਹਨ ਪਰ ਗੁਆਂਢੀ ਨਹੀਂ। ਤੁਸੀਂ ਕਿਸੇ ਨੂੰ ਬਦਲ ਸਕਦੇ ਹੋ ਪਰ ਇਸ ਲਈ ਜ਼ਰੂਰੀ ਹੈ ਕਿ ਪਹਿਲਾਂ ਤੁਸੀਂ ਆਪਣੇ-ਆਪ ਨੂੰ ਬਦਲੋ।
ਜੇਕਰ ਤੁਹਾਨੂੰ ਚੰਗੇ ਗੁਆਂਢੀਆਂ ਦਾ ਸਾਥ ਪ੍ਰਾਪਤ ਹੈ ਅਤੇ ਇਹ ਤੁਹਾਡੀ ਆਪਣੀ ਚੰਗਿਆਈ ਅਤੇ ਸਿਆਣਪ ਹੈ ਕਿ ਤੁਹਾਨੂੰ ਜੋ ਕੁਝ ਵੀ ਪ੍ਰਾਪਤ ਹੋਇਆ ਹੈ, ਤੁਸੀਂ ਉਸੇ ਨਾਲ ਹੀ ਜ਼ਿੰਦਗੀ ਗੁਜ਼ਾਰਨੀ ਹੈ। ਚੰਗੇ ਇਸ ਲਈ ਚੰਗੇ ਹੁੰਦੇ ਹਨ ਕਿ ਉਨ੍ਹਾਂ ਕੋਲ ਆਪਣੇ ਤੋਂ ਬੁਰੇ ਲੋਕਾਂ ਨਾਲ ਵੀ ਰਹਿਣ ਦਾ ਸਲੀਕਾ ਹੁੰਦਾ ਹੈ। ਚੰਗਿਆਂ ਦੀ ਤਲਾਸ਼ ਵਿਚ ਜਾਵੋਗੇ ਤਾਂ ਤੁਹਾਨੂੰ ਚੰਗੇ ਕਿਤੇ ਵੀ ਨਹੀਂ ਮਿਲਣਗੇ ਪਰ ਜੇਕਰ ਤੁਸੀਂ ਆਪ ਚੰਗੇ ਬਣ ਜਾਓਗੇ ਤਾਂ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਪਵੇਗੀ, ਤੁਹਾਨੂੰ ਚੰਗੇ ਆਪਣੇ ਆਸ-ਪਾਸ ਤੋਂ ਹੀ ਮਿਲ ਜਾਣਗੇ। ਬੁਰੇ ਵਕਤ ਵਿਚ ਹੀ ਤੁਹਾਡਾ ਸਬਰ ਪਰਖਿਆ ਜਾਂਦਾ ਹੈ।
ਆਪਣੇ ਗੁਆਂਢੀ ਦੀ ਤਰੱਕੀ ਦੇਖ ਕੇ ਈਰਖਾ ਨਾ ਕਰੋ, ਬਲਕਿ ਪ੍ਰਸੰਸਾ ਕਰੋ। ਜੇਕਰ ਤੁਹਾਡਾ ਗੁਆਂਢੀ ਤਰੱਕੀ ਕਰਦਾ ਹੈ ਤਾਂ ਯਕੀਨਨ ਉਸ ਤੋਂ ਅਗਲੀ ਵਾਰੀ ਤੁਹਾਡੀ ਹੀ ਹੁੰਦੀ ਹੈ। ਬਸ਼ਰਤੇ ਕਿ ਤੁਸੀਂ ਉਸ ਦੀ ਸੱਚੇ ਦਿਲੋਂ ਪ੍ਰਸੰਸਾ ਕਰੋ।
ਸਾਡੀ ਸਭ ਤੋਂ ਬੁਰੀ ਲੜਾਈ ਗੁਆਂਢੀਆਂ ਨਾਲ ਹੀ ਹੁੰਦੀ ਹੈ, ਕਿਉਂਕਿ ਗੁਆਂਢੀ ਉਹ ਹੁੰਦੇ ਹਨ, ਜੋ ਤੁਹਾਨੂੰ ਸਭ ਤੋਂ ਵੱਧ ਜਾਣਦੇ ਹਨ। ਪਿਆਰ ਪਰਦੇ ਦਾ ਕੰਮ ਕਰਦਾ ਹੈ, ਬਹਿਸ ਨਾਲ ਇੱਜ਼ਤ ਵਿਚ ਮੋਰੀਆਂ ਹੁੰਦੀਆਂ ਹਨ ਅਤੇ ਲੜਾਈ ਨਾਲ ਇਹ ਪਰਦੇ ਲੀਰੋ-ਲੀਰ ਹੁੰਦੇ ਹਨ। ਤੁਹਾਡੇ ਸੱਚੇ ਹੋਣ ਦਾ ਕੋਈ ਲਾਭ ਨਹੀਂ, ਜੇਕਰ ਤੁਹਾਡੇ ਵਿਚ ਬਰਦਾਸ਼ਤ ਕਰਨ ਦਾ ਜਿਗਰਾ ਹੀ ਨਹੀਂ। ਗੁਆਂਢੀਆਂ ਦੀਆਂ ਜ਼ਰੂਰਤਾਂ, ਮੁਸ਼ਕਿਲਾਂ, ਮਜਬੂਰੀਆਂ ਦਾ ਖਿਆਲ ਰੱਖੋ, ਚੀਜ਼ਾਂ ਦੇ ਲੈਣ-ਦੇਣ ਵਿਚ ਇਮਾਨਦਾਰੀ ਵਰਤੋ, ਘਾਟੇ-ਵਾਧਿਆਂ ਦੀ ਬਹੁਤੀ ਗਿਣਤੀ ਨਾ ਕਰੋ। ਜੇਕਰ ਗੁਆਂਢੀ ਦੀ ਆਰਥਿਕ ਸਥਿਤੀ ਠੀਕ ਨਹੀਂ ਹੈ ਤਾਂ ਤੁਸੀਂ ਬਿਨਾਂ ਕਿਸੇ ਸ਼ਰਤ ਦੇ ਲੋੜ ਅਨੁਸਾਰ ਉਸ ਦੀ ਮਦਦ ਕਰੋ। ਦੁੱਖ-ਸੁੱਖ ਵਿਚ ਸ਼ਰੀਕ ਹੋਵੋ। ਕੋਈ ਸ਼ਿਕਵਾ-ਸ਼ਿਕਾਇਤ ਹੋਵੇ ਤਾਂ ਖੁੱਲ੍ਹ ਕੇ ਗੱਲਬਾਤ ਕਰੋ। ਆਪਸੀ ਗੱਲਬਾਤ ਨਾਲ ਕਈ ਉਲਝੇ ਮਸਲੇ ਵੀ ਹੱਲ ਹੋ ਜਾਂਦੇ ਹਨ। ਹਰ ਝਗੜੇ ਦਾ ਕਾਰਨ ਬਹੁਤ ਛੋਟਾ ਹੁੰਦਾ ਹੈ ਪਰ ਝਗੜਾ ਕਦੇ ਵੀ ਛੋਟਾ ਨਹੀਂ ਹੁੰਦਾ। ਬੱਚਿਆਂ ਦੇ ਮਸਲਿਆਂ ਨੂੰ ਲੈ ਕੇ ਹੁੰਦੀਆਂ ਲੜਾਈਆਂ ਸਾਡੀ ਬੇਸਮਝੀ ਨੂੰ ਦਰਸਾਉਂਦੀਆਂ ਹਨ, ਜਦਕਿ ਬੱਚੇ ਕੁਝ ਸਮੇਂ ਬਾਅਦ ਫਿਰ ਉਸੇ ਤਰ੍ਹਾਂ ਹੋ ਜਾਂਦੇ ਹਨ। ਮੁਆਫ਼ ਕਰਨ ਦਾ ਮਤਲਬ ਹੈ ਹੋਈ ਗੱਲ ਨੂੰ ਭੁਲਾ ਦੇਣਾ। ਭਾਂਡੇ ਖੜਕਦੇ ਚੰਗੇ ਲਗਦੇ ਹਨ ਪਰ ਅਸੀਂ ਲੜਦੇ ਚੰਗੇ ਨਹੀਂ ਲਗਦੇ।
 
Top