ਬੁਢਾਪੇ ਵਿਚ ਬਜ਼ੁਰਗਾਂ ਦਾ ਵਧਦਾ ਤ੍ਰਿਸਕਾਰ...

1935385__20-1.jpg

ਮਨੁੱਖ ਜਿਉਂ-ਜਿਉਂ ਆਧੁਨਿਕਤਾ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ, ਬਸ ਰਿਸ਼ਤਿਆਂ ਦਾ ਘਾਣ ਕਰਦਾ ਜਾ ਰਿਹਾ ਹੈ। ਅੱਜ ਦੇ ਜ਼ਮਾਨੇ ਵਿਚ ਕਿਸੇ 'ਤੇ ਵੀ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਪਰ ਇਕ ਮਾਂ-ਬਾਪ ਹੀ ਹਨ, ਜਿਨ੍ਹਾਂ 'ਤੇ ਵਿਸ਼ਵਾਸ ਰੱਖਿਆ ਜਾ ਸਕਦਾ ਹੈ। ਪਰ ਮਨੁੱਖ ਇਸ ਨੂੰ ਵੀ ਖ਼ਤਮ ਕਰਨ 'ਤੇ ਆ ਗਿਆ ਹੈ। ਅੱਜ ਦੇ ਜ਼ਮਾਨੇ ਵਿਚ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਕਿ ਬਜ਼ੁਰਗਾਂ ਦਾ ਤ੍ਰਿਸਕਾਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਕਈ ਤਾਂ ਇਸ ਦੁਨੀਆ ਵਿਚ ਏਨੇ ਪੱਥਰ ਦਿਲ ਇਨਸਾਨ ਹਨ, ਜੋ ਆਪਣੇ ਮਾਂ-ਬਾਪ ਨੂੰ ਆਸ਼ਰਮ ਵਿਚ ਛੱਡ ਆਉਂਦੇ ਹਨ ਅਤੇ ਬਾਅਦ ਵਿਚ ਉਨ੍ਹਾਂ ਦਾ ਪਤਾ ਲੈਣ ਤੱਕ ਵੀ ਨਹੀਂ ਜਾਂਦੇ। ਪਰ ਉਹ ਉਸ ਸਮੇਂ ਇਹ ਗੱਲ ਭੁੱਲ ਜਾਂਦੇ ਹਨ ਕਿ ਇਹ ਸਮਾਂ ਸਾਡੇ 'ਤੇ ਵੀ ਆਉਣਾ ਹੈ। ਉਹ ਬੁਢਾਪੇ ਵਿਚ ਆਪਣੇ ਮਾਂ-ਬਾਪ ਦੀ ਕੋਈ ਗੱਲ ਨਹੀਂ ਸੁਣਦੇ ਤੇ ਉਨ੍ਹਾਂ ਦੇ ਕਹੇ ਮੁਤਾਬਿਕ ਨਾ ਹੀ ਕੋਈ ਕੰਮ ਕਰਦੇ ਹਨ। ਉਹ ਇਹ ਵੀ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਸਾਨੂੰ ਜਨਮ ਦਿੱਤਾ ਹੈ ਤੇ ਇਹ ਖੂਬਸੂਰਤ ਦੁਨੀਆ ਵਿਖਾਈ ਹੈ। ਅਸੀਂ ਉਨ੍ਹਾਂ ਦਾ ਸਤਿਕਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਕਹਿੰਦੇ ਹਾਂ ਕਿ ਤੁਸੀਂ ਸਾਡਾ ਕੀ ਬਣਾਇਆ ਹੈ? ਬੁਢਾਪਾ ਤਾਂ ਬਚਪਨ ਵਾਂਗ ਹੁੰਦਾ ਹੈ, ਕਿਉਂਕਿ ਇਸ ਵਿਚ ਮਨੁੱਖ ਬੱਚਿਆਂ ਵਰਗਾ ਹੀ ਵਿਵਹਾਰ ਕਰਦਾ ਹੈ। ਇਸ ਸਮੇਂ ਵਿਚ ਔਲਾਦ ਨੂੰ ਆਪਣੇ ਮਾਂ-ਬਾਪ ਦਾ ਸਾਥ ਦੇਣਾ ਚਾਹੀਦਾ ਹੈ।
ਮਨੁੱਖ ਸਾਰੀ ਜ਼ਿੰਦਗੀ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਲਈ ਉਹ ਮੰਦਿਰ, ਗੁਰਦੁਆਰੇ ਤੇ ਮਸਜਿਦ ਆਦਿ ਵਿਚ ਜਾਂਦਾ ਹੈ। ਪਾਠ-ਪੂਜਾ ਵੀ ਕਰਦਾ ਹੈ, ਪਰ ਇਹ ਸਭ ਤਾਂ ਵਿਖਾਵਾ ਹੈ। ਜੋ ਪਰਮਾਤਮਾ ਨੂੰ ਉਹ ਲੱਭਦਾ ਫਿਰਦਾ ਹੈ, ਉਹ ਤਾਂ ਉਸ ਦੇ ਘਰ ਹੀ ਬੈਠਾ ਹੈ ਭਾਵ ਬਜ਼ੁਰਗ, ਜਿਨ੍ਹਾਂ ਨੂੰ ਕਦੇ ਬੁਲਾਉਂਦਾ ਵੀ ਨਹੀਂ ਅਤੇ ਜਿਸ ਤੋਂ ਉਹ ਨਫ਼ਰਤ ਮੰਨਦਾ ਹੈ। ਸੋ, ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੁੱਢੇ ਮਾਂ-ਬਾਪ ਦਾ ਖਿਆਲ ਰੱਖਣ, ਉਨ੍ਹਾਂ ਦਾ ਸਮੇਂ ਸਿਰ ਮੈਡੀਕਲ ਚੈਕਅੱਪ ਵੀ ਕਰਵਾਇਆ ਜਾਵੇ, ਉਨ੍ਹਾਂ ਨੂੰ ਹੀ ਪਰਮਾਤਮਾ ਸਮਝ ਕੇ ਉਨ੍ਹਾਂ ਦੀ ਹੀ ਸੇਵਾ ਕੀਤੀ ਜਾਵੇ। ਇਕ ਮਾਂ-ਬਾਪ ਹੀ ਹਨ, ਜੋ ਆਪਣੇ ਬੱਚਿਆਂ ਪਿੱਛੇ ਸਾਰੀ ਜ਼ਿੰਦਗੀ ਭਟਕਦੇ ਰਹਿੰਦੇ ਹਨ ਅਤੇ ਲੋੜ ਪੈਣ 'ਤੇ ਕੰਮ ਆਉਂਦੇ ਹਨ, ਕਿਉਂਕਿ ਹੋਰ ਰਿਸ਼ਤੇ ਤਾਂ ਖਾਲੀ ਖਾਤੇ ਹੀ ਹਨ।
 
Top