ਜਦੋਂ ਬੱਚੇ ਸ਼ਰਾਰਤਾਂ ਕਰਨ

1935381__12-1.jpg


ਬੱਚੇ ਜਿਉਂ ਹੀ ਸੁਰਤ ਸੰਭਾਲਣੀ ਸ਼ੁਰੂ ਕਰਦੇ ਹਨ ਤਾਂ ਦੁਨਿਆਵੀ ਕੰਮਾਂ ਵਿਚ ਰੁਚੀ ਲੈਣ ਲਗਦੇ ਹਨ। ਉਹ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ। ਉਹ ਦੂਜਿਆਂ ਨੂੰ ਦੇਖਦੇ ਹਨ ਤੇ ਉਨ੍ਹਾਂ ਦੀ ਨਕਲ ਵੀ ਕਰਦੇ ਹਨ। ਇਹ ਉਹੀ ਸਮਾਂ ਹੁੰਦਾ ਹੈ ਜਦੋਂ ਇਨ੍ਹਾਂ ਬੱਚਿਆਂ ਨੂੰ ਸੰਭਾਲਣ ਦੀ ਲੋੜ ਹੁੰਦੀ ਹੈ। ਉਹ ਨੇੜੇ ਜਾਂ ਦੂਰ ਪਈਆਂ ਵਸਤਾਂ ਨੂੰ ਛੂਹਣ ਦੀ ਕੋਸ਼ਿਸ਼ ਕਰਦੇ ਹਨ। ਬੱਚਿਆਂ ਨੂੰ ਉਨ੍ਹਾਂ ਚੀਜ਼ਾਂ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜਿਨ੍ਹਾਂ ਤੋਂ ਉਨ੍ਹਾਂ ਨੂੰ ਨੁਕਸਾਨ ਹੋਣ ਦਾ ਡਰ ਹੋਵੇ।
ਬੱਚੇ ਫਰਿੱਜ ਖੋਲ੍ਹ ਕੇ ਉਸ ਵਿਚ ਬੈਠਣ ਦੀ ਕੋਸ਼ਿਸ਼ ਕਰਦੇ ਹਨ। ਪਾਣੀ ਦੇ ਭਰੇ ਟੱਬ ਵਿਚ ਛਾਲ ਮਾਰ ਦਿੰਦੇ ਹਨ। ਬਿਜਲੀ ਦੇ ਪਲੱਗਾਂ ਵਿਚ ਉਂਗਲੀਆਂ ਪਾਉਂਦੇ ਹਨ। ਗੈਸ ਚੁੱਲ੍ਹੇ ਜਾਂ ਸਟੋਵ ਨਾਲ ਸ਼ਰਾਰਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਰੱਖਿਆ ਜਾਵੇ ਤੇ ਨਾਲ ਹੀ ਝਿੜਕਣਾ ਵੀ ਚਾਹੀਦਾ ਹੈ।
ਉਹ ਹਰ ਚੀਜ਼ ਨੂੰ ਮੂੰਹ ਵਿਚ ਪਾਉਣ ਦੀ ਕੋਸ਼ਿਸ਼ ਕਰਦੇ ਹਨ, ਜੋ ਵੀ ਚੀਜ਼ ਉਨ੍ਹਾਂ ਦੇ ਹੱਥ ਲਗਦੀ ਹੈ। ਪੌੜੀਆਂ 'ਤੇ ਚੜ੍ਹਨ ਦੀ ਕੋਸ਼ਿਸ਼ ਕਰਨੀ ਤੇ ਬਾਹਰ ਸੜਕ ਵੱਲ ਦੌੜ ਜਾਣਾ ਐਕਸੀਡੈਂਟ ਨੂੰ ਸੱਦਾ ਦੇਣਾ ਹੁੰਦਾ ਹੈ।
ਬੱਚਿਆਂ ਨੂੰ ਟੋਕਣ ਦੇ ਨਾਲ-ਨਾਲ ਉਨ੍ਹਾਂ ਨੂੰ ਖੇਡਣ ਵਾਸਤੇ ਉਹ ਖਿਡੌਣੇ ਵੀ ਦੇਣੇ ਚਾਹੀਦੇ ਹਨ, ਜਿਨ੍ਹਾਂ ਨਾਲ ਬੱਚੇ ਦੇ ਦਿਮਾਗ ਦਾ ਵਿਕਾਸ ਹੋਵੇ। ਖੇਡਾਂ-ਖੇਡਾਂ ਵਿਚ ਬੱਚੇ ਦਾ ਮਨ ਪੜ੍ਹਾਈ ਵਿਚ ਲਾਉਣਾ ਚਾਹੀਦਾ ਹੈ। ਬੱਚੇ ਨੂੰ ਉਹ ਸ਼ਰਾਰਤਾਂ ਕਰਨ ਤੋਂ ਰੋਕਣਾ ਚਾਹੀਦਾ ਹੈ, ਜੋ ਸ਼ਰਾਰਤਾਂ ਉਸ ਦੇ ਆਉਣ ਵਾਲੇ ਜੀਵਨ ਵਿਚ ਹਾਨੀਕਾਰਕ ਹੋਣ। ਬੱਚਿਆਂ ਦੇ ਵਿਕਾਸ ਲਈ ਉਸ ਨੂੰ ਥੋੜ੍ਹੀਆਂ-ਬਹੁਤ ਸ਼ਰਾਰਤਾਂ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ, ਜੋ ਉਸ ਨੂੰ ਜੀਵਨ ਵਿਚ ਸਹੀ ਰਾਹ ਦਿਖਾਉਂਦੀਆਂ ਹਨ। ਇਸ ਨਾਲ ਬੱਚਾ ਸ਼ਰਮਾਕਲ ਨਹੀਂ ਬਣੇਗਾ। ਉਸ ਦਾ ਵਿਸ਼ਵਾਸ ਵੀ ਵਧੇਗਾ। ਬੱਚੇ ਦੀਆਂ ਗੱਲਾਂ ਨੂੰ ਸੁਣ ਕੇ ਉਸ ਦੀਆਂ ਲੋੜਾਂ ਵੱਲ ਧਿਆਨ ਦਿੱਤਾ ਜਾਵੇ। ਇਸ ਨਾਲ ਬੱਚੇ ਦਾ ਵਿਸ਼ਵਾਸ ਵਧੇਗਾ ਤੇ ਉਹ ਆਪਣੀ ਗੱਲ ਕਹਿਣ ਵਿਚ ਹਿਚਕਿਚਾਏਗਾ ਨਹੀਂ। ਬੱਚਿਆਂ ਨੂੰ ਉਹ ਸ਼ਰਾਰਤਾਂ ਕਰਨ ਦੀ ਆਗਿਆ ਨਾ ਦਿੱਤੀ ਜਾਵੇ, ਜਿਨ੍ਹਾਂ ਨਾਲ ਬੱਚੇ ਦਾ ਵਿਕਾਸ ਨਾ ਹੋ ਸਕੇ। ਮੁਕਦੀ ਗੱਲ, ਬੱਚੇ ਨੂੰ ਸ਼ਰਾਰਤਾਂ ਤੋਂ ਰੋਕਣ ਦੇ ਨਾਲ-ਨਾਲ ਉਸ ਦੇ ਵਿਕਾਸ ਵੱਲ ਵੀ ਧਿਆਨ ਦਿੱਤਾ ਜਾਵੇ।
 
Top