ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ

ਖ਼ਤਰਨਾਕ ਹੋ ਸਕਦਾ ਹੈ ਉੱਚੀ ਅੱਡੀ ਦਾ ਸ਼ੌਕ


ਡਾ. ਹਰਸ਼ਿੰਦਰ ਕੌਰ


12903cd_highheel298x300-1.jpg
ਅੱਜ-ਕੱਲ੍ਹ ਜ਼ਿਆਦਾਤਰ ਔਰਤਾਂ ਉੱਚੀ ਅੱਡੀ ਵਾਲੇ ਸੈਂਡਲ ਪਾਉਣ ਦੀਆਂ ਸ਼ੌਕੀਨ ਹਨ। ਉੱਚੀ ਅੱਡੀ ਦੇ ਵਧਦੇ ਰੁਝਾਨ ਦੇ ਮੱਦੇਨਜ਼ਰ ਵੱਖ-ਵੱਖ ਮੁਲਕਾਂ ਵਿੱਚ ਖੋਜਾਂ ਹੋ ਚੁੱਕੀਆਂ ਹਨ, ਜੋ ਦੱਸਦੀਆਂ ਹਨ ਕਿ ਉੱਚੀ ਅੱਡੀ ਪਾਉਣ ਦੇ ਕੀ ਨੁਕਸਾਨ ਹਨ?
ਦੁਨੀਆਂ ਵਿੱਚ ਸਿਰਫ਼ 28 ਫ਼ੀਸਦੀ ਔਰਤਾਂ ਹਨ, ਜਿਨ੍ਹਾਂ ਨੇ ਕਦੇ ਉੱਚੀ ਅੱਡੀ ਨਹੀਂ ਪਾਈ। ਬਾਕੀ 72 ਫ਼ੀਸਦੀ ਵਿੱਚੋਂ ਕੁੱਝ ਰੋਜ਼ ਤੇ ਕੁੱਝ ਕਦੇ-ਕਦੇ ਉੱਚੀ ਅੱਡੀ ਦੇ ਸੈਂਡਲ ਪਾਉਂਦੀਆਂ ਹਨ। ਨਿੱਕੀਆਂ ਬੱਚੀਆਂ ਖ਼ਾਸ ਕਰ ਪੰਜ ਸਾਲ ਤੋਂ ਛੋਟੀਆਂ ਬੱਚੀਆਂ ਵੀ ਉੱਚੀ ਅੱਡੀ ਦੇ ਸੈਂਡਲ ਪਾ ਲੈਂਦੀਆਂ ਹਨ। ਇਸ ਕਾਰਨ ਬੱਚੀਆਂ ਦੇ ਸਰੀਰ ਅਤੇ ਵਧ ਰਹੀਆਂ ਹੱਡੀਆਂ ਵਿੱਚ ਪਏ ਬੇਢੰਗੇ ਦਬਾਅ ਕਾਰਨ ਲੱਤ ਦੇ ਪੱਠੇ ਸੁੰਗੜ ਜਾਂਦੇ ਹਨ ਤੇ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਅਗਾਂਹ ਮੁੜ ਜਾਂਦਾ ਹੈ। ਛਾਤੀ ਦੀਆਂ ਹੱਡੀਆਂ ਅਗਾਂਹ ਧੱਕੀਆਂ ਜਾਂਦੀਆਂ ਹਨ ਤੇ ਗੋਡੇ ਉੱਤੇ ਸਾਰਾ ਵਾਧੂ ਭਾਰ ਪੈ ਜਾਂਦਾ ਹੈ।
ਪਿੱਠ ਨੂੰ ਨੁਕਸਾਨ: ਕੁਦਰਤ ਨੇ ਰੀੜ੍ਹ ਦੀ ਹੱਡੀ ਅੰਗਰੇਜ਼ੀ ਅੱਖਰ ‘ਐੱਸ’ ਵਾਂਗ ਬਣਾਈ ਹੈ ਤਾਂ ਜੋ ਮੋਢਿਆਂ ਵਿਚਕਾਰ ਰੀੜ੍ਹ ਦੀ ਹੱਡੀ ਹਲਕੀ ਬਾਹਰ ਨੂੰ ਹੋਵੇ ਤੇ ਹੇਠਲਾ ਸਿਰਾ ਲੱਕ ਕੋਲੋਂ ਅਗਾਂਹ ਨੂੰ ਧੱਕਿਆ ਹੋਵੇ। ਉੱਚੀ ਅੱਡੀ ਪਾਉਣ ਨਾਲ ਰੀੜ੍ਹ ਦੀ ਹੱਡੀ ਦਾ ਉਪਰਲਾ ਸਿਰਾ ਅਗਾਂਹ ਧੱਕਿਆ ਜਾਂਦਾ ਹੈ ਤੇ ਹੇਠਲਾ ਪਿੱਛੇ ਧੱਕਿਆ ਜਾਂਦਾ ਹੈ। ਇੰਜ ਲਗਾਤਾਰ ਪਿੱਠ ਦਰਦ ਰਹਿ ਸਕਦਾ ਹੈ।
ਖੜ੍ਹੇ ਹੋਣ ਦਾ ਤਰੀਕਾ: ਉੱਚੀ ਅੱਡੀ ਪਾਉਣ ਨਾਲ ਪੈਰ ਦੇ ਅਗਲੇ ਪੰਜੇ ਉੱਤੇ ਪੂਰਾ ਭਾਰ ਪੈ ਜਾਂਦਾ ਹੈ ਤੇ ਸਰੀਰ ਦੇ ਪੂਰੇ ਭਾਰ ਦਾ ਸੰਤੁਲਨ ਰੱਖਣ ਲਈ ਰੀੜ੍ਹ ਦੀ ਹੱਡੀ ਦੇ ਨਾਲ ਲੱਤ ਦੇ ਪੱਠੇ ਵੀ ਪੂਰਾ ਜ਼ੋਰ ਲਾਉਂਦੇ ਹਨ, ਜਿਸ ਨਾਲ ਭਾਵੇਂ ਕੋਈ ਸਿੱਧਾ ਖੜ੍ਹਾ ਦਿਸੇ, ਪਰ ਉਸ ਦੀ ਰੀੜ੍ਹ ਦੀ ਹੱਡੀ ਅਤੇ ਪੰਜਿਆਂ ਦਾ ਨਾਸ ਵੱਜ ਰਿਹਾ ਹੁੰਦਾ ਹੈ। ਰੀੜ੍ਹ ਦੀ ਹੱਡੀ ਹੇਠਲੇ ਸਿਰੇ ਤੋਂ (ਕਮਰ ਕੋਲੋਂ) ਅੱਗੇ ਝੁਕਣ ਨਾਲ ਸਰੀਰ ਦਾ ਭਾਰ ਅਗਲੇ ਹਿੱਸੇ ਉੱਤੇ ਪੈ ਜਾਂਦਾ ਹੈ, ਜਿਸ ਨਾਲ ਰੀੜ੍ਹ ਦੀ ਹੱਡੀ ਦੇ ਮਣਕੇ ਅਗਲੇ ਸਿਰਿਆਂ ਤੋਂ ਘਸਣ ਲੱਗ ਪੈਂਦੇ ਹਨ। ਲੱਤਾਂ ਦੇ ਪੱਠੇ ਉੱਚੀ ਅੱਡੀ ਪਾ ਕੇ ਸੁੰਗੜਦੇ ਰਹਿਣ ਨਾਲ ਹਮੇਸ਼ਾ ਲਈ ਆਕਾਰ ਵਿੱਚ ਕੁੱਝ ਛੋਟੇ ਤੇ ਮੋਟੇ ਹੋ ਜਾਂਦੇ ਹਨ।


ਸਪੌਂਡੀਲੋਡਿਸਥੀਸਿਸ: ਰੀੜ੍ਹ ਦੀ ਹੱਡੀ ਵਿੱਚੋਂ ਮਣਕਿਆਂ ਵਿਚਕਾਰਲੇ ਸਹਾਰੇ ਦੇ ਅਗਲੇ ਸਿਰੇ ਦਾ ਬਾਹਰ ਵੱਲ ਖਿਸਕਣਾ ਜਾਂ ਮਣਕਾ ਹੀ ਖਿਸਕ ਜਾਣਾ ਵੀ ਕਈ ਵਾਰ ਵੇਖਣ ਵਿੱਚ ਆਉਂਦਾ ਹੈ, ਖ਼ਾਸ ਕਰ ਕੇ ਉਨ੍ਹਾਂ ਵਿੱਚ ਜਿਹੜੇ ਹਫ਼ਤੇ ਵਿੱਚ ਤਿੰਨ ਜਾਂ ਚਾਰ ਦਿਨ ਜਾਂ ਰੋਜ਼ ਹੀ ਉੱਚੀਆਂ ਅੱਡੀਆਂ ਪਾਉਂਦੇ ਹੋਣ। ਸਰੀਰ ਦਾ ਭਾਰ ਰੀੜ੍ਹ ਦੀ ਹੱਡੀ ਦੇ ਹੇਠਲੇ ਹਿੱਸੇ ਵਿਚ ਬਾਹਰਲੇ ਪਾਸੇ ਦੀ ਥਾਂ ਅੰਦਰਲੇ ਕਮਜ਼ੋਰ ਹਿੱਸੇ ’ਤੇ ਪੈਂਦਾ ਰਹਿਣ ਕਾਰਨ ਅਜਿਹਾ ਹੁੰਦਾ ਹੈ।
ਫੋਰਾਮਿਨ ਸਟੀਨੋਸਿਸ: ਰੀੜ੍ਹ ਦੀ ਹੱਡੀ ਦੇ ਅੰਦਰ ਕੁਦਰਤ ਵੱਲੋਂ ਸਰੀਰ ਨੂੰ ਨਸਾਂ ਪਹੁੰਚਾਉਣ ਦਾ ਰਾਹ ਬਣਾਇਆ ਹੁੰਦਾ ਹੈ। ਇਸ ਦੇ ਆਸ-ਪਾਸ ਸੱਟ ਫੇਟ ਤੋਂ ਬਚਾਉਣ ਲਈ ਕੁੱਝ ਖੁੱਲ੍ਹੀ ਥਾਂ ਰੱਖੀ ਹੋਈ ਹੈ, ਜਿਸ ਵਿੱਚ ਪਾਣੀ ਭਰਿਆ ਹੁੰਦਾ ਹੈ। ਉੱਚੀ ਅੱਡੀ ਪਾਉਣ ਨਾਲ ਟੇਢੀ-ਮੇਢੀ ਹੋਈ ਰੀੜ੍ਹ ਦੀ ਹੱਡੀ ਵਿਚਲੇ ਕੁੱਝ ਮਣਕੇ ਜਿਹੜੇ ਬਹੁਤਾ ਭਾਰ ਝੱਲਣ ਲਈ ਬਣੇ ਹੀ ਨਹੀਂ, ਉਨ੍ਹਾਂ ਅੰਦਰਲਾ ਸੁਰਾਖ ਦਬਾਅ ਪੈਣ ਨਾਲ ਭੀੜਾ ਹੋ ਜਾਂਦਾ ਹੈ ਤੇ ਨਸਾਂ ਦੱਬ ਦਿੰਦਾ ਹੈ। ਨਤੀਜੇ ਵਜੋਂ ਕੁੱਝ ਸਾਲਾਂ ਬਾਅਦ ਲੱਤਾਂ ਤੇ ਪਿੱਠ ਵਿਚ ਦਰਦ ਰਹਿਣ ਲੱਗ ਪੈਂਦਾ ਹੈ। ਕਈ ਵਾਰ ਲੱਤਾਂ ਵੱਲ ਜਾਂਦੀ ਤਿੱਖੀ ਪੀੜ, ਲੱਤਾਂ ਸੁੰਨ ਹੋਣੀਆਂ, ਪੱਠਿਆਂ ਦੀ ਕਮਜ਼ੋਰੀ, ਨਸਾਂ ਖਿੱਚੀਆਂ ਮਹਿਸੂਸ ਹੋਣੀਆਂ ਤੇ ਸ਼ਿਆਟਿਕਾ ਆਦਿ ਵਰਗੇ ਲੱਛਣ ਦਿਸਣ ਲੱਗ ਪੈਂਦੇ ਹਨ।
ਓਸਟੀਓਆਰਥਰਾਈਟਿਸ: ਹੱਡੀਆਂ ਬੇਲੋੜੇ ਭਾਰ ਕਾਰਣ ਛੇਤੀ ਖੁਰ ਜਾਂਦੀਆਂ ਹਨ ਤੇ ਛੋਟੀ ਉਮਰ ਤੋਂ ਹੀ ਉੱਚੀ ਅੱਡੀ ਪਾਉਣ ਵਾਲੀਆਂ ਕੁੜੀਆਂ ਦੀ ਲੰਬਾਈ ਵੀ ਘੱਟ ਰਹਿ ਜਾਂਦੀ ਹੈ।
ਬਚਾਅ: ਵਧਦੀ ਉਮਰ ਦੇ ਬੱਚਿਆਂ ਨੂੰ ਉੱਚੀ ਅੱਡੀ ਨਹੀਂ ਪਾਉਣ ਦੇਣੀ ਚਾਹੀਦੀ।
* ਸੋਲ੍ਹਾਂ ਵਰ੍ਹਿਆਂ ਤੋਂ ਬਾਅਦ ਕਦੇ ਕਦਾਈਂ (ਮਹੀਨੇ ਵਿੱਚ ਸਿਰਫ਼ ਤਿੰਨ ਵਾਰ) ਬਾਹਰ ਕਿਸੇ ਪਾਰਟੀ ਉੱਤੇ ਜਾਣ ਲੱਗਿਆਂ ਇਕ-ਅੱਧ ਘੰਟੇ ਲਈ ਉੱਚੀ ਅੱਡੀ ਪਾਈ ਜਾ ਸਕਦੀ ਹੈ। ਘੰਟੇ ਤੋਂ ਵੱਧ ਬਿਲਕੁਲ ਨਹੀਂ।
* ਉੱਚੀ ਅੱਡੀ ਪਾਉਣ ਤੋਂ ਪਹਿਲਾਂ ਤੇ ਬਾਅਦ ਵਿੱਚ ਪੱਠਿਆਂ ਦੀ ਕਸਰਤ ਕਰਨੀ ਜ਼ਰੂਰੀ ਹੈ। ਸਟਰੈਚਿੰਗ ਕਸਰਤਾਂ ਕਰ ਕੇ ਪੱਠਿਆਂ ਵਿਚਲੀ ਖਿੱਚ ਤੇ ਲੰਬਾਈ ਸਹੀ ਰੱਖੀ ਜਾ ਸਕਦੀ ਹੈ।
* ਦੋ ਇੰਚ ਤੋਂ ਉੱਚੀ ਅੱਡੀ ਨਹੀਂ ਪਾਉਣੀ ਚਾਹੀਦੀ।
* ਉੱਚੀ ਅੱਡੀ ਦਾ ਅਗਲਾ ਸਿਰਾ ਨੁਕੀਲਾ ਨਹੀਂ ਹੋਣਾ ਚਾਹੀਦਾ, ਚੌੜੇ ਪੱਬ ਵਾਲਾ ਹੀ ਹੋਣਾ ਚਾਹੀਦਾ ਹੈ। ਇੰਜ ਨਿੱਕੇ ਜੋੜਾਂ ਦਾ ਸਦੀਵੀ ਨੁਕਸਾਨ ਹੋਣ ਤੋਂ ਬਚਾਅ ਹੋ ਜਾਂਦਾ ਹੈ।
* ਜੁੱਤੀ ਅੰਦਰ ਚਮੜੇ ਦੀ ਪਰਤ ਲੁਆ ਲੈਣੀ ਚਾਹੀਦੀ ਹੈ ਤਾਂ ਜੋ ਉੱਚੀ ਅੱਡੀ ਤੋਂ ਤਿਲਕ ਕੇ ਪੈਰ ਦਾ ਸਾਰਾ ਅਗਲਾ ਸਿਰਾ ਮੁੜ ਕੇ ਇਕੱਠਾ ਨਾ ਹੋ ਜਾਵੇ।
* ਘਰ ਵਿੱਚ ਉੱਚੀ ਅੱਡੀ ਕਦੇ ਵੀ ਨਹੀਂ ਪਾਉਣੀ ਚਾਹੀਦੀ ਤੇ ਬਾਹਰ ਜਾਣ ਲੱਗਿਆਂ ਵੀ ਆਪਣੇ ਬੈਗ ਵਿੱਚ ਬਿਨਾਂ ਹੀਲ ਦੀ ਜੁੱਤੀ ਦਾ ਜੋੜਾ ਰੱਖ ਲੈਣਾ ਚਾਹੀਦਾ ਹੈ ਤਾਂ ਜੋ ਪਾਰਟੀ ਤੋਂ ਬਾਅਦ ਤੁਰੰਤ ਜੁੱਤੀ ਬਦਲੀ ਜਾ ਸਕੇ।
* ਉੱਚੀ ਅੱਡੀ ਖ਼ਰੀਦਣ ਵੇਲੇ ਪੈਰਾਂ ਵੱਲ ਝਾਕਣ ਦੀ ਬਜਾਏ ਚੂਲੇ ਉੱਪਰਲੀ ਰੀੜ੍ਹ ਦੀ ਹੱਡੀ ਦਾ ਅਗਾਂਹ ਵੱਲ ਹੁੰਦਾ ਝੁਕਾਅ ਵੇਖਣ ਜਾਂ ਟੋਹਣ ਦੀ ਲੋੜ ਹੁੰਦੀ ਹੈ। ਜੇ ਗੋਲਾਈ ਡੇਢ ਸੈਂਟੀਮੀਟਰ ਤੋਂ ਵੱਧ ਅਗਾਂਹ ਹੋ ਰਹੀ ਹੈ ਤਾਂ ਘੱਟ ਉੱਚੀ ਅੱਡੀ ਲੈਣੀ ਚਾਹੀਦੀ ਹੈ। ਸਰੀਰ ਨੂੰ ਉੱਚੀ ਅੱਡੀ ਦੇ ਨੁਕਸਾਨ ਹੋਣ ਤੋਂ ਬਚਾਉਣ ਲਈ ਕੁਝ ਕਸਰਤਾਂ ਵੀ ਹਨ।
1. ਭੁੰਜੇ ਬਹਿ ਕੇ ਲੱਤਾਂ ਸਿੱਧੀਆਂ ਕਰ ਕੇ ਤੌਲੀਏ ਨਾਲ ਪੈਰਾਂ ਦੇ ਹੇਠਿਓਂ ਖਿੱਚ ਪਾ ਕੇ ਹੱਥਾਂ ਨਾਲ ਉਤਾਂਹ ਖਿੱਚੋ ਤੇ ਪੈਰਾਂ ਨਾਲ ਉਸ ਨੂੰ ਹੇਠਾਂ ਧੱਕੋ। ਇਹ ਖਿੱਚ 30 ਸਕਿੰਟ ਤੱਕ ਰੱਖਣੀ ਚਾਹੀਦੀ ਹੈ ਤੇ 10 ਤੋਂ 15 ਵਾਰ ਕਰਨੀ ਹੁੰਦੀ ਹੈ।
2. ਇੱਕ ਲੱਤ ਦੇ ਭਾਰ ਉੱਤੇ 30 ਸਕਿੰਟ ਖੜ੍ਹੇ ਹੋਵੋ। ਅਜਿਹਾ ਵਾਰੀ-ਵਾਰੀ 10 ਤੋਂ 15 ਵਾਰ ਕਰਨਾ ਹੈ।
3. ਸਿੱਧੇ ਖੜ੍ਹੇ ਹੋ ਕੇ ਇੱਕ ਵਾਰ ਅੱਡੀ ਤੇ ਫੇਰ ਦੂਜੀ ਵਾਰ ਪੰਜਾ ਚੁੱਕ ਕੇ ਵਾਰੀ-ਵਾਰੀ 10 ਸਕਿੰਟ ਲਈ 10 ਤੋਂ 15 ਵਾਰ ਕਰੋ।
4. ਪਿੱਠ ਬਿਲਕੁਲ ਸਿੱਧੀ ਰੱਖ ਕੇ ਜ਼ਮੀਨ ਤੋਂ ਚੀਜ਼ ਚੁੱਕੋ, ਫੇਰ ਰੱਖੋ ਤੇ ਫੇਰ ਚੁੱਕੋ। ਵੀਹ ਤੋਂ 25 ਵਾਰ ਅਜਿਹਾ ਕਰੋ।[/img]
 
Last edited by a moderator:
Top