ਤੰਦਰੁਸਤ ਰਹਿਣ ਲਈ ਸਹੀ ਖਾਣਾ ਪੀਣਾ ਜ਼ਰੂਰੀ

ਅੱਜ-ਕੱਲ੍ਹ ਦੀ ਜੀਵਨ ਸ਼ੈਲੀ ਵਿੱਚ ਅਸੀਂ ਵਾਤਾਵਰਨ ਵਿਚ ਫੈਲ ਰਹੇ ਪ੍ਰਦੂਸ਼ਣ ਦਾ ਰੋਜ਼ ਸਾਹਮਣਾ ਕਰਦੇ ਹਾਂ। ਨੌਕਰੀ ਪੇਸ਼ੇ ਦੌਰਾਨ ਕੰਮ ਦੇ ਵਧਦੇ ਦਬਾਅ ਅਤੇ ਤਣਾਅ ਦੇ ਕਾਰਨ ਅੱਜ ਮਨੁੱਖ ਜਿੱਥੇ ਸਮਾਜਿਕ ਰਿਸ਼ਤਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ, ਉਥੇ ਉਹ ਮਾਨਸਿਕ ਤੌਰ ’ਤੇ ਵੀ ਕਮਜ਼ੋਰ ਹੁੰਦਾ ਜਾ ਰਿਹਾ ਹੈ। ਅੱਜ ਦੀ ਦੌੜ-ਭੱਜ ਦੀ ਜ਼ਿੰਦਗੀ ਨੇ ਸਾਡੀ ਜੀਵਨ ਸ਼ੈਲੀ ਬਿਲਕੁਲ ਬਦਲ ਦਿੱਤੀ ਹੈ। ਅੱਜ ਸਾਡੇ ਕੋਲ ਸਮੇਂ ਦੀ ਘਾਟ ਹੋ ਗਈ ਹੈ। ਅਸੀਂ ਹਰ ਕੰਮ ਮਸ਼ੀਨਾਂ ਰਾਹੀਂ ਕਰਦੇ ਹਾਂ ਜਿਸ ਨਾਲ ਸਾਡੇ ਸਰੀਰ ਦੀ ਕਿਸੇ ਵੀ ਕਿਸਮ ਦੀ ਕਸਰਤ ਨਹੀਂ ਹੁੰਦੀ। ਬਾਹਰ ਆਉਣ ਜਾਣ ਲਈ ਅਸੀਂ ਸਕੂਟਰ ਮੋਟਰਸਾਈਕਲ, ਕਾਰਾਂ ਅਤੇ ਹੋਰ ਸਾਧਨਾਂ ਦੀ ਵਰਤੋਂ ਕਰਦੇ ਹਾਂ। ਸਾਡਾ ਪੈਦਲ ਤੁਰਨਾ ਫਿਰਨਾ ਬਿਲਕੁਲ ਖਤਮ ਹੋ ਗਿਆ ਹੈ। ਇਸੇ ਤਰ੍ਹਾਂ ਸਾਡਾ ਖਾਣਾ ਪੀਣਾ ਵੀ ਬਿਲਕੁਲ ਬਦਲ ਚੁੱਕਿਆ ਹੈ। ਅਸੀਂ ਹਰ ਰੋਜ਼ ਫਾਸਟ ਫੂਡ, ਤਲੀਆਂ ਚੀਜ਼ਾਂ ਤੇ ਕੋਲਡ ਡਰਿੰਕਸ ਦਾ ਅੰਨ੍ਹੇਵਾਹ ਸੇਵਨ ਕਰਦੇ ਹਾਂ ਅਤੇ ਆਪਣੇ ਰਿਵਾਇਤੀ ਭੋਜਨ ਤੋਂ ਦੂਰ ਹੁੰਦੇ ਜਾ ਰਹੇ ਹਾਂ। ਇਨ੍ਹਾਂ ਖਾਣਿਆਂ ਨਾਲ ਅਸੀਂ ਆਪਣੀ ਭੁੱਖ ਜ਼ਰੂਰ ਮਿਟਾ ਸਕਦੇ ਹਾਂ ਤੇ ਜੀਭ ਦਾ ਸੁਆਦ ਮਾਣ ਸਕਦੇ ਹਾਂ ਪਰ ਇਨ੍ਹਾਂ ਖਾਣਿਆਂ ਦਾ ਲਗਾਤਾਰ ਸੇਵਨ ਸਾਨੂੰ ਬਿਮਾਰੀਆਂ ਦੇ ਘਰ ਵੱਲ ਧੱਕ ਦਿੰਦਾ ਹੈ। ਇਨ੍ਹਾਂ ਦੀ ਲਗਾਤਾਰ ਵਰਤੋਂ ਨਾਲ ਸਾਡੇ ਸਰੀਰ ਵਿੱਚ ਲੋੜੀਂਦੇ ਤੱਤਾਂ ਦੀ ਘਾਟ ਹੋ ਜਾਂਦੀ ਹੈ ਜੋ ਕਿ ਹੌਲੀ ਹੌਲੀ ਸਾਨੂੰ ਬਿਮਾਰੀਆਂ ਵੱਲ ਧੱਕ ਦਿੰਦੀ ਹੈ। ਇਸ ਤੋਂ ਸਾਨੂੰ ਬਲੱਡ ਪ੍ਰੈਸ਼ਰ, ਮੋਟਾਪਾ, ਸ਼ੂਗਰ, ਕੈਂਸਰ, ਥਾਇਰਾਡ, ਐਲਰਜੀ, ਡਿਪਰੈਸ਼ਨ, ਮਾਈਗਰੇਨ, ਦਮਾ, ਦਿਲ ਦੀਆਂ ਬਿਮਾਰੀਆਂ ਅਤੇ ਬਵਾਸੀਰ ਜਿਹੀਆਂ ਨਾਮੁਰਾਦ ਬਿਮਾਰੀਆਂ ਆਪਣੀ ਜਕੜ ਵਿੱਚ ਲੈ ਲੈਂਦੀਆਂ ਹਨ। ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ ਭਾਵੇਂ ਐਲੋਪੈਥੀ ਵਿੱਚ ਨਹੀਂ ਪਰ ਹੋਮਿਉਪੈਥੀ ਵਿੱਚ ਇਨ੍ਹਾਂ ਬਿਮਾਰੀਆਂ ਦਾ ਪੱਕਾ ਇਲਾਜ ਸੰਭਵ ਹੈ, ਬਸ਼ਰਤੇ ਕਿ ਅਸੀਂ ਆਪਣੀ ਰੋਜ਼ਾਨਾ ਦੀ ਖੁਰਾਕ ਵਿਚ ਸਰੀਰ ਲਈ ਲੋੜੀਂਦੇ ਤੇ ਜ਼ਰੂਰੀ ਤੱਤ ਨਿਯਮਤ ਰੂਪ ਵਿਚ ਸ਼ਾਮਲ ਕਰੀਏ। ਇਹ ਪੌਸ਼ਟਿਕ ਤੱਕ ਜਿਵੇਂ ਕਿ ਵਿਟਾਮਿਨ, ਖਣਿਜ ਪਦਾਰਥ (ਜਿਵੇਂ ਕਿ ਆਇਰਨ, ਜ਼ਿੰਕ, ਸਿਲੀਨੀਅਮ) ਐਮੀਨੋ ਐਸਿਡ, ਲੋੜੀਂਦਾ ਫੈਟੀ ਐਸਿਡ ਅਤੇ ਫਾਇਟੋ ਨਿਊਟਰੀਅਨਸ ਹਨ। ਇਹ ਸਾਡੀ ਰੋਜ਼ਾਨਾ ਦੀ ਖੁਰਾਕ ਵਿੱਚ ਸ਼ਾਮਲ ਹੋਣੇ ਬਹੁਤ ਜ਼ਰੂਰੀ ਹਨ। ਇਨ੍ਹਾਂ ਨੂੰ ਅਸੀਂ ਵੱਖ-ਵੱਖ ਚੀਜ਼ਾਂ ਵਿਚੋਂ ਲੈਂਦੇ ਹਾਂ। ਇਨ੍ਹਾਂ ਸਾਰੇ ਤੱਤਾਂ ਵਿਚੋਂ ਸ਼ਾਇਦ ਤੁਸੀਂ ਫਾਇਟੋ ਨਿਊਟਰੀਅਨਸ ਬਾਰੇ ਜ਼ਿਆਦਾ ਨਹੀਂ ਸੁਣਿਆ ਹੋਵੇਗਾ। ਇਹ ਨਿਊਟਰੀਅਨਸ ਇੱਕ ਤਰ੍ਹਾਂ ਦੇ ਜ਼ਿੰਦਾ ਤੱਤ ਹੁੰਦੇ ਹਨ। ਇਨ੍ਹਾਂ ਤੱਤਾਂ ਦੀ ਬਦੌਲਤ ਹੀ ਪੇੜ ਪੌਦੇ ਸਰਦੀ ਗਰਮੀ ਅਤੇ ਬਰਸਾਤ ਦੇ ਮੌਸਮ ਵਿੱਚ ਆਪਣੀ ਸੁਰੱਖਿਆ ਕਰਦੇ ਹਨ। ਇਹ ਜ਼ਿੰਦਾ ਤੱਤ ਮਨੁੱਖ ਨੂੰ ਸਰੀਰ ਤੇ ਮਾਨਸਿਕ ਤੌਰ ’ਤੇ ਮਜ਼ਬੂਤ ਕਰਦੇ ਹਨ ਅਤੇ ਸਾਨੂੰ ਬਿਮਾਰੀਆਂ ਤੋਂ ਲੜਨ ਦੀ ਤਾਕਤ ਦਿੰਦੇ ਹਨ। ਮੈਂ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਨਿਊਟਰੀਅਨਸ ਦੇ ਬਾਰੇ ਦੱਸਦਾ ਹਾਂ।
ਅੱਜ ਤੋਂ 30-40 ਸਾਲ ਪਹਿਲਾਂ ਅਸੀਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਂਦੇ ਸਾਂ। ਇਨ੍ਹਾਂ ਨੂੰ ਤੋੜਨ ਤੋਂ 8-12 ਘੰਟੇ ਦੇ ਅੰਦਰ ਅੰਦਰ ਖਾ ਲੈਂਦੇ ਸਾਂ। ਇਸ ਤਰ੍ਹਾਂ ਇਨ੍ਹਾਂ ਵਿਚਲੇ ਜ਼ਿੰਦਾ ਤੱਤ ਸਾਨੂੰ ਖਾਣੇ ਵਿੱਚ ਮਿਲ ਜਾਂਦੇ ਸਨ। ਪਰ ਅੱਜਕੱਲ੍ਹ ਸਭ ਕੁਝ ਇਸ ਦੇ ਉਲਟ ਹੋ ਰਿਹਾ ਹੈ। ਅਸੀਂ ਹਰ ਚੀਜ਼ ਸਟੋਰ ਕੀਤੀ ਖਾਂਦੇ ਹਾਂ। ਜੇ ਤਾਜ਼ੀ ਲੈ ਕੇ ਵੀ ਆਉਂਦੇ ਹਾਂ ਤਾਂ ਉਸ ਨੂੰ ਆਪਣੇ ਫਰਿੱਜ ਵਿੱਚ ਰੱਖ ਕੇ ਬਾਸੀ ਕਰ ਲੈਂਦੇ ਹਾਂ। ਜਿਹੜੇ ਫਲ ਫਰੂਟ ਅਸੀਂ ਬਜ਼ਾਰ ਤੋਂ ਲਿਆ ਕੇ ਖਾਂਦੇ ਹਾਂ, ਉਹ ਕਈ ਦਿਨ ਤੋਂ ਬਾਅਦ ਸਾਡੇ ਤੱਕ ਪਹੁੰਚਦੇ ਹਨ ਤੇ ਸਾਨੂੰ ਜਿੰਦਾ ਤੱਤਾਂ ਤੋਂ ਵਾਂਝੇ ਹੀ ਰਹਿਣਾ ਪੈਂਦਾ ਹੈ। ਇਸੇ ਕਰਕੇ ਅੱਜ ਸਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਬਹੁਤ ਘੱਟ ਹੈ। ਦੂਜਾ ਪੈਸਟੀਸਾਈਡ ਦੀ ਅੰਨ੍ਹੇਵਾਹ ਵਰਤੋਂ ਨੇ ਫਲਾਂ ਅਤੇ ਸਬਜ਼ੀਆਂ ਦਾ ਹੁਲੀਆ ਹੀ ਵਿਗਾੜ ਦਿੱਤਾ ਹੈ। ਇਸੇ ਕਰਕੇ ਕੈਂਸਰ, ਸ਼ੂਗਰ ਵਰਗੀਆਂ ਬਿਮਾਰੀਆਂ ਲਗਾਤਾਰ ਲੋਕਾਂ ਨੂੰ ਆਪਣੀ ਜਕੜ ਵਿੱਚ ਲੈ ਰਹੀਆਂ ਹਨ।
ਸਾਇੰਸਦਾਨਾਂ ਨੇ 100 ਸਾਲਾਂ ਦੀ ਖੋਜ ਤੋਂ ਬਾਅਦ ਇਹ ਪਤਾ ਲਗਾਇਆ ਹੈ ਕਿ ਫਲ, ਸਬਜ਼ੀਆਂ ਨੂੰ ਪੌਦੇ ਤੋਂ ਤੋੜਨ ਤੋਂ ਬਾਅਦ 8 ਤੋਂ 12 ਘੰਟਿਆਂ ਦੇ ਵਿੱਚ ਵਿੱਚ ਜੇਕਰ ਵਰਤਿਆ ਨਹੀਂ ਜਾਂਦਾ ਤਾਂ ਇਸ ਵਿਚਲੇ ਪੌਸ਼ਟਿਕ ਤੇ ਐਂਟੀ ਔਕਸੀਡੈਂਟਸ ਤੱਤ ਖਤਮ ਹੋ ਜਾਂਦੇ ਹਨ ਤੇ ਸਰੀਰ ਵਿੱਚ ਇਨ੍ਹਾਂ ਦੀ ਘਾਟ ਹੋਣ ਕਰਕੇ ਸਰੀਰ ਬਿਮਾਰੀਆਂ ਦਾ ਘਰ ਬਣਨਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਅਸੀਂ ਡਾਕਟਰਾਂ ਦੇ ਚੱਕਰ ਲਾਉਣੇ ਸ਼ੁਰੂ ਕਰ ਦਿੰਦੇ ਹਾਂ। ਅਗਰ ਅਸੀਂ ਤੰਦਰੁਸਤ ਰਹਿਣਾ ਹੈ ਤਾਂ ਸਾਨੂੰ ਆਪਣੇ ਸਰੀਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਖਾਣਾ ਖਾਣਾ ਚਾਹੀਦਾ ਹੈ। ਤੰਦਰੁਸਤ ਰਹਿਣ ਲਈ ਇਸ ਤੋਂ ਇਲਾਵਾ ਸਾਨੂੰ ਹੇਠ ਲਿਖੇ ਨੁਕਤਿਆਂ ’ਤੇ ਵੀ ਅਮਲ ਕਰਨਾ ਚਾਹੀਦਾ ਹੈ।
1. ਸਾਨੂੰ ਘੱਟੋ ਘੱਟ ਪੰਜ ਤਾਜ਼ੇ ਫਲ (ਅਲੱਗ ਅਲੱਗ ਰੰਗਾਂ ਦੇ) ਅਤੇ ਪੰਜ ਤਾਜ਼ੀਆਂ ਸਬਜ਼ੀਆਂ ਦਾ ਨਿਯਮਿਤ ਰੂਪ ਵਿਚ ਸੇਵਨ ਕਰਨਾ ਚਾਹੀਦਾ ਹੈ। 2. ਸਾਨੂੰ ਹਰ ਰੋਜ਼ 40-45 ਮਿੰਟ ਦੀ ਸੈਰ ਜਾਂ ਕਸਰਤ ਕਰਨੀ ਚਾਹੀਦੀ ਹੈ। 3. ਸਾਨੂੰ ਹਰ ਰੋਜ਼ 7-8 ਘੰਟੇ ਦੀ ਚਿੰਤਾ ਮੁਕਮ ਗੂੜ੍ਹੀ ਨੀਂਦ ਲੈਣੀ ਚਾਹੀਦੀ ਹੈ। 4. ਸਾਡੀ ਸੋਚ ਆਪਣੇ ਬਾਰੇ ਅਤੇ ਦੂਜਿਆਂ ਦੇ ਬਾਰੇ ਵਧੀਆ ਹੋਣੀ ਚਾਹੀਦੀ ਹੈ।
 
Top