ਟੈਨਸ਼ਨ ਨਾ ਲਿਆ ਕਰੋ।

Parv

Prime VIP
ਟੈਨਸ਼ਨ ਨਾ ਲਿਆ ਕਰੋ। ਨਾ ਹੀ ਟੈਨਸ਼ਨ ਦਿਆ ਕਰੋ ਕਿਉਂਕਿ ਦੋਵੇਂ ਪਾਸੇ ਮਿਲਣਾ ਕੁਝ ਨਹੀਂ ਗਵਾ ਬਹੁਤ ਕੁਝ ਸਕਦੇ ਹੋ। ਆਪਾਂ ਗਵਾਉਣਾ ਨਹੀਂ ਪਾਉਣਾ ਹੈ, ਉਹ ਵੀ ਪਿਆਰ ਨਾਲ, ਨਿਸ਼ਚੈ ਨਾਲ, ਠੀਕ ਰਹਿ ਕੇ, ਮਸਤੀ ਵਿੱਚ। ਦਰਅਸਲ ਜੇ ਤੁਸੀਂ ਪਰਿਵਰਤਨ ਚਾਹੁੰਦੇ ਹੋ ਆਲੇ ਦੁਆਲੇ ਵਿੱਚ। ਉਹਦੇ ਲਈ ਖ਼ੁਦ ਵਿੱਚ ਪਹਿਲਾਂ ਪਰਿਵਰਤਨ ਲਿਆਉਣਾ ਪੈਣਾ ਹੈ ਅਤੇ ਖ਼ੁਦ ਨੂੰ ਚੰਗੇ ਵਿਚਾਰ ਨਾਲ ਜੋੜਨਾ ਹੀ ਸਭ ਤੋਂ ਜ਼ਰੂਰੀ ਹੈ।
ਹਰ ਬੰਦਾ ਚਾਹੁੰਦਾ ਹੈ ਕਿ ਉਸ ਦੇ ਕਿਰਦਾਰ ਦੀ ਚੰਗੀ ਗੱਲ ਕੀਤੀ ਜਾਵੇ। ਕੌਣ ਨਹੀਂ ਚਾਹੁੰਦਾ ਕਿ ਉਸਦੇ ਕਿਰਦਾਰ ਦੀ ਸੋਹਣੀ ਮਿਸਾਲ ਨਾ ਦਿੱਤੀ ਜਾਵੇ। ਅਸੀਂ ਸਭ ਚਾਹੁੰਦੇ ਹਾਂ ਕਿ ਹਰ ਇੱਕ ਦਾ ਕਿਰਦਾਰ ਕੁਦਰਤ ਅਤੇ ਮਨੁੱਖ ਦੇ ਹੱਕ ਵਿੱਚ ਹੋਵੇ। ਇਹ ਹੋਵੇ ਕਿਵੇਂ?
ਕਮਜ਼ੋਰ ਹੋਣਾ ਕੋਈ ਪਸੰਦ ਨਹੀਂ ਕਰਦਾ। ਤਾਕਤਵਰ ਹੋਣਾ ਸਭ ਦੀ ਰੀਝ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਮਨੁੱਖਤਾ ਵਿਰੋਧੀ ਤੇ ਕੁਦਰਤ ਵਿਰੋਧੀ ਤਾਕਤਾਂ ਨੂੰ ਚੰਗਾ ਤੇ ਸੋਹਣਾ ਸੋਚਣ ਵਾਲੇ ਕਦੇ ਵੀ ਪਸੰਦ ਨਹੀਂ ਕਰਦੇ। ਤੁਹਾਡਾ ਤੇ ਮੇਰਾ ਸਾਂਝਾ ਸ਼ਿਕਵਾ ਹੈ ਕਿ ਸਿਆਸੀ ਤਾਕਤ ਵਾਲੇ ਆਮ ਜਨਤਾ ਦਾ ਦਰਦ ਨਹੀਂ ਪਹਿਚਾਣਦੇ। ਅੱਜ ਬਹੁਤੀਆਂ ਪਰਸਥਿਤੀਆਂ ਉੱਤੇ ਅਸੀਂ ਖ਼ੁਦ ਨੂੰ ਕਮਜ਼ੋਰ ਮਹਿਸੂਸ ਕਰਦੇ ਹਾਂ।
ਸਭ ਮਨੁੱਖ ਬਰਾਬਰ ਹਨ। ਬਾਰਬਰਤਾ ਦਾ ਅਧਿਕਾਰ ਦਿਓ। ਉਹ ਮੇਰੇ ਬਰਾਬਰ ਦਾ ਨਹੀਂ। ਅਸੀਂ ਉਹਦੇ ਬਰਾਬਰ ਹੋ ਹੀ ਨਹੀਂ ਸਕਦੇ। ਉਹਦੇ ਬਰਾਬਰ ਕੋਈ ਨਹੀਂ ਖੜ ਸਕਦਾ। ਬਰਾਬਰਤਾ ਵਰਗੀ ਰੀਸ ਨਹੀਂ। ਬਰਾਬਰਤਾ ਹੀ ਸਹੀ ਜੀਵਨ ਦੀ ਨੀਂਹ ਰੱਖਦੀ ਹੈ ... ਇਹ ਗੱਲਾਂ ਅਸੀਂ ਅਕਸਰ ਕਰਦੇ ਵੀ ਹਾਂ ਅਤੇ ਸੁਣਦੇ ਵੀ ਹਾਂ।
ਕਿਰਦਾਰ, ਤਾਕਤ ਅਤੇ ਬਰਾਬਰਤਾ ਦੀ ਘਾਟ ਹੀ ਸਾਨੂੰ ਬੇਚੈਨ ਕਰਦੀ ਹੈ। ਇਹ ਬੇਚੈਨ ਕਰਨ ਵਾਲੇ ਸ਼ਬਦ ਹੀ ਰਾਹ ਦਿਖਾ ਰਹੇ ਹਨ। ਇਹ ਸ਼ਬਦ ਹੀ ਸਕੂਨ ਦੀ ਪੌੜੀ ਬਣ ਸਕਦੇ ਹਨ। ਕਿਵੇਂ?
ਕਿਰਦਾਰ ਵਿੱਚੋਂ ਕੱਕੇ ਨੂੰ ਸਿਹਾਰੀ ਲੈ ਲਵੋ ... ਕਿ
ਤਾਕਤ ਦਾ ਤੱਤੇ ਨੂੰ ਕੰਨਾ ਲੈ ਲਵੋ ... ਤਾ
ਬਰਾਬਰਤਾ ਵਿੱਚੋਂ ਬੱਬਾ ਲੈ ਲੈਂਦੇ ਹਾਂ ... ਬ
ਅਸੀਂ ਲੈ ਲਿਆ ਕਿ ... ਤਾ ... ਬ। ਇਹਨਾ ਨੂੰ ਜੋੜ ਦਿੰਦੇ ਹਾਂ। ਕੱਲੇ ਕੱਲੇ ਰਹਿਣ ਨਾਲ ਕੁਝ ਨਹੀਂ ਹੁੰਦਾ। ਕਿਉਂਕਿ ਇੱਕਠੇ ਹੋਣਾ ਅਤੇ ਇਕੱਠੇ ਕਰਨਾ ਹੀ ਸਾਡਾ ਮਕਸਦ ਹੋਣਾ ਚਾਹੀਦਾ ਹੈ। ਕਿ+ ਤਾ+ ਬ = ਕਿਤਾਬ
ਖੁਸ਼ੀ, ਹੌਂਸਲਾ, ਮੰਜਿਲ, ਕਿਰਦਾਰ, ਤਾਕਤ, ਬਰਾਬਰਤਾ, ਸਕੂਨ, ਮਿੱਤਰਤਾ ਹਾਸਿਲ ਕਰਨ ਦਾ ਮੰਤਰ ਹੈ ਕਿਤਾਬ। ਕਿਤਾਬਾਂ ਦਾ ਇਹ ਮੰਤਰ, ਛੋਟਿਆਂ ਵੱਡਿਆਂ ਸਭ ਲਈ ਜ਼ਰੂਰੀ ਹੈ।
 
Top