ਨਿਰਾਸ਼ਾ ਦੇ ਹਨੇਰੇ 'ਚ ਘੁੰਮ ਹੋ ਜਾਂਦਾ ਹੈ ਤਾਕਤ ਦਾ &

Ginny

VIP
ਇੱਕ ਵਾਰ ਇੱੱਕ ਸ਼ਹਿਰ 'ਚ ਸਰਕਸ ਦਾ ਖੇਡ ਚੱਲ ਰਿਹਾ ਸੀ, ਜਿਸ 'ਚ ਇੱਕ ਮਹਾਵਤ ਹਾਥੀ ਨੂੰ ਇੱਕ ਪਤਲੀ ਡੋਰ ਨਾਲ ਬੰਨ੍ਹ ਕੇ ਚਾਰੋਂ ਪਾਸੇ ਘੁੰਮ ਰਿਹਾ ਸੀ। ਇਹ ਦੇਖ ਕੇ ਉੱਥੇ ਮੌਜੂਦ ਸਾਰੇ ਲੋਕ ਹੈਰਾਨ ਰਹਿ ਗਏ ਕਿ ਇੰਨਾ ਵੱਡਾ ਹਾਥੀ ਇੱਕ ਪਤਲੀ ਜਿਹੀ ਡੋਰ ਨਾਲ ਕਿਵੇਂ ਬੱਝਿਆ ਰਹਿ ਸਕਦਾ ਹੈ। ਜਦੋਂਕਿ ਇਸ ਡੋਰੀ ਨੂੰ ਤਾਂ ਇੱਕ ਛੋਟਾ ਜਿਹਾ ਬੱਚਾ ਵੀ ਤੋੜ ਸਕਦਾ ਹੈ। ਖੇਡ ਖ਼ਤਮ ਹੋ ਗਿਆ ਅਤੇ ਸਾਰੇ ਆਪਣੇ-ਆਪਣੇ ਘਰਾਂ ਨੂੰ ਜਾ ਰਹੇ ਸਨ। ਪਰ ਇੱਕ ਵਿਅਕਤੀ ਅਜੇ ਵੀ ਉੱਥੇ ਖੜ੍ਹਾ ਹਾਥੀ ਨੂੰ ਦੇਖ ਵਾਰ-ਵਾਰ ਉਸ ਦੇ ਬਾਰੇ ਸੋਚ ਰਿਹਾ ਸੀ। ਜਦੋਂ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਉਸ ਨੇ ਮਹਾਵਤ ਤੋਂ ਪੁੱਛਿਆ ਕਿ ਆਖ਼ਰ ਇੰਨਾ ਵੱਡਾ ਹਾਥੀ ਇੱਕ ਪਤਲੀ ਜਿਹੀ ਡੋਰੀ ਨਾਲ ਕਿਵੇਂ ਬੱਝਿਆ ਰਹਿ ਸਕਦਾ ਹੈ।
ਉਸ ਦੀ ਗੱਲ ਸੁਣ ਕੇ ਮਹਾਵਤ ਨੇ ਜਵਾਬ ਦਿੱਤਾ ਕਿ ਅਸੀਂ ਜੰਗਲ 'ਚੋਂ ਹਾਥੀ ਦਾ ਬੱਚਾ ਲੈ ਕੇ ਆਉਂਦੇ ਹਾਂ ਅਤੇ ਉਸ ਨੂੰ ਜੰਜ਼ੀਰਾਂ 'ਚ ਬੰਨ੍ਹ ਕੇ ਰੱਖਦੇ ਹਾਂ। ਹਾਥੀ ਦਾ ਬੱਚਾ ਵਾਰ-ਵਾਰ ਇਨ੍ਹਾਂ ਜੰਜ਼ੀਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਜਦੋਂ ਉਸ ਤੋਂ ਇਹ ਜੰਜ਼ੀਰਾਂ ਨਹੀਂ ਟੁੱਟਦੀਆਂ ਤਾਂ ਉਹ ਨਿਰਾਸ਼ ਹੋ ਜਾਂਦਾ ਹੈ। ਉਹ ਇਹ ਸਮਝਦਾ ਹੈ ਕਿ ਉਸ 'ਚ ਇੰਨੀ ਤਾਕਤ ਨਹੀਂ ਹੈ ਕਿ ਉਹ ਇਨ੍ਹਾਂ ਜੰਜ਼ੀਰਾਂ ਨੂੰ ਤੋੜ ਸਕੇ। ਇਸ ਤੋਂ ਬਾਅਦ ਜਦੋਂ ਹਾਥੀ ਦਾ ਬੱਚਾ ਵੱਡਾ ਹੋ ਜਾਂਦਾ ਹੈ ਤਾਂ ਉਸ ਨੂੰ ਅਜਿਹੀ ਥਾਂ ਲਿਜਾਇਆ ਜਾਂਦਾ ਹੈ, ਜਿੱਥੇ ਵੱਡੇ-ਵੱਡੇ ਹਾਥੀ ਪਤਲੀਆਂ-ਪਤਲੀਆਂ ਡੋਰੀਆਂ ਨਾਲ ਬੱਝੇ ਹੁੰਦੇ ਹਨ ਅਤੇ ਉਸ ਨੂੰ ਵੀ ਇੱਕ ਪਤਲੀ ਡੋਰੀ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਹਾਥੀ ਇਹ ਸੋਚ ਕੇ ਇਸ ਡੋਰੀ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ ਕਿ ਬਾਕੀ ਦੇ ਸਾਰੇ ਹਾਥੀ ਵੀ ਇਸ ਡੋਰ ਨਾਲ ਬੱਝੇ ਹਨ। ਜਦੋਂ ਬਾਕੀ ਹਾਥੀ ਇਸ ਡੋਰ ਨੂੰ ਨਹੀਂ ਤੋੜ ਸਕੇ ਤਾਂ ਮੈਂ ਕਿਵੇਂ ਇਸ ਨੂੰ ਤੋੜ ਸਕਦਾ ਹੈ। ਇਹ ਸੋਚ ਕੇ ਹਾਥੀ ਹਮੇਸ਼ਾ ਉਸ ਪਤਲੀ ਡੋਰ ਨਾਲ ਬੱਝਿਆ ਰਹਿੰਦਾ ਹੈ ਅਤੇ ਉਸ ਨੂੰ ਕਦੇ ਤੋੜਨ ਦੀ ਕੋਸ਼ਿਸ਼ ਨਹੀਂ ਕਰਦਾ। ਮਹਾਵਤ ਦੀ ਇਹ ਗੱਲ ਸੁਣ ਕੇ ਉਹ ਵਿਅਕਤੀ ਕਾਫ਼ੀ ਹੈਰਾਨ ਹੋ ਗਿਆ।
ਨਿਰਾਸ਼ਾ 'ਚ ਕਈ ਵਾਰ ਆਪਣੀ ਤਾਕਤ ਦਾ ਅਹਿਸਾਸ ਹੀ ਗੁੰਮ ਹੋ ਜਾਂਦਾ ਹੈ। ਬਹੁਤੀ ਵਾਰ ਕਿਸੇ ਕੰਮ ਨੂੰ ਕਰਨ ਦੀ ਸਮਰੱਥਾ ਸਾਡੇ ਕੋਲ ਹੁੰਦੀ ਹੈ ਪਰ ਅਸੀਂ ਉਸ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ। ਸਾਨੂੰ ਲੱਗਦਾ ਹੈ ਕਿ ਸਾਡੇ ਕੋਲ ਇੰਨੀ ਤਾਕਤ ਨਹੀਂ ਹੈ ਕਿ ਅਸੀਂ ਇਸ ਕੰਮ ਨੂੰ ਕਰ ਸਕੀਏ। ਅਜਿਹੇ 'ਚ ਸਿਰਫ਼ ਸਕਾਰਾਤਮਕ ਸੋਚ ਅਤੇ ਖ਼ੁਦ 'ਤੇ ਵਿਸ਼ਵਾਸ ਹੀ ਅਜਿਹੀਆਂ ਦੋ ਚਾਬੀਆਂ ਹਨ, ਜਿਨ੍ਹਾਂ ਰਾਹੀਂ ਮੁਸ਼ਕਲ ਹਾਲਤਾਂ 'ਚੋਂ ਬਾਹਰ ਨਿਕਲਿਆ ਜਾ ਸਕਦਾ ਹੈ।
 
Top