ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

KARAN

Prime VIP
ਸੱਚੀ ਗੱਲ , ਕੌੜੀ ਗੱਲ
_____________
ਅਕਲਾਂ ਦੇ ਬੂਹੇ ਬੰਦ ਨੇ
ਸੋਚਣ ਸਮਝਣ ਤੋਂ ਤੰਗ ਨੇ
ਭਾਈ ਨਾਲ ਭਾਈ ਲੜਦਾ
ਕੈਸੇ ਕੁਦਰਤ ਦੇ ਰੰਗ ਨੇ
ਜੇ ਨਾ ਅਸੀਂ ਹੋਸ਼ ਸੰਭਾਲੀ
ਹੁਣ ਵੀ ਨਾ ਕੀਤੀ ਕਾਹਲੀ
ਆਪੇ ਈ ਅਸੀਂ ਖੇਡ ਹੈ ਵਿਗਾੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

ਸਾਡੇ ਵਿੱਚ ਫੁੱਟ ਪੌਂਦੇ ਨੇ
ਸਾਨੂ ਹੀ ਲੁੱਟ ਪੌਂਦੇ ਨੇ
ਸਾਡੇ ਸਿਰ ਦੇ ਵਿੱਚ ਮਿੱਟੀ
ਸਾਡੇ ਹੀ ਪੁੱਤ ਪੌਂਦੇ ਨੇ
ਦਲਦਲ ਵਿੱਚ ਫਸਿਆਂ ਪਿੱਛੇ
ਚੰਦਰੇ ਕੁਜ ਨਸ਼ਿਆਂ ਪਿੱਛੇ
ਪੁੱਤਰ ਨੇ ਫੜਲੀ ਪਿਓ ਦੀ ਦਾਹੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

ਕਰਕੇ ਬਰਬਾਦ ਨੇ ਲੈਂਦੇ
ਲੁੱਟਣ ਤੋਂ ਬਾਦ ਨੇ ਲੈਣੇ
ਮੇਰੇ ਪੰਜਾਬ ਦੇ ਸਾਰੇ
ਨੇਤਾ ਤਾਂ ਸੁਆਦ ਨੇ ਲੈਂਦੇ
ਸਾਡੇ ਨਾਲ ਜੋ ਜੋ ਹੋਈ
ਇਹਨਾ ਲਈ ਗੱਲ ਨਹੀਂ ਕੋਈ
ਹੋਵੇ ਬਠਿੰਡਾ ਜਾਂ ਬਰਗਾੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

ਲੌਂਦੇ ਨਹੀ ਬੰਨੇ ਨੇਤਾ
ਇਹ ਕਦ ਸੀ ਮੰਨੇ ਨੇਤਾ
ਕਹਿੰਦੇ ਕੁਜ ਹੋਇਆ ਹੀ ਨਹੀਂ
ਅੱਖਾਂ ਤੋਂ ਅੰਨ੍ਹੇ ਨੇਤਾ
ਦਰਿਆ ਨਸ਼ਿਆਂ ਦਾ ਵੱਗਦੈ
ਮੈਨੂ ਤਾਂ ਐਦਾਂ ਲੱਗਦੈ
ਹੋਣੀ ਐ ਬੀੜ ਇਹਨਾਂ ਹੀ ਸਾੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

ਮੈਂ ਤਾਂ ਗੱਲ ਸੱਚੀ ਕਰਦਾਂ
ਇਹ ਕਹਿੰਦੇ ਕੱਚੀ ਕਰਦਾਂ
ਜਦ ਇਹਦੇ ਵੱਲ ਦੀ ਆਖਾਂ
ਫਿਰ ਕਹਿੰਦੇ ਅੱਛੀ ਕਰਦਾਂ
ਕਲਮਾਂ ਦੀ ਤਾਕਤ ਖੁੱਸ ਗਈ
ਹੁਣ ਤਾਂ ਹਿੱਮਤ ਵੀ ਰੁੱਸ ਗਈ
ਪਰਗਟ ਲਿਖੇ ਇਹ ਜਾਵਣ ਪਾੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ

ਅਣਖਾਂ ਤੇ ਹਮਲਾ ਹੋਇਆ
ਪਰਗਟ ਤਾਂ ਕਮਲਾ ਹੋਇਆ
ਕਰਜ਼ੇ ਨਾਲ ਦਾਗੋ ਦਗੀ
ਬਾਪੂ ਦਾ ਸ਼ਾਮਲਾ ਹੋਇਆ
ਚੱਲੋ ਬੀਤੀ ਜੋ ਬੀਤੀ
ਹੁਣ ਵੀ ਨਾਂ ਹਿੱਮਤ ਕੀਤੀ
ਕਰਨੀ ਫੇ ਪਊਗੀ ਦਿਹਾੜੀ ਕੀ ਮੈਂ ਝੂਠ ਬੋਲਿਆ
ਲੜਦੇ ਅਸੀਂ ਓਹ ਮਾਰਨ ਤਾੜੀ ਕੀ ਮੈਂ ਝੂਠ ਬੋਲਿਆ ...

Zaildar Pargat Singh
 
Top