ਤਮੰਨਾਂ ਜੀਣ ਦੀ ਹੋਵੇ, ਸਹਾਰੇ ਮਿਲ ਹੀ ਜਾਂਦੇ ਨੇ


ਗਜ਼ਲ
ਤਮੰਨਾਂ ਜੀਣ ਦੀ ਹੋਵੇ, ਸਹਾਰੇ ਮਿਲ ਹੀ ਜਾਂਦੇ ਨੇ i
ਸਮੁੰਦਰ ਪੀੜ ਦਾ ਤਰ ਕੇ, ਕਿਨਾਰੇ ਮਿਲ ਹੀ ਜਾਂਦੇ ਨੇ i

ਚੁਫੇਰੇ ਦਿਸ ਰਿਹਾ ਜੰਗਲ ,ਨਾ ਕੋਈ ਰਾਹ ਹੀ ਸੁਝਦਾ ਹੈ,
ਜੇ ਹੋਵੇ ਆਸ ਮੰਜਿਲ ਦੀ,ਇਸ਼ਾਰੇ ਮਿਲ ਹੀ ਜਾਂਦੇ ਨੇ i

ਬਹਾਦੁਰ ਨੇ ਵਤਨ ਖਾਤਿਰ, ਸਦਾ ਚੜਦੇ ਜੋ ਸੂਲੀ ਤੇ,
ਹਨੇਰਾ ਜ਼ੁਲਮ ਦਾ ਰੋਕਣ, ਉਹ ਤਾਰੇ ਮਿਲ ਹੀ ਜਾਂਦੇ ਨੇ i

ਵਫ਼ਾ ਨੂੰ ਕਤਲ ਵੀ ਕਰਦੇ ,ਕਬਰ ਵੀ ਪੂਜਦੇ ਉਸਦੀ,
ਇਸ਼ਕ ਵਿਚ ਜਿੱਤ ਗਏ ਭਾਂਵੇ, ਉਹ ਹਾਰੇ ਮਿਲ ਹੀ ਜਾਂਦੇ ਨੇ i

ਕਿਸੇ ਮਹਿਮਾਨ ਦੀ ਖਾਤਿਰ,ਸਜਾਇਆ ਹੈ ਮੈਂ ਆਪਣਾ ਘਰ,
ਹਮੇਸ਼ਾਂ ਘਰ ਤੇ ਘਰ ਰਹਿੰਦਾ ,ਖਿਲਾਰੇ ਮਿਲ ਹੀ ਜਾਂਦੇ ਨੇ i

ਨਫ਼ਾ ਨੁਕਸਾਨ ਨਾ ਸੋਚੋ, ਨਿਭਾਉਣੇ ਹਨ ਅਗਰ ਰਿਸ਼ਤੇ,
ਹਸ਼ਰ ਤੱਕ ਜੋ ਨਿਭਾ ਦੇਵੇ ,ਉਹ ਪਿਆਰੇ ਮਿਲ ਹੀ ਜਾਂਦੇ ਨੇ i

ਸਚਾਈ ਕੈਦ ਹੈ ਬੇਸ਼ਕ, ਜੁਬਾਨਾਂ ਤੇ ਰਹੇ ਤਾਲਾ,
ਸਲਾਖਾਂ ਤੋੜ ਫਿਰ ਵੀ ਸੱਚ ,ਬੁਲਾਰੇ ਮਿਲ ਹੀ ਜਾਂਦੇ ਨੇ i

ਗਮਾਂ ਨੇ ਵੀ ਲਗਾ ਰੱਖਿਆ, ਹੈ ਪਹਿਰਾ ਮੌਜ ਤੇ ਲੇਕਿਨ,
ਜਦੋਂ ਮਿਲਦੇ ਕਲਮ ਨੂੰ ਇਹ, ਨਜ਼ਾਰੇ ਮਿਲ ਹੀ ਜਾਂਦੇ ਨੇ i
ਆਰ.ਬੀ.ਸੋਹਲ

progress.gif
 
Top