ਉਹ ਆਖਿਰ ਲਾ ਕੇ ਛੱਡ ਜਾਂਦੇ

ਉਹ ਆਖਿਰ ਲਾ ਕੇ ਛੱਡ ਜਾਂਦੇ

ਜੋ ਬਹੁਤਾ ਪਿਆਰ ਦਿਖਾਉਂਦੇ ਨੇ ।

ਅੱਖ ਫੇਰ ਕੇ ਪਿੱਛੇ ਮੁੜਦੇ ਨਾ

ਅੱਖਾਂ ਦੇ ਤਾਰੇ ਕਹਾਉਂਦੇ ਨੇ ।

ਉਹ ਆਖਿਰ ਨੂੰ ਹੋ ਅੱਡ ਜਾਂਦੇ

ਜੋ ਬਹੁਤਾ ਮੋਹ ਜਤਾਉਂਦੇ ਨੇ ।

ਅੱਜ ਹੋਰ ਤੇ ਕਲ੍ਹ ਨੂੰ ਹੋਰ ਹੁੰਦੇ

ਇੱਥੋਂ ਤੋੜ ਕੇ ਉੱਥੇ ਲਾਉਂਦੇ ਨੇ ।

ਉਹ ਆਖਿਰ ਪਿੱਛੇ ਹਟ ਜਾਂਦੇ

ਜੋ ਕਾਹਲੀ ਕਦਮ ਵਧਾਉਂਦੇ ਨੇ ।

ਜਦ ਪਵੇ ਮੁਸੀਬਤ ਖਿਸਕ ਜਾਂਦੇ

ਬਸੰਤ ਰੁੱਤ ਦੇ ਬੇਲੀ ਕਹਾਉਂਦੇ ਨੇ ।

ਉਹ ਆਖਿਰ ਜੜ ਹੀ ਵੱਢ ਜਾਂਦੇ

ਜੋ ਗੱਲ ਨਾਲ ਬਾਗ ਉਗਾਉਂਦੇ ਨੇ ।

ਵਪਾਰੀ ਆਪ ਹੀ ਝੂਠ ਫਰੇਬਾਂ ਦੇ

ਧੋਖਾ ਦਿੰਦੇ ਤੇ ਅੱਖਾਂ ਦਿਖਾਉਂਦੇ ਨੇ ।

ਉਹ ਆਖਿਰ ਤੱਕਲੇ ਗੱਡ ਜਾਂਦੇ

ਜੋ ਬਹੁਤੇ ਦਰਦ ਵੰਡਾਉਂਦੇ ਨੇ ।

ਕਹਿਣ ਸੁਣਨ ਨੂੰ ਭਾਵੇਂ ਨਾਲ ਚਲਣ

ਵਿੱਚ ਬਗਲ ਦੇ ਛੁਰੀ ਛੁਪਾਉਂਦੇ ਨੇ ।

ਉਹ ਆਖਿਰ ਸਭ ਨੂੰ ਭੰਡ ਜਾਂਦੇ

ਜੋ ਨੰਗੇ ਹਰਮ ਨਹਾਉਂਦੇ ਨੇ ।

ਨੇ ਆਪਣੀ ਆਈ ਤੇ ਆ ਜਾਂਦੇ

ਆਏ ਗਏ ਨੂੰ ਸ਼ੀਸ਼ਾ ਦਿਖਾਉਂਦੇ ਨੇ ।

ਉਹ ਆਖਿਰ ਜੱਗ ਨੇ ਛੱਡ ਜਾਂਦੇ

ਨਾਲ ਪਾਵੇ ਜੋ ਕਾਲ ਬਨ੍ਹਾਉਂਦੇ ਨੇ ।

ਰਾਮ ਰਾਜ ਦੇ ਵਿੱਚ ਵੀ ਸਭ ਹੋਸੀ

ਕਿਉਂ ਕਲਯੁਗ ਬੁਰਾ ਬੁਲਾਉਂਦੇ ਨੇ ।
 
Top