*** ਦਸ ਰੁਪਏ ਦੀ ਚੁੰਮੀ *****

Yaar Punjabi

Prime VIP
ਬਚਪਨ ਦੀ ਗੱਲ ਆ। ਸਾਡਾ ਘਰ ਸ਼ਹਿਰ ਦੇ ਐਨ ਵਿਚਕਾਰ
ਹੋਣ ਕਰਕੇ ਆਏ ਗਏ ਦਾ ਐਨਾ ਕੁ ਮੇਲਾ ਲੱਗਿਆ
ਰਹਿੰਦਾ ਸੀ ਕਿ ਹਮੇਸ਼ਾਂ ਚੁੱਲੇ 'ਤੇ ਚਾਹ
ਆਲਾ ਪਤੀਲਾ ਰਹਿੰਦਾ ਸੀ। ਕਿਸੇ ਮੰਡੀ ਨੂੰ ਜਾਣਾ ਤਾਂ ਆ
ਜਾਣਾ... ਕਿਸੇ ਨੇ ਬੈਂਕ ਜਾਂ ਡਾਕਖਾਨੇ ਆਉਣਾ ਤਾਂ ਆ
ਵੜਨਾ। ਬਾਕੀ ਸਾਡੇ ਮਹੱਲੇ 'ਚ ਖਲੌਣੇ, ਬੁੱਲਬਲੇ 'ਤੇ
ਚੀਜ਼ੀਆਂ ਜੀਆਂ ਵੇਚਣ ਆਲੇ ਵੀ ਤੁਰੇ ਈ ਰਹਿੰਦੇ ਸੀ। ਮੈਨੂੰ
ਹੁੰਦਾ ਸੀ ਹਰੇਕ ਤੋਂ ਹਰ ਚੀਜ਼ ਖਰੀਦਿਆਂ ਕਰਾਂ। ਘਰਦਿਆਂ ਨੇ
ਕੋਈ ਚੀਜ਼ ਲੈ ਦਿਆ ਕਰਨੀ ਤੇ ਕਿਸੇ ਨੂੰ ਜੁਆਬ ਦੇ ਦਿਆ
ਕਰਨਾ।
ਸਾਡੇ ਘਰੇ ਇੱਕ ਜਨਾਨੀ ਪਹਿਲੀ ਵਾਰ ਆਈ ਤੇ ਜਾਣ
ਲੱਗੀ ਨੇ ਮੈਨੂੰ ਕੋਲ ਬੁਲਾਇਆ ਤੇ
ਬੜਾ ਪਿਆਰਾ ਬੱਚਾ ਕਹਿ ਕੇ ਉਹਨੇ ਮੇਰੀ ਗੱਲ੍ਹ ਚੁੰਮੀ ਤੇ
ਦਸ ਰੁਪਏ ਦੇਗੀ। ਉਹਦੇ ਜਾਣ ਬਾਅਦ ਘਰਦੇ ਮੈਥੋਂ ਪੈਸੇ
ਫੜ੍ਹਣ ਤੇ ਮੈਂ ਦੇਵਾਂ ਨਾ, "ਨਾ ਮੈਂ ਤਾਂ ਚੀਜ਼ੀ ਲੈਣੀ ਆ
ਇਹਨਾਂ ਦੀ।"
ਘਰਦੇ ਕਹਿੰਦੇ ਫੜ੍ਹਦੇ ਸਿੱਟ ਲੈਂਗਾ ਤੈਨੂੰ ਚੀਜ਼ੀ ਲੈ ਦਮਾਗੇ।
ਮੈਂ ਪੈਸੇ ਦਿੱਤੇ ਤੇ ਉਹਨਾਂ ਨੇ ਟੌਫੀਆਂ ਲੈਤੀਆਂ।
ਥੋੜ੍ਹ ਦਿਨਾਂ ਬਾਅਦ ਇਕ ਹੋਰ ਨਮੀਂ ਜੀ ਅੰਟੀ ਆਈ ਤੇ
ਜਾਣ ਲੱਗੀ ਮੈਨੂੰ ਗੋਦੀ ਚੁੱਕ ਕੇ ਮੇਰੀ ਗੱਲ੍ਹ ਚੁੰਮਦੀ ਹੋਈ ਦਸ
ਕੁ ਰੁਪਏ ਦੇਗੀ। ਫੇਰ ਭਕਾਨੇ ਜਿਹੇ ਖਰੀਦਲੇ ਪਾਣੀ ਆਲੇ। ਮੈਂ
ਸੋਚਿਆ ਇਹ ਤਾਂ ਸਾਲਾ ਕੰਮ ਈ ਬਹੁਤ ਵਧੀਆ। ਅੰਟੀ ਨੂੰ
ਚੁੰਮੀ ਦੇਵੋ ਤੇ ਦਸ ਰੁਪਏ ਲੈ ਲਵੋ।
ਚਾਰ ਕੁ ਦਿਨਾਂ ਬਾਅਦ ਇਕ ਹੋਰ ਆਗੀ। ਉਹ
ਪਹਿਲਾਂ ਵੀ ਸਾਡੇ ਘਰੇ ਆਈ ਸੀ ਕਈ ਵਾਰ। ਉਹਨੇ
ਬੜਾ ਸੋਹਣਾ ਬੱਚਾ ਕਹਿ ਕੇ ਮੈਨੂੰ ਬੁੱਕਲ 'ਚ ਬੈਠਾ ਲਿਆ।
ਮੈਨੂੰ ਖੇਡਣ ਦੀ ਪਈ ਸੀ। ਮੈਂ ਪੰਜ ਕੁ ਮਿੰਟ ਡੀਕ ਕੇ ਉਹਨੂੰ
ਕਿਹਾ, "ਅੰਟੀ ਮੇਰੀ ਚੁੰਮੀ ਨੀ ਲੈਣੀ।"
ਉਹਨੇ ਚੁੰਮੀ ਲੈਲੀ। ਮੇਰੇ ਮਨ 'ਚ ਲਾਲਚ ਆ ਗਿਆ। ਮੈਂ
ਦੂਜੀ ਗੱਲ੍ਹ ਮੂਹਰੇ ਕਰਦਿਆਂ ਕਿਹਾ, "ਅੰਟੀ ਹੈਧਰੋਂ ਵੀ ਲੈ
ਲਾ।"
ਉਹਨੇ ਦੂਜੀ ਗੱਲ੍ਹ ਤੋਂ ਵੀ ਚੁੰਮੀ ਲੈ ਲਈ। ਮੈਂ ਸੋਚਿਆ ਦੋ
ਦਸ ਰੁਪਈਏ ਬਣਗੇ। ਏਕਣ ਭਾਈ ਮੈਂ ਉਹਨੂੰ ਕਹਿ-ਕਹਿ ਕੇ
ਛੇ ਚੁੰਮੀਆਂ ਦੇਤੀਆਂ। ਸੱਤਵੀਂ ਵਾਰ ਉਹਨੇ ਆਪੇ
ਲੰਮੀ ਸਾਰੀ ਪੁੱਚ ਜੇ ਆਲੀ ਚੁੰਮੀ ਲੈ ਕੇ ਮੇਰੀ ਗੱਲ੍ਹ
ਲਬੇੜਤੀ। ਮੈਂ ਖੁਸ਼ ਹੋ ਗਿਆ ਬਈ ਸੱਤ ਦਸ ਰੁਪਈਏ ਬਣਗੇ।
ਉਹ ਮੈਨੂੰ ਤਾਰ ਕੇ ਜਾਣ ਲੱਗੀ ਤਾਂ ਮੈ ਉਹਦਾ ਸੂਟ ਫੜ੍ਹ
ਲਿਆ, "ਪੈਹੇ ਨ੍ਹੀਂ ਦੇਣੇ?"
ਉਹ ਭੰਮਤਰ ਜਿਆ ਗਈ, "ਕਿਹੜੇ ਪੈਸੇ?"
"ਪੈਹੇ ਨ੍ਹੀਂ ਦੇਣੇ ਸੀ ਤਾਂ ਚੁੰਮੀਆਂ ਐਮੇ ਲਈ ਗਈ।
ਬਾਕੀ ਸਾਰੀਆਂ ਅੰਟੀਆਂ ਦੇ ਕੇ ਜਾਂਦੀਆਂ।"
ਘਰਦੇ ਮੈਨੂੰ ਘੂਰਨ ਲੱਗ ਪਏ। ਉਹ ਬਸ਼ਰਮ ਜਿਹੀ ਹੋ ਹੇ ਵੀਹ
ਰੁਪਏ ਦੇਣ ਲੱਗੀ। ਆਪਾਂ ਵੀ ਫੜ੍ਹਣ ਲਈ ਹੱਥ ਕੱਢ ਲਿਆ।
ਮੇਰੀ ਦਾਦੀ ਨੇ ਮੇਰਾ ਹੱਥ ਫੜ੍ਹ ਮੈਨੂੰ 'ਹੱਟ' ਜਿਹਾ ਆਖ ਕੇ
ਉਹਦੇ ਵੀਹ ਪਰਸ ਵਿਚ ਪੁਆਤੇ, "ਨਾ ਭੈਣ ਜੀ ਤੁਸੀਂ ਇਕ
ਵਾਰ ਦੇਗੇ ਸੀ। ਰੋਜ਼ ਰੋਜ਼ ਨ੍ਹੀਂ ਵਿਹਾਰ ਹੁੰਦਾ।"
ਮੈਂ ਹੈਰਾਨ ਜਿਹਾ ਹੋ ਕੇ ਸੋਚਾਂ ਬਈ ਗਾਹਾਂ ਤੋਂ ਪਹਿਲਾਂ ਦਸ
ਰੁਪਈਏ ਫੜ੍ਹ ਕੇ ਚੁੰਮੀ ਦਿਆ ਕਰਾਂਗੇ।

 
Top