ਮਾਹੀ ਸ਼ਾਹੂਕਾਰਾ ਵੇ ਮੈਂ ਕੁੜੀ ਆਂ ਗਰੀਬਾਂ ਦੀ

Mandeep Kaur Guraya

MAIN JATTI PUNJAB DI ..
ਮਾਂ ਅਜੇ ਦਹੀਂ ਰਿੜਕ ਹੀ ਰਹੀ ਸੀ ਕਿ ਉਹ ਮਿੱਟੀ ਦਾ ਪਿਆਲਾ ਲੈ ਕੇ ਆ ਗਈ। ਇਹ ਦੇਖ ਕੇ ਅਜੇ ਮੱਖਣ ਹੀ ਨਹੀਂ ਕੱਢਿਆ ਤੇ ਲੱਸੀ ਕਿਥੋਂ ਮਿਲਣੀ ਹੈ, ਉਹ ਭੰਬਲ-ਭੂਸੇ ਵਿਚ ਪੈ ਗਈ ਕਿ ਮੁੜੇ ਜਾਂ ਉਥੇ ਹੀ ਖੜ੍ਹੀ ਰਹੇ।
''ਬਹਿ ਜਾ ਆਲਾਂ, ਮਾਂ ਨੇ ਕਿਹਾ, ''ਹੁਣੇ ਦੇਨੀ ਆਂ ਕਿੰਝ ਏਂ?"
''ਜੀ ਚੰਗੀ ਆਂ," ਉਹ ਉਥੇ ਹੀ ਬੈਠ ਗਈ ਜਿੱਥੇ ਖਲੋਤੀ ਸੀ।
ਕੁਝ ਚਿਰ ਬਾਅਦ ਮਾਂ ਬੋਲੀ, ''ਹੁਣ ਮੈਂ ਮੱਖਣ ਦਾ ਪੇੜਾ ਕੱਢਣ ਲੱਗੀ ਆਂ, ਬੁਰਾ ਨਾ ਮੰਨੀ, ਨੀਤ ਮਾੜੀ ਨਾ ਵੀ ਹੋਵੇ ਤਾਂ ਵੀ ਨਜ਼ਰ ਲੱਗ ਜਾਂਦੀ ਏ। ਪਿੱਛੇ ਜਿਹੇ ਨੂਰਾਂ ਨੇ ਮੈਨੂੰ ਮੱਖਣ ਦਾ ਪੇੜਾ ਕੱਢਦਿਆਂ ਦੇਖਿਆ ਤਾਂ ਦੂਜੇ ਦਿਨ ਕੁਕੜੀ ਦੇ ਆਂਡੇ ਜਿੱਡਾ ਪੇੜਾ ਹੀ ਰਹਿ ਗਿਆ ਤੇ
ਉਸਤੋਂ ਅਗਲੇ ਦਿਨ ਚਿੜੀ ਦੇ ਆਂਡੇ ਜਿੱਡਾ। ਗਾਂ ਨੂੰ ਤਿੰਨਾਂ ਮਿਰਚਾਂ ਦੀ ਧੂਣੀ ਦਿੱਤੀ ਤਾਂ ਜਾ ਕੇ ਨਜ਼ਰ ਲੱਥੀ।"
ਆਲਾਂ ਗੁਟਕੀ, ''ਨਜ਼ਰ ਤਾਂ ਕਦੀ-ਕਦੀ ਮੇਰੀ ਵੀ ਲੱਗ ਜਾਂਦੀ ਏ, ਬੀਬੀ ਜੀ, ਇਸ ਤੋਂ ਪਹਿਲਾਂ ਆਪ ਸ਼ੀਸ਼ੇ ਦਾ ਇਕ ਗਲਾਸ ਤੋੜ ਚੁੱਕੀ ਹੋ।"
''ਹਾਂ૴ਹਾਂ૴" ਮਾਂ ਨੂੰ ਯਾਦ ਆ ਗਿਆ।
''ਕਿੱਡਾ ਸਾਫ ਗਲਾਸ ਸੀ ਕਿ ਆਰ ਪਾਰ ਨਜ਼ਰ ਜਾਂਦੀ ਸੀ, ਐਵੇਂ ਪਏ-ਪਏ ਠੋਕਰ ਲੱਗ ਗਈ ਤੇ ਟੁੱਟ ਗਿਆ। ਮੈਂ ਤਾਂ ਹੈਰਾਨ ਰਹਿ ਗਈ, ਹਾਏ ਬੀਬੀ ਜੀ," ਆਲਾਂ ਨੇ ਕਿਹਾ। ਫਿਰ ਮਾਂ ਨੇ ਆਲਾਂ ਨੂੰ ਡਾਂਟਿਆ, ਪਰ ਏਸ ਡਾਂਟ ਵਿਚ ਗੁੱਸਾ ਨਹੀਂ ਸੀ।
''ਲੈ ਹੁਣ ਦੂਜੇ ਪਾਸੇ ਦੇਖ," ਉਹ ਹੱਸਦੀ ਦੂਜੇ ਪਾਸੇ ਦੇਖਣ ਲੱਗ ਪਈ , ਓਧਰ ਮੈਂ ਸਾਂ। ਮੈਨੂੰ ਵਿੰਹਦਿਆਂ ਹੀ ਦੁਪੱਟਾ ਖਿੱਚ ਲਿਆ।
''ਬੀਬੀ ਜੀ, ਅੰਦਰ ਛੋਟੇ ਮੀਆਂ ਜੀ ਤਾਂ ਨਹੀਂ ਬੈਠੇ?"
''ਹਾਂ ਉਹ ਆਰਫ਼ ਈ ਤਾਂ ਹੈ," ਮਾਂ ਬੋਲੀ, ''ਰਾਤੀਂ ਆਇਆ ਹੈ।"
ਆਲਾਂ ਉੱਠ ਕੇ ਬੂਹੇ ਤੱਕ ਆ ਗਈ ਤੇ ਬੋਲੀ, ''ਰੱਦ ਬਲਾਵਾਂ ਤੇ ਦੂਰ ਬਲਾਈਂ।"
''ਕਿੰਜ ਏਂ ਆਲਾਂ?" ਮੈਂ ਪੁੱਛਿਆ।
''ਜੀ ਚੰਗੀ ਆਂ," ਉਹ ਬੋਲੀ। ਫਿਰ ਚਿਹਰੇ ਤੇ ਸ਼ਰਾਰਤ ਚਮਕੀ, ''ਮੈਂ ਪਹਿਲੇ ਤਾਂ ਤੁਹਾਨੂੰ ਪਛਾਣਿਆ ਈ ਨਹੀਂ, ਮੈਂ ਸਮਝਿਆ ਕੋਈ ਬੱਚਾ ਮੁੱਛਾਂ ਲਾਈ ਬੈਠਾ ਹੈ।" ਇਹ ਸੁਣ ਮਾਂ ਦੀ ਹਾਸੀ ਛੁੱਟ ਗਈ।
''ਤੋਬਾ ਏ," ਉਹ ਬੋਲੀ, ''ਕਮਬਖਤ ਅਜਿਹੀ ਗੱਲ ਕਰਦੀ ਏ ਕਿ ਤੋਬਾ ਏ।"
''ਆਰਫ਼ ਮੀਆਂ ਪ੍ਰਦੇਸ ਵਿਚ ਤੁਸੀਂ ਕੀ ਕਰਦੇ ਹੋ?" ਉਸ ਇੰਝ ਪੁੱਛਿਆ ਜਿਵੇਂ ਚੌਪਾਲ ਵਿਚ ਬੈਠੀ ਗੱਪਾਂ ਮਾਰ ਰਹੀ ਹੋਵੇ ਤੇ ਨਾਲ-ਨਾਲ ਮਿੱਟੀ ਦੇ ਪਿਆਲੇ ਨੂੰ ਫਰਸ਼ 'ਤੇ ਇਕ ਉਂਗਲੀ ਨਾਲ ਲਗਾਤਾਰ ਘੁਮਾਈ ਜਾ ਰਹੀ ਸੀ।
ਮੈਂ ਕਿਹਾ, ''ਨੌਕਰੀ ਕਰਦਾ ਹਾਂ, ਰੁਪਈਏ ਕਮਾਉਂਦਾ ਹਾਂ।"
''ਬੀਬੀ ਜੀ ਨੂੰ ਕਿੰਨੇ ਭੇਜਦੇ ਹੋ?" ਉਹਨੇ ਸ਼ਰਾਰਤ ਨਾਲ ਮੁਸਕਰਾ ਕੇ ਪੁੱਛਿਆ।
''ਏ ਕੁੜੀਏ," ਮਾਂ ਨੇ ਉਸ ਨੂੰ ਡਾਂਟਿਆ। ''ਆਪਣੀ ਉਮਰ ਦੇ ਮੁੰਡਿਆਂ ਨਾਲ ਇੰਝ ਗੱਲਾਂ ਨਹੀਂ ਕਰੀਦੀਆਂ। ਹੁਣ ਤੂੰ ਛੋਟੀ ਨਹੀਂ ਏਂ। ਹੁਣ ਤੱਕ ਤੈਨੂੰ ਕਿਸੇ ਨਹੀਂ ਦੱਸਿਆ ਕਿ ਤੂੰ ਵੱਡੀ ਹੋ ਗਈ ਏਂ?"
ਉਹ ਦਹਿਲੀਜ਼ ਤੇ ਬੈਠੀ ਬੈਠੀ ਮਾਂ ਵੱਲ ਘੁੰਮ ਗਈ। ਹੁਣ ਉਹਦੇ ਦੋਵੇਂ ਪੈਰ ਵਿਹੜੇ ਵਿਚ ਸਨ ਤੇ ਵਾਲਾਂ ਦਾ ਇਕ ਢੇਰ ਸੀ ਕਮਰੇ ਵਿਚ।
''ਕੌਣ ਦੱਸੇ ਬੀਬੀ ਜੀ?" ਉਹ ਬੋਲੀ, ''ਮਾਂ ਬਾਪ ਹੁੰਦੇ ਤਾਂ ਦੱਸਦੇ। ਉਨ੍ਹਾਂ ਨੂੰ ਤਾਂ ਰੱਬ ਪਾਸ ਜਾਣ ਦੀ ਏਨੀ ਕਾਹਲੀ ਪਈ ਸੀ ਕਿ ਮੇਰੇ ਸਿਰ ਤੋਂ ਆਪਣਾ ਹੱਥ ਚੁੱਕਿਆ ਤੇ ਇਹ ਵੀ ਇੰਤਜ਼ਾਰ ਨਾ ਕੀਤਾ ਕਿ ਕੋਈ ਏਸ ਕੁੜੀ ਦੇ ਸਿਰ 'ਤੇ ਹੱਥ ਰੱਖੇ ਤਾਂ ਜਾਈਏ।" ਆਲਾਂ ਦੀ ਆਵਾਜ਼ ਨੂੰ ਅੱਥਰੂਆਂ ਨੇ ਭਿਉਂ ਦਿੱਤਾ ਸੀ।
ਮੈਂ ਕਿਹਾ, ''ਆਲਾਂ ਤੇਰੀ ਮਾਂ ਤਾਂ ਕਦੇ ਦੀ ਚੱਲ ਵਸੀ, ਕੀ ਬਾਪ ਵੀ ਚੱਲ ਵਸਿਆ?"
ਹੁਣ ਉਹਨੇ ਦੋਵੇਂ ਪੈਰ ਘੁਮਾ ਕੇ ਕਮਰੇ ਅੰਦਰ ਕਰ ਲਏ ਤੇ ਬੋਲੀ, ''ਜੀ ਉਹ ਚਲਾ ਗਿਆ। ਜੇ ਮੈਂ ਮੁੰਡਾ ਹੁੰਦੀ ਤਾਂ ਸ਼ਾਇਦ ਮੈਨੂੰ ਜੁੱਤੀਆਂ ਗੰਢਣੀਆਂ ਸਿਖਾ ਜਾਂਦਾ, ਪਰ ਉਹ ਮੇਰੇ ਕੋਲੋਂ ਰੋਟੀਆਂ ਹੀ ਪਕਵਾਉਂਦਾ ਰਿਹਾ ਤੇ ਪਾਣੀ ਭਰਵਾਉਂਦਾ ਰਿਹਾ। ਹੁਣ ਮੈਂ ਇਕ ਮੋਚੀ ਦੀ ਧੀ ਹਾਂ ਤੇ ਆਪਣੀਆਂ ਜੁੱਤੀਆਂ ਦੂਜਿਆਂ ਕੋਲੋਂ ਗੰਢਵਾਉਂਦੀ ਹਾਂ।"
''ਫਿਰ ਕੀ ਹੋਇਆ?" ਮਾਂ ਬੋਲੀ, ''ਤੈਨੂੰ ਸਿਰਫ ਜੁੱਤੀਆਂ ਗੰਢਣੀਆਂ ਹੀ ਨਹੀਂ ਆਉਂਦੀਆਂ, ਬਾਕੀ ਤਾਂ ਸਾਰੇ ਕੰਮ ਕਰ ਲੈਂਦੀ ਏਂ। ਆਪਣੀ ਮਿਹਨਤ ਦੀ ਕਮਾਈ ਖਾਂਦੀ ਏਂ। ਸਾਰਾ ਪਿੰਡ ਤੇਰੀ ਵਡਿਆਈ ਕਰਦਾ ਏ૴ਲੈ ਲੱਸੀ ਲੈ ਲੈ।"
ਆਲਾਂ ਜਿਹੜੀ ਗੱਲਬਾਤ ਦੌਰਾਨ ਉਹਦੇ ਵੱਲ ਹੀ ਘੁੰਮ ਗਈ ਸੀ, ਉੱਠੀ ਤੇ ਜਾ ਕੇ ਪਿਆਲਾ ਉਹਦੇ ਕੋਲ ਰੱਖ ਦਿੱਤਾ। ਉਹ ਲੱਸੀ ਦਾ ਪਿਆਲਾ ਲੈ ਕੇ ਜਾਣ ਲੱਗੀ, ਪਰ ਕੁਝ ਕਦਮਾਂ ਪੁੱਟਣ ਪਿਛੋਂ ਰੁਕ ਗਈ ਤੇ ਮੁੜ ਕੇ ਪੁੱਛਿਆ, ''ਅੱਜ ਵੀ ਚੱਕੀ ਪੀਹਣ ਆ ਜਾਵਾਂ ਬੀਬੀ ਜੀ?"
''ਆ ਜਾਵੀਂ, ਆ ਜਾਵੀਂ, ਮਾਂ ਬੋਲੀ, ''ਆਟਾ ਤਾਂ ਬਥੇਰਾ ਪਿਆ ਹੈ, ਪਰ ਆਰਫ਼ ਦੇ ਅੱਬਾ ਦੀ ਬਰਸੀ ਜ਼ਿਆਦਾ ਦੂਰ ਨਹੀਂ ਹੈ, ਕਈ ਬੋਰੀਆਂ ਦੀ ਲੋੜ ਪਵੇਗੀ, ਆ ਜਾਵੀਂ।"
''ਜੀ ਚੰਗਾ।" ਫਿਰ ਉਥੇ ਖਲੋਤੀ-ਖਲੋਤੀ ਨੇ ਮੈਨੂੰ ਪੁੱਛਿਆ, ''ਆਰਫ਼ ਮੀਆਂ ਕਿੰਨੀ ਛੁੱਟੀ ਲੈ ਕੇ ਆਏ ਹੋ?"
ਮੈਂ ਕਿਹਾ, ''ਅੱਬਾ ਦੀ ਬਰਸੀ ਕਰ ਕੇ ਚਲਾ ਜਾਵਾਂਗਾ।"
ਬੋਲੀ, ''ਫਿਰ ਤਾਂ ਬਹੁਤ ਦਿਨ ਹਨ।"
ਮੈਂ ਜਦੋਂ ਪਿੰਡ ਵਿਚ ਏਧਰ ਓਧਰ ਤੁਰ ਫਿਰ ਕੇ ਆਇਆ ਤਾਂ ਉਹ ਅੰਦਰ ਇਕ ਕੋਠੜੀ ਵਿਚ ਬੈਠੀ ਚੱਕੀ ਪੀਹ ਰਹੀ ਸੀ, ਦੁਪੱਟਾ ਉਹਦੇ ਸਿਰ ਤੋਂ ਉੱਤਰ ਗਿਆ ਸੀ ਤੇ ਖੁੱਲ੍ਹੇ ਵਾਲ ਚੱਕੀ ਦੇ ਹਰ ਫੇਰੇ ਨਾਲ ਉਹਦੇ ਮੂੰਹ ਨੂੰ ਛੁਪਾ ਅਤੇ ਖੋਲ੍ਹ ਰਹੇ ਸਨ।
ਮੈਂ ਏਧਰ ਓਧਰ ਵੇਖਿਆ, ਮਾਂ ਕਿਤੇ ਨਾ ਦਿੱਸੀ ਤਾਂ ਮੈਂ ਦੱਬੇ ਪੈਰੀਂ ਕਮਰੇ ਅੰਦਰ ਚਲਾ ਗਿਆ। ਦਰਵਾਜ਼ੇ ਤੋਂ ਆਉਂਦੀ ਰੌਸ਼ਨੀ ਇਕ ਦਮ ਘਟੀ ਤਾਂ ਉਹਨੇ ਇਕ ਦਮ ਮੁੜ ਕੇ ਵੇਖਿਆ। ਚੱਕੀ ਰੋਕ ਲਈ, ਵਾਲਾਂ ਨੂੰ ਸਮੇਟਿਆ ਤੇ ਦੁਪੱਟਾ ਸਿਰ ਤੱਕ ਖਿੱਚ ਲਿਆ ਤੇ ਹੌਲੀ ਹੌਲੀ ਚੱਕੀ ਚਲਾਉਂਦੀ ਮੇਰੇ ਵੱਲ ਵੇਖਣ ਲੱਗੀ। ਮੈਂ ਪਹਿਲੀ ਵਾਰ ਮਹਿਸੂਸ ਕੀਤਾ ਕਿ ਇਕ ਮੋਚੀ ਦੀ ਧੀ ਦੀਆਂ ਅੱਖਾਂ ਏਡੀਆਂ ਵੱਡੀਆਂ ਵੱਡੀਆਂ ਨਹੀਂ ਹੋਣੀਆਂ ਚਾਹੀਦੀਆਂ। ਗਰੀਬਾਂ ਲਈ ਤਾਂ ਛੋਟੀਆਂ ਅੱਖਾਂ ਹੀ ਠੀਕ ਰਹਿੰਦੀਆਂ ਨੇ। ਉਹਦੇ ਚਿਹਰੇ 'ਤੇ ਸ਼ਰਾਰਤ ਸੀ ਤੇ ਡਰਦੇ ਮਾਰਿਆਂ ਕਿ ਉਹ ਕੋਈ ਵਾਕ ਨਾ ਕੱਸ ਦੇਵੇ, ਮੈਂ ਪੁੱਛਿਆ, ''ਮਾਂ ਕਿੱਥੇ ਹੈ?"
ਉਹ ਬੋਲੀ, ''ਤਾਂ ਕੀ ਤੁਸੀਂ ਬੀਬੀ ਜੀ ਨੂੰ ਦੇਖਣ ਲਈ ਏਥੋਂ ਤੱਕ ਆਏ ਸੀ?"
''ਹੋਰ ਕੀ ਤੈਨੂੰ ਦੇਖਣ ਲਈ ਆਇਆ ਸੀ?" ਮੈਨੂੰ ਜਵਾਬੀ ਹਮਲੇ ਦਾ ਮੌਕਾ ਮਿਲ ਗਿਆ।
ਉਹ ਕੁਝ ਬੋਲਣ ਹੀ ਲੱਗੀ ਸੀ ਕਿ ਮੈਂ ਫਿਰ ਪੁੱਛਿਆ, ''ਮਾਂ ਕਿੱਥੇ ਹੈ?"
''ਏਥੇ ਹਵੇਲੀ ਵਿਚ ਹੀ ਹਨ, ਉਹਨੇ ਕਿਹਾ, ''ਤੁਹਾਡੀ ਚਾਚੇ ਦੀ ਧੀ ਬਿਮਾਰ ਸੀ, ਉਹਨੂੰ ਦੇਖਣ ਗਈ ਹੈ।"
ਮੈਂ ਪੁੱਛਿਆ, ''ਇਹ ਜੋ ਆਟਾ ਪੀਹ ਰਹੀ ਏਂ, ਇਹਦੇ ਕਿੰਨੇ ਪੈਸੇ ਲਵੇਂਗੀ?"
''ਦੋ ਦਿਨਾਂ ਦਾ ਆਟਾ ਮਿਲ ਹੀ ਜਾਵੇਗਾ।" ਉਹਦੇ ਕਹਿਣ ਵਿਚ ਕਾਟ ਜਿਹੀ ਸੀ। ਨਾ ਜਾਣੇ ਤਾਅਨਾ ਮਾਰ ਰਹੀ ਸੀ ਜਾਂ ਉਹਦਾ ਤਰੀਕਾ ਈ ਇਸ ਤਰ੍ਹਾਂ ਦਾ ਸੀ।
''ਅੱਛਾ ਦੋ ਦਿਨ ਲੰਘ ਗਏ ਤਾਂ ਫਿਰ ਕੀ ਕਰੇਂਗੀ?"
''ਫਿਰ ਆ ਜਾਵਾਂਗੀ ਆਟਾ ਪੀਹਣ, ਛੱਤਾਂ ਲਿੱਪਣ ਜਾਂ ਪਾਣੀ ਭਰਨ।"
''ਛੱਤਾਂ ਲਿੱਪਣ, ਕੀ ਤੈਨੂੰ ਛੱਤਾਂ ਲਿੱਪਣੀਆਂ ਵੀ ਆਉਂਦੀਆਂ ਨੇ?" ਮੈਂ ਬੜੀ ਹੈਰਾਨੀ ਨਾਲ ਪੁੱਛਿਆ।
ਉਹ ਬੋਲੀ, ''ਮੈਨੂੰ ਕੀ ਨਹੀਂ ਆਉਂਦਾ ਆਰਫ਼ ਮੀਆਂ? ਸਿਰਫ਼ ਇਕ ਜੁੱਤੀਆਂ ਗੰਢਣੀਆਂ ਹੀ ਨਹੀਂ ਆਉਂਦੀਆਂ, ਹੋਰ ਸਭ ਕੁਝ ਆਉਂਦੈ।"
''ਹੋਰ ਭਲਾ ਕੀ ਕੀ ਆਉਂਦੈ?" ਮੈਂ ਸ਼ਰਾਰਤ ਨਾਲ ਪੁੱਛਿਆ।
''ਹੋਰ૴ਹੋਰ૴, ਉਹ ਕੁਝ ਸੋਚਣ ਹੀ ਲੱਗੀ ਸੀ ਕਿ ਸੋਚਾਂ ਵਿਚ ਪੈ ਗਈ ਤੇ ਆਖਰ ਬੋਲੀ, ''ਸਭ ਕੁਝ ਆਉਂਦਾ ਏ, ਤੁਸੀਂ ਦੇਖ ਲਓਗੇ ਹੌਲੇ-ਹੌਲੇ૴।"
ਕੁਝ ਚਿਰ ਉਹ ਚੱਕੀ ਚਲਾਉਣ ਵਿਚ ਰੁੱਝੀ ਰਹੀ, ਜਿਵੇਂ ਮੈਨੂੰ ਭੁੱਲ ਗਈ ਹੋਵੇ। ਫੇਰ ਚੱਕੀ ਰੋਕੀ, ਉੱਠੀ ਤੇ ਦਰਵਾਜ਼ੇ ਵੱਲ ਵਧੀ। ਮੈਂ ਇਕ ਪਾਸੇ ਹੋਇਆ ਤਾਂ ਉਹ ਬਾਹਰ ਆ ਗਈ ਤੇ ਬੋਲੀ, ''ਪਿਆਸ ਲੱਗੀ ਏ, ਪਰ ਬੀਬੀ ਜੀ ਦਾ ਕਟੋਰਾ ਜੂਠਾ ਹੋ ਜਾਵੇਗਾ, ਮੈਨੂੰ ਬੁੱਕ ਨਾਲ ਪਾਣੀ ਪਿਲਾ ਦਿਉ।"
''ਤੂੰ ਕਟੋਰੇ ਵਿਚ ਹੀ ਪੀ ਲੈ," ਮੈਂ ਆਖਿਆ ਤੇ ਫਿਰ ਡਾਂਟ ਕੇ ਕਿਹਾ, ''ਚੱਲ ਕਟੋਰਾ ਚੁੱਕ ਕੇ ਪਾਣੀ ਪੀ૴।"
ਉਹਦੀ ਮੁਸਕਰਾਹਟ ਕਿੰਨੀ ਗੁਲਾਬੀ ਸੀ। ਪਹਿਲੀ ਵਾਰ ਪਤਾ ਲੱਗਾ ਕਿ ਮੁਸਕਰਾਹਟ ਦਾ ਵੀ ਰੰਗ ਹੁੰਦਾ ਹੈ। ਉਹ ਪਾਣੀ ਪੀ ਚੁੱਕੀ ਤਾਂ ਕਟੋਰੇ ਨੂੰ ਹੰਗਾਲਣ ਲਈ ਥੋੜ੍ਹਾ ਜਿਹਾ ਪਾਣੀ ਪਾਇਆ। ਮੈਂ ਆਖਿਆ ਭਰ ਦੇ ਕਟੋਰਾ। ਕਟੋਰਾ ਭਰ ਗਿਆ ਤਾਂ ਉਸ ਮੇਰੇ ਵੱਲ ਵੇਖਿਆ। ਮੈਂ ਕਟੋਰਾ ਉਹਦੇ ਹੱਥੋਂ ਫੜ ਕੇ ਝੱਟ ਮੂੰਹ ਨੂੰ ਲਾ ਲਿਆ।
''ਆਰਫ਼ ਮੀਆਂ ਜੀ૴" ਉਹ ਬੜੀ ਹੈਰਾਨੀ ਅਤੇ ਸਦਮੇ ਨਾਲ ਬੋਲੀ। ਉਹ ਗੁੰਮ ਸੁੰਮ ਜਿਹੀ ਮੇਰੇ ਵੱਲ ਵਿੰਹਦੀ ਰਹੀ। ਜਦੋਂ ਮੈਂ ਕਟੋਰਾ ਵਾਪਸ ਕੀਤਾ ਤਾਂ ਉਹਦੀਆਂ ਅੱਖਾਂ ਵਿਚ ਨਮੀ ਦੀ ਇਕ ਚਮਕੀਲੀ ਤਹਿ ਉੱਭਰ ਆਈ ਸੀ। ਉਸ ਨੇ ਸਿਰ ਦਾ ਦੁਪੱਟਾ ਇੰਝ ਮੱਥੇ ਤੱਕ ਖਿੱਚ ਲਿਆ ਜਿਵੇਂ ਨਮਾਜ਼ ਪੜ੍ਹਨ ਜਾ ਰਹੀ ਹੋਵੇ।
ਪਿੰਡ ਵਿਚ ਜਵਾਨ ਲੜਕੀ ਦਾ ਇਕ ਇਕ ਕਦਮ ਗਿਣਿਆ ਜਾਂਦਾ ਹੈ, ਇਕ-ਇਕ ਦਾ ਹਿਸਾਬ ਰੱਖਿਆ ਜਾਂਦਾ ਹੈ। ਪਿੰਡ ਵਿਚ ਫਿਰਨ ਤੁਰਨ ਗਿਆ ਤਾਂ ਬੜੇ ਦੋਸਤ ਬੈਠੇ ਸਨ ਅਤੇ ਕੁੜੀਆਂ ਬਾਰੇ ਗੱਲਾਂ ਹੋ ਰਹੀਆਂ ਸਨ। ਫਲਾਣੀ ਫਲਾਣੇ ਨਾਲ ਹੈ, ਫਲਾਣੀ ਨਿਕਲਣ ਲਈ ਤਿਆਰ ਖੜ੍ਹੀ ਹੈ, ਫਲਾਣੀ ਏਨੇ ਹੱਥਾਂ ਵਿਚੋਂ ਲੰਘੀ ਹੈ ਤੇ ਏਸ ਭਰੀ ਜਵਾਨੀ ਵਿਚ ਹੀ ਪੁਰਾਣੀ ਹੋ ਗਈ ਹੈ।
ਮੈਂ ਕਿਹਾ, ''ਇਕ ਲੜਕੀ ਆਲਾਂ ਵੀ ਤਾਂ ਹੈ, ਨਾਦਰੇ ਮੋਚੀ ਦੀ ਧੀ।"
ਸਾਰੇ ਉਹਦੇ 'ਤੇ ਹੱਸਣ ਲੱਗੇ, ''ਉਹ?" ਉਹਨਾਂ ਨੇ ਕਿਹਾ, ''ਉਹ ਕਿਸੇ ਕੰਮ ਦੀ ਨਹੀਂ ਹੈ। ਘਰ ਘਰ ਕੰਮ ਕਰਦੀ ਫਿਰਦੀ ਹੈ ਤੇ ਰੁਪੈ ਕਮਾ ਰਹੀ ਹੈ। ਖ਼ੂਬਸੂਰਤ ਹੈ ਪਰ ਨਿਕੰਮੀ ਹੈ। ਇਕ ਵਾਰ ਬੇਗੂ ਮੁੱਛਲ ਨੇ ਛੇੜਿਆ ਤਾਂ ਬੋਲੀ, 'ਮੈਂ ਮੋਚੀ ਦੀ ਬੇਟੀ ਹਾਂ, ਖੱਲ ਲਾਹ ਦਿੰਦੀ ਹਾਂ।' ਬੇਗੂ ਨੂੰ ਏਨੀ ਸ਼ਰਮ ਆਈ ਕਿ ਸਿੱਧਾ ਨਾਈ ਕੋਲ ਗਿਆ ਤੇ ਮੁੱਛਾਂ ਦੀਆਂ ਨੋਕਾਂ ਕਟਵਾ ਦਿੱਤੀਆਂ।" ਸਾਰੇ ਹੱਸਣ ਲੱਗ ਪਏ ਤੇ ਦੇਰ ਤੱਕ ਹੱਸਦੇ ਰਹੇ।
ਮੈਂ ਕਿਹਾ, ''ਜੇ ਉਹ ਏਨੀ ਮਿਹਨਤੀ ਕੁੜੀ ਏ ਤਾਂ ਉਹਦੀ ਕਦਰ ਕਰਨੀ ਚਾਹੀਦੀ ਏ।"
ਇਕ ਬੋਲਿਆ, ''ਉਹ ਇੱਜ਼ਤ ਵੀ ਤਾਂ ਨਹੀਂ ਕਰਨ ਦੇਂਦੀ" ਇਹ ਸੁਣ ਸਾਰਿਆਂ ਨੂੰ ਇਕ ਵਾਰ ਫਿਰ ਹੱਸਣ ਦਾ ਦੌਰਾ ਪਿਆ।
ਦੂਜਾ ਬੋਲਿਆ, ''ਤੁਹਾਡੇ ਘਰ ਤਾਂ ਉਹ ਕੰਮ ਕਾਜ ਕਰਦੀ ਏ, ਕਦੀ ਉਹਦੀ ਇੱਜ਼ਤ ਕਰਕੇ ਵੇਖੋ, ਖੱਲ ਲਾਹ ਲਵੇਗੀ" ਉਹ ਫਿਰ ਹੱਸਣ ਲੱਗ ਪਏ ਤੇ ਮੈਨੂੰ ਉਨ੍ਹਾਂ ਦੀ ਹਾਸੀ ਵਿਚ ਭਾਈਵਾਲ ਬਣਨਾ ਪਿਆ, ਪਰ ਮੈਥੋਂ ਆਪਣੀ ਹਾਸੀ ਦੀ ਆਵਾਜ਼ ਪਛਾਣੀ ਨਾ ਗਈ। ਬਿਲਕੁਲ ਟੀਨ ਦੇ ਖਾਲੀ ਕਨਸਤਰ ਵਿਚ ਕੰਕਰ ਵੱਜਣ ਦੀ ਆਵਾਜ਼।
ਮੈਂ ਘਰ ਵਾਪਸ ਆਇਆ ਤਾਂ ਉਹ ਦਰਵਾਜ਼ੇ ਵਿਚੋਂ ਨਿਕਲ ਰਹੀ ਸੀ। ਚਿਹਰਾ ਤਪਿਆ ਹੋਇਆ ਤੇ ਅੱਖਾਂ ਲਾਲ ਸਨ। ਮੈਂ ਘਬਰਾਇਆ ਤੇ ਪੁੱਛਿਆ, ''ਕੀ ਗੱਲ ਏ ਆਲਾਂ? ਰੋਂਦੀ ਰਹੀ ਏਂ?"
ਉਹ ਹੱਸਣ ਲੱਗੀ, ਫਿਰ ਹੱਸਣ ਦੇ ਵਕਫ਼ੇ ਬਾਅਦ ਬੋਲੀ, ''ਰੋਣ ਮੇਰੇ ਦੁਸ਼ਮਣ ਮੈਂ ਕਿਉਂ ਰੋਵਾਂ, ਮੈਂ ਤਾਂ ਮਿਰਚਾਂ ਕੁੱਟਦੀ ਰਹੀ ਆਂ ਆਰਫ਼ ਮੀਆਂ।"
''ਤੂੰ ਮਿਰਚਾਂ ਵੀ ਕੁੱਟ ਲੈਂਦੀ ਏਂ?" ਮੈਂ ਪੁੱਛਿਆ, ''ਕੋਈ ਐਸਾ ਕੰਮ ਵੀ ਹੈ ਜੋ ਤੈਨੂੰ ਨਹੀਂ ਕਰਨਾ ਆਉਂਦਾ, ਤੂੰ ਐਨੇ ਸਾਰੇ ਕੰਮ ਕਿਉਂ ਕਰਦੀ ਏਂ ਆਲਾਂ?"
ਉਹ ਬੋਲੀ, ''ਰੁਪਏ ਕਮਾ ਰਹੀ ਆਂ। ਤੁਸੀਂ ਤਾਂ ਜਾਣਦੇ ਹੋ ਰੁਪਏ ਵਾਲੇ ਲੋਕ ਗਰੀਬ ਕੁੜੀਆਂ ਨੂੰ ਖਰੀਦ ਲੈਂਦੇ ਨੇ। ਮੇਰੇ ਕੋਲ ਰੁਪਏ ਹੋਣਗੇ ਤਾਂ ਮੇਰੇ ਉੱਤੇ ਨਜ਼ਰ ਰੱਖਣ ਦੀ ਕਿਸੇ ਦੀ ਮਜ਼ਾਲ ਨਹੀਂ ਹੋਵੇਗੀ। ਹੈ ਕਿਸੇ ਦੀ ਮਜ਼ਾਲ?" ਉਹ ਮੇਰੇ ਲਾਗੇ ਆ ਕੇ ਹੌਲੀ ਜਿਹੀ ਬੋਲੀ, ''ਮੈਂ ਤੁਹਾਡੇ ਕੁੜਤੇ ਲਈ ਮਲਮਲ ਖਰੀਦੀ ਹੈ। ਇਹਦੇ 'ਤੇ ਵੇਲ-ਬੂਟੇ ਕੱਢ ਰਹੀ ਹਾਂ।"
''ਇਹ ਗਲਤ ਗੱਲ ਹੈ, ਮੈਂ ਵਿਰੋਧ ਕੀਤਾ, ''ਤੇਰੀ ਮਿਹਨਤ ਦੇ ਪੈਸਿਆਂ ਦਾ ਖਰੀਦਿਆ ਕੁੜਤਾ ਮੈਨੂੰ ਕੱਟੇਗਾ।"
''ਮੈਂ ਕਿਸੇ ਨੂੰ ਦੱਸਾਂਗੀ ਥੋੜ੍ਹਾ, ਉਹ ਬੋਲੀ, ''ਤੁਸੀਂ ਵੀ ਨਾ ਦੱਸਿਓ, ਫਿਰ ਨਹੀਂ ਕੱਟੇਗਾ।" ਉਹ ਗੁਟਕੀ, ਫਿਰ ਇਕ ਦਮ ਘਬਰਾ ਗਈ, ਹਾਏ ਮੈਂ ਮਰ ਜਾਂ, ਕਿਤੇ ਬੀਬੀ ਜੀ ਤਾਂ ਨਹੀਂ ਸੁਣ ਰਹੇ? ''ਬੀਬੀ ਜੀ" ਦੇ ਸ਼ਬਦ ਨਾਲ ਮੇਰੇ ਜਿਸਮ ਵਿਚ ਵੀ ਝੁਣਝੁਣੀ ਛਿੜ ਗਈ। ਅੰਦਰ ਝਾਤੀ ਮਾਰੀ ਤਾਂ ਵਿਹੜਾ ਖਾਲੀ ਸੀ। ਮੁੜ ਕੇ ਤੱਕਿਆ ਤਾਂ ਉਹ ਜਾ ਚੁੱਕੀ ਸੀ।
ਠੀਕ ਹੈ, ਮੈਂ ਸੋਚਿਆ, ਚੰਗੀ ਕੁੜੀ ਹੈ, ਪਿਆਰੀ ਵੀ ਹੈ, ਸ਼ੋਖ ਵੀ ਹੈ, ਸਭ ਕੁਝ ਹੈ, ਪਰ ਮੋਚੀ ਦੀ ਕੁੜੀ ਹੈ ਤੇ ਖ਼ਾਨਦਾਨ ਦੇ ਬਜ਼ੁਰਗ ਕਹਿ ਗਏ ਹਨ ਕਿ ਉਚਿਆਈ 'ਤੇ ਖਲੋ ਕੇ ਡੂੰਘੀ ਖੱਡ ਵਿਚ ਨਹੀਂ ਝਾਕਣਾ ਚਾਹੀਦਾ, ਇਕਸਾਰਤਾ ਵਿਗੜ ਜਾਂਦੀ ਹੈ ਤੇ ਆਦਮੀ ਡਿੱਗ ਪੈਂਦਾ ਹੈ।
ਅੱਬਾ ਦੀ ਬਰਸੀ 'ਤੇ ਸਾਡੇ ਘਰ ਸਾਰਾ ਪਿੰਡ ਇਕੱਠਾ ਹੋਇਆ ਸੀ, ਪਰ ਇਸ ਇਕੱਠ ਵਿਚ ਆਲਾਂ ਦੀ ਭੱਜ-ਦੌੜ ਵਿਸ਼ੇਸ਼ ਸੀ। ਉਹ ਫਿਰਕੀ ਵਾਂਗ ਘੁੰਮਦੀ ਫਿਰਦੀ ਸੀ। ਇੰਝ ਲਗਦਾ ਸੀ ਕਿ ਜਿਵੇਂ ਜੇ ਇਹ ਕੁੜੀ ਹਜ਼ੂਮ ਵਿਚੋਂ ਨਿਕਲ ਗਈ ਤਾਂ ਬਰਸੀ ਦੀ ਸਾਰੀ ਸਕੀਮ ਵਿਗੜ ਜਾਵੇਗੀ ਅਤੇ ਸਭ ਪਾਸੇ ਘਾਟ ਪੈ ਜਾਵੇਗੀ। ਉਹ ਬਿਲਕੁਲ ਵਰਮੇਂ ਵਾਂਗ ਝੱਟ ਮਾਂ ਦੇ ਕਮਰੇ ਵਿਚ ਇਕੱਠ ਵਿਚੋਂ ਰਸਤਾ ਬਣਾ ਪੁੱਜ ਜਾਂਦੀ ਤੇ ਅੰਦਰੋਂ ਜ਼ੋਰ ਨਾਲ ਬੂਹੇ ਬੰਦ ਕਰ ਲੈਂਦੀ। ਉਥੋਂ ਹਦਾਇਤਾਂ ਲੈ ਕੇ ਫਿਰ ਬਾਹਰ ਨਿਕਲਦੀ ਤੇ ਹਜ਼ੂਮ ਵਿਚ ਵਰਮਾ ਗੱਡੀ ਦੇਂਦੀ। ਇਸ਼ਾ ਦੀ ਏਜ਼ਾਨ ਤੱਕ ਸਾਰਾ ਪਿੰਡ ਖਾਣਾ ਖਾ ਚੁੱਕਿਆ ਸੀ। ਖਾਲੀ ਦੇਗਾਂ ਇਕ ਪਾਸੇ ਸਮੇਟ ਦਿੱਤੀਆਂ ਗਈਆਂ। ਨਾਈ, ਮਰਾਸੀ, ਧੋਬੀ, ਮੋਚੀ ਵੀ ਵਿਹਲੇ ਕਰ ਦਿੱਤੇ ਗਏ ਸਨ। ਦਿਨ ਭਰ ਦੇ ਹੰਗਾਮੇ ਪਿਛੋਂ ਘਰ ਵਿਚ ਇਕ ਦਮ ਸਨਾਟਾ ਛਾ ਗਿਆ ਸੀ। ਆਖਰੀ ਮਹਿਮਾਨ ਨੂੰ ਰੁਖ਼ਸਤ ਕਰਕੇ ਜਦੋਂ ਮੈਂ ਮਾਂ ਦੇ ਕਮਰੇ ਵਿਚ ਆਇਆ ਤਾਂ ਮੈਨੂੰ ਯਕੀਨ ਸੀ ਕਿ ਆਲਾਂ ਬੈਠੀ ਮਾਂ ਦੀਆਂ ਬਾਹਾਂ ਅਤੇ ਲੱਤਾਂ ਦਬਾ ਰਹੀ ਹੋਵੇਗੀ, ਪਰ ਮਾਂ ਤਾਂ ਇਕੱਲੀ ਬੈਠੀ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਮੈਂ ਮਾਂ ਦਾ ਲਿਹਾਜ਼ ਕੀਤੇ ਬਿਨਾਂ ਉਸ ਤੋਂ ਪੁੱਛਿਆ, ''ਆਲਾਂ ਕਿੱਥੇ ਹੈ?"
ਮਾਂ ਏਸ ਸਵਾਲ ਨਾਲ ਬਿਲਕੁਲ ਨਾ ਘਬਰਾਈ। ਕਹਿਣ ਲੱਗੀ, ''ਉਹ ਕੁੜੀ ਹੀਰਾ ਏ ਪੁੱਤਰ, ਬਿਲਕੁਲ ਹੀਰਾ। ਅੱਜ ਤਾਂ ਮੇਰੀਆਂ ਅੱਖਾਂ, ਮੇਰੀਆਂ ਬਾਹਾਂ ਸਭ ਕੁਝ ਉਹੀ ਸੀ। ਦਿਨ ਭਰ ਦੀ ਥੱਕੀ-ਟੁੱਟੀ ਤਾਂ ਸੀ ਹੀ, ਖਾਣ ਲੱਗੀ ਤਾਂ ਦੋ-ਚਾਰ ਬੁਰਕੀਆਂ ਨਾਲ ਹੀ ਜੀਅ ਭਰ ਗਿਆ। ਉੱਠ ਕੇ ਜਾਣ ਲੱਗੀ ਤਾਂ ਮੈਂ ਉਸ ਨੂੰ ਰੋਕਿਆ। ਦੇਗਚੀ ਚੌਲਾਂ ਦੀ ਭਰ ਕੇ ਦਿੱਤੀ ਤੇ ਉਹਨੂੰ ਲੈ ਜਾਣ ਲਈ ਕਿਹਾ ਤਾਂ ਉਹ ਬੋਲੀ, 'ਇਹ ਚੌਲ ਮੈਨੂੰ ਆਰਫ਼ ਮੀਆਂ ਦਿੰਦੇ ਤਾਂ ਚੰਗੇ ਲਗਦੇ। ਹੋਰਨਾਂ ਨੂੰ ਰੁਖ਼ਸਤ ਕਰਦੇ ਰਹੇ ਤੇ ਮੈਨੂੰ ਪੁੱਛਿਆ ਤੱਕ ਵੀ ਨਹੀਂ, ਮੈਂ ਨਹੀਂ ਲਿਜਾਂਦੀ।' ਉਹਨੇ ਇਹ ਗੱਲ ਭਾਵੇਂ ਹਾਸੇ ਵਿਚ ਕਹੀ, ਪਰ ਉਹਨੇ ਠੀਕ ਕਿਹਾ ਪੁੱਤਰ, ਅੰਦਰਲਾ ਸਾਰਾ ਕੰਮ ਉਹਨੇ ਸੰਭਾਲੀ ਰੱਖਿਆ। ਤੂੰ ਸਾਰਿਆਂ ਨੂੰ ਰੁਖ਼ਸਤ ਕਰ ਰਿਹਾ ਸੈਂ, ਉਹਨੂੰ ਵੀ ਰੁਖ਼ਸਤ ਕਰ ਦਿੰਦਾ। ਉਂਝ ਉਹ ਹੱਸਦੀ-ਹੱਸਦੀ ਚਲੀ ਗਈ। ਉਂਝ ਤਾਂ ਬੇਟਾ, ਜਿਨ੍ਹਾਂ ਨੂੰ ਹੱਸਣ ਦੀ ਆਦਤ ਹੁੰਦੀ ਹੈ ਨਾ, ਉਨ੍ਹਾਂ ਨੇ ਰੋਣਾ ਵੀ ਹੁੰਦਾ ਹੈ ਤਾਂ ਵੀ ਹੱਸਣ ਲੱਗ ਪੈਂਦੇ ਹਨ। ਜਦੋਂ ਬਾਹਰੋਂ ਹੱਸਦੇ ਹਨ ਤਾਂ ਅੰਦਰੋਂ ਰੋ ਰਹੇ ਹੁੰਦੇ ਹਨ। ਤੂੰ ਇਕ ਮੋਚਣ ਸਮਝ ਕੇ ਆਲਾਂ ਦੀ ਇੱਜ਼ਤ ਨਾ ਕੀਤੀ, ਹਾਲਾਂ ਕਿ ਆਲਾਂ ਦਾ ਆਪਣਾ ਮਾਣ ਹੈ। ਉਸ ਦਾ ਇਹ ਮਾਣ ਕਾਇਮ ਰੱਖ ਬੇਟਾ ਤੇ ਇਹ ਚੌਲਾਂ ਦੀ ਦੇਗਚੀ ਉਸ ਨੂੰ ਦੇ ਆਓ। ਉਹ ਹੁਣੇ ਹੀ ਗਈ ਹੈ, ਅਜੇ ਸੁੱਤੀ ਨਹੀਂ ਹੋਣੀ। ਫਿਰ ਕੱਲ੍ਹ ਸਵੇਰੇ ਤੂੰ ਚਲੇ ਜਾਣਾ ਹੈ। ਉਹ ਕੀ ਯਾਦ ਕਰੇਗੀ, ਤੈਨੂੰ, ਜਾਓ।"
ਆਲਾਂ ਆਪਣੇ ਘਰ ਦੇ ਦਰਵਾਜ਼ੇ ਕੋਲ ਚਾਰਪਾਈ 'ਤੇ ਲੇਟੀ ਹੋਈ ਸੀ। ਮੈਂ ਉਹਦੇ ਕੋਲ ਜਾ ਕੇ ਹੌਲੀ ਜਿਹੀ ਆਵਾਜ਼ ਦਿੱਤੀ ਤਾਂ ਉਹ ਤੜਫ ਕੇ ਇੰਝ ਖੜ੍ਹੀ ਹੋ ਗਈ ਜਿਵੇਂ ਉਹਦੇ ਲਾਗੇ ਕੋਈ ਗੋਲਾ ਫਟਿਆ ਹੋਵੇ।
''ਆਰਫ਼ ਮੀਆਂ ਜੀ," ਉਹ ਆਦਤ ਅਨੁਸਾਰ ਹੱਸ ਕੇ ਬੋਲੀ, ''ਚੌਲ ਦੇਣ ਆਏ ਹੋਵੋਗੇ।"
''ਲਿਆਓ" ਉਹਨੇ ਹੱਥ ਵਧਾ ਦਿੱਤੇ। ''ਬੀਬੀ ਜੀ ਨੇ ਦੱਸਿਆ ਹੋਵੇਗਾ, ਮੈਂ ਕੀ ਕਿਹਾ ਸੀ," ਉਹ ਹੱਸਣ ਲੱਗੀ।
''ਹਾਂ ਦੱਸਿਆ ਹੈ," ਮੈਂ ਕਿਹਾ।
ਦੇਗਚੀ ਲੈ ਕੇ ਉਹਨੇ ਚਾਰਪਾਈ ਉੱਤੇ ਰੱਖ ਦਿੱਤੀ ਤੇ ਬੋਲੀ, ''ਉਥੇ ਘਰ ਵਿਚ ਦਿੰਦੇ ਤਾਂ ਜ਼ਿਆਦਾ ਚੰਗਾ ਲਗਦਾ, ਉਂਝ ਹੁਣ ਵੀ ਚੰਗਾ ਲੱਗ ਰਿਹਾ ਏ।"
ਮੇਰੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਕੀ ਕਹਾਂ। ਆਖਰ ਇਕ ਗੱਲ ਸੁੱਝੀ, ''ਮੈਂ ਕੱਲ੍ਹ ਸਵੇਰੇ ਵਾਪਸ ਜਾ ਰਿਹਾ ਹਾਂ।"
''ਮੈਨੂੰ ਪਤਾ ਏ," ਆਲਾਂ ਬੋਲੀ।
''ਪਤਾ ਸੀ ਤਾਂ ਥੋੜਾ ਚਿਰ ਘਰੇ ਰੁਕ ਜਾਂਦੀ," ਮੈਂ ਕਿਹਾ।
ਕਹਿਣ ਲੱਗੀ, ''ਤੁਹਾਡੇ ਕੁੜਤੇ ਦਾ ਆਖਰੀ ਟਾਂਕਾ ਬਾਕੀ ਸੀ, ਉਹ ਆ ਕੇ ਲਾਇਆ ਏ। ਬਕਸੇ ਵਿਚ ਏਸ ਕੁੜਤੇ ਲਈ ਥਾਂ ਹੋਵੇਗੀ ਨਾ, ਤੇ ਹਾਂ, ਸਵੇਰੇ ਤੁਹਾਡਾ ਬਕਸਾ ਚੁੱਕ ਕੇ ਬੱਸਾਂ ਦੇ ਅੱਡੇ 'ਤੇ ਮੈਂ ਹੀ ਤਾਂ ਤੁਹਾਨੂੰ ਪਹੁੰਚਾਉਣਾ ਹੈ, ਬੀਬੀ ਜੀ ਨੇ ਕਿਹਾ ਸੀ।"
ਮੈਂ ਕਿਹਾ, ''ਤੂੰ ਕੀ ਕੁਝ ਕਰ ਲੈਂਦੀ ਐਂ ਆਲਾਂ, ਚੱਕੀ ਤੂੰ ਪੀਸ ਲੈਂਦੀ ਏਂ, ਛੱਤਾਂ ਤੂੰ ਲਿੱਪ ਲੈਂਦੀ ਏਂ, ਮਿਰਚਾਂ ਤੂੰ ਕੁੱਟ ਲੈਂਦੀ ਏਂ, ਖੂਹ ਤੋਂ ਦੋ-ਦੋ, ਤਿੰਨ-ਤਿੰਨ ਘੜੇ ਪਾਣੀ ਦੇ ਤੂੰ ਭਰ ਲਿਆਉਂਦੀ ਏਂ, ਪੂਰੇ ਘਰ ਦਾ ਕੰਮ ਤੂੰ ਸੰਭਾਲ ਲੈਂਦੀ ਏਂ, ਕੁੜਤੇ ਤੂੰ ਕੱਢ ਲੈਂਦੀ ਏਂ, ਤੂੰ ਕਿਸ ਮਿੱਟੀ ਦੀ ਬਣੀ ਹੋਈ ਏਂ ਆਲਾਂ?"
ਉਹ ਚੁੱਪ ਖੜ੍ਹੀ ਰਹੀ। ਫਿਰ ਦੋ ਕਦਮ ਤੁਰ ਕੇ ਮੇਰੇ ਏਨੀ ਲਾਗੇ ਆ ਗਈ ਕਿ ਮੈਨੂੰ ਮੇਰੀ ਗਰਦਨ 'ਤੇ ਉਹਦੇ ਸਾਹ ਮਹਿਸੂਸ ਹੋਣ ਲੱਗੇ।
''ਮੈਂ ਤਾਂ ਹੋਰ ਵੀ ਬਹੁਤ ਕੁਝ ਕਰ ਸਕਦੀ ਹਾਂ, ਆਰਫ਼ ਮੀਆਂ।" ਉਹਦੀ ਆਵਾਜ਼ ਵਿਚ ਝਣਕਾਰ ਸੀ, ''ਤੁਹਾਨੂੰ ਕੀ ਪਤੈ ਮੈਂ ਹੋਰ ਕੀ ਕੁਝ ਕਰ ਸਕਦੀ ਹਾਂ।"
ਥੋੜ੍ਹੇ ਵਕਫ਼ੇ ਪਿਛੋਂ ਉਹ ਬੋਲੀ, ''ਮੈਨੂੰ ਪੁੱਛੋ ਨਾ ਕਿ ਮੈਂ ਹੋਰ ਕੀ ਕੁਝ ਕਰ ਸਕਦੀ ਹਾਂ।"
ਪਹਿਲੀ ਜਮਾਤ ਦੇ ਬੱਚੇ ਦੀ ਤਰ੍ਹਾਂ ਮੈਂ ਉਹਦੇ ਕੋਲੋਂ ਪੁੱਛਿਆ, ''ਹੋਰ ਕੀ ਕੁਝ ਕਰ ਸਕਦੀ ਏਂ?"
''ਮੈਂ ਪਿਆਰ ਵੀ ਕਰ ਸਕਦੀ ਹਾਂ, ਆਰਫ਼ ਮੀਆਂ," ਉਹਨੇ ਜਿਵੇਂ ਕਾਇਨਾਤ ਦਾ ਸਾਰਾ ਭੇਤ ਬਾਹਰ ਕੱਢ ਦਿੱਤਾ।
 
Top