Punjab News ਚੰਡੀਗੜ੍ਹ ਪੁਲੀਸ ਵੱਲੋਂ ਪੰਜਾਬ ਦੀਆਂ ਮਹਿਲਾ ਮੁ&#2610

[MarJana]

Prime VIP
ਚੰਡੀਗੜ੍ਹ ਪੁਲੀਸ ਨੇ ਅੱਜ ਸ਼ਹਿਰ ਦੀ ਨਾਕਾਬੰਦੀ ਕਰਕੇ ਸੰਘਰਸ਼ ਕਰ ਰਹੀਆਂ ਆਂਗਣਵਾੜੀ, ਆਸ਼ਾ ਅਤੇ ਮਿਡ-ਡੇ-ਮੀਲ ਮਹਿਲਾ ਮੁਲਾਜ਼ਮਾਂ ਦੀ ਕਈ ਥਾਈਂ ਖਿੱਚ-ਧੂਹ ਕੀਤੀ। ਰੋਸ ਵਜੋਂ ਇਨ੍ਹਾਂ ਮਹਿਲਾ ਮੁਲਾਜ਼ਮਾਂ ਨੇ ਸ਼ਹਿਰ ਦੇ ਚੁਫੇਰੇ ਧਰਨੇ ਦੇ ਕੇ ਸੜਕਾਂ ‘ਤੇ ਕਈ ਘੰਟੇ ਜਾਮ ਲਾਏ। ਚੰਡੀਗੜ੍ਹ ਵਿੱਚ ਪੁਲੀਸ ਤੇ ਮਹਿਲਾ ਮੁਲਾਜ਼ਮਾਂ ਵਿਚਾਲੇ ਕਈ ਥਾਂ ਝੜਪਾਂ ਹੋਈਆਂ ਅਤੇ ਪੁਲੀਸ ਨੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਸੜਕਾਂ ‘ਤੇ ਘੜੀਸ ਕੇ ਬੱਸਾਂ ਵਿੱਚ ਸੁੱਟਿਆ। ਇਸ ਦੌਰਾਨ ਪੁਲੀਸ ਨੇ ਇੱਕ ਅਖ਼ਬਾਰ ਦੇ ਫੋਟੋਗ੍ਰਾਫਰ ਸਮੇਤ ਚਾਰ ਵਿਅਕਤੀਆਂ ਨੂੰ ਗ਼੍ਰਿਫ਼ਤਾਰ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰਾਜ ਭਰ ਦੀਆਂ ਆਂਗਣਵਾੜੀ ਮੁਲਾਜ਼ਮਾਂ ਨੇ ਆਪਣਾ ਮਾਣ ਭੱਤਾ ਹਰਿਆਣਾ ਪੈਟਰਨ ‘ਤੇ ਕਰਵਾਉਣ ਦੀ ਮੰਗ ਸਬੰਧੀ ਅੱਜ ਸੈਕਟਰ 34 ਵਿਖੇ ਰੈਲੀ ਕਰਕੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਚਿਤਾਵਨੀ ਦਿੱਤੀ ਸੀ। ਦੂਸਰੇ ਪਾਸੇ ਚੰਡੀਗੜ੍ਹ ਪ੍ਰਸ਼ਾਸਨ ਨੇ ਲੰਘੀ ਰਾਤ ਸੈਕਟਰ 34 ਵਿਖੇ ਧਾਰਾ 144 ਲਾ ਦਿੱਤੀ ਸੀ। ਅੱਜ ਸਵੇਰੇ ਜਦੋਂ ਯੂਨੀਅਨ ਕਾਰਕੁਨਾਂ ਪ੍ਰਧਾਨ ਊਸ਼ਾ ਰਾਣੀ ਦੀ ਅਗਵਾਈ ਹੇਠ ਸੈਕਟਰ 34 ਵਿਖੇ ਰੈਲੀ ਲਈ ਦਰੀਆਂ ਵਿਛਾ ਰਹੀਆਂ ਸਨ ਤਾਂ ਮੌਕੇ ‘ਤੇ ਆਈ ਵੱਡੀ ਗਿਣਤੀ ਪੁਲੀਸ ਨੇ ਇਨ੍ਹਾਂ ਵਰਕਰਾਂ ਨੂੰ ਘੇਰ ਲਿਆ ਅਤੇ ਧਾਰਾ 144 ਅਧੀਨ ਗ੍ਰਿਫ਼ਤਾਰ ਕਰਨ ਦੀ ਧਮਕੀ ਦਿੱਤੀ।
ਇਸ ਦੌਰਾਨ ਜਦੋਂ ਡੀ.ਐਸ.ਪੀ. (ਦੱਖਣ) ਬੀ.ਐਸ. ਨੇਗੀ ਨੇ ਇਨ੍ਹਾਂ ਵਰਕਰਾਂ ਨੂੰ ਕਿਹਾ ਕਿ ਉਹ ਇੱਜ਼ਤ ਨਾਲ ਸੈਕਟਰ 25 ਵੱਲ ਚੱਲ ਪੈਣ ਤਾਂ ਦੂਸਰੇ ਪਾਸਿਓਂ ਊਸ਼ਾ ਰਾਣੀ ਨੇ ਕਿਹਾ ਕਿ ਉਹ (ਪੁਲੀਸ) ਉਨ੍ਹਾਂ ਦੀ ਬੇਇੱਜ਼ਤੀ ਕਰਨ ਦੀ ਹਿੰਮਤ ਕਰਕੇ ਦਿਖਾਵੇ। ਇਸ ‘ਤੇ ਦੋਵਾਂ ਧਿਰਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ ਅਤੇ ਪੁਲੀਸ 50-60 ਵਰਕਰਾਂ ਨੂੰ ਬੱਸਾਂ ਵਿੱਚ ਸੁੱਟ ਕੇ ਸੈਕਟਰ 25 ਦੀ ਗਰਾਊਂਡ ਵੱਲ ਛੱਡ ਆਈ।
ਇਸ ਤੋਂ ਬਾਅਦ ਯੂਨੀਅਨ ਆਗੂਆਂ ਨੇ ਗੁਪਤ ਰਣਨੀਤੀ ਬਣਾਈ ਅਤੇ ਪੰਜਾਬ ਭਰ ਵਿੱਚੋਂ ਵਾਹਨਾਂ ‘ਤੇ ਆ ਰਹੀਆਂ ਵਰਕਰਾਂ ਨੂੰ ਹਦਾਇਤ ਦਿੱਤੀ ਕਿ ਜਿਥੇ ਵੀ ਪੁਲੀਸ ਉਨ੍ਹਾਂ ਨੂੰ ਰੋਕੇ, ਉਥੇ ਹੀ ਜਾਮ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ ਜਾਣ। ਇਸੇ ਦੌਰਾਨ ਜਦੋਂ ਪੁਲੀਸ ਨੇ ਸੈਕਟਰ 34, 35, 36 ਤੇ 44 ਦੇ ਚੌਕ ‘ਤੇ ਮਹਿਲਾ ਮੁਲਾਜ਼ਮਾਂ ਦੀਆਂ ਬੱਸਾਂ ਨੂੰ ਰੋਕ ਲਿਆ ਤਾਂ ਇਹ ਉਥੇ ਸੜਕ ‘ਤੇ ਹੀ ਧਰਨਾ ਮਾਰ ਕੇ ਬੈਠ ਗਈਆਂ। ਇਸ ਮੌਕੇ ਪੁਲੀਸ ਤੇ ਸੰਘਰਸ਼ਸ਼ੀਲ ਵਰਕਰਾਂ ਵਿਚਾਲੇ ਖਿੱਚ-ਧੂਹ ਹੋਈ। ਪੁਲੀਸ ਨੇ ਔਰਤਾਂ ਨੂੰ ਸੜਕ ਤੋਂ ਘੜੀਸ ਕੇ ਬੱਸਾਂ ਵਿੱਚ ਸੁੱਟਿਆ ਅਤੇ ਸੈਕਟਰ 25 ਵਿਖੇ ਛੱਡ ਦਿੱਤਾ। ਇਸ ‘ਤੇ ਸੂਬਾਈ ਪ੍ਰਧਾਨ ਊਸ਼ਾ ਰਾਣੀ ਅਤੇ ਜਨਰਲ ਸਕੱਤਰ ਹਰਜੀਤ ਕੌਰ ਪੰਜੋਲਾ ਨੇ ਪੰਜਾਬ ਤੋਂ ਆ ਰਹੀਆਂ ਹੋਰ ਵਰਕਰਾਂ ਤੇ ਹੈਲਪਰਾਂ ਨੂੰ ਚੰਡੀਗੜ੍ਹ ਦੇ ਐਂਟਰੀ ਪੁਆਇੰਟਾਂ ‘ਤੇ ਜਾਮ ਲਾਉਣ ਦੇ ਆਦੇਸ਼ ਦੇ ਦਿੱਤੇ। ਮਹਿਲਾ ਮੁਲਾਜ਼ਮਾਂ ਨੇ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ, ਮੁਹਾਲੀ ਵਿਖੇ ਬਲੌਂਗੀ ਲਾਈਟ ਪੁਆਇੰਟ ਅਤੇ ਲਾਂਡਰਾਂ ਚੌਕ ‘ਤੇ ਧਰਨੇ ਮਾਰ ਕੇ ਜਾਮ ਲਾ ਦਿੱਤੇ। ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਅਤੇ ਬਲੌਂਗੀ ਲਾਈਟ ਪੁਆਇੰਟ ‘ਤੇ ਕਈ ਘੰਟੇ ਟਰੈਫਿਕ ਜਾਮ ਲੱਗੇ ਰਹੇ। ਯੂਨੀਅਨ ਨੇ ਦੋਸ਼ ਲਾਇਆ ਕਿ ਜ਼ੀਰਕਪੁਰ ਵਾਲੇ ਪਾਸੇ ਚੰਡੀਗੜ੍ਹ ਪੁਲੀਸ ਨੇ ਵਰਕਰਾਂ ‘ਤੇ ਲਾਠੀਚਾਰਜ ਵੀ ਕੀਤਾ। ਸੈਕਟਰ 25 ਵਿਖੇ ਊਸ਼ਾ ਰਾਣੀ ਨੇ ਦੋਸ਼ ਲਾਇਆ ਕਿ ਚੰਡੀਗੜ੍ਹ ਪੁਲੀਸ ਨੇ ਔਰਤਾਂ ‘ਤੇ ਹੱਥ ਚੁੱਕ ਕੇ ਵੱਡਾ ਕਹਿਰ ਢਾਹਿਆ ਹੈ ਅਤੇ ਪੁਰਸ਼ ਪੁਲੀਸ ਅਧਿਕਾਰੀਆਂ ਨੇ ਮਹਿਲਾ ਮੁਲਾਜ਼ਮਾਂ ਦੀ ਖਿੱਚ-ਧੂਹ ਕੀਤੀ ਹੈ। ਇਸੇ ਦੌਰਾਨ ਸੈਕਟਰ 25 ਵਿਖੇ ਇਕੱਤਰ ਹੋਈਆਂ ਵਰਕਰਾਂ ਨੇ ਪੰਜਾਬ ਵਿਧਾਨ ਸਭਾ ਵੱਲ ਮਾਰਚ ਕਰਨ ਦੀ ਚਿਤਾਵਨੀ ਦੇ ਦਿੱਤੀ। ਭਾਰੀ ਪੁਲੀਸ ਫੋਰਸ ਨਾਲ ਤਾਇਨਾਤ ਡੀ.ਐਸ.ਪੀ. ਜਗਬੀਰ ਸਿੰਘ ਨੇ ਮੁੱਖ ਮੰਤਰੀ, ਪੰਜਾਬ ਦੇ ਦਫਤਰ ਟੈਲੀਫੋਨ ਕੀਤਾ ਅਤੇ ਮੁੱਖ ਮੰਤਰੀ ਨਾਲ ਯੂਨੀਅਨ ਦੀ ਮੀਟਿੰਗ ਦੀ ਮਿਤੀ ਤੈਅ ਕਰਨ ਲਈ ਕਹਿੰਦੇ ਰਹੇ ਪਰ ਉਨ੍ਹਾਂ ਨੂੰ ਕੋਈ ਹੁੰਗਾਰਾ ਨਾ ਮਿਲਿਆ। ਫਿਰ ਚੰਡੀਗੜ੍ਹ ਦੇ ਵਧੀਕ ਡਿਪਟੀ ਕਮਿਸ਼ਨਰ ਐਮ.ਐਲ. ਸ਼ਰਮਾ ਸੈਕਟਰ 25 ਵਿਖੇ ਰੈਲੀ ‘ਚ ਪੁੱਜੇ ਅਤੇ ਯੂਨੀਅਨ ਆਗੂਆਂ ਨਾਲ ਗੱਲਬਾਤ ਕੀਤੀ। ਸ੍ਰੀ ਸ਼ਰਮਾ ਨੇ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਉਹ ਇੱਕ ਹਫਤੇ ਵਿੱਚ ਉਨ੍ਹਾਂ ਦੀ ਮੀਟਿੰਗ ਮੁੱਖ ਮੰਤਰੀ ਪੰਜਾਬ ਨਾਲ ਕਰਵਾਉਣਗੇ ਤਾਂ ਯੂਨੀਅਨ ਰੈਲੀ ਸਮਾਪਤ ਕਰਨ ਲਈ ਰਾਜ਼ੀ ਹੋਈ। ਬਾਅਦ ਦੁਪਹਿਰ ਪ੍ਰਧਾਨ ਊਸ਼ਾ ਰਾਣੀ ਨੇ ਬਲੌਂਗੀ ਲਾਈਟ ਪੁਆਇੰਟ ਅਤੇ ਜਨਰਲ ਸਕੱਤਰ ਹਰਜੀਤ ਕੌਰ ਨੇ ਚੰਡੀਗੜ੍ਹ-ਜ਼ੀਰਕਪੁਰ ਬੈਰੀਅਰ ਵਿਖੇ ਜਾ ਕੇ ਜਾਮ ਖੁਲ੍ਹਵਾਏ।
ਇਸੇ ਦੌਰਾਨ ਚੰਡੀਗੜ੍ਹ ਪੁਲੀਸ ਵੱਲੋਂ ਇੱਕ ਅਖਬਾਰ ਦੇ ਫੋਟੋਗ੍ਰਾਫਰ ਮੇਜਰ ਅਲੀ ਨੂੰ ਹਿਰਾਸਤ ਵਿੱਚ ਲੈਣ ਕਾਰਨ ਮੀਡੀਆ ਕਰਮੀਆਂ ਵਿੱਚ ਭਾਰੀ ਰੋਹ ਬਣਿਆ ਰਿਹਾ। ਸੰਪਰਕ ਕਰਨ ‘ਤੇ ਸੈਕਟਰ 31 ਥਾਣੇ ਦੇ ਐਸ.ਐਚ.ਓ. ਜਸਪਾਲ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਬੈਰੀਅਰ ‘ਤੇ ਪ੍ਰਦਰਸ਼ਨਕਾਰੀ ਔਰਤਾਂ ਨੂੰ ਪੱਥਰ ਮਾਰਨ ਲਈ ਉਕਸਾਉਣ ਦੇ ਦੋਸ਼ ਤਹਿਤ ਚਾਰ-ਪੰਜ ਵਿਅਕਤੀ ਗ੍ਰਿਫ਼ਤਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਵਿੱਚ ਅਖਬਾਰ ਦਾ ਫੋਟੋਗ੍ਰਾਫਰ ਵੀ ਸ਼ਾਮਲ ਹੈ।
ਮੁੱਖ ਮੰਤਰੀ ਨੂੰ ਕੀਤੀ ਪੁਲੀਸ ਦੀ ਸ਼ਿਕਾਇਤ ਸੀਟੂ ਪੰਜਾਬ ਦੇ ਜਨਰਲ ਸਕੱਤਰ ਰਘੁਨਾਥ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮੰਗ ਪੱਤਰ ਭੇਜ ਕੇ ਦੋਸ਼ ਲਾਇਆ ਕਿ ਚੰਡੀਗੜ੍ਹ ਵਿਖੇ ਪ੍ਰਦਰਸ਼ਨ ਕਰਨ ਆਈਆਂ ਮਹਿਲਾ ਮੁਲਾਜ਼ਮਾਂ ਦੀ ਪੁਰਸ਼ ਪੁਲੀਸ ਮੁਲਾਜ਼ਮਾਂ ਨੇ ਕੁੱਟਮਾਰ ਕੀਤੀ ਹੈ ਅਤੇ ਜੇ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਕੀਤੀ ਤਾਂ ਉਹ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਗੇ।
 

Attachments

  • 4ptnw74.jpg
    4ptnw74.jpg
    124.7 KB · Views: 226
Top