ਚੇਨਈ, 5 ਜਨਵਰੀ (ਪੀ. ਟੀ. ਆਈ.)-ਸਰਬਉੱਚ ਦਰਜਾ ਪ੍ਰਾਪਤ ਸਵਿੱਟਜ਼ਰਲੈਂਡ ਦੇ ਖਿਡਾਰੀ ਸਟੇਨਿਸਲਾਸ ਵਾਂਬਰਿੰਕਾ ਨੇ ਚੇਨਈ ਓਪਨ ਦਾ ਆਪਣਾ ਦੂਸਰਾ ਅਤੇ ਏ. ਟੀ. ਪੀ. ਵਰਲਡ ਟੂਰ ਦੇ ਆਪਣੇ ਪੰਜਵੇਂ ਖਿਤਾਬ 'ਤੇ ਕਬਜ਼ਾ ਕੀਤਾ, ਉਸ ਨੇ ਅੱਜ ਇਥੇ ਖਤਮ ਹੋਏ ਚੇਨਈ ਓਪਨ ਦੇ ਖਿਤਾਬੀ ਮੁਕਾਬਲੇ 'ਚ ਰੋਜਰ ਵੈਸੇਲਿਨ ਨੂੰ ਸਿੱਧੇ ਸੈੱਟਾਂ 'ਚ ਹਰਾਇਆ | ਵਿਸ਼ਵ ਦੇ ਅੱਠਵੇਂ ਨੰਬਰ ਦੇ ਖਿਡਾਰੀ ਵਾਂਬਰਿੰਕਾ, ਜਿਸ ਨੇ 2011 'ਚ ਵੀ ਚੇਨਈ ਓਪਨ ਜਿੱਤਿਆ ਸੀ, ਨੇ ਕਰੀਬ ਡੇਢ ਘੰਟੇ ਤੱਕ ਚੱਲੇ ਮੈਚ ਵਿਚ 7-5, 6-2 ਨਾਲ ਵਿਰੋਧੀ ਖਿਡਾਰੀ ਨੂੰ ਹਰਾ ਦਿੱਤਾ | ਵਾਂਬਰਿੰਕਾ ਇਸ ਮੈਚ 'ਚ ਸ਼ਾਨਦਾਰ ਫਾਰਮ 'ਚ ਵਿਖਾਈ ਦਿੱਤੇ, ਮੈਚ ਦੌਰਾਨ ਖਾਸ ਕਰਕੇ ਉਨ੍ਹਾਂ ਦੇ ਇਕ ਹੱਥ ਨਾਲ ਖੇਡੇ ਗਏ ਬੈਕਹੈਾਡ ਸ਼ਾਟ ਵੇਖਣਲਾਇਕ ਸੀ | ਖਿਤਾਬ ਜਿੱਤਣ ਤੋਂ ਬਾਅਦ ਵਾਂਬਰਿੰਕਾ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਇਥੇ ਇਹ ਮੇਰਾ ਦੂਸਰਾ ਖਿਤਾਬ ਸੀ | ਉਨ੍ਹਾਂ ਕਿਹਾ ਕਿ 2013 ਵਿਚ ਮੈ ਕਈ ਵਾਰ ਚੋਟੀ ਦੇ 10 ਖਿਡਾਰੀਆਂ ਨਾਲ ਖੇਡਿਆ ਸੀ | ਉਨ੍ਹਾਂ ਕਿਹਾ ਕਿ ਇਸ ਸਾਲ ਦਾ ਪਹਿਲਾ ਹਫਤਾ ਮੇਰੇ ਲਈ ਕਾਫੀ ਸ਼ਾਨਦਾਰ ਸੀ, ਅਤੇ ਹੁਣ ਮੈ ਇਸ ਵਿਸ਼ਵਾਸ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਜੋ ਆਸਟ੍ਰੇਲੀਆ 'ਚ ਹੋਵੇਗਾ 'ਚ ਲੈ ਕੇ ਜਾਵਾਂਗਾ | ਦੂਜੇ ਪਾਸੇ ਰੋਜਰ ਨੇ ਕਿਹਾ ਕਿ ਵਾਂਬਰਿੰਕਾ ਨੇ ਮੇਰੇ ਤੋਂ ਕਾਫੀ ਸ਼ਾਨਦਾਰ ਖੇਡ ਵਿਖਾਈ, ਇਸ ਲਈ ਉਹ ਹੀ ਜਿੱਤ ਦਾ ਹੱਕਦਾਰ ਸੀ |