ਆਖਰ ਟੁੱਟ ਗਿਆ ਜ਼ਹੀਰ ਦਾ ਸੁਪਨਾ

Gill Saab

Yaar Malang
ਨਵੀਂ ਦਿੱਲੀ : ਟੀਮ ਇੰਡੀਆ ਦੇ ਸਭ ਤੋਂ ਵਧੀਆ ਤੇਜ਼ ਗੇਂਦਬਾਜ਼ਾਂ ਵਿਚ ਸ਼ੁਮਾਰ ਜ਼ਹੀਰ ਖਾਨ ਦੇ ਕੋਚ ਅਤੇ ਮੈਂਟਰ ਸੁਧੀਰ ਨਾਇਕ ਨੂੰ ਡਰ ਹੈ ਕਿ ਇਸ ਤੇਜ਼ ਗੇਂਦਬਾਜ਼ ਦਾ ਕੈਰੀਅਰ ਹੁਣ ਖਤਮ ਹੋਣ ਜਾ ਰਿਹਾ ਹੈ। ਜੁਲਾਈ ਵਿਚ ਇੰਗਲੈਂਡ ਵਿਰੁੱਧ ਹੋਣ ਵਾਲੀ ਟੈਸਟ ਸੀਰੀਜ਼ ਲਈ ਵੀ ਜ਼ਹੀਰ ਨੂੰ ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ, ਜਿਸ ਨਾਲ ਨਾਇਕ ਦਾ ਡਰ ਹੋਰ ਵਧ ਗਿਆ ਹੈ। ਆਈ.ਪੀ.ਐਲ.-7 ਵਿਚ ਮੁੰਬਈ ਇੰਡੀਅਨਜ਼ ਵਲੋਂ ਕਿੰਗਜ਼ ਇਲੈਵਨ ਪੰਜਾਬ ਲਈ ਖੇਡਦੇ ਹੋਏ ਜ਼ਹੀਰ ਨੂੰ ਸਾਈਡ ਸਟ੍ਰੇਨ ਹੋ ਗਿਆ ਸੀ, ਜਿਸ ਦੇ ਬਾਅਦ ਉਨ੍ਹਾਂ ਨੂੰ ਬਾਕੀ ਮੈਚਾਂ 'ਚੋਂ ਬਾਹਰ ਹੋਣਾ ਪਿਆ, ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਸੀਰੀਜ਼ ਲਈ ਚੋਣ ਕਰਤਾਵਾਂ ਨੇ ਜ਼ਹੀਰ ਦੀ ਅਣਦੇਖੀ ਕਰਦੇ ਹੋਏ ਉਨ੍ਹਾਂ ਨੂੰ ਟੀਮ ਵਿਚ ਸ਼ਾਮਲ ਨਹੀਂ ਕੀਤਾ। ਜ਼ਹੀਰ ਫਿਲਹਾਲ ਲੰਡਨ 'ਚ ਇਲਾਜ ਕਰਵਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜ਼ਹੀਰ ਜੂਨ ਦੇ ਦੂਸਰੇ ਹਫਤੇ ਤੱਕ ਰਿਕਵਰ ਕਰ ਲੈਣਗੇ। ਨਾਇਕ ਨੇ ਕਿਹਾ ਕਿ ਹਾਲਾਂਕਿ ਜ਼ਹੀਰ ਟੈਸਟ ਸੀਰੀਜ਼ ਲਈ ਫਿੱਟ ਹੋ ਜਾਣਗੇ ਪਰ ਚੋਣਕਰਤਾ ਉਨ੍ਹਾਂ ਦਾ ਸਿਲੈਕਸ਼ਨ ਕਰਕੇ ਰਿਸਕ ਨਹੀਂ ਲੈਣਾ ਚਾਹੁਣਗੇ। ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਹੋਵੇਗੀ ਕਿ ਜ਼ਹੀਰ ਪੂਰੀ ਸੀਰੀਜ਼ ਖੇਡ ਸਕਣਗੇ ਜਾਂ ਨਹੀਂ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਟੀਮ ਲਈ ਨਹੀਂ ਚੁਣਿਆ ਗਿਆ।
ਜ਼ਿਕਰਯੋਗ ਹੈ ਕਿ ਜ਼ਹੀਰ ਦੇ ਨਾਂ 92 ਟੈਸਟ ਮੈਚਾਂ ਵਿਚ 311 ਵਿਕਟਾਂ ਦਰਜ ਹਨ। ਨਾਇਕ ਨੇ ਕਿਹਾ ਕਿ ਜ਼ਹੀਰ ਦਾ 100 ਟੈਸਟ ਮੈਚ ਖੇਡਣ ਦਾ ਸੁਪਨਾ ਸ਼ਾਇਦ ਕਦੇ ਪੂਰਾ ਨਹੀਂ ਹੋ ਸਕੇਗਾ। ਉਨ੍ਹਾਂ ਕਿਹਾ ਕਿ ਉਸ ਦਾ ਸੁਪਨਾ 100 ਟੈਸਟ ਮੈਚ ਖੇਡ ਕੇ ਸੰਨਿਆਸ ਲੈਣ ਦਾ ਸੀ ਪਰ ਮੈਨੂੰ ਲੱਗਦਾ ਹੈ ਕਿ ਅਜਿਹਾ ਨਹੀਂ ਹੋਵੇਗਾ ਪਰ ਸਾਈਡ ਸਟ੍ਰੇਨ ਨੇ ਉਸ ਦਾ ਇੰਟਰਨੈਸ਼ਨਲ ਕੈਰੀਅਰ ਖਤਮ ਕਰ ਦਿੱਤਾ। ਹੁਣ ਸਿਰਫ 25 ਫੀਸਦੀ ਚਾਂਸ ਹਨ ਕਿ ਜ਼ਹੀਰ ਵਾਪਸੀ ਕਰ ਸਕਣਗੇ।
 
Top