ਮੈਨਾ ਤੋਤੇ ਦੀ ਕਹਾਣੀ

‘ਤੋਤਾ ਮੈਨਾ ਦੀ ਕਹਾਣੀ ਤੋ ਪੁਰਾਣੀ ਹੋ ਗਈ’ ਕਿਸੇ ਫਿਲਮੀ ਗਾਣੇ ਵਾਲੀ ਰਿੰਗਟੋਨ ਵੱਜਦੀ ਹੈ। ਸੁਣ ਕੇ ਮੈਂ ਤ੍ਰਬਕਿਆ ਹਾਂ। ਮੈਨੂੰ ਪਤਾ ਹੈ ਕੌਣ ਹੋਵੇਗਾ। ਇਹ ਰਿੰਗਟੋਨ ਇਕ ਸਪੈਸ਼ਲ ਕਾਲਰ ਲਈ ਸੈੱਟ ਕੀਤੀ ਹੋਈ ਹੈ, ਐਵੇਂ ਸ਼ਰਾਰਤ ਨਾਲ।

“ਮਾ … ਇ … ਨਾ” ਮੋਬਾਈਲ ਅੰਗਰੇਜ਼ੀ ਲਹਿਜ਼ੇ ਵਿਚ ਬੋਲਦਾ ਹੈ। ਮੈਨਾ ਹੀ ਹੈ। ਉਸ ਦਾ ਨਾਂ ਸਕਰੀਨ ਉੱਤੇ ਵੀ ਜਗਬੁਝ-ਜਗਬੁਝ ਕਰ ਰਿਹਾ ਹੈ। ਉਸ ਦਾ ਨਾਂ ਵੇਖ ਕੇ ਮੇਰੇ ਕੰਨਾਂ ਨੂੰ ਦਿਲ ਦੀ ਫੜੱਕ ਫੜੱਕ ਸੁਣਨ ਲੱਗੀ ਹੈ ਜਿਵੇਂ ਕਿਸੇ ਇਮਤਿਹਾਨ ਦਾ ਨਤੀਜਾ ਸੁਣਨ/ਵੇਖਣ ਵੇਲੇ ਹੁੰਦਾ ਹੈ। ਹੁਣ ਵੀ ਨਤੀਜਾ ਹੀ ਤਾਂ ਨਿਕਲਣ ਵਾਲਾ ਹੈ, ਮੈਨਾ ਦੀ ਹਾਂ ਜਾਂ …। ਨਾਂਹ ਸ਼ਬਦ ਸੋਚਾਂ ਵਿਚ ਲਿਆਉਣ ਲਈ ਵੀ ਮਨ ਤਿਆਰ ਨਹੀਂ। ਮੈਨਾ ਨਾਲ ਇੰਨਾ ਕੁਝ ਜੁੜ ਚੁੱਕਿਆ ਹੈ। ਉਂਜ ਵੀ ਇਹ ਕੰਨ ਨਾਂਹ ਸੁਣਨ ਦੇ ਤਾਂ ਆਦੀ ਹੀ ਨਹੀਂ ਰਹੇ। ਜੋ ਸੋਚਿਆ, ਉਹ ਹਾਸਿਲ ਕਰ ਕੇ ਹੀ ਦਮ ਲਿਆ ਹੈ। ਫਿਰ ਇਸ ਵਾਰ …।

‘‘ਹਾਂ ਬਈ ਮਨਮੀਤ …?” ਮੈਂ ਦਿਲ ਨੂੰ ਸੰਭਾਲਦਿਆਂ, ਬੋਲਾਂ ਨੂੰ ਥਿੜਕਣ ਤੋਂ ਬਚਾਉਂਦਿਆਂ, ਪੂਰੇ ਸਹਿਜ ਨਾਲ ਉਸ ਨੂੰ ਪੂਰੇ ਨਾਂ ਨਾਲ ਬੁਲਾਉਂਦਾ ਪੁੱਛਦਾ ਹਾਂ।

‘‘ਘਰ ਹੋ ਨਾ? … ਆ-ਜਾਂ ਮੈਂ?” ਉਸ ਦਾ ਲਹਿਜ਼ਾ ਪੁੱਛਣ ਦੀ ਥਾਂ ਦੱਸਣ ਵਾਲਾ ਹੈ ਜਿਵੇਂ ਕਹਿ ਰਹੀ ਹੋਵੇ ਤਿਆਰ ਰਹੋ ਸ੍ਰੀਮਾਨ ਮੈਂ ਆ ਰਹੀ ਹਾਂ। ਉਸ ਦੇ ਬੋਲਾਂ ਵਿਚੋਂ ਮੈਨੂੰ ਮਸ਼ਕਰੀ ਜਿਹੀ ਵਾਲੀ ਸੁਰ ਝਲਕਦੀ ਮਹਿਸੂਸ ਹੋਈ ਹੈ। ਅੱਗੇ ਤਾਂ ਉਹ ਹਮੇਸ਼ਾ ‘ਸਬਮਿਸਵ’ ਜਿਹੀ ਟੋਨ ਵਿਚ ਪੁੱਛਦੀ ਹੁੰਦੀ ਹੈ, ‘‘ਸਰ ਮੇ ਆਈ ਕਮ”, ਜਿਵੇਂ ਕੋਈ ਕਮਰੇ ’ਚ ਵੜਨ ਵੇਲੇ ਪੁੱਛਦਾ ਹੁੰਦਾ ਹੈ।

‘‘ਸ਼ਿਓਰ … ਸ਼ਿਓਰ … ਵੈੱਲ-ਕਮ, ਐਨੀ ਗੁੱਡ ਨਿਊਜ਼?” ਮੈਂ ਆਪਣੀ ਉਤੇਜਨਾ ਨੂੰ ਬੰਨ੍ਹ ਨਹੀਂ ਮਾਰ ਸਕਿਆ। ਆਪਣੇ ਰਿਜ਼ਰਵ ਸੁਭਾਅ ਦੇ ਉਲਟ ਓਪਨਲੀ ਪੁੱਛ ਬੈਠਾ ਹਾਂ।

‘‘ਸਰਪ੍ਰਾਈਜ਼ ਐ … ਰੀਅਲੀ ਬਿੱਗ ਵੰਨ … ਫਾਰ ਯੂਅਰ ਇਨਫਰਮੇਸ਼ਨ ਮੰਮੀ-ਪਾਪਾ ਵੀ ਨਾਲ ਆ ਰਹੇ ਨੇ, ਕਹਿੰਦੇ ਮੂੰਹ ਮਿੱਠਾ ਕਰਾਉਣਾ … ਓ.ਕੇ। … ਟੇਕ ਕੇਅਰ … ਸੀ ਯੂ।”

ਕਹਿੰਦਿਆਂ ਉਸ ਨੇ ਫੋਨ ਕੱਟ ਦਿੱਤਾ ਹੈ। ਇਹ ਮੇਰਾ ਭੁਲੇਖਾ ਹੈ ਜਾਂ ਸੱਚ ਮੈਨੂੰ ਅੰਤ ਵਿਚ ਕੋਈ ਨਖ਼ਰੇ ਭਰੀ ‘ਪੁ … ਅ … ਚ’ ਵਰਗੀ ਆਵਾਜ਼ ਵੀ ਸੁਣੀ ਹੈ।

ਅਚੰਭਿਤ ਜਿਹਾ ਹੋਇਆ ਮੈਂ ਮਨਮੀਤ ਦੇ ਇਕ ਇਕ ਸ਼ਬਦ ਨੂੰ ਰਿੜਕ ਰਿਹਾ ਹਾਂ। ਮਨੋਵਿਗਿਆਨ ਦੇ ਵਿਸ਼ੇ ਨੇ ਇਹ ਮੇਰੀ ਆਦਤ ਹੀ ਬਣਾ ਦਿੱਤੀ ਹੈ। ਅੱਜ ਉਸ ਨੇ ਸੰਬੋਧਨ ਵੀ ਸਰ ਕਹਿ ਕੇ ਨਹੀਂ ਕੀਤਾ। ‘‘ਘਰ” … ‘‘ਆ-ਜਾਂ”, ‘‘ਮੂੰਹ ਮਿੱਠਾ” ਸਾਰੇ ਦੇ ਸਾਰੇ ਸ਼ਬਦ ਉਸ ਦੇ ਅਚੇਤ ਮਨ ਦੀ ਕਿਸੇ ਅਨੋਖੀ ਤਾਂਘ ਦੀ ਬਾਤ ਪਾ ਰਹੇ ਪ੍ਰਤੀਤ ਹੁੰਦੇ ਹਨ। ਸ਼ਾਇਦ ਉਸ ਦੀ ਇਸ ਘਰੇ ਆ ਵੱਸਣ ਦੀ ਮੂੰਹ ਜ਼ੋਰ ਇੱਛਾ ਦਾ ਪ੍ਰਗਟਾਵਾ। ਹੁਣ ਸ਼ਾਇਦ ਦੀ ਤਾਂ ਖ਼ੈਰ ਗੁੰਜਾਇਸ਼ ਹੀ ਨਹੀਂ ਰਹਿ ਗਈ। ਯੂਨੀਵਰਸਿਟੀ ਦੀ ਪ੍ਰੋਫੈਸਰੀ ਅਤੇ ਮਨੋਵਿਗਿਆਨ ਦੇ ਵਿਸ਼ੇ ਦਾ ਰਿਮੋਟ ਹੱਥ ਵਿਚ ਹੋਵੇ ਤਾਂ ਮਨ-ਚਾਹੇ ਚੈਨਲ ਕਿਉਂ ਨਹੀਂ ਚੱਲਣਗੇ? ‘ਮਨਮੀਤ ਕੀ …।’ ਸੋਚ ਕੇ ਮੈਨੂੰ ਆਪਣੇ ਆਪ ਉੱਤੇ ਅਭਿਮਾਨ ਵਰਗਾ ਮਾਣ ਮਹਿਸੂਸ ਹੋਇਆ ਹੈ।

‘‘ਸਰਪ੍ਰਾਈਜ਼ !!! …” ਮਨਮੀਤ ਦੇ ਬੋਲਾਂ ਨੂੰ ਮਨ ਹੀ ਮਨ ਵਿਚ ਦੁਹਰਾਉਂਦਾ ਸੋਚਦਾ ਹਾਂ, ‘ਹੁਣ ਕਾਹਦਾ ਸਰਪ੍ਰਾਈਜ਼ ਰਹਿ ਗਿਆ ਡੀਅਰ, ਸਭ ਕੁਝ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਐ। ਘਰਦਿਆਂ ਤੋਂ ਹਰੀ ਝੰਡੀ ਮਿਲ ਗਈ ਹੋਏਗੀ ਤੇ ਕੱਤਣੀ ਨੂੰ ਫੁੱਲ ਲੱਗਣ ਦੀਆਂ ਤਿਆਰੀਆਂ ਹੋਣਗੀਆਂ।’ ਇਸ ਕਾਵਿਕ ਜਿਹੇ ਖ਼ਿਆਲ ਨਾਲ ਮੇਰੀਆਂ ਸੋਚਾਂ ਸਰੂਰੀਆਂ ਗਈਆਂ ਹਨ, ਦਿਲ ਨੂੰ ਕਰਾਰ ਆ ਗਿਆ ਹੈ, ਬੁੱਲ੍ਹਾਂ ਉੱਤੇ ਮੁਸਕਣੀ ਖੇਡਣ ਲੱਗੀ ਹੈ।

‘ਲਓ ਜਿੱਤੀ ਗਈ ਏਹ ਜੰਗ ਵੀ, ਜਿੱਤੀ ਹੀ ਜਾਣੀ ਸੀ। ਹਾਰਨ ਵਾਲੇ ਖ਼ਾਨਦਾਨ ਵਿਚ ਤਾਂ ਮੈਂ ਜੰਮਿਆਂ ਹੀ ਨਹੀਂ। ਮੇਰੇ ਪੁਰਖਿਆਂ ਨੂੰ ਐਵੇਂ ਤਾਂ ਨੀ ਜਗੀਰਾਂ ਹਾਸਿਲ ਹੁੰਦੀਆਂ ਰਹੀਆਂ। ਐਵੇਂ ਤਾਂ ਨੀ ਇਲਾਕੇ ਵਿਚ ਨਿਰਾਲੀ ਸ਼ਾਨ ਦਾ ਪਰਚਮ ਲਹਿਰਦਾ ਰਿਹਾ।’ ‘ਸਰਦਾਰਾਂ ਦਾ ਘਰ’ ਉਂਜ ਈ ਤਾਂ ਨਹੀਂ ਕਿਹਾ ਜਾਣ ਲੱਗ ਪਿਆ ਪਿੰਡ ਵਿਚ। ਜੱਟ ਤਾਂ ਭਾਵੇਂ ਉੱਥੇ ਸਾਰੇ ਹੀ ਸਨ ਪਰ ਸਰਦਾਰ ਜੱਟਾਂ ਦਾ ਤਾਂ ਸਾਡਾ ਇਕੋ ਘਰ ਹੀ ਸੀ।‘ ਇਉਂ ਸਰਦਾਰਾਂ ਵਾਂਗੂੰ ਸੋਚਣਾ ਮੈਨੂੰ ਗੁੜ੍ਹਤੀ ਵਿਚ ਹੀ ਮਿਲਿਆ ਹੈ। ‘ਆਮ ਜੱਟਾਂ ਵਾਂਗ ਸੋਚਣ‘ ਵਾਲੇ ਦੀ ਸਾਡੇ ਘਰ ਵਿਚ ਹੁੰਦੀ ਟੋਕਾ-ਟੁਕਾਈ ਬਚਪਨ ਤੋਂ ਹੀ ਵੇਖਦਾ ਆਇਆ ਹਾਂ। ਉਹ ਗੱਲ ਮੈਨੂੰ ਹੁਣ ਵੀ ਯਾਦ ਆ ਰਹੀ ਹੈ ਜਿਹੜੀ ਮੇਰੀ ਚੜ੍ਹਦੀ ਉਮਰ ਵੇਲੇ ਵਾਪਰੀ ਸੀ। ਮੇਰੀ ਹੁੰਦੜਹੇਲ ਜਵਾਨੀ ਵੱਲ ਵੇਖ ਕੇ ਸਾਡਾ ਰੋਟੀ-ਟੁੱਕ ਕਰਨ ਵਾਲੀ ਮਹਿਰੀ ਨੇ ਮਾਂ ਨੂੰ ਕਿਸੇ ਕੁੜੀ ਦੀ ਦੱਸ ਪਾਉਣੀ ਚਾਹੀ ਸੀ। ‘‘ਕੁੜੇ ਸਰਦਾਰਾਂ ਦੀ ਕਾਕੀ ਐ?” ਮਾਂ ਨੇ ਦੁਹਰਾ ਕੇ ਅੰਤਰਾ ਲੈਣਾ ਚਾਹਿਆ ਸੀ।

‘‘ਨਈਂ ਬੀਬੀ ਜੀ, ਜੱਟਾਂ ਦੀ ਈ ਐ, ਊਂਅ ਸੁੱਖ ਨਾ ਜ਼ਮੀਨ-ਜਾਇਦਾਦ ਬਥੇਰੀ ਐ, ਘਰ ਭਰ ਦੇਣਗੇ ਲੈਣ-ਦੇਣ ਨਾ, ਕੁੜੀ ਵੀ ਜਾਣੀਦੀ ਹੱਥ ਲਾਇਆਂ ਮੈਲੀ ਹੋਣ ਵਾਲੀ ਐ।”

‘‘ਹੇ ਖਾਂ, ਅਖੇ ਨਾ ਅਕਲ ਨਾ ਮੌਤ, ਕੁੜੇ ਕਿਤੇ ਮੋਰੀ ਦੀ ਇੱਟ ਚੁਬਾਰੇ ਨੂੰ ਲੱਗੀ ਐ ਭਲਾ? ਅੱਗੇ ਤੋਂ ਨਾ ਐਹੋ ਜਿਹਾ ਕਮਲ ਕੁੱਟੀਂ ਕਦੇ ਮੇਰੇ ਸਾਹਮਣੇ, ਨਹੀਂ ਤਾਂ ਫਿਰ ਮੈਥੋਂ ਬੁਰਾ ਕੋਈ ਨਹੀਂ।” ਮਾਂ ਨੇ ਮਹਿਰੀ ਦੀ ਥਾਏਂ ਖੁੰਬ ਠੱਪ ਦਿੱਤੀ ਸੀ। ਫਿਰ ਮਹਿਰੀ ਨੇ ਤਾਂ ਕੀ ਪਿੰਡ ਦੇ ਕਿਸੇ ਹੋਰ ਨੇ ਵੀ ਅਜਿਹਾ ‘ਕਮਲ ਕੁੱਟਣ‘ ਦੀ ਜ਼ੁਅਰਤ ਨਹੀਂ ਸੀ ਕੀਤੀ। ਇਸ ਨਾਲ ਮੈਨੂੰ ਵੀ ਕੰਨ ਹੋ ਗਏ ਸਨ ਕਿ ਸਰਦਾਰੀ ਕੀ ਹੁੰਦੀ ਹੈ ਅਤੇ ਇਨ੍ਹਾਂ ਮਾਮਲਿਆਂ ਵਿਚ ਮਾਂ ਵਾਂਗ ਕਿਵੇਂ ਸੋਚਣਾ ਹੈ।

ਫਿਰ ਜਦੋਂ ਮੈਂ ਯੂਨੀਵਰਸਿਟੀ ਵਿਚ ਲੈਕਚਰਾਰ ਆ ਲੱਗਾ ਤਾਂ ‘ਚੁਬਾਰਾ‘ ਹੋਰ ਵੀ ਉੱਚਾ ਹੋ ਗਿਆ। ਕਿੰਨੀਆਂ ਹੀ ਲੰਮੀਆਂ-ਲੰਝੀਆਂ, ਗੋਰੀਆਂ-ਚਿੱਟੀਆਂ, ਪਤਲੀਆਂ-ਪਤੰਗਾਂ ਮੈਂ ਅੱਖਾਂ ਹੇਠੋਂ ਦੀ ਕੱਢੀਆਂ ਹੋਣਗੀਆਂ ਪਰ ਅੰਤ ਰੱਦ ਕਰ ਦਿੱਤੀਆਂ। ਕੋਈ ਵੀ ਮੈਨੂੰ ਆਪਣੀ ਅੰਦਰਲੀ ਸਰਦਾਰੀ ਦੇ ਮੇਚ ਦੀ ਨਾ ਜਾਪਦੀ। ਚਾਲੀਵਾਂ ਲੰਘਦਿਆਂ ਕਿਤੇ ਅੰਦਰੋਂ ਇਹ ਅਵਾਜ਼ ਵੀ ਸੁਣਨ ਲੱਗੀ ਸੀ ਕਿ ਸ਼ਾਇਦ ਸੰਸਾਰ ਵਿਚ ਏਹੋ ਜਿਹੀ ਕੋਈ ਹੋਣੀ ਹੀ ਨਹੀਂ। ਪਰ ਨਹੀਂ, ਇਹ ਸੱਚ ਨਹੀਂ ਸੀ, ਪਹਿਲੀ ਵਾਰ ਮਨਮੀਤ ਨੂੰ ਵੇਖ ਕੇ ਅਜਿਹਾ ਹੀ ਜਾਪਿਆ ਸੀ। ਕਾਮਨਾ ਦੇ ਸੁੱਕੇ ਬਾਗ ਜਿਵੇਂ ਪਲਾਂ ਵਿਚ ਹਰੇ ਹੋ ਗਏ ਸਨ।

ਮੇਰੀ ਪੀ-ਐੱਚ.ਡੀ. ਦੀ ਪੁਰਾਣੀ ਸਟੂਡੈਂਟ ਗੁਰਜੋਤ ਨਾਲ ਉਹ ਮੈਨੂੰ ਉਚੇਚ ਨਾਲ ਮਿਲਣ ਆਈ ਸੀ। ਗੁਰਜੋਤ ਨੇ ਦੱਸਿਆ ਸੀ ਕਿ ਮਨਮੀਤ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਸਾਈਕਾਲੋਜੀ ਵਿਚ ਪੋਸਟ-ਗ੍ਰੈਜੂਏਸ਼ਨ ਕੀਤੀ ਸੀ। ਪੀ-ਐੱਚ.ਡੀ. ਕਰਨਾ ਚਾਹੁੰਦੀ ਸੀ ਪਰ ਉੱਥੇ ਕੋਈ ਗਾਈਡ ਨਹੀਂ ਸੀ ਮਿਲ ਸਕਿਆ। ਇਸ ਲਈ ਹੁਣ ਸਾਡੀ ਯੂਨੀਵਰਸਿਟੀ ਆਈ ਸੀ।

ਪਰ ਮੈਨੂੰ ਤਾਂ ਜਿਵੇਂ ਉਹ ਕੁਝ ਵੀ ਨਹੀਂ ਸੀ ਸੁਣ ਰਿਹਾ ਜੋ ਗੁਰਜੋਤ ਦੱਸ ਰਹੀ ਸੀ। ਮੇਰੀ ਸੁਰਤ ਤਾਂ ਮਨਮੀਤ ਦੇ ਸੁਹਜ ਅਤੇ ਸਲੀਕੇ ਉੱਤੇ ਟਿਕੀ ਹੋਈ ਸੀ। ਉਸ ਨੇ ਪੂਰੀਆਂ ਬਾਹਾਂ ਵਾਲਾ ਘੇਰੇਦਾਰ ਸਫ਼ੈਦ ਰੰਗ ਦਾ ਅਨਾਰਕਲੀ ਸਟਾਈਲ ਕੁੜਤਾ ਪਾਇਆ ਹੋਇਆ ਸੀ। ਰੇਬਦਾਰ ਪਜ਼ਾਮੀ ਅਤੇ ਕਢਾਈਦਾਰ ਜੁੱਤੀ ਖੂਬ ਜਚ ਰਹੀ ਸੀ। ਵੱਡੇ ਪਨ੍ਹੇ ਦੇ ਦੁਪੱਟੇ ਨਾਲ ਉਸ ਨੇ ਅੱਧਾ ਕੁ ਸਿਰ ਢਕ ਕੇ ਘੁੰਢ ਕੱਢਣ ਵਾਂਗ ਦੁਪੱਟਾ ਤਿਰਛਾ ਜਿਹਾ ਕੀਤਾ ਹੋਇਆ ਸੀ। ਛੱਲਾ, ਮਹੀਨ ਚੇਨੀ ਅਤੇ ਮੋਤੀਆਂ ਵਾਲੇ ਲੌਂਗ ਸ਼ੇਪ ਟਾੱਪਸਾਂ ਨਾਲ ਉਸ ਦਾ ਹੁਸਨ ਹੋਰ ਨਿੱਖਰ ਆਇਆ ਸੀ। ਲਿਪਸਟਿੱਕ ਏਨੀ ਮੱਧਮ ਗੁਲਾਬੀ ਕਿ ਹੋਠਾਂ ਦੇ ਕੁਦਰਤੀ ਰੰਗ ਨਾਲ ਇਕਮਿਕ ਹੋ ਗਈ ਜਾਪਦੀ ਸੀ। ਵੇਖਣ ਵਾਲੇ ਦਾ ਮਨ ਉਸ ਦੇ ਕਿਸੇ ਅੰਗ ਦੀ ਛੋਟੀ ਜਿਹੀ ਝਲਕ ਲਈ ਤੜਪ ਉੱਠਦਾ ਪਰ ਉਸ ਨੇ ਆਪਣੇ ਜੋਬਨ ਨੂੰ ਇਉਂ ਸਾਂਭ ਰੱਖਿਆ ਸੀ ਕਿ ਹਵਾ ਵੀ ਸਿਰਫ ਹੱਥਾਂ ਅਤੇ ਚਿਹਰੇ ਨੂੰ ਰਤਾ-ਮਾਸਾ ਛੂਹ ਸਕਦੀ।

ਜੇ ਕਿਤੇ ਮਾਂ ਉਸ ਦੀ ਅਜਿਹੀ ਫੱਬਤ ਨੂੰ ਤੱਕ ਲੈਂਦੀ ਤਾਂ ਉਸ ਦੇ ਮੂੰਹੋਂ ਸੁਤੇ-ਸਿੱਧ ਹੀ ਨਿਕਲਣਾ ਸੀ, ‘‘ਕਾਕਾ ਜੀ ਏਹ ਹੁੰਦੈ ਸਰਦਾਰੀ ਰੂਪ।”

ਮਨਮੀਤ ਵੱਲ ਵੇਖਦਿਆਂ ਮੈਂ ਮੰਤਰ-ਮੁਗਧ ਸਾਂ ਪਰ ਗੁਰਜੋਤ ਲਗਾਤਾਰ ਤਨਜ਼ੀ ਜਿਹਾ ਮੁਸਕਰਾ ਰਹੀ ਸੀ। ਇਸ ਲਈ ਮੈਨੂੰ ਵੀ ਝਟਕੇ ਨਾਲ ਵਿਹਾਰੀ ਦੁਨੀਆ ਵਿਚ ਆਉਣਾ ਪਿਆ। ਫਿਰ ਮੈਂ ਆਪਣੀਆਂ ਸ਼ਰਤਾਂ ਦੱਸਦਾ ਗਿਆ ਅਤੇ ਮਨਮੀਤ ਸਿਰ ਦੇ ਹਲਕੇ ਜਿਹੇ ਅਦਾਇਗੀ ਭਰੇ ਇਸ਼ਾਰੇ ਨਾਲ ਸਭ ਕਬੂਲ ਕਰਦੀ ਰਹੀ। ਸ਼ਾਇਦ ਕਿਸੇ ਵੀ ਕੀਮਤ ਉੱਤੇ ਉਹ ਮੇਰੀ ਨਾਂਹ ਨਹੀਂ ਸੁਣਨਾ ਚਾਹੁੰਦੀ ਸੀ। ਉਸ ਦੀ ਕਮਜ਼ੋਰੀ ਮੈਂ ਭਾਂਪ ਲਈ ਸੀ।

‘‘ਸਰ ਜਿਸ ਟਾਪਿਕ ਬਾਰੇ ਮੈਂ ਕੰਮ ਕਰਨ ਦਾ ਮਨ ਬਣਾਇਐ, ਸ਼ਾਇਦ ਕੋਈ ਵੀ ਮੈਰਿਡ ਟੀਚਰ ਉਸ ਸਬੰਧੀ ਬਾਇਸ ਹੋਏ ਬਿਨਾਂ ਸੋਚ ਨਹੀਂ ਸਕੇਗਾ। ਸਿਰਫ ਤੁਸੀਂ ਹੀ ਅਜਿਹੇ ਕੰਪਲੈਕਸ ਤੋਂ ਮੁਕਤ ਹੋ ਕੇ ਮੈਨੂੰ ਠੀਕ ਸੁਜੈਸ਼ਨਜ਼ ਦੇ ਸਕੋਗੇ, ਮੇਰਾ ਇਹ ਵਿਸ਼ਵਾਸ ਹੈ।” ਉਸ ਨੇ ਭਾਵੇਂ ਇਹ ਸਭ ਮੇਰੀ ਵਡਿਆਈ ਖਾਤਰ ਹੀ ਕਿਹਾ ਹੋਵੇ ਪਰ ਕਹਿਣ ਦਾ ਅੰਦਾਜ਼ ਮੈਨੂੰ ਲਾ-ਜਵਾਬ ਲੱਗਿਆ ਸੀ। ਆਪਣੀਆਂ ਪਤਲੀਆਂ ਗੋਰੀਆਂ ਉਂਗਲਾਂ ਦੀ ਅਦਾਇਗੀ ਨਾਲ ਉਹ ਇਉਂ ਦੱਸ ਰਹੀ ਸੀ ਕਿ ਮੈਨੂੰ ਪਲ ਦੀ ਪਲ ਫ਼ਿਲਮ ‘ਉਮਰਾਓ ਜਾਨ‘ ਵਿਚਲਾ ਰੇਖਾ ਦਾ ਜਲਵਾ, ‘ਦਿਲ ਚੀਜ਼ ਕਿਆ ਹੈ, ਆਪ ਮੇਰੀ ਜਾਨ ਲੀਜੀਏ’ ਸੰਜੀਵ ਹੋ ਗਿਆ ਜਾਪਿਆ।

‘‘ਕੀ ਟਾਪਿਕ ਸੋਚਿਐ?” ਮੈਂ ਆਪਣੀ ਉਤਸੁਕਤਾ ਛੁਪਾ ਨਾ ਸਕਿਆ।

‘‘ਸਰ ਟਾਪਿਕ ਹੈ, ਤੋਤਾ ਮੈਨਾ ਦੀਆਂ ਲੋਕ-ਕਥਾਵਾਂ ਦਾ ਰਾਜਨੀਤਿਕ ਅਵਚੇਤਨ: ਸਮਕਾਲੀ ਸਮਾਜਿਕ ਸੰਦਰਭ ਵਿਚ।”

‘‘ਰੀਅਲੀ ਇਨੋਵੇਟਿਵ!!, ਕੀ ਹਾਈਪੋਥੀਸਿਸ ਹੈ ਮੁਢਲੇ ਤੌਰ ‘ਤੇ?” ਮੇਰੀ ਜਗਿਆਸਾ ਜਾਗ ਉੱਠੀ ਸੀ।

‘‘ਸਰ ਇੰਨ ਮਾਈ ਓਪੀਨੀਅਨ, ਬੇਵਫ਼ਾਈ ਜਾਂ ਧੋਖੇ ਦਾ ਮਸਲਾ ਜੈਂਡਰ ਬੇਸਿਡ ਨਹੀਂ ਜਾਪਦਾ। ਔਰਤ-ਮਰਦ ਦੋਵੇਂ ਪ੍ਰਸਥਿਤੀਆਂ ਵੱਸ ਚਲਿੱਤਰ ਕਰਦੇ ਆਏ ਐ। ਧੋਖਾ ਕਰਨ ਵਾਲੀ ਧਿਰ ਓਨੀ ਕੁ ਹੀ ਸਫਲ ਹੁੰਦੀ ਐ ਜਿੰਨੀ ਕੁ ਉਹ ਦੂਜੀ ਧਿਰ ਦੀਆਂ ਕਮਜ਼ੋਰੀਆਂ ਅਤੇ ਸੁਪਨਿਆਂ ਨੂੰ ਸਮਝ ਕੇ ਦਾਅ ਖੇਡਣ ਦੇ ਯੋਗ ਹੁੰਦੀ ਐ। ਸਰ ਏਹ ਧਾਰਨਾ ਮੈਨੂੰ ਸਮਕਾਲੀ ਸਮਾਜਿਕ ਪ੍ਰਸੰਗ ਵਿਚ ਵੀ ਰੈਲੇਵਿੰਟ ਪ੍ਰਤੀਤ ਹੁੰਦੀ ਐ।” ਨਪੇ-ਤੁਲੇ ਸ਼ਬਦਾਂ ਵਿਚ ਆਪਣੇ ਵਿਸ਼ੇ ਬਾਰੇ ਗੱਲ ਕਰਦੀ ਉਹ ਮੈਨੂੰ ਬਹੁਤ ਪੁਖ਼ਤਾ ਸੋਚ ਵਾਲੀ ਲੱਗੀ ਸੀ। ਇਹੋ ਜਿਹੀ ਪੁਖ਼ਤਗੀ ਲੰਮੇ ਅਭਿਆਸ ਨਾਲ ਆਉਂਦੀ ਹੁੰਦੀ ਹੈ ਪਰ ਉਹ ਤਾਂ ਆਰੰਭ ਵਿਚ ਹੀ …। ਜਾਪਿਆ ਸੂਰਤ ਅਤੇ ਸੀਰਤ ਦਾ ਅਦਭੁੱਤ ਸੁਮੇਲ ਸੀ ਮਨਮੀਤ। ਅੰਦਰੋ ਅੰਦਰੀ ਮੈਂ ਹੁਣ ਉਸ ਬਾਰੇ ‘‘ਪੋਜੈਸਵ” ਹੋ ਕੇ ਸੋਚ ਰਿਹਾ ਸੀ। ਡੌਕਟਰੇਟ ਤੋਂ ਬਾਅਦ ਮੈਂ ਉਸ ਨੂੰ ਵਿਭਾਗ ਵਿਚ ਹੀ ਸੈੱਟ ਕਰਵਾ ਲਵਾਂਗਾ। ਮਨੋਵਿਗਿਆਨ ਦੇ ਵੱਟਿਆਂ ਨਾਲ ਵੀ ਮੈਂ ਨਾਪ-ਤੋਲ ਕੇ ਵੇਖਿਆ ਤਾਂ ਇਹੀ ਸਿੱਟਾ ਨਿਕਲਿਆ ਕਿ ਮਨਮੀਤ ਭਾਵੇਂ ਓਵਰ ਅੰਬੀਸ਼ੀਅਸ ਵੀ ਹੋਵੇ ਪਰ ‘‘ਸਬਮਿਸਵ” ਅਤੇ ਰਉਂ-ਰੁਖ ਚੱਲਣ ਵਾਲੀ ਹੋਵੇਗੀ। ਬਹੁਤ ਛੇਤੀ ਮੇਰੀ ਸ਼ਖ਼ਸੀਅਤ ਦੇ ਢਾਂਚੇ ਵਿਚ ਢਲ ਕੇ ਮੇਰਾ ਹੀ ਰੂਪ ਹੋ ਜਾਵੇਗੀ। ਏਸੇ ਦੀ ਤਾਂ ਮੈਨੂੰ ਭਾਲ ਸੀ। ਆਹ ਤਾਂ ਰੱਬ ਨੇ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ ਵਾਲੀ ਗੱਲ ਹੋ ਨਿੱਬੜੀ ਸੀ।

ਕੁਝ ਦਿਨਾਂ ਵਿਚ ਹੀ ਮਨਮੀਤ ਕੰਮ ਨੂੰ ਇਉਂ ਜੁਟ ਪਈ ਕਿ ਥੀਸਿਜ਼ ਉਸ ਲਈ ਮੱਛੀ ਦੀ ਅੱਖ ਅਤੇ ਉਹ ਖੁਦ ਅਰਜਨ ਦਾ ਤੀਰ ਜਾਪਣ ਲੱਗੀ। ਛੁੱਟੀ ਵਾਲੇ ਦਿਨ ਵੀ ਕੰਮ ਨੂੰ ਜੁਟੀ ਰਹਿੰਦੀ। ਸ਼ਾਮ ਨੂੰ ਮੇਰੇ ਕੈਂਪਸ ਵਾਲੇ ਘਰ ਆ ਕੇ ਵੀ ਡਿਸਕਸ ਕਰਦੀ ਰਹਿੰਦੀ। ਮੇਰੀ ਮਨੋਵਿਗਿਆਨਕ ਸੂਝ ਦੱਸਦੀ ਸੀ ਕਿ ਪਹਿਲਾਂ ਮੇਰੇ ਵਿਚ ਅਤੇ ਫਿਰ ਮੇਰੇ ਘਰ ਵਿਚ ਉਸ ਦੀ ਰੁਚੀ ਵਧਣ ਲੱਗ ਪਈ ਸੀ। ਥੀਸਿਸ ਬਾਰੇ ਗੱਲ ਕਰਦਿਆਂ ਕਰਦਿਆਂ ਅਚਾਨਕ ਉਹ ਆਨੀਂ-ਬਹਾਨੀਂ ਮੇਰੇ ਨਿੱਜੀ ਅਤੇ ਪਰਿਵਾਰਕ ਪਿਛੋਕੜ ਦੀ ਜਾਣਕਾਰੀ ਲੈਣ ਲੱਗ ਜਾਂਦੀ।

‘‘ਸਰ, ਪੇਰੈਂਟਸ ਨੇ ਕਦੇ ਸੋਡੀ ਮੈਰਿਜ਼ ਲਈ ਜ਼ੋਰ ਨੀ ਪਾਇਆ?” ਸਿੱਧਾ ਅੱਖਾਂ ‘ਚ ਝਾਕਦਿਆਂ ਉਹ ਅਪਣੱਤ ਨਾਲ ਪੁੱਛਦੀ।

‘‘ਬਹੁਤ ਪ੍ਰੈਸ਼ਰ ਪਾਉਂਦੇ ਐ, ਪਰ ਕੋਈ ਕੁੜੀ ਅਪੀਲ ਕਰਦੀ ਤਾਂ ਈ ਗੱਲ ਤੁਰਦੀ ਨਾ ਅੱਗੇ।” ਮੈਂ ਦੱਸਦਾ।

‘‘ਵੈਰੀ ਮੱਚ ਰਾਈਟ ਸਰ, ਕੋਈ ਲੱਖਾਂ ‘ਚੋਂ ਇਕ ਹੀ ਸੋਡੇ ਨਾਲ ਵਰ ਮੇਚ ਸਕਦੀ ਐ। ਤੁਸੀਂ ਤਾਂ ਜਿਸ ‘ਤੇ ਉਂਗਲ ਰੱਖ ਦੇਵੋਂ ਉਸ ਦੀ ਹਾਂ ਹੋਏਗੀ, ਮੇਰਾ ਯਕੀਨ ਐ, ਸਰ।” ਉਹ ਮੁਸਕੁਰਾਉਂਦਿਆਂ ਮੇਰੀ ਵਡਿਆਈ ਦੇ ਪੁਲ ਉਸਾਰਨ ਲਗਦੀ।

ਮੈਂ ਅੰਦਰੋਂ ਖੁਸ਼ ਸਾਂ। ਮੇਰਾ ਰਿਮੋਟ ਪੂਰੀ ਤਰ੍ਹਾਂ ਕੰਮ ਕਰ ਰਿਹਾ ਸੀ ਅਤੇ ਮਨਮੀਤ ਉਸੇ ਦਿਸ਼ਾ ਵੱਲ ਤੁਰ ਪਈ ਸੀ ਜਿੱਧਰ ਮੈਂ ਤੋਰਨਾ ਚਾਹੁੰਦਾ ਸਾਂ। ਉਸ ਸਮੇਂ ਤਾਂ ਮੇਰੀ ਹੈਰਾਨੀ ਦੀ ਹੱਦ ਹੀ ਨਾ ਰਹਿੰਦੀ ਜਦੋਂ ਮਨਮੀਤ ਮੇਰੀਆਂ ਉਹ ਇੱਛਾਵਾਂ ਵੀ ਸਮਝ ਲੈਂਦੀ ਜਿਹੜੀਆਂ ਮੈਂ ਅਜੇ ਕਿਸੇ ਵੀ ਜੈਸਚਰ ਨਾਲ ਬਾਹਰ ਨਾ ਵਿਖਾਲੀਆਂ ਹੁੰਦੀਆਂ।

‘‘ਸਰ, ਚਾਹ ਪੀਣ ਦਾ ਮਨ ਐ?” ਕਈ ਵਾਰ ਕੰਮ ਕਰਦਿਆਂ ਕਰਦਿਆਂ ਉਹ ਅਚਾਨਕ ਪੁੱਛਦੀ ਅਤੇ ਮੇਰੇ ਕੁਝ ਕਹਿਣ ਤੋਂ ਪਹਿਲਾਂ ਹੀ ਕਿਚਨ ਵੱਲ ਜਾਣ ਲਈ ਉੱਠ ਪੈਂਦੀ।

‘‘ਕੈਸਾ ਟਾਪਿਕ ਚੁਣ ਬੈਠੀ ਮੈਂ, ਕੰਪਲੈਕਸ ਪ੍ਰਾਬਲੈਮ ਹੈ ਸਰ, ਹਿਊਮਨ ਬਿਹੇਵੀਅਰ ਬਾਰੇ ਪਰਡਿਕਟ ਕਰਨਾ, ਏਥੇ ਆ ਕੇ ਤਾਂ ਵਿਚਾਰੀ ਸਾਈਕਾਲੋਜੀ ਦੀ ਵੀ ਬਰੇਕ ਲੱਗ ਜਾਂਦੀ ਐ; ਆਈ ਥਿੰਕ ਪਹਿਲਾਂ ਚਾਹ ਪੀਨੇ ਆਂ, ਫਿਰ ਤਾਜ਼ਾ ਦਮ ਹੋ ਕੇ ਇਸ ਮਸਲੇ ਨਾਲ ਦੋ-ਚਾਰ ਹੋਵਾਂਗੇ।” ਕਹਿੰਦਿਆਂ ਉਹ ਕਿਚਨ ਵਿਚ ਚਲੀ ਜਾਂਦੀ।

ਮੈਂ ਅਧਲੇਟੀ ਹਾਲਤ ਵਿਚ ਸੋਫ਼ੇ ਉੱਤੇ ਬੈਠਾ ਉਸ ਦੀ ਨਿੱਕੀ ਤੋਂ ਨਿੱਕੀ ਹਰਕਤ ਨੂੰ ਨਿਹਾਰਦਾ ਰਹਿੰਦਾ। ਉਹ ਟੀ-ਪੈਨ ਚੱਕਦੀ, ਪਾਣੀ ਪਾਉਂਦੀ, ਗੈਸ ਉੱਤੇ ਧਰਦੀ ਤਾਂ ਕਿਸੇ ਵੀ ਚੀਜ਼ ਦਾ ਭੋਰਾ-ਭਰ ਖੜਕਾ ਨਾ ਹੋਣ ਦਿੰਦੀ। ਇਉਂ ਲਗਦਾ ਜਿਵੇਂ ਕਿਸੇ ਗੈਬੀ ਸ਼ਕਤੀ ਨੇ ਚਾਹ ਬਣਾ ਕੇ ਕੱਪਾਂ ਵਿਚ ਪਾ ਦਿੱਤੀ ਹੋਵੇ। ਘਰ ਵਿਚ ਇਸ ਕਿਸਮ ਦੀ ਬੇ-ਆਵਾਜ਼ ਨਾਰੀ-ਹੋਂਦ ਦੀ ਤਾਂ ਮੈਂ ਵੀ ਕਲਪਨਾ ਨਹੀਂ ਕਰ ਸਕਿਆ ਸਾਂ ਕਿ ਉਹ ਹਵਾ ਵਾਂਗ ਮਹਿਸੂਸ ਹੋਵੇ, ਸੁਖ ਦੇਵੇ ਪਰ ਨਜ਼ਰ ਨਾ ਆਵੇ। ਟਰੇਅ ਵਿਚ ਕੇਤਲੀ, ਕੱਪ, ਮਿਲਕ ਪਾੱਟ, ਸ਼ੂਗਰ ਕਿਊਬਜ਼ ਦਾ ਪੈਕ, ਬਿਸਕੁਟ ਅਤੇ ਨੈਪਕਿਨ ਰੱਖੀ ਉਹ ਕਿਸੇ ਸਟੇਜੀ ਅਦਾਕਾਰ ਵਾਂਗ ਇਉਂ ਅਡੋਲ ਜਿਹੀ ਤੁਰੀ ਆਉਂਦੀ ਦਿਸਦੀ ਕਿ ਵੇਖ ਕੇ ਮਨ ਸਕੂਨ ਨਾਲ ਭਰ ਜਾਂਦਾ। ‘ਮਨਮੀਤ ਵਿਚ ਏਹ ਕੋਈ ਅਨੋਖੀ ਹੀ ਸੈਂਸ ਸੀ ਕਿ ਛਲੇਡੇ ਵਾਂਗ ਸਾਹਮਣੇ ਵਾਲੇ ਦੀ ਇੱਛਾ ਅਨੁਕੂਲ ਰੂਪ ਧਾਰ ਲੈਂਦੀ ਐ।‘ ਇਹ ਵਿਚਾਰ ਅਕਸਰ ਮਨ ਵਿਚ ਆਉਂਦਾ। ‘ਇਹ ਸਭ ਕਿੱਥੋਂ ਸਿੱਖਿਐ ਮਨਮੀਤ?‘ ਹਰ ਵਾਰ ਇਹ ਜਾਨਣਾ ਚਾਹੁੰਦਾ ਪਰ ਪੁੱਛਦਾ ਨਾ। ਮੇਰਾ ਅੰਦਰਲਾ ਲੋਚਦਾ ‘ਕਾਸ਼ ਏਹ ਥੀਸਿਸ ਵਰਕ ਇਉਂ ਹੀ ਚਲਦਾ ਰਹੇ, ਉਮਰ ਭਰ ਕਦੇ ਨਾ ਮੁੱਕੇ। ਕਿਸੇ ਮਨੋਵਿਗਿਆਨੀ ਨੇ ਠੀਕ ਹੀ ਕਿਹਾ ਹੈ ਕਿ ਮਨ ਚਾਹੀ ਸਥਿਤੀ ਵਿਚ ਕੰਮ ਵੀ ਖੇਡ ਬਣ ਜਾਂਦਾ ਹੈ।‘ ਸੱਚ ਹੀ ਤਾਂ ਸੀ। ਥਕਾਵਟ ਸ਼ਬਦ ਤਾਂ ਸਾਡੀ ਸੋਚ ਦੀ ਡਿਕਸ਼ਨਰੀ ਵਿਚੋਂ ਜਿਵੇਂ ਗਾਇਬ ਹੀ ਹੋ ਗਿਆ ਸੀ।

‘‘ਮਨਮੀਤ ਤੈਨੂੰ ਥੀਸਿਸ ਸਬਮਿਟ ਕਰਨ ਦੀ ਏਨੀ ਕਾਹਲੀ ਕਿਉਂ ਐਂ? ਕੋਈ ਪ੍ਰੈਸ਼ਰ ਐ?” ਮਨਮੀਤ ਦੇ ਚਲੇ ਜਾਣ ਦੇ ਖ਼ਿਆਲ ਨਾਲ ਭੈਅ ਆਉਣ ਲਗਦਾ ਤਾਂ ਮੇਰੇ ਤੋਂ ਪੁੱਛਿਆ ਜਾਂਦਾ।

‘‘ਯੈਸ ਸਰ, ਓਹੀ ਪ੍ਰਾਬਲੈਮ ਵਿਆਹ ਵਾਲੀ ਜਿਹੜੀ ਭਾਰਤ ਦੀਆਂ ਨੱਬੇ ਪਰਸੈਂਟ ਕੁੜੀਆਂ ਦੇ ਸਿਰ ਤੇ ਤਲਵਾਰ ਵਾਂਗੂੰ ਲਟਕਦੀ ਰਹਿੰਦੀ ਐ। ਮੇਰੀ ਉਮਰ ਵਧਦੀ ਐ, ਤੇ ਪੇਰੈਂਟਸ ਦੀ ਹਾਈਪਰਟੈਨਸ਼ਨ। ਬੱਸ ਗਿਣਤੀ-ਮਿਣਤੀ ਦਾ ਮੰਗਵਾਂ ਟੈਮ ਹੀ ਮਿਲਿਐ ਮਸਾਂ।” ਉਸ ਨੇ ਬਾਦਲੀਲ ਢੰਗ ਨਾਲ ਦੱਸਦਿਆਂ ਕੱਪ ਬੁੱਲ੍ਹਾਂ ਨੂੰ ਛੁਹਾਇਆ ਅਤੇ ਬਿਨਾਂ ਸੁੜ੍ਹਾਕਾ ਮਾਰਿਆਂ ਸਹਿਜ ਅਤੇ ਸਲੀਕੇ ਨਾਲ ਚੁਸਕੀ ਲਈ।

‘‘ਯੂ ਆਰ ਵੈਰੀ ਮੱਚ ਰਾਈਟ, ਮੇਰੀ ਇਕ ਸਟੂਡੈਂਟ ਨੂੰ ਤਾਂ ਵਿਆਹ ਕਰਕੇ ਪੀ-ਐੱਚ.ਡੀ. ਅਧਵਾਟੇ ਹੀ ਛੱਡਣੀ ਪੈ ਗਈ ਸੀ।” ਮੈਂ ਆਪਣਾ ਖਦਸ਼ਾ ਦੱਸਿਆ।

‘‘ਨੋਹ ਸਰ, ਏਸ ਪੱਖੋਂ ਮੈਂ ਡੈਫੀਨੇਟਲੀ ਕਲੀਅਰ ਤੇ ਅਸੱਰਟਿਵ ਆਂ, ਮੈਂ ਪੇਰੈਂਟਸ ਨੂੰ ਪੂਰੀ ਰਸਪੈਕਟ ਦਿੰਦੀ ਆਂ ਪਰ ਮੇਰੀ ਮਰਜ਼ੀ ਤੋਂ ਬਿਨਾਂ ਕੁਝ ਨਈਂ ਹੋ ਸਕਦਾ ਘਰ ਵਿਚ। ਯੂ ਨੋ ਸਰ ਅਰੇਂਜਡ ਮੈਰਿਜ਼ ਨੇ ਗੁਰਜੋਤ ਦੀਦੀ ਦੀ ਗਰੋਥ ਨੂੰ ਕਿਵੇਂ ਸਟੱਕ ਕੀਤਾ ਐ। ਵਿਚਾਰੀ ਪੰਜਾਂ ਸਾਲਾਂ ਤੋਂ ਪੀ-ਐੱਚ.ਡੀ. ਵਿਚ ਅਟਕੀ ਹੋਈ ਐ। ਸਰ ਮੇਰੀਆਂ ਫਲਾਈਟਸ ਜ਼ਰਾ ਉੱਚੀਆਂ ਤੇ ਹੋਰ ਨੇ।” ਮਨਮੀਤ ਦੀਆਂ ਅੱਖਾਂ ਵਿਚ ਸਵੈ-ਵਿਸ਼ਵਾਸ ਦੀ ਲਿਸ਼ਕਵੀਂ ਲਕੀਰ ਵੇਖ ਕੇ ਮੈਨੂੰ ਭੈਅ ਜਿਹਾ ਮਹਿਸੂਸ ਹੋਇਆ। ਇਸ ਲਈ ਮੈਂ ਦੁਹਰਾ ਕੇ ਪੁੱਛਿਆ, ‘‘ਹੋਰ ਮੀਨਜ਼?” ਐਨੀ ਥਿੰਗ ਅਲਟਰਾ-ਮਾਡਰਨ?”

‘‘ਸਰ ਨਾਟ ਸੋ ਕਾਲਡ ਅਲਟਰਾ-ਮਾਡਰਨ, ਬੱਟ ਅਕਡੈਮਿਕ। ਟੂ ਬੀ ਵੈਰੀ ਫਰੈਂਕ ਮੇਰੀ ਅੰਬੀਸ਼ਨ ਇਸ ਫੀਲਡ ਵਿਚ ਬਹੁਤ ਉਤਾਂਹ ਤੱਕ ਜਾਣ ਦੀ ਐ। ਏਸੇ ਲਈ ਮੈਰਿਜ਼ ਵੀ ਇਹੀ ਸੋਚ ਕੇ ਕਰਨੀ ਐਂ ਕਿ ਪੋਸਟ-ਡੌਕਟਰੇਟ ਵਾਲੀ ਰਿਸਰਚ ਲਈ ਯੂਨੀਵਰਸਿਟੀ ਕੈਂਪਸ ਵਰਗਾ ਮਾਹੌਲ ਮਿਲੇ। ਕੰਪੇਨੀਅਨ ਮਚਿਉਰ ਹੋਵੇ ਮੇਰੇ ਸੁਪਨਿਆਂ ਦੀ ਪੂਰਤੀ ਲਈ ਮਦਦਗਾਰ ਬਣਨ ਵਾਲਾ, ਸੌਹਰੇ ਪਰਿਵਾਰ ਦੀ ਲਾਇਬਿਲਿਟੀਜ਼ ਘੱਟ ਤੋਂ ਘੱਟ ਹੋਣ, ਆਪਣੇ ਸਬਜੈਕਟ ਉੱਤੇ ਮੈਂ ਕੰਨਸਟ੍ਰੇਟ ਕਰ ਸਕਾਂ … ਸੋਡੇ ਵਾਂਗ ਹੀ … ਯੂ ਨੋ ਵੈਰੀ ਵੈੱਲ ਸਰ … ਨੋ ਨੀਡ ਟੂ ਐਕਸਪਲੇਨ।” ਕਹਿੰਦਿਆਂ ਉਹ ਸਹਿਵਨ ਹੀ ਡਰਾਇੰਗ ਰੂਮ ਦੀ ਉਸ ਕੰਧ ਵੱਲ ਵੇਖਣ ਲੱਗੀ ਜਿਸ ਉੱਤੇ ਮੇਰੀ ਫੋਟੋ ਲੱਗੀ ਹੋਈ ਸੀ। ਇਤਫ਼ਾਕ ਦੀ ਗੱਲ ਹੀ ਸੀ ਕਿ ਉਹ ਪਿਕਚਰ ਮੈਂ ਕਦੇ ਮੈਟਰੀਮੋਨੀਅਲ ਪਰਪਜ਼ ਨਾਲ ਖਿਚਵਾਈ ਸੀ।

ਕੋਈ ਕੰਵਾਰੀ ਕੁੜੀ ਭਲਾ ਇਸ ਤੋਂ ਵੱਧ ਹੋਰ ਕੀ ਕਹਿ ਸਕਦੀ ਸੀ? ਮਨਮੀਤ ਦੇ ਉੱਤਰ ਵਿਚ ਸਭ ਕੁਝ ਤਾਂ ਚਿੱਟੇ ਦਿਨ ਵਾਂਗ ਸਪੱਸ਼ਟ ਸੀ। ਆਪਣੀ ਮਨੋਵਿਸ਼ਲੇਸ਼ਣੀ ਸੂਝ ਦੇ ਘੋੜੇ ਹੋਰ ਭਜਾਉਣ ਦੀ ਮੈਨੂੰ ਭਲਾ ਹੁਣ ਕੀ ਲੋੜ ਸੀ? ਹੁਣ ਤਾਂ ਜੰਗ ਜਿੱਤ ਚੁੱਕੀਆਂ ਫੌਜਾਂ ਦੇ ਅਰਾਮ ਕਰਨ ਦਾ ਸਮਾਂ ਸੀ। ਮੈਂ ਸੋਫ਼ੇ ਉੱਤੇ ਪਸਰ ਕੇ ਬੈਠਦਿਆਂ ਢੋਹ ਉੱਤੇ ਰੱਖਿਆ ਸਿਰ ਢਿੱਲਾ ਛੱਡ ਦਿੱਤਾ।

‘‘ਸਰ ਜੇ ਰਿਲੈਕਸ ਹੋ ਗਏ ਤਾਂ ਫਿਰ ਚਾਹ ਪੀਤੀ ਦਾ ਲਾਭ ਉਠਾਇਆ ਜਾਵੇ ਹੁਣ?” ਮੁਸਕਰਾਉਂਦਿਆਂ ਮਨਮੀਤ ਨੇ ਆਪਣੇ ਚੈਪਟਰ ਦਾ ਖਰੜਾ ਮੇਰੇ ਵੱਲ ਸਰਕਾ ਦਿੱਤਾ।

‘‘ਓ … ਸ਼ਿਓਰ।” ਮੈਂ ਸਿੱਧਾ ਹੋ ਕੇ ਬੈਠਦਿਆਂ ਕਿਹਾ, ‘‘ਮਨਮੀਤ ਏਸ ਗੱਲੋਂ ਤਾਂ ਤੇਰਾ ਥੈਂਕਸ ਕਰਨਾ ਬਣਦੈ। ਸੱਚੀ ਗੱਲ ਐ ਕਿ ਮੈਂ ਆਪਣੀ ਖੋਜ ਦੇ ਕੰਮ ਵਿਚ ਢਿੱਲਾ ਪੈਣ ਲੱਗ ਪਿਆ ਸੀ। ਤੇਰੇ ਆਉਣ ਨਾਲ ਫੇਰ ਫੁਰਤੀ ਮਹਿਸੂਸ ਹੋਣ ਲੱਗੀ ਐ। ਇਉਂ ਰਲ-ਮਿਲ ਕੇ ਆਪਾਂ ਬਹੁਤ ਕੁਝ ਨਵਾਂ ਅਚੀਵ ਕਰ ਸਕਦੇ ਹਾਂ।” ਮੇਰੀ ਪ੍ਰਸੰਸਾ ਦਾ ਤੀਰ ਐਨ ਟਿਕਾਣੇ ਜਾ ਲੱਗਾ। ਮਨਮੀਤ ਦੀਆਂ ਤਰਲ ਹੋਈਆਂ ਨਜ਼ਰਾਂ ਨੇ ਇਸ ਗੱਲ ਦੀ ਗਵਾਹੀ ਭਰੀ।

‘‘ਮੈਂ ਕੀ ਆਂ ਸਰ, ਸਭ ਸੋਡਾ ਪਰਤਾਪ ਐ ਜੀ। ਬਾਕੀ ਆਪਾਂ ਤਾਂ ਖੈਰ ਯਤਨ ਹੀ ਕਰ ਸਕਦੇ ਆਂ, ਕੀ ਪਤੈ ਫਿਊਚਰ ਦੀ ਕੁੱਖ ਵਿਚ ਕੀ ਐ?” ਮਨਮੀਤ ਬੇਵਜ੍ਹਾ ਨਿਰਾਸ਼ ਜਿਹੀ ਹੋ ਗਈ। ਸ਼ਾਇਦ ਮੇਰੀ ‘ਓਵਰ ਪੋਜੈਸਵਨੈੱਸ‘ ਤੋਂ ਘਬਰਾ ਗਈ ਹੋਵੇ। ਉਸ ਦਾ ਧਿਆਨ ਬਦਲਣ ਲਈ ਮੈਂ ਚੈਪਟਰ ਉੱਤੇ ਨਜ਼ਰ ਘੁੰਮਾਉਂਦਿਆਂ ਪੁੱਛਿਆ, ‘‘ਮਨਮੀਤ ਆਪਾਂ ਹਾਈਪੋਥੀਸਿਸ ਨੂੰ ਥੀਸਸ ਵਿਚ ਬਦਲਣ ਲਈ ਕਿਸ ਕਥਾ ਨੂੰ ਬੇਸ ਬਣਾ ਰਹੇ ਆਂ ਭਲਾ?”

‘‘ਸਰ, ਓਹੀ ਕਿਸਾਨ ਦੀ ਤੀਵੀਂ ਵਾਲੀ ਕਥਾ ਨੂੰ। ਸੋਕੇ ਦੇ ਦਿਨਾਂ ਵਿਚ ਹਟਵਾਣੀਏਂ ਤੋਂ ਅਨਾਜ ਲੈਣ ਲਈ ਆਪਣੇ ਰੂਪ ਦੀ ਜੁਗਤ ਵਰਤਦੀ ਹੈ। ਫਸਲ ਆਉਣ ਤੱਕ ਹਟਵਾਣੀਏਂ ਨੂੰ ਲਾਰਿਆਂ-ਲੱਪਿਆਂ ਨਾਲ ਟਾਲ ਕੇ ਆਪਣਾ ਜਤ-ਸਤ ਵੀ ਕਾਇਮ ਰੱਖਦੀ ਐ ਅਤੇ ਪਰਿਵਾਰ ਦਾ ਔਖਾ ਵਕਤ ਵੀ ਲੰਘਾ ਲੈਂਦੀ ਐ।” ਮਨਮੀਤ ਕਥਾ ਦਾ ਤੱਤ-ਸਾਰ ਦੱਸਦੀ ਹੈ।

‘‘ਠੀਕ … ਇਸ ਵਿਚ ਸੱਤਾਵਾਨ ਅਤੇ ਸੱਤਾਹੀਨ ਦੇ ਹਿਤਾਂ ਦਾ ਸੰਘਰਸ਼ ਵੀ ਹੈ ਅਤੇ ਆਪਣਾ ਆਪਣਾ ਕੰਮ ਕੱਢਣ ਦੇ ਹੁਨਰ ਦੀ ਵਰਤੋਂ ਦਾ ਕਮਾਲ ਵੀ … ਯੂ ਆਰ ਐਬਸੋਲਿਊਟਲੀ ਕੁਰੈਕਟ।” ਮੈਂ ਮਨਮੀਤ ਨੂੰ ਦਾਦ ਦੇਣ ਵਾਂਗ ਕਿਹਾ।

‘‘ਸਰ ਮੋਰ-ਓਵਰ, ਇਕ ਕੋਣ ਤੋਂ ਤੀਵੀਂ ਧੋਖੇਬਾਜ ਲਗਦੀ ਐ, ਦੂਜੇ ਤੋਂ ਹਟਵਾਣੀਆਂ ਅਤੇ ਤੀਜੇ ਤੋਂ ਕਿਸਾਨ ਜਿਹੜਾ ਪਤਨੀ ਤੇ ਸ਼ੱਕ ਵੀ ਕਰਦੈ ਅਤੇ ਮਤਲਬ ਕੱਢਣ ਲਈ ਉਸ ਦੀ ਵਰਤੋਂ ਵੀ ਕਰਦੈ। ਆਈ ਥਿੰਕ ਮਾਮਲਾ ਬਹੁਤ ਕੰਪਲੈਕਸ ਐ। ਮੇਰੇ ਵਿਚਾਰ ਵਿਚ ਸੱਚ ਜਾਨਣ ਲਈ ਸਾਨੂੰ ਸਾਰੇ ਕੋਣਾਂ ਤੋਂ ਖੜ੍ਹ ਕੇ ਵੇਖਣਾ ਪਵੇਗਾ, ਐਮ.ਆਈ ਰਾਈਟ ਸਰ?” ਮਨਮੀਤ ਨੇ ਮੇਰੇ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਕਹਿਣਾ ਚਾਹੁੰਦੀ ਹੋਵੇ ਆਪਣੇ ਵਿਚ ਹੁਣ ਦੋ ਰਾਵਾਂ ਦੀ ਗੁੰਜਾਇਸ਼ ਕਿੱਥੇ ਹੈ? ਜਾਂ ਸ਼ਾਇਦ ਮੈਂ ਹੀ ਉਸ ਦੀਆਂ ਨਜ਼ਰਾਂ ਦੇ ਇਹ ਅਰਥ ਕੱਢੇ।

ਕੀ ਅਸੀਂ ਸੱਚਮੁੱਚ ਇਕੋ ਤਰ੍ਹਾਂ ਹੀ ਸੋਚਣ ਲੱਗ ਪਏ ਸਾਂ? ਇਕ ਮਨੋਵਿਗਿਆਨੀ ਦੇ ਤਰਕ ਨਾਲ ਸੋਚਦਿਆਂ ਮੈਨੂੰ ਇਹ ਅਣਹੋਣੀ ਜਿਹੀ ਗੱਲ ਜਾਪੀ। ਭਲਾ ਦੋ ਵਿਅਕਤੀਆਂ ਦਾ ਨਜ਼ਰੀਆ ਇਕੋ ਕਿਵੇਂ ਹੋ ਸਕਦਾ ਹੈ? ਉਹ ਵੀ ਜੇ ਦੋਵੇਂ ਤੀਵੀਂ-ਮਰਦ ਹੋਣ? ‘ਚਲੋ ਅੱਲੋਕਾਰ ਹੀ ਸਹੀ, ਅੱਲੋਕਾਰੀ ਗੱਲਾਂ ਵੀ ਤਾਂ ਇਸੇ ਜਗਤ ਵਿਚ ਵਾਪਰਦੀਆਂ ਹਨ।’ ਸੋਚਦਿਆਂ ਮੈਂ ਆਪਣੀ ਸ਼ੱਕੀ ਦੁਬਿਧਾ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਸ਼ਾਂਤ ਹੋ ਕੇ ਸੋਚਦਾ ਤਾਂ ਜਾਪਦਾ ਕਿ ਮੈਨੂੰ ਮਨੋਵਿਗਿਆਨ ਦੇ ਫੋਬੀਏ ਨੇ ਘੇਰ ਲਿਆ ਸੀ। ਮੈਨੂੰ ਆਮ ਗੱਲਾਂ ਅਤੇ ਹਰਕਤਾਂ ਦੇ ਵੀ ਡੂੰਘੇ ਮੀਨਿੰਗ ਭਾਲਣ ਦੀ ਬਿਮਾਰੀ ਲੱਗ ਗਈ ਸੀ। ਥੀਸਸ ਮੁਕੰਮਲ ਕਰਨ, ਟਾਈਪ ਕਰਾਉਣ ਅਤੇ ਜਲਦੀ ਸਬਮਿਟ ਕਰਨ ਦੇ ਝੰਜਟਾਂ ਵਿਚ ਉਲਝੀ ਮਨਮੀਤ ਕਿਤੇ ਮੇਰੇ ਵੱਲੋਂ ਰਤਾ ਕੁ ਬੇਧਿਆਨੀ ਹੋ ਜਾਂਦੀ ਤਾਂ ਮੈਂ ਇਸ ਨੂੰ ਕੋਈ ਹੋਰ ਹੀ ਅਰਥ ਦੇਣ ਲਗਦਾ।

‘‘ਮਨਮੀਤ ਕੀ ਤੂੰ ਲੋੜ ਤੋਂ ਵੱਧ ਕਾਹਲ ਨਈਂ ਕਰ ਰਹੀ?” ਮੇਰੀ ਆਵਾਜ਼ ਵਿਚੋਂ ਤਲਖ਼ੀ ਝਲਕਣ ਲੱਗੀ ਸੀ।

‘‘ਸਰ, ਸੌਰੀ, ਯੂ ਨੋ, ਸਿਆਲ ਭੱਜਿਆ ਜਾ ਰਿਹੈ, ਏਸ ਵਾਰ ਮੈਂ ਇਸ ਨੂੰ ਇਉਂ ਸੁੱਕਾ ਨਈਂ ਲੰਘਣ ਦੇਣਾ, ਜੇ ਜ਼ਰਾ ਕੁ ਵੀ ਕੰਮ ਅੜਿਆ ਰਹਿ ਗਿਆ ਤਾਂ ਵਿਆਹ ’ਚ ਬੀ ਦੇ ਲੇਖਾ ਪੈ ਜਾਣੈਂ। ਸੋ ਹਰ ਹੀਲੇ ਕੰਮ ਫਿਨਿਸ਼ ਕਰਨੈ, ਪਲੀਜ਼ ਹੈਲਪ ਮੀ ਸਰ।” ਮਨਮੀਤ ਦਾ ਤਰਲਾ ਮੇਰੀ ਸਾਰੀ ਤਲਖ਼ੀ ਡੀਕ ਗਿਆ।

ਮੈਂ ਫਿਰ ਸਹਿਜ ਹੋ ਗਿਆ।

ਆਪਣਾ ਕੰਮ ਮੁਕਾ ਕੇ ਜਿਸ ਦਿਨ ਮਨਮੀਤ ਜਾਣ ਤੋਂ ਪਹਿਲਾਂ ਮਿਲਣ ਆਈ ਉਸ ਦਿਨ ਗੁਰਜੋਤ ਵੀ ਨਾਲ ਸੀ। ਪਤਾ ਨਹੀਂ ਅਜਿਹੇ ਖਾਸ ਮੌਕੇ ਉਹ ਗੁਰਜੋਤ ਨੂੰ ਨਾਲ ਕਿਉਂ ਲੈ ਆਈ ਸੀ। ਕੋਈ ਵੀ ਗੱਲ ਖੁੱਲ੍ਹ ਕੇ ਨਹੀਂ ਸੀ ਹੋ ਰਹੀ।

‘‘ਲੈ ਬਈ ਮਨਮੀਤ ਤੇਰਾ ਟਾਰਗੈੱਟ ਤਾਂ ਪੂਰਾ ਹੋ ਗਿਐ, ਹੁਣ ਲੱਡੂ ਕਦੋਂ ਖੁਆ ਰਹੀ ਐਂ?” ਕੁਦਰਤੀ ਜਿਹੜੀ ਗੱਲ ਮੈਂ ਪੁੱਛਣੀ ਸੀ ਉਹ ਗੁਰਜੋਤ ਨੇ ਪੁੱਛ ਕੇ ਮੇਰਾ ਕੰਮ ਸੁਖਾਲਾ ਕਰ ਦਿੱਤਾ।

‘‘ਬੱਸ ਵਾਈਵਾ ਹੋਣ ਤੋਂ ਪੰਦਰਾਂ ਦਿਨ ਬਾਅਦ ਤਿਆਰ ਰਹਿਣਾ।” ਹੱਸਦਿਆਂ ਮਨਮੀਤ ਨੇ ਕਿਹਾ ਗੁਰਜੋਤ ਨੂੰ ਪਰ ਜਿਵੇਂ ਸੁਣਾਇਆ ਮੈਨੂੰ। ਮੈਂ ਸਮਝ ਗਿਆ। ਹੁਣ ਇਸ ਬਾਰੇ ਹੋਛੇ ਢੰਗ ਨਾਲ ਕੋਈ ਗੱਲ ਕਰਨ ਦੀ ਜ਼ਰੂਰਤ ਵੀ ਨਹੀਂ ਸੀ। ਅਸੀਂ ਸਰਸਰੀ ਗੱਲਾਂ ਕਰਦੇ ਰਹੇ।

ਮਨਮੀਤ ਦੇ ਜਾਣ ਤੋਂ ਪਿੱਛੋਂ ਇਕ ਦਿਨ ਮਨ ਵਿਚ ਆਈ ਕਿ ਮਾਂ ਨਾਲ ਅੰਦਰਲੀ ਗੱਲ ਸਾਂਝੀ ਕਰਕੇ ਕਹਾਂ, ‘‘ਮਾਂ ਮੈਨੂੰ ਤੇਰੀਆਂ ਤੇ ਮੇਰੀਆਂ ਸੋਚਾਂ ਦੇ ਮੇਚ ਦੀ ਕੁੜੀ ਮਿਲ ਗਈ ਐ, ਹੈ ਤਾਂ ਜੱਟਾਂ ਦੀ ਕੁੜੀ ਪਰ ਸਰਦਾਰਾਂ ਦੀ ਧੀ ਤੋਂ ਚਾਰ ਰੱਤੀਆਂ ਵੱਧ ਐ। ਸੁਹਜ-ਸਲੀਕਾ ਸਰਦਾਰਨੀਆਂ ਵਾਲਾ ਅਤੇ ਅਕਲ ਇੱਕੀਵੀਂ ਸਦੀ ਦੀਆਂ ਕੁੜੀਆਂ ਵਾਲੀ, ਹੈ ਨਾ ਕਮਾਲ?” ਫਿਰ ਰੁਕ ਗਿਆ। ਸੋਚਿਆ ਪਹਿਲਾਂ ਪੱਕੀ ਤਰ੍ਹਾਂ ਹਾਂ ਹੋ ਜਾਵੇ ਫਿਰ ਅਚਾਨਕ ਸਰਪ੍ਰਾਈਜ਼ ਦੇਵਾਂਗਾ।

ਅੰਤ ਮਨਮੀਤ ਦਾ ਵਾਈਵਾ ਵੀ ਹੋ ਗਿਆ ਅਤੇ ਉਸ ਤੋਂ ਪਿੱਛੋਂ ਘਰੇ ਗਈ ਨੂੰ ਵੀ ਮਹੀਨਾ ਹੋ ਚੱਲਿਆ ਸੀ ਪਰ ਅਜੇ ਕੋਈ ਪਾਜ਼ੇਟਿਵ ਖ਼ਬਰ ਨਹੀਂ ਆਈ ਸੀ। ਮਨ ਵਿਚ ਕਈ ਵਾਰ ਸ਼ੱਕ ਦਾ ਨਾਗ ਫ਼ਨ ਚੁੱਕਦਾ ਤਾਂ ਉਸ ਨੂੰ ਸ਼ਾਂਤ ਕਰਨ ਲਈ ਗੱਲ ਨੂੰ ਦੂਜੇ ਕੋਣ ਤੋਂ ਖੜ੍ਹ ਕੇ ਵੇਖਣ ਲਗਦਾ, ‘ਘਰ ਦੇ ਉਮਰ ਦੇ ਪਾੜੇ ਵਾਲਾ ਇਸ਼ੂ ਨਾ ਬਣਾ ਕੇ ਬੈਠ ਗਏ ਹੋਣ, ਸ਼ਾਇਦ ਉਹ ਕਨਵਿੰਸ ਕਰ ਰਹੀ ਹੋਵੇ।’ ਕਦੇ ਖੁਦ ਫੋਨ ਕਰ ਕੇ ਪੁੱਛਣ ਦਾ ਖ਼ਿਆਲ ਆਉਂਦਾ ਪਰ ਉਸੇ ਵੇਲੇ ਅੰਦਰ ਸਰਦਾਰੀ ਵਾਲੀ ਈਗੋ ਦੀ ਚੰਗਿਆੜੀ ਮਘਣ ਲੱਗ ਪੈਂਦੀ। ਇਸ ਤਰ੍ਹਾਂ ਪਹਿਲ ਕਰਕੇ ਚਾਹਤ ਵਿਖਾਉਣੀ ਤਾਂ ਝੁਕਣ ਵਾਲੀ ਗੱਲ ਸਮਝੀ ਜਾਣੀ ਸੀ।

ਇਕ ਦਿਨ ਟੇਢੇ ਢੰਗ ਨਾਲ ਗੁਰਜੋਤ ਤੋਂ ਪਤਾ ਕਰਨ ਦਾ ਯਤਨ ਕੀਤਾ, ‘‘ਗੁਰਜੋਤ ਤੇਰੀ ਸਹੇਲੀ ਦੇ ਲੱਡੂਆਂ ਦੀ ਕੋਈ ਖ਼ਬਰਸਾਰ ਬਈ?” ਮੈਂ ਹਾਸੇ ਹਾਸੇ ਵਿਚ ਕਿਹਾ।

‘‘ਕੀ ਪਤੈ ਸਰ, ਫੋਨ ਵੀ ਨਹੀਂ ਲੈ ਰਹੀ, ਸ਼ਾਇਦ ਨੰਬਰ ਬਦਲ ਗਿਐ।” ਖੁਦ ਗੁਰਜੋਤ ਨੇ ਵੀ ਹੈਰਾਨੀ ਜ਼ਾਹਰ ਕੀਤੀ।

‘‘ਹੁਣ ਕਾਹਦੇ ਵਿਚ ਬਿਜ਼ੀ ਹੋਵੇਗੀ?” ਮੈਂ ਕੋਈ ਰਾਜ਼ ਕਢਵਾਉਣ ਦੇ ਇਰਾਦੇ ਨਾਲ ਪੁੱਛਿਆ।

‘‘ਕੋਈ ਨਵਾਂ ਰੋਲ ਕਰ ਰਹੀ ਹੋਵੇਗੀ ਸਰ।” ਕਹਿਕੇ ਉਹ ਖਿੜ ਖਿੜਾਕੇ ਹੱਸ ਪਈ।

‘‘ਨਵਾਂ ਰੋਲ?” ਮੈਂ ਕੁਝ ਹੋਰ ਹੀ ਸੋਚ ਕੇ ਸੀਰੀਅਸ ਹੋ ਗਿਆ।

‘‘ਜਸਟ ਜੋਕਿੰਗ ਸਰ, ਅਸਲ ਵਿਚ ਇਹ ਮਨਮੀਤ ਦਾ ਈਡੀਅਮ ਐ, ਕਾਲਜ ਵਿਚ ਥੀਏਟਰ ਕਰਦੀ ਹੁੰਦੀ ਸੀ। ਹਰੇਕ ਕੰਮ ਨੂੰ ਰੋਲ ਹੀ ਆਖਦੀ ਹੁੰਦੀ ਸੀ, ਅਖੇ ਅਨਾਰਕਲੀ ਦਾ ਰੋਲ ਕਰ ਰਹੀ ਆਂ, ਐਮ.ਏ. ਕਰਨ ਦਾ ਰੋਲ ਕਰ ਰਹੀ ਆਂ, ਰਿਸਰਚ ਸਕਾਲਰ ਦਾ ਰੋਲ ਕੀਤਾ ਜਾ ਰਿਹੈ। ਬਹੁਤ ਫਨੀ ਕਿਸਮ ਦੀ ਐ ਸਰ ਮੈਨਾ ਤਾਂ।” ਗੁਰਜੋਤ ਨੇ ਹੱਸ ਹੱਸ ਲੋਟ-ਪੋਟ ਹੁੰਦਿਆਂ ਨਵਾਂ ਰਹੱਸ ਜਿਹਾ ਪੈਦਾ ਕਰ ਦਿੱਤਾ।

ਗੁਰਜੋਤ ਦੀਆਂ ਹਾਸੇ ਹਾਸੇ ਵਿਚ ਕੀਤੀਆਂ ਗੱਲਾਂ ਨੇ ਮੇਰੇ ਦਿਮਾਗ ਨੂੰ ਹੋਰ ਹੀ ਦਲੀਲਾਂ ਵਿਚ ਪਾ ਦਿੱਤਾ। ‘ਕਦੇ ਥੀਏਟਰ ਕਰਨ ਦੀ ਗੱਲ ਸਾਂਝੀ ਤਾਂ ਕੀਤੀ ਨਈਂ ਮਨਮੀਤ ਨੇ?’ ਮੈਂ ਇਸ ਭੇਤ ਦੇ ਅਰਥ ਲੱਭਣ ਲੱਗਿਆ। ਕਦੇ ਕਦੇ ਆਪਣੀ ਮਨੋਵਿਗਿਆਨਕ ਸੂਝ ਥੋਥੀ ਜਾਪਣ ਲਗਦੀ। ਅਜੀਬ ਜਿਹੀ ਉਧੇੜ-ਬੁਣ ਵਿਚ ਸਾਂ ਕਿ ਅੱਜ ਸਵੇਰੇ ਮਨਮੀਤ ਦੀ ਫੋਨ ਕਾਲ ਨੇ ‘ਸਰਪ੍ਰਾਈਜ਼‘ ਦੇ ਦਿੱਤਾ। ਉਸ ਦੇ ਦੋ ਬੋਲਾਂ ਨੇ ਸਭ ਸ਼ੰਕਿਆਂ ਦੀ ਮੈਲ ਨੂੰ ਧੋ ਦਿੱਤਾ ਹੈ।

ਮੈਂ ਕਾਹਲੀ ਨਾਲ ਤਿਆਰ ਹੋਣ ਲਗਦਾ ਹਾਂ। ਤਿਆਰ ਤਾਂ ਭਾਵੇਂ ਪਹਿਲਾਂ ਹੀ ਸਾਂ ਪਰ ਹੁਣ ਰਤਾ ਵੱਖਰੀ ਤਰ੍ਹਾਂ ਦੀ ਤਿਆਰੀ ਕਰਨੀ ਹੈ। ਚਾਹੁੰਦਾ ਹਾਂ ਮਨਮੀਤ ਦੇ ਮਾਪਿਆਂ ਨੂੰ ਵੀ ਪਹਿਲੀ ਨਜ਼ਰੇ ਜਚ ਜਾਵਾਂ। ਕੱਪੜਿਆਂ ਵਾਲੀ ਅਲਮਾਰੀ ਖੋਲ੍ਹੀ ਹੈ। ਪੱਗਾਂ ਦੇ ਢੇਰ ਹੇਠਾਂ ਦੱਬੀ ਪਈ ਗੁਲਾਬੀ ਰੰਗ ਦੀ ਪੱਗ ਛਾਂਟ ਲਈ ਹੈ। ਇਸ ਨਾਲ ਹਲਕੇ ਲੈਮਨ ਰੰਗ ਦੀ ਸਿਲਕੀ ਕਮੀਜ਼ ਠੀਕ ਰਹੇਗੀ। ਪਤਾ ਨਹੀਂ ਕਦੇ ਕੀ ਸੋਚ ਕੇ ਲਈ ਹੋਵੇਗੀ, ਉਂਜ ਇਸ ਦੀ ਲਿਸ਼ਕਵੀਂ ਆਭਾ ਕਰਕੇ ਕਦੇ ਵਿਭਾਗ ਜਾਂਦਾ ਨਹੀਂ ਪਾ ਸਕਿਆ। ਕਮੀਜ਼-ਪੱਗ ਨਾਲ ਹਲਕੇ ਬ੍ਰਾਊਨ ਕਲਰ ਦਾ ਕੋਟ-ਪੈਂਟ ਮੈਚ ਕਰਦਾ ਹੈ। ਇਹ ਸਾਰੇ ਰੰਗ ਹੀ ਸ਼ਗਨਾਂ ਵਾਲੇ ਹੋਣ ਕਰਕੇ ਚੁਣੇ ਹਨ। ਚਿਰਾਂ ਪਿੱਛੋਂ ਲੰਮੀ ਤਿੱਖੀ ਨੋਕ ਵਾਲੇ ਲੂਈ ਫਿਲਿਪ ਦੇ ਬੂਟਾਂ ਨੂੰ ਡੱਬੇ ਵਿਚੋਂ ਕੱਢਿਆ ਹੈ। ਪੂਰੀ ਰੀਝ ਨਾਲ ਚਿਣ ਚਿਣ ਕੇ ਪੱਗ ਬੰਨ੍ਹ ਲਈ ਹੈ। ਮਨ ਦੀ ਤਸੱਲੀ ਲਈ ਪਹਿਲਾਂ ਹੀ ਪ੍ਰੈਸ ਦਾਹੜੀ ਦੇ ਵਾਲਾਂ ਨੂੰ ਡੋਰੀ ਹੇਠ ਕਰਨ ਲਈ ਸਲਾਈ ਫੇਰਦਾ ਹਾਂ। ਚੈਨਲ-ਫਾਈਵ ਬਰਾਂਡ ਦੇ ਸੈਂਟ ਦਾ ਸਪਰੇਅ ਕਰਦਿਆਂ ਮਨ ਵਿਚ ਲਤੀਫ਼ੇ ਵਰਗਾ ਖ਼ਿਆਲ ਆਇਆ ਹੈ, ‘ਹੁਣ ਤਾਂ ਬੱਸ ਕਲਗੀ ਲਾਉਣ ਦੀ ਕਸਰ ਐ।’ ਸ਼ੀਸ਼ਾ ਤੱਕਦਿਆਂ ਮੇਰਾ ਹਾਸਾ ਨਿਕਲ ਗਿਆ ਹੈ। ‘ਪੁੱਤ ਸਰਦਾਰਾਂ ਦੇ …’ ਆਪਣੀ ਸਰਦਾਰੀ ਵਾਲੀ ਟੌਅਰ ਵੇਖ ਕੇ ਇਕ ਪੁਰਾਣਾ ਗੀਤ ਆਪਮੁਹਾਰੇ ਬੁੱਲ੍ਹਾਂ ਉੱਤੇ ਨੱਚਣ ਲੱਗ ਪਿਆ ਹੈ।

ਕੰਧ ’ਤੇ ਲੱਗੇ ਕਲਾਕ ਵੱਲ ਝਾਤੀ ਮਾਰਦਾ ਹਾਂ। ਸਮਾਂ ਠਹਿਰ ਗਿਆ ਲਗਦਾ ਹੈ। ਟਾਈਮ ਪਾਸ ਕਰਨ ਲਈ ਡਰਾਇੰਗ ਰੂਮ ਵਿਚ ਆ ਕੇ ਟੀ.ਵੀ. ਆਨ ਕਰ ਲਿਆ ਹੈ ਪਰ ਉਸ ਵਿਚ ਮਨ ਨਹੀਂ ਲੱਗ ਰਿਹਾ। ਫਿਰ ਏਧਰ ਓਧਰ ਟਹਿਲ ਕਦਮੀ ਕਰਨ ਲਗਦਾ ਹਾਂ। ‘ਟ … ਅ … ਨ’ ਬੈੱਲ ਹੋਈ ਹੈ।

ਕਿਸਮਤ ਪੁੜੀ ਖੋਹਲਣ ਵਾਂਗ ਸੰਭਲ ਕੇ ਬੂਹਾ ਖੋਹਲਦਾ ਹਾਂ। ਵੇਖ ਕੇ ਅਚੰਭਾ ਹੁੰਦਾ ਹੈ। ਮਨਮੀਤ ਦੀ ਥਾਂ ਬਾਹਰ ਕੋਈ ਹੋਰ ਹੀ ਪਲੱਸ-ਟੂ ਪਾਸ ਚੁਲਬਲੀ ਜਿਹੀ ਕੁੜੀ ਖੜ੍ਹੀ ਹੈ। ਸਕਾਈ ਬਲੂ ਜੀਨ ਨਾਲ ਉਸ ਨੇ ਕਾਲੇ ਰੰਗ ਦਾ ਸਕਿੱਨ ਫਿੱਟ ਟਾੱਪ ਪਾਇਆ ਹੋਇਆ ਹੈ। ਕੰਨਾਂ ਵਿਚ ਆਰਟੀਫਿਸ਼ੀਅਲ ਜਾਪਦੀਆਂ ਛੋਟੀਆਂ ਛੋਟੀਆਂ ਲਮਕਵੀਆਂ ਡੰਡੀਆਂ ਹਨ। ਡੀਪ ਗਲੇ ਦੇ ਟਾੱਪ ਵਿਚੋਂ ਜੋਬਨ ਡੁੱਲ੍ਹ ਡੁੱਲ੍ਹ ਜਾਂਦਾ ਹੈ। ‘ਏਹ ਕੀ ਕਮਲ ਕੁੱਟਿਐ ਅੱਜ ਏਹਨੇ, ਰੱਬਿਸ਼, ਨੌਨ ਸੈਂਸ‘ ਮਨਮੀਤ ਦਾ ਨਵਾਂ ਰੂਪ ਵੇਖ ਕੇ ਗਾਲ੍ਹ ਵਰਗਾ ਖ਼ਿਆਲ ਮੇਰੇ ਅੰਦਰੋਂ ਕਰੰਟ ਵਾਂਗ ਲੰਘਿਆ ਹੈ। ਮਨਮੀਤ ਵੱਲੋਂ ਧਿਆਨ ਹਟਾ ਕੇ ਮੈਂ ਉਸ ਦੇ ਪਿੱਛੇ ਖੜ੍ਹੇ ਮੰਮੀ-ਪਾਪਾ ਨੂੰ ਰਤਾ ਕੁ ਝੁਕਦਿਆਂ ਸਤਿ ਸ੍ਰੀ ਅਕਾਲ ਆਖਦਾ ਹਾਂ। ਉਹ ਮੱਧਲੀ ਕਿਸਾਨੀ ਦੇ ਪਿਛੋਕੜ ਵਾਲੇ ਸਿੱਧੇ-ਸਾਧੇ ਜੱਟ-ਬੂਟ ਜਾਪਦੇ ਹਨ।

ਡਰਾਇੰਗ ਰੂਮ ਵਿਚ ਬੈਠਦਿਆਂ ਹੀ ਮਨਮੀਤ ਦਾ ਪਾਪਾ ਦੋਵੇਂ ਹੱਥ ਜੋੜ ਕੇ ਬੋਲਣ ਲੱਗ ਜਾਂਦਾ ਹੈ, ‘‘ਪ੍ਰੋ. ਸਾਹਿਬ ਮੈਨਾ ਤਾਂ ਦਿਨ ਰਾਤ ਥੋਡਾ ਗੁਣ-ਗਾਣ ਕਰਦੀ ਨ੍ਹੀਂ ਥਕਦੀ। ਬਹੁਤ ਮੱਦਤ ਕੀਤੀ ਤੁਸੀਂ ਏਹਨੂੰ ਸਿਖਰਲੇ ਡੰਡੇ ’ਤੇ ਅਪੜਾਉਣ ਲਈ। ਸਿਆਣੇ ਆਂਹਦੇ ਐ ਬੱਚੇ ਤੇ ਟੀਚਰ ਦਾ ਹੱਕ ਮਾਪਿਆਂ ਤੋਂ ਵੀ ਵੱਧ ਹੁੰਦੈ। ਧੰਨਭਾਗ ਐ ਜੀ ਸਾਡੇ ਜਿਹੜਾ ਸੋਡੇ ਨਾਲ ਮੇਲ-ਮਿਲਾਪ ਦਾ ਸਬੱਬ ਬਣਿਐਂ।”

ਫਿਰ ਉਹ ਖੁਸ਼ੀ ਨਾਲ ਕੰਬਦੇ ਹੱਥਾਂ ਨਾਲ ਲਿਫਾਫ਼ੇ ਵਿਚੋਂ ਡਰਾਈ ਫਰੂਟ ਦਾ ਬਹੁਤ ਖੂਬਸੂਰਤ ਪੈਕ ਕੱਢ ਕੇ ਮੇਰੇ ਵੱਲ ਵਧਾਉਂਦਾ ਹੈ। ਸ਼ਰਮਾਉਣ ਦੀ ਥਾਂ ਮਨਮੀਤ ਹੱਸਦਿਆਂ ਹੱਸਦਿਆਂ ਸਭ ਕੁਝ ਗਹੁ ਨਾਲ ਵੇਖ ਰਹੀ ਹੈ। ਨਿਮਰ ਜਿਹਾ ਹੋ ਕੇ ਮੈਂ ਪੈਕ ਫੜ ਕੇ ਮੇਜ਼ ਉੱਤੇ ਰੱਖ ਲੈਂਦਾ ਹਾਂ। ਪੈਕ ਦੇ ਟ੍ਰਾਂਸਪੈਰੰਟ ਕਵਰ ਵਿਚੋਂ ਮੈਨੂੰ ਇਕ ਕਾਰਡ ਨਜ਼ਰ ਆਉਂਦਾ ਹੈ। ਚੋਰੀ ਅੱਖ ਮਨਮੀਤ ਵੱਲ ਤੱਕਦਾ ਮੈਂ ਕਾਰਡ ਪੜ੍ਹਨ ਦਾ ਯਤਨ ਕਰਦਾ ਹਾਂ। ‘ਦਿਲਜੀਤ ਵੈਡਜ਼ ਮਨਮੀਤ …’ ਪੜ੍ਹ ਕੇ ਮੈਨੂੰ ਤਰੇਲੀ ਆ ਗਈ ਹੈ। ‘‘ਸਰਪ੍ਰਾਈਜ਼ … ਰੀਅਲੀ ਬਿੱਗ ਵੰਨ …!!!” ਕਹਿੰਦਿਆਂ ਮੈਂ ਕੱਚਾ ਜਿਹਾ ਹਾਸਾ ਹੱਸਦਿਆਂ ਮਨਮੀਤ ਵੱਲ ਵੇਖਦਾ ਹਾਂ।

‘‘ਸਰ … ਦਿਲਜੀਤ ਵਾਜ ਮਾਈ ਕਲਾਸ ਫੈਲੋ, ਇਨਫੈਕਟ ਮੋਰ ਦੈਨ …, ਨੈੱਟ ਕਲੀਅਰ ਕਰਕੇ ਉਸ ਨੂੰ ਪੰਜਾਬ ਯੂਨੀਵਰਸਿਟੀ ਵਿਚ ਅਪੁਇੰਟਮੈਂਟ ਮਿਲ ਗਈ ਐ। ਹਾਰਡ ਵਰਕਿੰਗ ਤੇ ਨਾਈਸ ਫੈਲੋ ਐ … ਜਵਾਂ ਸੋਡੇ ਵਾਂਗ ਹੀ। ਹੀ ਵਾਜ਼ ਜਸਟ ਵੇਟਿੰਗ ਫਾਰ ਮਾਈ ਡੌਕਟਰੇਟ। ਥੈਂਕਸ ਏ ਲੌਟ ਸਰ।” ਮੰਦ ਮੰਦ ਮੁਸਕਰਾਉਂਦਿਆਂ ਉਹ ਸਭ ਕੁਝ ਦੱਸ ਰਹੀ ਹੈ ਜਿਸ ਦੀ ਪੂਰੇ ਤਿੰਨ ਸਾਲ ਭਾਫ਼ ਵੀ ਨਹੀਂ ਨਿਕਲਣ ਦਿੱਤੀ।

‘‘ਸਰ, ਵੰਨ ਇਨਟਰੱਸਟਿੰਗ ਥਿੰਗ, ਹੀ ਇਜ਼ ਫੌਂਡ ਆਫ ਮਾਡਰਨ ਡਰੈੱਸਜ਼, ਓਹਦੇ ਲਈ ਏਹ …,” ਉਸ ਨੇ ਆਪਣੇ ਦੋਹਾਂ ਹੱਥਾਂ ਨੂੰ ਸਿਰ ਤੋਂ ਪੈਰਾਂ ਵੱਲ ਲਿਜਾਂਦਿਆਂ ਆਪਣੇ ਨਵੇਂ ‘ਰੋਲ’ ਦੀ ਵਿਆਖਿਆ ਕਰਨੀ ਚਾਹੀ ਪਰ ਮੇਰੀ ਹੁਣ ਉਸ ਦੀ ਅਜਿਹੀ ਬਕਬਕ ਵਿਚ ਕੋਈ ਰੁਚੀ ਨਹੀਂ ਹੈ।

‘ਡਰਾਮੇਬਾਜ਼ …’ ਮੈਂ ਆਪਣੇ ਲਾਵੇ ਨੂੰ ਮਸਾਂ ਹੀ ਅੰਦਰ ਸਾਂਭਦਾ ਹਾਂ। ਬਾਹਰੋਂ ਸਹਿਜ ਦਿਸਣ ਦਾ ਯਤਨ ਕਰਦਾ ਹਾਂ ਪਰ ਅੰਦਰੋਂ ਕਿਸੇ ਹਾਰੇ ਹੋਏ ਯੋਧੇ ਵਾਂਗ ਬਦਲੇ ਦੀ ਅੱਗ ਵਿਚ ਸੜ ਭੁੱਜ ਰਿਹਾ ਹਾਂ। ਉਨ੍ਹਾਂ ਛੋਟੇ ਲੋਕਾਂ ਸਾਹਮਣੇ ਨਿਤਾਣਾ ਨਹੀਂ ਦਿਸਣਾ ਚਾਹੁੰਦਾ। ਸੋਚਦਾ ਹਾਂ, ‘ਜਦੋਂ ਮੌਕਾ ਬਣਿਆਂ ਤਾਂ ਦੱਸੂੰਗਾ ਕੁੱਤੀਏ, ਏਸ ਕਹਾਣੀ ਨੂੰ ਖਤਮ ਹੋਈ ਨਾ ਸਮਝ ਲਈਂ, ਯਾਦ ਰੱਖੀਂ ਭੱਜਦਿਆਂ ਨੂੰ ਵਾਹਣ ਇਕੋ ਜਿਹੇ ਹੁੰਦੇ ਐ।’ ਸਾਹ ਫੁੱਲਣ ਨਾਲ ਮੇਰੀਆਂ ਅੱਖਾਂ ਅੱਗੇ ਹਨੇਰਾ ਆ ਗਿਆ ਹੈ। ਸੀਨੇ ਉੱਤੇ ਕੋਈ ਲੱਖਾਂ ਮਣ ਬੋਝ ਆ ਪਿਆ ਹੈ। ਇਉਂ ਲਗਦਾ ਹੈ ਜਿਵੇਂ ਸਿਖਰੋਂ ਡਿੱਗੇ ਚੁਬਾਰੇ ਦੇ ਮਲਬੇ ਥੱਲੇ ਦੱਬਿਆ ਬਾਹਰ ਨਿਕਲਣ ਲਈ ਪੂਰੇ ਤਾਣ ਨਾਲ ਕਰਾਹੁਣ ਦਾ ਯਤਨ ਕਰ ਰਿਹਾ ਹੋਵਾਂ ਪਰ ਮੇਰੀ ਆਵਾਜ਼ ਸੰਘ ਵਿਚ ਫਸੀ ਪਈ ਹੋਵੇ।
 
Top