ਮਾਂ ਦੀ ਉਡੀਕ ਨਾ ਮੁੱਕੀ…

ਮਾਵਾਂ ਨੂੰ ਆਪਣੇ ਧੀਆਂ-ਪੁੱਤਾਂ ਨਾਲ ਅੰਤਾਂ ਦਾ ਮੋਹ ਹੁੰਦਾ ਹੈ। ਇਸ ਧਰਤੀ ’ਤੇ ਸਭ ਤੋਂ ਵੱਧ ਪਿਆਰ ਕਰਨ ਵਾਲੀ ਮਾਂ ਹੀ ਹੁੰਦੀ ਹੈ। ਮਾਂ ਤੋਂ ਵੱਡਾ ਦੁਨੀਆ ’ਤੇ ਕੋਈ ਵੀ ਰਿਸ਼ਤਾ ਨਹੀਂ। ਇਸ ਕਰਕੇ ਮਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਮਾਂ ਦੀ ਜ਼ਿੰਦਗੀ ਤਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਵਿਚੋਂ ਹੀ ਧੜਕਦੀ ਹੈ। ਕੋਈ ਵੀ ਮਨੁੱਖ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਮਾਵਾਂ ਹਰ ਤਰੀਕੇ ਨਾਲ ਆਪਣੇ ਬੱਚਿਆਂ ਦੀਆਂ ਲੋੜਾਂ ਦਾ ਖ਼ਿਆਲ ਰੱਖਦੀਆਂ ਹਨ। ਆਪਣੇ ਬੱਚਿਆਂ ਦੀ ਪੀੜ ਮਾਵਾਂ ਤੋਂ ਬਰਦਾਸ਼ਤ ਨਹੀਂ ਹੁੰਦੀ।
ਪਰ ਅੱਜ-ਕੱਲ੍ਹ ਦੇ ਬੱਚੇ ਵੱਡੇ ਹੋ ਕੇ ਆਪਣੇ ਮਾਪਿਆਂ ਦਾ ਇੰਨਾ ਖ਼ਿਆਲ ਨਹੀਂ ਰੱਖਦੇ, ਜਿੰਨਾ ਰੱਖਣਾ ਚਾਹੀਦਾ ਹੈ। ਕਈ ਵਾਰੀ ਤਾਂ ਉਹ ਆਪਣੇ ਮਾਪਿਆਂ ਨੂੰ ਬੋਝ ਸਮਝਣ ਲੱਗ ਜਾਂਦੇ ਹਨ। ਕਿਉਂਕਿ ਅਸੀਂ ਮਾਪਿਆਂ ਦੇ ਪਿਆਰ ਨੂੰ ਵੀ ਪੈਸਿਆਂ ਨਾਲ ਤੋਲਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਾਡੇ ਜਨਮ ਸਮੇਂ, ਪਾਲਣ-ਪੋਸ਼ਣ ਸਮੇਂ, ਪੜ੍ਹਾਉਣ-ਲਿਖਾਉਣ ਸਮੇਂ ਕੀ-ਕੀ ਜਫ਼ਰ ਜਾਲੇ ਹੁੰਦੇ ਨੇ, ਇਹ ਤਾਂ ਅਸੀਂ ਭੁੱਲ ਹੀ ਜਾਂਦੇ ਹਾਂ। ਹਾਲਾਂਕਿ ਸਾਨੂੰ ਪਤਾ ਹੈ ਕਿ ਸਾਡੇ ਮਾਪੇ ਇਕ ਐਸਾ ਮਿੱਠਾ ਮੇਵਾ ਹਨ, ਜਿਹੜਾ ਕਿ ਜ਼ਿੰਦਗੀ ਵਿਚ ਸਿਰਫ਼ ਇਕ ਵਾਰ ਹੀ ਮਿਲਣਾ ਹੈ। ਉਨ੍ਹਾਂ ਦੇ ਤੁਰ ਜਾਣ ਤੋਂ ਬਾਅਦ ਉਹ ਪਿਆਰ, ਉਨ੍ਹਾਂ ਦੀ ਉਹ ਠੰਢੀ-ਮਿੱਠੀ ਛਾਂ ਤੋਂ, ਜਿਹੜੀ ਸਾਨੂੰ ਕਿਸੇ ਤੋਂ ਉਧਾਰੀ ਨਹੀਂ ਮਿਲ ਸਕਦੀ, ਉਸ ਤੋਂ ਅਸੀਂ ਵਿਰਵੇ ਹੋ ਜਾਂਦੇ ਹਾਂ। ਫੇਰ ਸਾਡੇ ਕੋਲ ਸਿਵਾਏ ਪਛਤਾਵੇ ਦੇ ਕੁਝ ਵੀ ਨਹੀਂ ਬਚਦਾ।
ਇਸੇ ਤਰ੍ਹਾਂ ਇਕ ਬੇਬੇ ਦੇ ਦੋ ਪੁੱਤਰ ਸਨ। ਵੱਡਾ ਖੇਤੀ ਕਰਦਾ ਸੀ, ਛੋਟਾ ਪੜ੍ਹਦਾ ਸੀ। ਵੱਡੇ ਨੂੰ ਤਾਂ ਬੇਬੇ ਨੇ ਇਹ ਕਹਿ-ਕਹਿ ਕੇ ਮੱਖਣ-ਘਿਓ ਖਵਾਉਣਾ, ‘‘ਇਹ ਤਾਂ ਮੇਰਾ ਕਮਾਊ ਪੁੱਤ ਐ।’’ ਛੋਟੇ ਨੂੰ ਕਹਿਣਾ, ‘‘ਇਸ ਮੇਰੇ ਪੁੱਤ ਦਾ ਪੜ੍ਹਾਈ ਵਿਚ ਬਹੁਤ ਦਿਮਾਗ ਖਰਚ ਹੁੰਦੈ।’’ ਇਹ ਕਹਿ ਕੇ ਉਸ ਨੂੰ ਖਵਾਉਣਾ-ਪਿਲਾਉਣਾ। ਭਾਵ ਦੋਵਾਂ ਦਾ ਬੜਾ ਖਿਆਲ ਰੱਖਣਾ। ਵੱਡੇ ਦਾ ਤਾਂ ਕਾਫੀ ਪਹਿਲਾਂ ਵਿਆਹ ਹੋ ਗਿਆ ਸੀ। ਛੋਟਾ ਪੁੱਤਰ ਅਜੇ ਕੁਆਰਾ ਸੀ। ਉਹ ਵੀ ਬੇਬੇ ਦਾ ਬੜਾ ਮੋਹ ਕਰਦਾ। ਉਸ ਦਾ ਪਲ ਲਈ ਵੀ ਵਸਾਹ ਨਾ ਕਰਦਾ। ਬੇਬੇ, ਉਸ ਦੀ ਨੌਕਰੀ ਬਾਰੇ ਬੜੀ ਚਿੰਤਤ ਰਹਿੰਦੀ। ਕਦੇ ਸੁੱਖਾਂ-ਸੁੱਖਦੀ, ਦੁਆਵਾਂ ਦਿੰਦੀ। ਸਵੇਰੇ ਹੀ ਉਸ ਨੂੰ ਪੜ੍ਹਨ ਲਈ ਜਗਾਉਂਦੀ, ਦੁੱਧ ਉਬਾਲ-ਉਬਾਲ ਉਸ ਨੂੰ ਪਿਲਾਉਂਦੀ। ਆਪਣੇ ਹਿੱਸੇ ਦਾ ਵੀ ਉਸ ਨੂੰ ਖਵਾਉਂਦੀ। ਅਖੀਰ ਉਸ ਦਾ ਵਿਆਹ ਬਾਹਰਲੇ ਮੁਲਕ ਗਈ ਕੁੜੀ ਨਾਲ ਪੱਕਾ ਹੋ ਗਿਆ। ਬੇਬੇ ਨੂੰ ਉਂਜ ਤਾਂ ਬੜੀ ਖੁਸ਼ੀ ਸੀ, ਪਰ ਆਪਣੇ ਲਾਡਲੇ ਪੁੱਤ ਦੇ ਅੱਖਾਂ ਤੋਂ ਦੂਰ ਜਾਣ ਬਾਰੇ ਸੋਚ ਕੇ ਉਸ ਨੂੰ ਹੌਲ ਪੈਣ ਲੱਗ ਜਾਂਦੇ। ਕਿਉਂਕਿ ਉਹ ਤਾਂ ਕਾਲਜ ਤੋਂ ਆਉਣ ਸਮੇਂ ਲੇਟ ਹੋ ਜਾਂਦਾ ਤਾਂ ਬੇਬੇ ਉਦਾਸ ਹੋ ਜਾਂਦੀ ਸੀ। ਇਸ ਤਰ੍ਹਾਂ ਬੇਬੇ ਨੇ ਮਨ ’ਤੇ ਪੱਥਰ ਰੱਖ ਕੇ ਪੁੱਤ ਨੂੰ ਬਾਹਰਲੇ ਮੁਲਕ ਤੋਰ ਦਿੱਤਾ। ਸ਼ੁਰੂ-ਸ਼ੁਰੂ ਵਿਚ ਤਾਂ ਫੋਨ ’ਤੇ ਰੋਜ਼ ਵਾਂਗ ਹੀ ਗੱਲਬਾਤ ਹੋ ਜਾਂਦੀ। ਫੇਰ ਹੌਲੀ-ਹੌਲੀ ਫੋਨ ਵਾਰਤਾਲਾਪ ਵੀ ਘੱਟਦੀ ਗਈ। ਹੁਣ ਉਸ ਦਾ ਪੁੱਤ ਵੀ ਬਾਹਰਲੇ ਦੇਸ਼ ਵਿਚ ਚੰਗਾ ਕਮਾਉਣ ਲੱਗ ਗਿਆ। ਹੁਣ ਉਹ ਬੇਬੇ ਨੂੰ ਆਖਦਾ, ‘‘ਮੈਂ ਆਪਣਾ ਨਵਾਂ ਘਰ ਖਰੀਦ ਲਵਾਂ, ਫੇਰ ਹੀ ਦੇਸ਼ ’ਚ ਆਵਾਂਗਾ। ਕਦੇ ਕਹਿੰਦਾ, ‘‘ਬੱਸ ਦੋ-ਚਾਰ ਮਹੀਨਿਆਂ ਤਕ ਮੈਂ ਗੇੜਾ ਮਾਰਾਂਗਾ।’’ ਉਹ ਬਾਹਰਲੇ ਮੁਲਕ ਦੇ ਜਾਲ ਵਿਚ ਐਸਾ ਫਸਿਆ ਕਿ ਚਾਹੁੰਦਾ ਹੋਇਆ ਵੀ ਛੇਤੀ ਨਾ ਆ ਸਕਿਆ। ਕਦੇ ਨਾ ਆਉਣ ਦਾ ਕੋਈ ਕਾਰਨ ਹੋ ਜਾਂਦਾ, ਕਦੇ ਕੋਈ।
ਹੁਣ ਬੇਬੇ ਕਈ ਵਾਰੀ ਤਾਂ ਉਸ ਨੂੰ ਚੇਤੇ ਕਰ-ਕਰ ਕੇ ਉੱਚੀ-ਉੱਚੀ ਰੋਣ ਲੱਗ ਜਾਂਦੀ। ਹੁਣ ਉਹ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ। ਇਕ ਦਿਨ ਕਾਫ਼ੀ ਬਿਮਾਰ ਹੋ ਗਈ। ਉਸ ਨੇ ਆਪਣੇ ਪੁੱਤ ਨੂੰ ਫੋਨ ਮਿਲਾਇਆ, ‘‘ਪੁੱਤ! ਬੱਸ ਇਕ ਵਾਰੀ ਤੈਨੂੰ ਦੇਖਣ ਨੂੰ ਮੇਰੀ ਰੂਹ ਤਰਸਦੀ ਏ। ਹੁਣ ਤਾਂ ਇਕੋ ਹੀ ਇੱਛਾ ਬਾਕੀ ਹੈ, ‘‘ਮਰਨ ਤੋਂ ਪਹਿਲਾਂ ਇਕ ਵਾਰੀ ਤੈਨੂੰ ਦੇਖ ਲਵਾਂ।’’ ਅੱਗੋਂ ਪੁੱਤ ਦਾ ਜਵਾਬ ਸੀ, ‘‘ਬੱਸ ਬੇਬੇ, ਸਮਝ ਲੈ, ਤੇਰੀ ਉਡੀਕ ਖਤਮ ਹੋ ਗਈ ਏ। ਮੈਂ ਹੁਣ ਇਕੱਲਾ ਹੀ ਨਹੀਂ, ਸਗੋਂ ਤੇਰੀ ਨੂੰਹ ਤੇ ਪੋਤਾ, ਪੋਤੀ ਵੀ ਲੈ ਕੇ ਆਵਾਂਗਾ।’’ ਬੱਸ ਕੁਝ ਦਿਨਾਂ ਦੀ ਗੱਲ ਹੈ। ਮੇਰੀ ਨੌਕਰੀ ਬਹੁਤ ਵਧੀਆ ਲੱਗੀ ਹੋਈ ਐ, ਕੁਝ ਦਿਨਾ ਤਕ ਤਰੱਕੀ ਹੋਣ ਵਾਲੀ ਐ। ਮੇਰੀ ਤਨਖਾਹ ਕਈ ਸੌ ਡਾਲਰ ਵੱਧ ਜਾਵੇਗੀ। ਬੱਸ ਫੇਰ ਸਮਝੋ, ਆਪਣੇ ਵਾਰੇ-ਨਿਆਰੇ ਨੇ।’’ਇੰਨੇ ਨੂੰ ਬੇਬੇ ਦੀ ਹਾਲਤ ਬਹੁਤ ਖਰਾਬ ਹੋ ਗਈ। ਦੋ ਦਿਨ ਤਾਂ ਸਾਹ ਵੀ ਬੜੇ ਔਖੇ ਚੱਲਦੇ ਰਹੇ। ਲੱਗਦਾ ਸੀ, ਜਿਵੇਂ ਸਾਹ ਵੀ ਉਨਾ ਚਿਰ ਨਹੀਂ ਨਿਕਲਦੇ, ਜਿੰਨਾ ਚਿਰ ਆਪਣੇ ਪੁੱਤ ਨੂੰ ਦੇਖ ਨਹੀਂ ਲੈਂਦੀ। ਅਖੀਰ ਵਿਚ ਇਹ ਕਹਿ ਕੇ, ‘‘ਨੀ ਮੇਰੇ ਬਹੁਤ ਪਿਆਰਾਂ ਵਾਲੇ…। ਨੀ ਮੇਰੇ ਬਹੁਤੇ ਹੇਜਾਂ ਵਾਲੇ…। ਅਜੇ ਤਕ ਆਏ ਨਹੀਂ…। ਚੰਗਾ ਪੁੱਤ…! ਜਿਵੇਂ ਤੈਨੂੰ ਠੀਕ ਲੱਗੇ…।’’ ਇਹ ਕਹਿ ਕੇ ਉਸ ਦੇ ਪ੍ਰਾਣ ਨਿਕਲ ਗਏ। ਹੁਣ ਸੁਨੇਹਾ ਮਿਲਦੇ ਹੀ, ਉਸ ਨੇ ਜਹਾਜ਼ ਦੀ ਸੀਟ ਬੁੱਕ ਕਰਵਾ ਲਈ। ਬਚਪਨ ਤੋਂ ਲੈ ਕੇ ਅੱਜ ਤਕ ਬੇਬੇ ਨਾਲ ਬਿਤਾਇਆ ਪਲ-ਪਲ ਉਸ ਦੇ ਸਾਹਮਣੇ ਇਕ ਫ਼ਿਲਮ ਦੀ ਤਰ੍ਹਾਂ ਆ ਰਿਹਾ ਸੀ। ਹੁਣ ਤਾਂ ਉਹ ਇਹੀ ਸੋਚ-ਸੋਚ ਕੇ ਧਾਹੀਂ ਰੋ ਰਿਹਾ ਸੀ ਕਿ ਕਾਸ਼! ਮੈਂ ਆਪਣੀ ਨੌਕਰੀ ਦੀ ਤਰੱਕੀ ਨਾਲੋਂ ਬੇਬੇ ਨੂੰ ਪਹਿਲ ਦਿੱਤੀ ਹੁੰਦੀ। ਤਰੱਕੀ ਤਾਂ ਫੇਰ ਵੀ ਮਿਲ ਜਾਣੀ ਸੀ। ਪਰ ਹੁਣ ਕਦੇ ਮਾਂ ਨਹੀਂ ਮਿਲਣੀ। ਦੁਬਾਰਾ ਕਦੇ ਵੀ ਮਾਂ ਨਹੀਂ ਮਿਲਣੀ…। ਤੇ ਕਦੇ ਮਾਂ ਬਾਝੋਂ, ਕਿਸੇ ਨੇ ਵੀ…ਦੇਸ਼ ਵਿਚ ਮੇਰੀ ਉਡੀਕ ਨਹੀਂ ਕਰਨੀ…।’’
 
Top