ਵੇਲਾ-ਕੁਵੇਲਾ

ਬਾਪੂ ਨੂੰ ਕਈ ਵਰ੍ਹਿਆਂ ਬਾਅਦ ਏਨਾ ਸ਼ਾਂਤ ਤੇ ਅੱਖਾਂ ਮੀਟੀ ਪਏ ਵੇਖਿਆ ਹੈ, ਨਹੀਂ ਤਾਂ ਉਸਦੀਆਂ ਚਿੱਟੀਆਂ ਚਿੱਟੀਆਂ ਅੱਖਾਂ ਵਿਚਲੇ ਸੁਰਖ਼ ਬਲੌਰਾਂ ਵਰਗੇ ਡੇਲੇ ਸੁੱਤੇ ਪਏ ਦੇ ਵੀ ਨੱਚਦੇ ਜਿਹੇ ਵਿਖਾਈ ਦੇਂਦੇ ਸਨ। ਕਈ ਵਾਰੀ ਪੋਟਿਆਂ ਨਾਲ ਬੰਦ ਕਰਨ ਤੇ ਵੀ ਪਲਕਾਂ ਦੇ ਬੂਹੇ ਨਹੀਂ ਸਨ ਢੁਕਦੇ। ਭਾਵੇਂ ਉਹ ਮੰਜੇ ਤੇ ਲੱਤਾਂ ਲਮਕਾ ਕੇ ਬੈਠਾ ਹੁੰਦਾ ਜਾਂ ਫਿਰ ਕੰਧਾਂ ਨੂੰ ਟੋਹ ਟੋਹ ਕੇ ਵਿਹੜੇ ਵਿੱਚ ਤੁਰਿਆ ਫਿਰਦਾ ਉਹਦੀਆਂ ਅੱਖਾਂ ਇੱਕੋ ਮੁਦਰਾ ਵਿੱਚ ਹਰਕਤ ਕਰਦੀਆਂ ਰਹਿੰਦੀਆਂ। ਅੱਜ ਸਵੇਰੇ ਹੀ ਉਸਦੇ ਆਖਰੀ ਸਾਹ ਦੀ ਹਲਕੀ ਜਿਹੀ ਫੂਕ ਬਾਹਰ ਨਿਕਲੀ ਸੀ। ਉਸਦੀਆਂ ਮੁੱਛਾਂ ਦੇ ਵਿਰਲੇ ਟਾਵੇਂ ਦੁੱਧ ਚਿੱਟੇ ਵਾਲ ਥੋੜ੍ਹੇ ਕੁ ਉੱਪਰ ਨੂੰ ਉੱਠੇ ਸਨ ਤੇ ਉਹ ਸਹਿਜ ਹੋ ਗਿਆ ਸੀ। ਪਿਛਲੇ ਕਈ ਵਰ੍ਹਿਆਂ ਤੋਂ ਖੁੱਲ੍ਹੀਆਂ ਜੋਤ ਹੀਣ ਅੱਖਾਂ ਨੇ ਆਪਣਾ ਪੰਧ ਸਮੇਟ ਕੇ ਪਲਕਾਂ ਦੇ ਬੂਹੇ ਢੋ ਲਏ ਸਨ।

ਪਿੰਡ ਦੀ ਲਹਿੰਦੀ ਗੁੱਠੇ ਛੱਪੜ ਕੰਢੇ ਬੇਢੰਗੀ ਜਿਹੀ ਸ਼ਾਮਲਾਟੀ ਕੁਤਰ ‘ਚ ਬਣੇ ਕੰਮੀਆਂ ਦੇ ਸ਼ਮਸ਼ਾਨ ਘਾਟ ਵਿਚਕਾਰ ਬਾਪੂ ਲੱਕੜਾਂ ‘ਚ ਚਿਣਿਆ ਪਿਆ ਹੈ। ਸਿਰਫ਼ ਮੂੰਹ ਤੇ ਲੱਕੜਾਂ ਰੱਖਣੀਆਂ ਬਾਕੀ ਨੇ। ਕੈਰੋਂ ਵਾਲੀ ਭੂਆ ਦੇ ਪਿੰਡੋਂ ਆਈ ਮਕਾਣ ਵਾਲੇ ਘੜੁੱਕੇ ਦਾ ਟੈਰ ਪੰਚਰ ਹੋ ਜਾਣ ਕਰਕੇ ਉਨ੍ਹਾਂ ਦੀ ਉਡੀਕ ਹੋ ਰਹੀ ਹੈ। ਮੈਂ ਬਾਪੂ ਦੇ ਪੈਰਾਂ ਵੱਲ ਖੜ੍ਹਾ ਟਿਕਟਿਕੀ ਲਾ ਕੇ ਏਧਰ ਉਧਰ ਝਾਕਦਾ ਹਾਂ। ਅੱਧਾ ਪਿੰਡ ਸ਼ਮਸ਼ਾਨ ਘਾਟ ‘ਚ ਜੁੜਿਆ ਖੜ੍ਹਾ ਹੈ। ਕੁਝ ਬਾਪੂ ਦੀ ਪੀੜ੍ਹੀ ਦੇ ਹਨ, ਕੁਝ ਮੇਰੀ ਉਮਰ ਦੇ ਤੇ ਕੁਝ ਅਗਾਂਹ ਮੇਰੇ ਮੁੰਡੇ ਦੇ ਹਾਣੀ। ਕਈ ਮੜ੍ਹੀਆਂ ਦੁਆਲੇ ਹੋਈ ਵਲਗਣ ਉੱਤੇ ਧੁੱਪ ਵੱਲ ਮੂੰਹ ਕਰਕੇ ਬੈਠੇ ਹਨ। ਜ਼ਨਾਨੀਆਂ ਮਰੀਅਲ ਜਿਹੀ ਕਿੱਕਰ ਦੁਆਲੇ ਘੇਰਾ ਬਣਾ ਕੇ ਪੈਰਾਂ ਭਾਰ ਭੋਏਂ ਤੇ ਜਾ ਬੈਠੀਆਂ ਹਨ। ਬਾਕੀ ਚਿਖ਼ਾ ਦੇ ਆਸਪਾਸ ਖੜ੍ਹੇ ਨਿੱਕੀਆਂ ਨਿੱਕੀਆਂ ਗੱਲਾਂ ਕਰ ਰਹੇ ਹਨ। ਬਾਪੂ ਦੀ ਕਾਰੀਗਰੀ ਦੀਆਂ ਗੱਲਾਂ। ਉਹਦੇ ਜਵਾਨੀ ਵੇਲੇ ਦੀ ਬਹਾਦਰੀ ਦੇ ਕਿੱਸੇ। ਕੁਝ ਕੁਝ ਅਸਲੀ ਤੇ ਕੁਝ ਮਨਘੜਤ। ਸਭ ਦਾ ਆਪੋ ਆਪਣਾ ਨਜ਼ਰੀਆ। ਉਮਰ ਤੇ ਅਕਲ ਮੁਤਾਬਕ।
ਲੱਕੜਾਂ ਦੇ ਢੇਰ ਉੱਤੇ ਚਿੱਟੇ ਕੋਰੇ ਲੱਠੇ ‘ਚ ਲਪੇਟਿਆ ਬਾਪੂ ਮੈਨੂੰ ਉਸ ਮੁਸਾਫਰ ਵਾਂਗ ਲੱਗਦਾ ਹੈ ਜਿਸ ਨੇ ਸਾਰੀਆਂ ਮੰਜ਼ਿਲਾਂ ਮਾਰ ਲਈਆਂ ਹੋਣ ਤੇ ਹੋਰ ਧੂੜਾਂ ਪੁੱਟਣ ਦੀ ਚਾਹ ਮੁੱਕ ਗਈ ਹੋਵੇ। ਮੈਂ ਉਸ ਵੱਲੋਂ ਧਿਆਨ ਹਟਾ ਕੇ ਆਸੇ ਪਾਸੇ ਖੜ੍ਹੇ ਲੋਕਾਂ ਨੂੰ ਨਿਹਾਰਦਾ ਹਾਂ ਜਿਨ੍ਹਾਂ ਦੀਆਂ ਵੰਨ ਸੁਵੰਨੀਆਂ ਅਵਾਜ਼ਾਂ ਮੇਰੀ ਕੰਨੀਂ ਪੈਂਦੀਆਂ ਹਨ। ਲੰਬੜਦਾਰ ਤਾਰਾ ਸਿਹੁੰ ਆਪਣੀ ਮੋਟਿਆਂ ਸ਼ੀਸ਼ਿਆਂ ਵਾਲੀ ਐਨਕ ਸੂਤ ਕਰਦਾ ਸੁਣਾਈ ਦੇਂਦਾ ਹੈ, ‘ਭਈ ਬੜਾ ਵਖ਼ਤ ਵੇਖਿਆ ਭਾਊ ਚੈਂਚਲ ਸਿਹੁੰ ਨੇ। ਆਪਣਾ ਮਰੀਕ ਉਦੋਂ ਚਹੁੰ ਕੁ ਵਰ੍ਹਿਆਂ ਦਾ ਸੀ ਜਦੋਂ ਇਹਦੀਆਂ ਅੱਖਾਂ ਦੀ ਰੋਸ਼ਨੀ ਗਈ। ਮੁੰਡਾ ਹੁਣ ਜਵਾਕ ਜੱਲੇ ਵਾਲਾ ਹੋ ਗਿਆ। ਦੀਦਿਆਂ ਤੋਂ ਬਿਨਾਂ ਪੰਡ ਬਣਕੇ ਬੈਠੇ ਰਹਿਣਾ ਬੜੀ ਸਜ਼ਾ ਐ ਬੰਦੇ ਲਈ।’
‘ਸ਼ਾਬਾਸ਼ੇ ਐ ਮੰਗੇ ਦੇ ਤੇ ਇਹਦੇ ਟੱਬਰ ਦੇ, ਕਿਤੇ ਮਜਾਲ ਚੈਂਚਲ ਸਿਹੁੰ ਦੀ ਸਾਂਭ ਸੰਭਾਲ ਦੀ ਕੋਈ ਕਸਰ ਛੱਡੀ ਹੋਵੇ।’ ਸੁੱਚਾ ਘੁਮਿਆਰ ਉਹਦੀ ਹਾਂ ‘ਚ ਹਾਂ ਮਿਲਾਉਂਦਾ ਹੈ।
ਸੋਚਦਾ ਹਾਂ ਕਿ ਮੇਰੇ ਤੋਂ ਵੱਧ ਬਾਪੂ ਬਾਰੇ ਕੌਣ ਜਾਣਦਾ ਹੈ। ਮੈਂ ਤਾਂ ਨਿੱਕੇ ਹੁੰਦਿਆਂ ਇਹਦੇ ਕੰਧਾੜੇ ਚੜ੍ਹ ਕੇ ਝੂਟੇ ਲਏ ਸਨ ਤੇ ਇਹਦੇ ਸਾਈਕਲ ਦੇ ਡੰਡੇ ਤੇ ਬੈਠ ਪਿੰਡੋ ਪਿੰਡ ਵੀ ਜਾਂਦਾ ਰਿਹਾ ਸਾਂ। ਇਸੇ ਕੋਲੋਂ ਉੱਚੇ ਨੀਵੇਂ ਥਾਵਾਂ ਤੇ ਚੜ੍ਹ ਕੇ ਇੱਟਾਂ ਲਾਉਣੀਆਂ ਵੀ ਸਿੱਖੀਆਂ। ਕਈ ਵਾਰੀ ਦਾਰੂ ਨਾਲ ਰੱਜੇ ਹੋਏ ਨੂੰ ਅੱਧੀ ਅੱਧੀ ਰਾਤੀਂ ਘਰ ਵੀ ਲੈ ਕੇ ਆਉਂਦਾ ਰਿਹਾ ਸੀ। ਪਿਛਲੇ ਵੀਹਾਂ ਵਰ੍ਹਿਆਂ ਤੋਂ ਇਹਦਾ ਹੱਥ ਫੜ ਕੇ ਇਹ ਨੂੰ ਬਾਹਰ ਅੰਦਰ ਵੀ ਲਿਜਾਂਦਾ ਰਿਹਾ ਸਾਂ ਤੇ ਡੋਲੂ ਵਿਚਲੇ ਪਾਣੀ ਨੂੰ ਇਹਦੀ ਪਿੱਠ ਪਿੱਛੇ ਪਾ ਕੇ ਇਹਦੇ ਜੰਗਲ ਪਾਣੀ ਵਾਲੇ ਹੱਥ ਵੀ ਧਵਾਉਂਦਾ ਰਿਹਾ ਸਾਂ।
‘ਭਾਈਆ, ਓੜਕ ਦੀ ਬਾਰੀ ਹਈਥੇ ਆਂ ਪਿਆ ਨੌਂ ਮਣ ਬਾਲਣ ਦੇ ਢੇਰ ‘ਤੇ ਚਿੱਟੀ ਵਰਦੀ ਪਾ ਕੇ।’ ਛਿੰਦੋ ਮਾਸੀ ਥੋੜ੍ਹਾ ਕੁ ਅੱਗੇ ਹੋ ਕੇ ਬਾਪੂ ਦਾ ਮੂੰਹ ਵੇਖਦਿਆਂ ਵਿਰੜੇ ਜਿਹੇ ਕਰਦੀ ਹੈ। ਮੇਰੀ ਸੁਰਤੀ ਹੁਣੇ ਹੁਣੇ ਪਹੁੰਚੀ ਮਾਸੀ ਨਾਲ ਜਾ ਜੁੜਦੀ ਹੈ। ਬੁੱਢੜੀ ਹੋ ਚੁੱਕੀ ਮਾਸੀ ਪਤਲੀਆ ਪਤਲੀਆਂ ਲੱਤਾਂ ਦੇ ਸਹਾਰੇ ਡਿਗੂੰ ਡਿਗੂੰ ਕਰਦੀ ਕਿਸੇ ਦੇ ਮੋਢੇ ਤੇ ਹੱਥ ਰੱਖੀ ਮੇਰੇ ਸਾਹਮਣੇ ਖੜ੍ਹੀ ਹੈ। ਆਪਣੇ ਵੇਲੇ ਮਾਸੀ ਵੀ ਬੜੀ ਸ਼ੈ ਸੀ। ਸਾਡੇ ਕੋਲ ਇਹਦਾ ਬਹੁਤ ਆਉਣਾ ਜਾਣਾ ਹੁੰਦਾ ਸੀ। ਉਸ ਨੂੰ ਆਈ ਵੇਖ ਬਾਪੂ ਵੀ ਪੂਰਾ ਟਹਿਕ ਜਾਂਦਾ ਸੀ। ਪਹਿਲਾਂ ਚੌਕੇ ਵਿੱਚ ਬੈਠੀ ਦੀ ਸੁੱਖ ਸਾਂਦ ਪੁੱਛਦਾ ਤੇ ਫਿਰ ਪਰ੍ਹਾਂ ਆਲੇ ‘ਚੋਂ ਕੁਕੜੀ ਜਾ ਫੜਦਾ। ਮਾਸੀ ਬਾਪੂ ਦਾ ਹੱਥ ਵਟਾਉਣ ਬਹਾਨੇ ਲਾਗੇ ਬੈਠਦਿਆਂ ਕੁਕੜੀ ਦੀਆਂ ਲੱਤਾਂ ਤੇ ਖੰਭ ਘੁੱਟ ਕੇ ਫੜਦੀ। ਬਾਪੂ ਤੇਸਾ ਮਾਰ ਕੇ ਕੁਕੜੀ ਦੀ ਧੌਣ ਲਾਹ ਕੇ ਅਹੁ ਮਾਰਦਾ। ਮੇਰਾ ਨੁੱਕਰੇ ਖਲੋਤੇ ਦਾ ਕਲੇਜਾ ਧੱਕ ਧੱਕ ਕਰਨ ਲੱਗਦਾ। ਵੱਢੀ ਹੋਈ ਕੁਕੜੀ ਜ਼ੋਰ ਜ਼ੋਰ ਨਾਲ ਫੜ ਫੜਾਉਂਦੀ। ਉਹਦੇ ਨਿੱਕੇ ਨਿੱਕੇ ਖੰਭ ਹਵਾ ‘ਚ ਉੱਡ ਉੱਡ ਕੇ ਇੱਧਰ ਉੱਧਰ ਖਿਲਰਦੇ। ਪੈਰਾਂ ਭਾਰ ਬੈਠੇ ਬਾਪੂ ਤੇ ਮਾਸੀ ਆਪਣੇ ਦੋਹਾਂ ਹੱਥਾਂ ਨਾਲ ਤੜਫਦੀ ਕੁਕੜੀ ਨੂੰ ਜਕੜ ਕੇ ਰੱਖਦੇ ਤੇ ਖਿੜ ਖਿੜ ਹੱਸਦੇ। ਵੱਢੀ ਧੌਣ ‘ਚੋਂ ਨੁੱਚੜਦਾ ਲਹੂ ਦੋਹਾਂ ਦੇ ਹੱਥਾਂ ਤੇ ਪੈਂਦਾ। ਚੌਂਕੇ ਦੇ ਓਟੇ ਦੇ ਉੱਪਰੋਂ ਦੀ ਝਾਕਦੀ ਬੇਬੇ ਘੂਰੀਆਂ ਵੱਟਦੀ ਤੇ ਕਹਿੰਦੀ। ‘ਵੇਖਾਂ! ਕਿੱਡਾ ਵੱਖੀਆਂ ਰਾਹੀਂ ਹਾਸਾ ਨਿਕਲਦਾ ਦੋਹਾਂ ਦਾ, ਵਿਹਲੇ ਕਿਸੇ ਥਾਂ ਦੇ।’
ਮਾਸੀ ਜਦੋਂ ਵੀ ਮੋਰ ਘੁੱਗੀਆਂ ਵਾਲਾ ਝੋਲਾ ਕੱਛੇ ਮਾਰੀ ਠੁਮਕ ਠੁਮਕ ਕਰਦੀ ਦੋ ਚਾਰ ਦਿਨ ਰਹਿਣ ਲਈ ਆ ਜਾਂਦੀ ਤਾਂ ਬੇਬੇ ਕਈ ਵਾਰ ਟਕੋਰ ਵੀ ਮਾਰਦੀ ਸੀ, ‘ਲੈ ਪੁੱਤ ਮੰਗਿਆ, ਆ ਗਈ ਊ ਤੇਰੀ ਮਾਸੀ, ਮਿਲ ਲੈ। ਤੇ ਅਗਲੀ ਗੱਲ ਉਹ ਮੂੰਹ ਵਿੱਚ ਹੀ ਨੱਪ ਜਾਂਦੀ, ‘ਮਿਲਣ ਤਾਂ ਆਈ ਐ ਆਪਣੇ ਭਾਈਏ ਨੂੰ, ਜਿਹਦੀ ਵੇਲੇ ਕੁਵੇਲੇ ਦੀ ਰੰਨ ਆ ਇਹ।’
ਉਦੋ ਮੈਂ ਅਜੇ ਸੱਤ ਅੱਠ ਵਰ੍ਹਿਆਂ ਦਾ ਹੀ ਹੋਵਾਂਗਾ ਜਦੋਂ ਬਾਪੂ ਨਾਲ ਸਾਈਕਲ ‘ਤੇ ਬੈਠ ਕੇ ਵਟਾਲੇ ਬਾਬੇ ਦੀ ਜੰਝ ਵੇਖਣ ਗਿਆ ਸਾਂ। ਉੱਥੇ ਹੀ ਬੱਸਾਂ ਵਾਲੇ ਅੱਡੇ ਲਾਗੇ ਮਾਸੀ ਟੱਕਰ ਪਈ ਸੀ। ਮੈਂ ਵੇਖਿਆ, ਉਸ ਵੇਲੇ ਬਾਪੂ ਦਾ ਚਾਅ ਸਾਂਭਿਆ ਨਹੀਂ ਸੀ ਜਾਂਦਾ। ਮਾਸੀ ਨੂੰ ਸਾਇਕਲ ਪਿੱਛੇ ਤੇ ਮੈਨੂੰ ਅੱਗੇ ਡੰਡੇ ‘ਤੇ ਬਿਠਾ ਪੂਰਾ ਸ਼ਹਿਰ ਘੁੰਮਾ ਛੱਡਿਆ ਸੀ। ਕਦੀ ਅੱਚਲੀ ਗੇਟ ਤੇ ਕਦੀ ਕਪੂਰੀ ਗੇਟ। ਕਦੀ ਕੰਧ ਸਾਹਿਬ ਤੇ ਕਦੀ ਹਕੀਕਤ ਰਾਏ ਦੀ ਸਮਾਧ। ਕਦੀ ਅੰਦਰਲੇ ਸਿਨਮੇ ‘ਚ ਲੱਗੇ ਪੋਸਟਰਾਂ ਅੱਗੇ ਤੇ ਕਦੀ ਦੁਸਹਿਰਾ ਗਰਾਉਂਡ ‘ਚ ਲੱਗੀ ਸਰਕਸ ਦੇ ਸਾਹਮਣੇ। ਉਹ ਭੀੜਾਂ ਨੂੰ ਚੀਰਦਾ ਸਾਈਕਲ ਚਲਾਉਂਦਾ ਤੇ ਨਾਲ ਨਾਲ ਮਾਸੀ ਨਾਲ ਗੱਲਾਂ ਵੀ ਕਰਦਾ ਜਾਂਦਾ। ਵਿਚ ਵਿਚਾਲੇ ਕਿਸੇ ਰੇਹੜੀ ਤੋਂ ਕੇਲੇ ਲੈ ਕੇ ਖਵਾਉਂਦਾ ਤੇ ਮਗਰੋਂ ਤਿੱਖੀ ਕਾਂਜੀ ਵਾਲੇ ਗੋਲ ਗੱਪੇ। ਇਵੇਂ ਲੱਗਦਾ ਸੀ ਜਿਉਂ ਬਾਪੂ ਸਾਰਾ ਮੇਲਾ ਹੀ ਲੁੱਟ ਲੈਣਾ ਚਾਹੁੰਦਾ ਹੋਵੇ। ਫਿਰ ਪਾਥੀ ਗਰਾਉਂਡ ‘ਚ ਜ਼ਮੀਨ ਤੋਂ ਆਸਮਾਨ ਵੱਲ ਘੁੰਮਦੇ ਉੱਚੇ ਪੰਘੂੜੇ ‘ਚ ਲੈ ਕੇ ਚੜ੍ਹ ਗਿਆ। ਨਾਲੋ ਨਾਲ ਬੈਠੇ ਸਨ ਉਹ ਦੋਵੇਂ ਤੇ ਵਿਚਕਾਰ ਮੈਂ। ਪੰਘੂੜਾ ਹੌਲੀ ਹੌਲੀ ਸ਼ੁਰੂ ਹੋ ਕੇ ਤੇਜ਼ ਹੁੰਦਾ ਗਿਆ। ਕਦੀ ਧੁਰ ਉੱਪਰ ਤੇ ਕਦੀ ਹੇਠਾਂ। ਹੋਰ ਚੜ੍ਹੇ ਨਿਆਣੇ ਜ਼ਨਾਨੀਆਂ ਚੀਕਾਂ ਮਾਰਨ ਲੱਗੇ। ਮੇਰੀਆਂ ਅੱਖਾਂ ਅੱਗੇ ਭੰਬੂ ਤਾਰੇ ਜਿਹੇ ਨੱਚਣ ਲੱਗੇ। ਸਭ ਕੁਝ ਗੋਲ ਗੋਲ ਜਿਹਾ ਤੇ ਉੱਪਰ ਥੱਲੇ ਹੁੰਦਾ ਨਜ਼ਰੀਂ ਆਉਣ ਲੱਗਿਆ। ਬਾਪੂ ਤੇ ਮਾਸੀ ਨੇ ਮੈਨੂੰ ਘੁੱਟ ਕੇ ਫੜਿਆ ਹੋਇਆ ਸੀ। ਮੇਰੀਆਂ ਅੱਖਾਂ ਬੰਦ ਸਨ ਤੇ ਮੈਂ ਸਿਰ ਬਾਪੂ ਦੀ ਵੱਖੀ ‘ਚ ਘਸੋੜਿਆ ਹੋਇਆ ਸੀ। ਜਦੋਂ ਪੰਘੂੜਾ ਧੁਰ ਉੱਪਰੋਂ ਥੱਲੇ ਨੂੰ ਆਉਂਦਾ ਤਾਂ ਮਾਸੀ ਮਜ਼ੇ ‘ਚ ਚੀਕ ਜਿਹੀ ਮਾਰਦੀ, ਮੱਠਾ ਜਿਹਾ ਹੱਸਦੀ ਤੇ ਕਹਿੰਦੀ ‘ਹਾਏ ਭਾਈਆ ਮਰ ਗਈ ਮੈਂ।’ ਅੱਗਿਉਂ ਬਾਪੂ ਹਵਾ ‘ਚ ਕੰਬਦੇ ਜਿਹੇ ਬੋਲਾਂ ‘ਚ ਉਹਨੂੰ ਘੁੱਟਦਾ, ‘ਛਿੰਦੋ ਘੁੱਟਕੇ ਫੜ ਤੇ ਜ਼ਰਾ ਨਾਲ ਲੱਗ ਕੇ ਬਹੁ ਕਮਲੀਏ। ਐਂ ਮਰਨ ਦਿੰਨਾ ਮੈਂ ਤੈਨੂੰ।’
ਹੇਠਾਂ ਉੱਤਰ ਮਾਸੀ ਮੇਰੇ ਮੱਥੇ ਤੇ ਪੋਲਾ ਪੋਲਾ ਹੱਥ ਫੇਰਦੀ ਬੋਲੀ, ‘ਮੇਰੇ ਪੁੱਤ ਦਾ ਰੰਗ ਕਿ ਉਡਿਆ ਪਿਆ?’
ਬਾਪੂ ਨੇ ਸਾਈਕਲ ਦਾ ਸਟੈਂਡ ਲਾਹੁੰਦਿਆਂ ਕਿਹਾ, ‘ਇਹ ਧੀ ਜਵ੍ਹਾ ਐਵੇਂ ਡਰਦਾ ਰਹਿੰਦਾ। ਵੀਹ ਵਾਰੀ ਕਿਹਾ ਇਹਨੂੰ ਐਵੇਂ ਨਾ ਮੋਕ ਮਾਰਿਆ ਕਰ, ਜੁਅਰਤ ਨਾਲ ਰਿਹਾ ਕਰ ਤੇ ਮਜ਼ੇ ਲੁੱਟਿਆ ਕਰ। ਆਪਣੇ ਬਾਪੂ ਵਾਂਗ।’
ਸ਼ਾਮ ਢਲੇ ਮਾਸੀ ਵੀ ਸਾਡੇ ਨਾਲ ਹੀ ਪਿੰਡ ਨੂੰ ਤੁਰ ਆਈ ਸੀ। ਜਰਨੈਲੀ ਸੜਕ ਤੋਂ ਪਿੰਡ ਵੱਲ ਮੁੜਦੇ ਸੂਏ ਦੇ ਕੰਢੇ ਕੰਢੇ ਕੱਚੇ ਰਾਹ ਦੇ ਦੋਵੇਂ ਪਾਸੇ ਉੱਗੇ ਸਰਕੰਡੇ ਤੇ ਕਾਨਿਆਂ ਦੇ ਸੰਘਣੇ ਝੁੰਡ ਵਿੱਚੋਂ ਲੰਘਦਿਆਂ ਮਾਸੀ ਤੇ ਬਾਪੂ ਦਾ ਹਾਸਾ ਛਣਕ ਰਿਹਾ ਸੀ। ਮਾਸੀ ਦੀ ਅਵਾਜ਼ ਆਈ, ‘ਕੀ ਕਰਦੈਂ ਭਾਈਆਂ ਤੂੰ?’
‘ਕੁਝ ਨਹੀਂ ਛਿੰਦੋ, ਐਵੇਂ ਹੱਥ ਜਿਹੇ ਨਿੱਘੇ ਕਰਦਾਂ।’ ਉਹ ਮਸਤੀ ਜਿਹੀ ‘ਚ ਬੋਲਿਆ। ‘ਛਡਿਆ ਵੀ ਕਰ ਹੁਣ ਐਹੋ ਜਿਹੇ ਲੁੱਚ ਪੁਣੇ। ਨਾਲੇ ਨਾਲ ਨਿਆਣਾ।’ ਮਾਸੀ ਦੀ ਥਿੜਕਵੀਂ ਤੇ ਤਰਲ ਜਿਹੀ ਅਵਾਜ਼ ਸੁਣਕੇ ਮੇਰਾ ਜੀਅ ਕੀਤਾ ਪਿੱਛੇ ਨੂੰ ਉੱਲਰ ਕੇ ਵੇਖਾਂ। ਚਲਦੇ ਸਾਈਕਲ ਦਾ ਡੰਡਾ ਮੇਰੀ ਢੂਈ ‘ਚ ਖੁੱਭ ਰਿਹਾ ਸੀ। ਮੈਂ ਧੁਖਦੇ ਚਿੱਤੜਾਂ ਨੂੰ ਰਾਹਤ ਦਿਵਾਉਣ ਲਈ ਥੋੜ੍ਹਾ ਵੀ ਅੱਗੇ ਪਿੱਛੇ ਹੁੰਦਾ ਤਾਂ ਬਾਪੂ ਝਈ ਲੈ ਕੇ ਪੈਂਦਾ, ‘ਰਮਾਨ ਨਹੀਂ ਬਹਿ ਹੁੰਦਾ ਤੈਥੋਂ?’ ਜਿਸ ਨੂੰ ਸੁਣਦਿਆਂ ਸਾਰ ਪਿੱਛੇ ਮੁੜ ਕੇ ਵੇਖਣ ਦੀ ਮੇਰੀ ਹਿੰਮਤ ਜਵਾਬ ਦੇ ਜਾਂਦੀ। ਦੂਰ ਉੱਚੇ ਅੰਬਰਾਂ ‘ਚੋਂ ਸਰਕਦਾ ਸਰਕਦਾ ਸੂਰਜ ਲਹਿੰਦੇ ਦੀ ਗੁੱਠੇ ਜਾ ਲੁਕਿਆ ਸੀ ਪਰ ਦਿਨ ਦੀ ਲੋਅ ਅਜੇ ਵਾਹਵਾ ਸੀ। ਕੋਈ ਵਿਰਲਾ ਟਾਵਾਂ ਰਾਹੀ ਆਉਂਦਾ ਜਾਂਦਾ ਸੀ। ਬਾਪੂ ਨੇ ਘਰਾਟਾਂ ਵਾਲੀ ਪੁਲੀ ‘ਤੇ ਸਾਈਕਲ ਖੜ੍ਹਾ ਕੀਤਾ ਤੇ ਵੱਡੇ ਪਿੱਪਲ ਦੇ ਉਹਲੇ ਨਿਵਾਣਾ ਨੂੰ ਹੋ ਗਿਆ। ਥੋੜ੍ਹਾ ਜਿਹਾ ਰੁਕ ਕੇ ਮਾਸੀ ਨੂੰ ਅਵਾਜ਼ ਮਾਰੀ, ‘ਛਿੰਦੋ, ਆਹ ਦੇਖ ਖੁੰਬਾਂ।’
ਮਾਸੀ ਛੋਹਲੇ ਕਦਮੀ ਆਸੇ ਪਾਸੇ ਵੇਖਦੀ ਉੱਧਰ ਨੂੰ ਹੋ ਤੁਰੀ। ਦੋਵੇਂ ਪਿੱਪਲ ਦੇ ਉੱਬੜ ਖਾਬੜ ਜਿਹੇ ਮੋਟੇ ਮੁੱਢ ਦੇ ਉਹਲੇ ਹੋ ਗਏ। ਕਦੀ ਕਦਾਈਂ ਮੁੱਢ ਦੇ ਪਰਲੇ ਪਾਸੇ ਨਾਲ ਢਾਸਣ ਲਾ ਕੇ ਖਲੋਤੀ ਮਾਸੀ ਦੀ ਜੋਗੀਆ ਜਿਹੀ ਚੁੰਨੀ ਹਵਾ ਵਿੱਚ ਉਡਦੀ ਦਾ ਸਿਰਾ ਵਿਖਾਈ ਦਿੰਦਾ ਤੇ ਕਦੀ ਨਾਲ ਲੱਗ ਕੇ ਖਲੋਤੇ ਬਾਪੂ ਦੇ ਇਕ ਪੈਰ ਦੀ ਇਕ ਪਾਸਿਓਂ ਅਧਿਓਂ ਬਹੁਤੀ ਘਸ ਗਈ ਗੁਰਗਾਬੀ ਦੀ ਅੱਡੀ ਦਿਸਦੀ। ਸਾਈਕਲ ਦੇ ਡੰਡੇ ਤੇ ਹੀ ਬੈਠਾ ਮੈਂ ਚਿਰਾਂ ਦੇ ਸੁੱਕੇ ਸੂਏ ਵਿੱਚ ਕਦੀ ਚੜ੍ਹਦੇ ਵਲ ਤੇ ਕਦੀ ਲਹਿੰਦੇ ਵਲ ਦੂਰ ਤੱਕ ਝਾਤੀਆਂ ਮਾਰ ਰਿਹਾ ਸਾਂ। ਥਾਂ ਥਾਂ ਤੋਂ ਖੁਰ ਗਏ ਸੂਏ ਦੇ ਦੋਵੇਂ ਕੰਢਿਆਂ ਤੇ ਉੱਗੀ ਦੱਭ ਕਾਈ ਤੇ ਕੱਖ ਕਾਨ ਜਿਹਾ ਵੇਖ ਮੈਨੂੰ ਖੌਫ਼ ਜਿਹਾ ਆਉਣ ਲੱਗਾ ਪਰ ਸਾਈਕਲ ਦੇ ਡਿੱਗ ਜਾਣ ਦੇ ਡਰ ਤੋਂ ਮੈਂ ਬਿਨਾਂ ਕੋਈ ਹਿੱਲਜੁਲ ਕੀਤਿਆਂ ਚੁੱਪ ਚਾਪ ਖੁੰਬਾਂ ਪੁੱਟਣ ਗਏ ਮਾਸੀ ਬਾਪੂ ਦਾ ਰਾਹ ਵੇਖਦਾ ਰਿਹਾ। ਉੱਚੇ ਪਿੱਪਲ ਦੇ ਪੱਤਿਆਂ ਦੀ ਖੜਖੜ ਤੇ ਉੱਪਰ ਬੈਠੇ ਪੰਛੀਆਂ ਦਾ ਸ਼ੋਰ ਮੇਰੇ ਕੰਨਾਂ ਵਿਚ ਕਿਰਚਾਂ ਵਾਂਗ ਵੱਜ ਰਿਹਾ ਸੀ। ਆਸੇ ਪਾਸੇ ਫੈਲੇ ਸੰਨਾਟੇ ਨੇ ਮੇਲੇ ਵਾਲਾ ਰੰਗ ਅਸਲੋਂ ਭੁਲਾ ਦਿੱਤਾ ਸੀ। ਮੇਰਾ ਸੰਘ ਸੁੱਕ ਗਿਆ ਸੀ ਤੇ ਥੁੱਕ ਵੀ ਅੰਦਰ ਨਹੀਂ ਸੀ ਲੰਘਦਾ ਪਿਆ। ਬਾਪੂ ਤੇ ਮਾਸੀ ਪਤਾ ਨਹੀਂ ਕਿਹੜੀਆਂ ਖੁੰਬਾਂ ਪੁੱਟਣ ਵਿਚ ਰੁੱਝੇ ਹੋਏ ਸਨ ਕਿ ਏਨਾ ਸਮਾਂ ਲਾ ਦਿੱਤਾ ਸੀ।
ਪੈਰ ਝਾੜਦਾ ਤੇ ਆਪਣੇ ਗਲ ਪਾਏ ਝੱਗੇ ਨਾਲ ਮੁੱਛਾਂ ਪੂੰਝਦਾ ਬਾਪੂ ਪਿੱਪਲ ਦੇ ਉਹਲਿਓਂ ਬਾਹਰ ਆਇਆ। ਮੈਨੂੰ ਇਵੇਂ ਲੱਗਿਆ ਜਿਵੇਂ ਉਹ ਬਾਟੀ ‘ਚੋਂ ਇੱਕੋ ਡੀਕੇ ਲੱਸੀ ਪੀ ਕੇ ਹਟਿਆ ਹੋਵੇ। ਥੋੜ੍ਹਾ ਜਿਹਾ ਰੁਕ ਕੇ ਮਾਸੀ ਹੱਥ ‘ਚ ਪੰਜ ਸੱਤ ਖੁੰਬਾਂ ਫੜੀ ਬਾਹਰ ਆਈ ਤੇ ਕਾਹਲੇ ਕਦਮੀ ਮੁੜ ਸਾਈਕਲ ਤੇ ਆ ਚੜ੍ਹੀ ਸੀ।
ਕਿੱਕਰ ਦੇ ਸੁੱਕੇ ਮੋਛਿਆਂ ਉੱਤੇ ਪਏ ਬਾਪੂ ਦੇ ਕੋਲ ਖੜ੍ਹੀ ਉਹੀ ਮਾਸੀ ਹੁਣ ਮੇਰੇ ਸਾਹਮਣੇ ਹੈ। ਜਿਹਦੀਆਂ ਗੱਲ੍ਹਾਂ ਅੰਦਰ ਨੂੰ ਧੱਸੀਆਂ ਤੇ ਹੜਬਾਂ ਨਿਕਲੀਆਂ ਹੋਈਆਂ ਨੇ। ਸਿਰ ਉੱਤੇ ਦੁੱਧ ਚਿੱਟੇ ਵਾਲ ਵੀ ਵਿਰਲੇ ਟਾਵੇਂ ਹੀ ਰਹਿ ਗਏ ਨੇ। ਪਤਾ ਨਹੀਂ ਬਾਪੂ ਦੇ ਤੁਰ ਜਾਣ ਕਰਕੇ ਜਾਂ ਕਿਸੇ ਬੀਤੇ ਵੇਲੇ ਨੂੰ ਯਾਦ ਕਰਕੇ ਮਾਸੀ ਆਪਣੀਆਂ ਨਜ਼ਰ ਵਾਲੀਆਂ ਐਨਕਾਂ ਲਾਹ ਕੇ ਵਾਰ ਵਾਰ ਅੱਖਾਂ ਪੂੰਝਦੀ ਹੈ ਤੇ ਮੁੜ ਮੁੜ ਬਾਪੂ ਦੇ ਚਿਹਰੇ ਵੱਲ ਵੇਖਦੀ ਹੈ।
ਇਸੇ ਤਰ੍ਹਾਂ ਹੀ ਤਾਂ ਮਾਸੀ ਵੇਖਦੀ ਹੁੰਦੀ ਸੀ ਜਦੋਂ ਬਾਪੂ ਦੀ ਨਿਗ੍ਹਾ ਬਿਲਕੁਲ ਜਵਾਬ ਦੇ ਗਈ ਸੀ। ਜਦ ਕਦੀ ਮਾਸੀ ਆਈ ਹੁੰਦੀ ਤਾਂ ਉਹ ਦਿਨ ਚੜ੍ਹਦੇ ਸਾਰੇ ਹੀ ਕੰਧਾਂ ਨੂੰ ਟੋਹ ਟੋਹ ਕੇ ਵਿਹੜੇ ਵਿੱਚ ਡਿੱਠੀ ਮੰਜੀ ਉੱਤੇ ਲੱਤਾਂ ਲਮਕਾ ਕੇ ਆ ਬਹਿੰਦਾ ਸੀ। ਬੇਬੇ ਤੇ ਮਾਸੀ ਨਿੱਕੀਆਂ ਨਿੱਕੀਆਂ ਗੱਲਾਂ ਕਰਦੀਆਂ ਤਾਂ ਬਾਪੂ ਕੰਨ ਲਾ ਕੇ ਸੁਣਨ ਦੀ ਕੋਸ਼ਿਸ਼ ਕਰਦਾ। ਕਦੀ ਮਾਸੀ ਦਾ ਕਿਸੇ ਗੱਲੋਂ ਮੱਠਾ ਜਿਹਾ ਹਾਸਾ ਛਣਕਦਾ ਤਾਂ ਬਾਪੂ ਦੇ ਚਿਹਰੇ ਤੇ ਵੀ ਬੇਪਛਾਣੀ ਜਿਹੀ ਮੁਸਕਾਨ ਖਿੰਡਰ ਜਾਂਦੀ। ਉਹਦੇ ਚਿੱਟੇ ਬਲੌਰਾਂ ਵਰਗੇ ਡੇਲੇ ਤੇਜ਼ ਤੇਜ਼ ਘੁੰਮਣ ਲੱਗਦੇ। ਉਹ ਮੰਜੇ ਦੀ ਹੀਂਹ ਤੋਂ ਹੇਠ ਲਮਕਦੀਆਂ ਲੱਤਾਂ ਹਿਲਾਉਣ ਲੱਗਦਾ। ਕਦੀ ਆਪਣੇ ਦੋਵੇਂ ਹੱਥ ਆਪਣੀਆਂ ਖੁੱਚਾਂ ਥੱਲੇ ਦੱਬ ਕੇ ਲਚਾਰਗੀ ਜਿਹੀ ਨਾਲ ਬੁੱਲ੍ਹ ਟੁੱਕਦਾ ਤੇ ਕਦੀ ਢਿੱਲੀ ਜਿਹੀ ਪੱਗ ਹੇਠ ਉਂਗਲਾ ਵਾੜ ਕੇ ਸਿਰ ਖੁਰਕਣ ਲੱਗਦਾ।
‘ਅੱਖਾਂ ਨਾਲ ਹੀ ਜਹਾਨ ਵਸਦੈ ਬੰਦੇ ਦਾ।’ ਮੇਰੀ ਸੁਰਤੀ ਮਾਸੀ ਵੱਲੋਂ ਹਟ ਕੇ ਲੰਬੜਦਾਰ ਵੱਲ ਮੁੜਦੀ ਹੈ। ਬਾਪੂ ਦਾ ਟੋਹ ਟੋਹ ਕੇ ਪੈਰ ਪੁੱਟਣ ਦਾ ਲੰਮਾ ਪੈਂਡਾ ਮੇਰੇ ਅੰਤਰ ਮਨ ਵਿੱਚੋਂ ਗੁਜ਼ਰਦਾ ਹੈ। ਉਸ ਨਾਲ ਕੰਮ ‘ਤੇ ਪਏ ਨੂੰ ਤਿੰਨ ਚਾਰ ਵਰ੍ਹੇ ਹੀ ਹੋਏ ਸਨ ਜਦੋਂ ਉਸ ਦੀਆਂ ਅੱਖਾਂ ਦੀ ਜੋਤ ਹਮੇਸ਼ਾ ਲਈ ਜਾਂਦੀ ਰਹੀ ਸੀ। ਉਸ ਸਮੇਂ ਬਾਪੂ ਦੀ ਕਾਰੀਗਰੀ ਉਹਦੇ ਸਿਰ ਚੜ੍ਹ ਬੋਲਦੀ ਸੀ। ਉਹਦੇ ਖੱਬੇ ਹੱਥ ਨਾਲ ਚਲਦੀ ਕਾਂਡੀ ਦਾ ਲਾਗੇ ਚਾਗੇ ਚਹੁੰ ਪਿੰਡਾਂ ਵਿੱਚ ਕੋਈ ਮੁਕਾਬਲਾ ਨਹੀਂ ਸੀ। ਮਗਰ ਲੱਗੇ ਦਿਹਾੜੀਦਾਰ ਭੱਜ ਭੱਜ ਕੰਮ ਕਰਦੇ। ਜੁਗਤ ਨਾਲ ਇੱਟਾਂ ਜੁੜਦੀਆਂ। ਕੰਧਾਂ ਉੱਸਰਦੀਆਂ, ਛੱਤਾਂ ਪੈਂਦੀਆਂ, ਘਰ ਬਣਦੇ। ਬਾਪੂ ਦਾ ਆਪਣੇ ਹੱਥੀਂ ਬਣਾਏ ਤੇ ਘੁੱਗ ਵਸਦੇ ਘਰਾਂ ਨਾਲ ਖਾਸ ਮੋਹ ਹੁੰਦਾ ਸੀ।
ਉਨ੍ਹਾਂ ਦਿਨਾਂ ‘ਚ ਹੀ ਤਾਂ ਰਸਤੇ ‘ਚ ਆਉਂਦਿਆਂ ਜਾਂਦਿਆਂ ਵਗਦੀਆਂ ਖੁਸ਼ਕ ਹਵਾਵਾਂ ਵਿੱਚ ਕਣਕ ਦੇ ਕਸੀਰ ਉੱਡ ਕੇ ਉਸ ਦੀਆਂ ਅੱਖਾਂ ਵਿੱਚ ਪੈ ਗਏ ਸਨ ਜਿਸ ਦੀ ਰੜਕ ਕਈ ਦਿਨ ਪੈਂਦੀ ਰਹੀ ਸੀ। ਅੱਖਾਂ ਦੀਆਂ ਪੁਤਲੀਆਂ ਸੁੱਜ ਗਈਆਂ ਸਨ ਤੇ ਡੇਲੇ ਲਾਲ ਸੁਰਖ਼ ਹੋ ਗਏ ਸਨ। ਉਹ ਦਿਨ ਵਿੱਚ ਕਈ ਵਾਰੀ ਤਾਜ਼ੇ ਪਾਣੀ ਦੇ ਛਿੱਟੇ ਮਾਰਦਾ ਤੇ ਉਸੇ ਹਾਲ ਆਪਣੇ ਕੰਮ ਨੂੰ ਵੀ ਜੁਟਿਆ ਰਹਿੰਦਾ। ਪਾਣੀ ਦੇ ਛਿੱਟਿਆਂ ਨਾਲ ਉਹ ਨੂੰ ਦੋ ਕੁ ਘੜੀਆਂ ਚੈਨ ਆਉਂਦਾ ਪਰ ਬਾਅਦ ਵਿੱਚ ਉਹ ਰੜਕ ਨਾਲ ਉਸੇ ਤਰ੍ਹਾਂ ਤਰਲੋ ਮੱਛੀ ਹੋਣ ਲੱਗਦਾ।
ਉਸ ਦਿਨੇ ਵੀ ਸਰਪੰਚਾਂ ਦੀ ਹਵੇਲੀ ਵਿੱਚ ਦੋ ਘੜੀਆਂ ਸਾਹ ਲੈਣ ਲਈ ਸ਼ਰੀਂਹ ਦੀ ਤਿੱਤਰੀ ਮਿੱਤਰੀ ਛਾਵੇਂ ਬੈਠੇ ਸਾਂ ਜਦੋਂ ਦੋ ਲੰਮੇ ਚੋਗਿਆਂ ਵਾਲੇ ਜੋਗੀ ਮੋਢੇ ਤੇ ਵਹਿੰਗੀ ਲਮਕਾਈ ਉਨ੍ਹਾਂ ਦੇ ਕੋਲ ਆਣ ਬੈਠੇ ਸਨ।
ਬਾਪੂ ਨੂੰ ਮੁੜ ਮੁੜ ਅੱਖਾਂ ‘ਤੇ ਪਾਣੀ ਦੇ ਛਿੱਟੇ ਮਾਰਦਿਆਂ ਵੇਖ ਜੋਗੀਆਂ ਨੇ ਉਨ੍ਹਾਂ ਵੱਲੋਂ ਤਿਆਰ ਕੀਤਾ ਕੋਈ ਸੁਰਮਾ ਪਾਉਣ ਦੀ ਸਲਾਹ ਦਿੱਤੀ ਸੀ। ਜਿਸ ਨੂੰ ਜੱਕੋਤੱਕੀ ਜਿਹੀ ‘ਚ ਮੰਨਦਿਆਂ ਬਾਪੂ ਉਨ੍ਹਾਂ ਅੱਗੇ ਪੈਰਾਂ ਭਾਰ ਜਾ ਬੈਠਾ ਸੀ। ਉਨ੍ਹਾਂ ਵਿੱਚੋਂ ਇਕ ਨੇ ਪਟਾਰੀ ਅੰਦਰੋਂ ਮੈਲੀ ਜਿਹੀ ਡੱਬੀ ਵਿੱਚੋਂ ਸੁਆਹ ਵਰਗਾ ਕੋਈ ਪਾਊਡਰ ਜਿਹਾ ਕੱਢਿਆ ਤੇ ਲੱਕੜ ਦੇ ਸੁਰਮਚੂ ਨਾਲ ਬਾਪੂ ਦੀਆਂ ਦੋਹਾਂ ਅੱਖਾਂ ਵਿੱਚ ਵਾਰੋ ਵਾਰੀ ਪਾ ਦਿੱਤਾ ਸੀ। ਜਿਸ ਨਾਲ ਪੈਰਾਂ ਭਾਰ ਬੈਠੇ ਬਾਪੂ ਨੂੰ ਝੁਣਝਣੀ ਜਿਹੀ ਆਈ ਤੇ ਉਹ ਤ੍ਰੇਲਿਓ ਤ੍ਰੇਲੀ ਹੋ ਗਿਆ ਸੀ। ਸੁਰਮਾ ਉਹਦੀਆਂ ਅੱਖਾਂ ਵਿੱਚ ਠੰਢ ਪਾਉਣ ਦੀ ਥਾਂ ਮਿਰਚਾਂ ਵਾਂਗ ਲੜਿਆ ਲੱਗਦਾ ਸੀ। ਜੋਗੀ ਦੋ ਕੁ ਰੱਤੀਆਂ ਦੀ ਪੁੜੀ ਬਣਾ ਕੇ ਬਾਪੂ ਦੀ ਤਲੀ ਉੱਤੇ ਰੱਖਕੇ ਘੰਟੇ ਘੰਟੇ ਬਾਅਦ ਪਾਉਣ ਦੀ ਸਲਾਹ ਦੇ ਕੇ ਚਲਦੇ ਬਣੇ ਸਨ। ਬਾਪੂ ਦੇ ਲਗਾਤਾਰ ਸੁਰਮਾ ਪਾਉਣ ਨਾਲ ਰੜਕ ਦਾ ਤਾਂ ਭਾਵੇਂ ਫਰਕ ਪੈ ਗਿਆ ਸੀ ਪਰ ਅੱਖਾਂ ਅੱਗੇ ਹਲਕਾ ਜਿਹਾ ਧੁੰਦਲਕਾ ਪਸਰਦਾ ਅੰਤ ਅੱਖਾਂ ਵਿਚਲੀ ਲੋਅ ਨੂੰ ਸਦਾ ਲਈ ਲੈ ਬੈਠਾ ਸੀ।
ਜਿੱਥੇ ਕਿਸੇ ਦੱਸ ਪਾਈ ਉੱਥੇ ਜਾ ਕੇ ਵਿਖਾਇਆ। ਥਾਂ ਥਾਂ ਦੇ ਧੱਕੇ ਧੋੜੇ ਖਾਧੇ। ਡਾਕਟਰ ਹਕੀਮ ਵੀ ਆਪਣਾ ਜ਼ੋਰ ਲਾ ਕੇ ਥੱਕ ਹਾਰ ਗਏ ਪਰ ਬਾਪੂ ਦੀਆਂ ਅੱਖਾਂ ਦੀ ਗਈ ਜੋਤ ਵਾਪਸ ਨਹੀਂ ਸੀ ਪਰਤੀ।
ਕਿੰਨਾ ਬੇਚੈਨ ਰਹਿਣ ਲੱਗਾ ਸੀ ਬਾਪੂ ਉਨ੍ਹਾਂ ਦਿਨਾਂ ਵਿਚ। ਉਹ ਵੇਲੇ ਸਿਰ ਹੀ ਉੱਠ ਬੈਠਦਾ। ਸਿਰਹਾਣੇ ਪਈ ਪੱਗ ਨੂੰ ਸਲੀਕੇ ਨਾਲ ਵਲੇਟਣ ਦੀ ਕੋਸ਼ਿਸ਼ ਕਰਦਾ। ਫਿਰ ਹੌਲੀ ਹੌਲੀ ਕੰਧ ਨਾਲ ਟੰਗੇ ਸ਼ੀਸ਼ੇ ਮੂਹਰੇ ਜਾ ਖਲੋਂਦਾ। ਧੁੰਦਲੇ ਜਿਹੇ ਸ਼ੀਸ਼ੇ ਵਿੱਚ ਅੱਖਾਂ ਮੀਚ ਮੀਚ ਵਲੇਟੀ ਪੱਗ ਦੇ ਪੇਚਾਂ ਨੂੰ ਜਾਚਣ ਦੀ ਕੋਸ਼ਿਸ ਕਰਦਾ ਤੇ ਫਿਰ ਨਿੰਮੋਝੂਣਾ ਜਿਹਾ ਹੋਇਆ ਪਰ੍ਹਾਂ ਜਾ ਬਹਿੰਦਾ ਸੀ। ਫਿਰ ਵੱਡੇ ਸੁਫ਼ੇ ਦੀ ਗੁੱਠੇ ਪਈ ਔਜ਼ਾਰਾਂ ਵਾਲੀ ਪੇਟੀ ਖੋਲ੍ਹ ਕੇ ਬੈਠ ਜਾਂਦਾ। ਇਕੱਲੇ ਇਕੱਲੇ ਔਜ਼ਾਰ ਨੂੰ ਹੱਥ ਫੇਰ ਫੇਰ ਕੇ ਵੇਖਦਾ। ਉਨ੍ਹਾਂ ਨੂੰ ਝਾੜਦਾ ਪੂੰਝਦਾ ਤੇ ਮੁੜ ਥਾਂ ਸਿਰ ਕਰਦਿਆਂ ਉਂਗਲਾਂ ਤੇ ਉਨ੍ਹਾਂ ਦੀ ਗਿਣਤੀ ਕਰਦਾ।
ਅਵਾਜ਼ਾਂ ਮਾਰ ਮਾਰ ਕੇ ਕੰਮ ‘ਤੇ ਪਏ ਔਜ਼ਾਰਾਂ ਬਾਰੇ ਪੁੱਛਦਾ। ਫਿਰ ਕਿੰਨਾ ਕਿੰਨਾ ਚਿਰ ਦੋਵੇਂ ਕੂਹਣੀਆਂ ਬੰਦ ਪਈ ਪੇਟੀ ਦੇ ਢੱਕਣ ਉੱਤੇ ਰੱਖ ਕੇ ਸੋਚੀਂ ਪਿਆ ਰਹਿੰਦਾ।
ਉਹ ਕਈ ਵਾਰ ਜ਼ਿਦ ਕਰਕੇ ਮੇਰੇ ਨਾਲ ਕੰਮ ‘ਤੇ ਚਲੇ ਜਾਂਦਾ। ਟੋਹ ਟੋਹ ਕੇ ਲੱਗ ਗਈ ਚਿਣਾਈ ਦੇ ਵਾਰ ਗਿਣਦਾ। ਹੱਥ ਫੇਰ ਫੇਰ ਕੇ ਚਿਣੀਆਂ ਇੱਟਾਂ ਦੀ ਸਫਾਈ ਜਾਚਦਾ। ਪਰ੍ਹਾਂ ਛਾਵੇਂ ਡਿੱਠੀ ਮੰਜੀ ‘ਤੇ ਬੈਠਾ ਵਾਰ ਵਾਰ ਹੱਥ ਛੋਹਲਾ ਮਾਰਨ ਦੀ ਤਕੀਦ ਕਰਦਾ ਰਹਿੰਦਾ ਸੀ।
ਅਸਮਾਨ ਵੱਲ ਝਾਕਦਿਆਂ ਲਹਿੰਦੇ ਵਲ ਸਰਕਦੇ ਜਾ ਰਹੇ ਸੂਰਜ ਵੱਲ ਮੇਰਾ ਧਿਆਨ ਜਾਂਦਾ ਹੈ। ਦਿਨ ਥੱਲੇ ਲਹਿ ਗਿਆ ਹੈ। ਰਿਸ਼ਤੇਦਾਰਾਂ ਨੂੰ ਵਾਪਸ ਮੁੜਨ ਦੀ ਕਾਹਲੀ ਵੀ ਹੈ। ਖੜ੍ਹੇ ਲੋਕ ਵੱਡੀ ਸੜਕ ਤੋਂ ਪਿੰਡ ਨੂੰ ਮੁੜਦੇ ਪਹੇ ਵੱਲ ਮੁੜ ਮੁੜ ਝਾਕਦੇ ਹਨ। ਭੂਆ ਦੇ ਪੁੱਤ ਨੂੰ ਫ਼ੋਨ ਕਰਕੇ ਕਈ ਵਾਰੀ ਪੁੱਛ ਲਿਆ ਹੈ। ਪਿੰਡ ਦੇ ਉਪਰਲੇ ਪਾਸੇ ਪਹੁੰਚਣ ਦਾ ਪਤਾ ਚਲਿਆ ਹੈ ਉਨ੍ਹਾਂ ਦਾ।
‘ਕੋਈ ਨਾ ਪਹੁੰਚ ਗਏ ਹੁਣ ਤਾਂ। ਉਡੀਕ ਹੀ ਲੈਣਾ ਚਾਹੀਦਾ ਭਾਈ।’ ਖਲੋਤਿਆਂ ਵਿੱਚੋਂ ਕੋਈ ਸਿਆਣਾ ਬਜ਼ੁਰਗ ਬੋਲਿਆ ਹੈ।
‘ਦੋ ਘੜੀਆਂ ਦੀ ਖੇਡ ਐ। ਜਾਂਦੀ ਵਾਰ ਦਾ ਮੂੰਹ ਵੇਖ ਲੈਣਗੇ। ਫਿਰ ਤਾਂ ਬੰਦਾ ਸੁਪਨਾ ਹੀ ਹੋ ਜਾਂਦੈ।’
ਗ੍ਰੰਥੀ ਲਹਿਣਾ ਸਿਹੁੰ ਆਪਣੀ ਦੁੱਧ ਚਿੱਟੀ ਦਾਹੜੀ ਵਿੱਚ ਉਂਗਲਾਂ ਦੀ ਕੰਘੀ ਜਿਹੀ ਕਰਦਿਆਂ ਥੋੜ੍ਹਾ ਕੁ ਅੱਗੇ ਹੋ ਕੇ ਕਹਿੰਦਾ ਹੈ, ‘ਐਵੇਂ ਬੰਦਾ ਸਾਰੀ ਉਮਰ ਉਹ ਵੀ ਸ਼ੈਅ ਮੇਰੀ ਐ, ਇਹ ਵੀ ਸ਼ੈਅ ਮੇਰੀ ਐ ਕਰਦਾ ਖਪੀ ਜਾਂਦੈ। ਘਰ ਬਾਹਰ ਨੂੰ ਜੱਫੇ ਮਾਰਦਾ। ਇਸ ਜਗ੍ਹਾ ਆ ਕੇ ਮੁੱਕ ਜਾਂਦੈ ਸਭ ਕੁਝ। ਇਹੀ ਤਾਂ ਅੰਤਮ ਸੱਚ ਐ। ਵੱਡੇ ਘਰ ਪਰਿਵਾਰ ਵਾਲਾ, ਸਭ ਕੁਝ ਛੱਡ ਛਡਾ ਅੰਤ ਵੇਲੇ ਆ ਪਿਆ ਸਾਢੇ ਤਿੰਨ ਹੱਥ ਜ਼ਮੀਨ ‘ਤੇ ਲੱਗੀ ਲੱਕੜਾਂ ਦੀ ਢੇਰੀ ਉੱਤੇ। ਇੱਥੋਂ ਤੱਕ ਨਾਲ ਆਏ ਸੰਗੀ ਸਾਥੀ ਸੋਚਦੇ ਨੇ ਕਿ ਆਪਾਂ ਵੀ ਇਕ ਦਿਨ ਏਥੇ ਹੀ ਆਉਣਾ। ਮੁੜਦੇ ਸਾਰ ਹੀ ਫਿਰ ਭੁੱਲ ਜਾਂਦੇ ਨੇ।’
‘ਠੀਕ ਆਂਹਦੇ ਓ ਮਹਾਰਾਜ, ਪਰ ਬੰਦਾ ਕੁਝ ਕਰਕੇ ਮਰਿਆ ਹੋਵੇ ਥੋੜ੍ਹੇ ਕੀਤਿਆਂ ਕਿੱਥੇ ਭੁੱਲਦਾ ਲੋਕਾਂ ਨੂੰ? ਭਾ ਚੈਂਚਲ ਸਿਹੁੰ, ਵੱਡੇ ਰੌਲਿਆਂ ‘ਚ ਪਿੰਡ ਦਾ ਬੰਨ੍ਹ ਬਣਕੇ ਖਲੋਤਾ ਸੀ। ਲਾਗਲੇ ਸਾਰੇ ਪਿੰਡਾਂ ‘ਚ ਭਾਵੇਂ ਗੜ੍ਹ ਸੀ ਮੁਸਲਮਾਨਾਂ ਦਾ ਪਰ ਕੀ ਮਜ਼ਾਲ ਐ ਆਪਣੇ ਪਿੰਡ ਵੱਲ ਕਿਸੇ ਨੇ ਅੱਖ ਚੁੱਕ ਕੇ ਵੀ ਵੇਖਣ ਦੀ ਵੀ ਹਿੰਮਤ ਕੀਤੀ ਹੋਵੇ। ਇਹਦੇ ਦਿਨ ਰਾਤ ਤਪਦੇ ਆਰਣ ਤੇ ਬਣੀਆਂ ਬਰਛੀਆਂ ਨੇ ਪੂਰੇ ਇਲਾਕੇ ‘ਚ ਤੜਥੱਲੀ ਮਚਾ ਦਿੱਤੀ ਸੀ। ਕੱਟ ਵੱਢ ਕਰਨ ਨੂੰ ਮੁੰਡਿਆਂ ਦੀ ਢਾਹਣੀ ‘ਚ ਸਭ ਤੋਂ ਮੂਹਰੇ ਹੋ ਕੇ ਤੁਰਿਆ ਸੀ। ਜਿਸ ਪਾਸੇ ਨੂੰ ਵੀ ਆਪਣੀ ਟੋਲੀ ਲੈ ਕੇ ਮੂੰਹ ਕੀਤਾ, ਭਾਜੜਾਂ ਪੁਆ ਦਿੱਤੀਆਂ ਸੀ। ਭਜਨ ਸਿਹੁੰ ਲੁਹਾਰ ਉਸ ਵੇਲੇ ਨੂੰ ਯਾਦ ਕਰਦਾ ਦਸ ਰਿਹਾ ਸੀ। ਉਹ ਬਾਪੂ ਦਾ ਹਾਣੀ ਵੀ ਸੀ ਤੇ ਜੋਟੀਦਾਰ ਵੀ।
‘ਭਾ ਜੀ, ਮਾਮਾ ਜ਼ਿਆਦਾ ਢਿੱਲਾ ਮੱਠਾ ਹੋ ਗਿਆ ਸੀ? ਤੁਸੀਂ ਕਿਤੇ ਫ਼ੋਨ ਫਾਨ ਕਰ ਦਿੰਦੇ ਤਾਂ ਮਿਲ ਹੀ ਜਾਂਦੇ ਅਸੀਂ।’ ਭੂਆ ਦੇ ਪੁੱਤ ਦਰਸ਼ਨ ਨੇ ਆਉਂਦਿਆਂ ਹੀ ਮੇਰੇ ਸੱਜੇ ਮੋਢੇ ‘ਤੇ ਹੱਥ ਰੱਖਦਿਆਂ ਪੁੱਛਿਆ ਹੈ। ਮਾਮੂਲੀ ਹੂੰ ਹਾਂ ਤੋਂ ਬਹੁਤਾ ਜਵਾਬ ਨਹੀਂ ਅਹੁੜਦਾ ਮੈਨੂੰ। ਪਰ ਦਿਹਾੜੀ ਪਹਿਲਾਂ ਦੇ ਹੋਏ ਹਾਲ ਦਾ ਚੇਤਾ ਆਦਿਆਂ ਹੀ ਮੇਰੀ ਰੂਹ ਕੰਬ ਜਾਂਦੀ ਹੈ। ਡਰ ਆਉਂਦਾ ਉਸ ਦਿਨ ਨੂੰ ਯਾਦ ਕਰਕੇ ਵੀ। ਨਾ ਚਾਹੁੰਦਿਆਂ ਵੀ ਇਕ ਇਕ ਸੀਨ ਮੇਰੇ ਅੱਗਿਉਂ ਦੀ ਗੁਜ਼ਰਦਾ ਹੈ। ਉਸ ਦਿਨ ਹਾਲੇ ਗੁਰਦਵਾਰੇ ਬਾਬਾ ਨਹੀਂ ਸੀ ਬੋਲਿਆ ਜਦੋਂ ਬਾਪੂ ਦੀ ਉੱਚੀ ਵੱਜੀ ਚੀਖ਼ ਨਾਲ ਘਰ ਦੇ ਬਾਕੀ ਦੇ ਜੀਅ ਅੱਭੜਵਾਹੇ ਉੱਠ ਖਲੋਤੇ ਸਨ ਤੇ ਪਲਾਂ ਛਿਣਾਂ ਵਿੱਚ ਹੀ ਉਸ ਦੀ ਮੰਜੀ ਦੁਆਲੇ ਆਣ ਇਕੱਠੇ ਹੋਏ ਸਨ। ਰਜਾਈ ਦੀ ਬੁੱਕਲ ਵਿੱਚ ਕੰਧ ਨਾਲ ਢੋਹ ਲਾ ਕੇ ਬੈਠੇ ਬਾਪੂ ਨੂੰ ਮੈਂ ਗਹੁ ਨਾਲ ਵੇਖਿਆ। ਅਜਿਹੀ ਮਿੱਠੀ ਜਿਹੀ ਰੁੱਤੇ ਵੀ ਉਸ ਦਾ ਮੱਥਾ ਤ੍ਰੇਲੀਓ ਤ੍ਰੇਲੀ ਹੋਇਆ ਪਿਆ ਸੀ। ਅੱਖਾਂ ਵਿੱਚੋਂ ਪਾਣੀ ਆਪ ਮੁਹਾਰੇ ਵਗੀ ਜਾਂਦਾ ਸੀ। ਚਿਹਰੇ ਉੱਤੇ ਛਾਈ ਪਿਲੱਤਣ ਸਾਫ਼ ਦਿਖਾਈ ਦਿੰਦੀ ਸੀ। ਉਹ ਕੰਬਦੇ ਜਿਹੇ ਹੱਥ ਮੁੜ ਮੁੜ ਆਪਣੀ ਦਾੜ੍ਹੀ ਤੇ ਫੇਰਦਾ ਡੌਰ ਭੌਰ ਜਿਹਾ ਹੋਇਆ ਆਸੇ ਪਾਸੇ ਡੇਲੇ ਫੇਰਦਾ ਇਉਂ ਲੱਗਦਾ ਸੀ ਜਿਉਂ ਗੂੜ੍ਹੇ ਹਨੇਰੇ ਵਿੱਚ ਕਿਸੇ ਨੂੰ ਸਿਆਣ ਰਿਹਾ ਹੋਵੇ। ਮੈਂ ਉਸ ਨੂੰ ਸਹਿਜ ਨਾਲ ਲਿਟਾਉਣ ਦੀ ਕੋਸ਼ਿਸ਼ ਕੀਤੀ ਤਾਂ ਅੱਗਿਉਂ ਸਰੀਰ ਨੂੰ ਮਰੋੜੇ ਜਿਹੇ ਚੜ੍ਹਾਦਾ ਉੱਚੀ ਉੱਚੀ ਡਾਡਾਂ ਮਾਰਨ ਲੱਗ ਪਿਆ, ‘ਛੱਡੋ ਓਏ ਜਾਣ ਦਿਉ ਮੈਨੂੰ। ਕਾਹਤੋਂ ਮੇਰੇ ਹੱਥ ਪੈਰ ਬੰਨ੍ਹ ਰਹੇ ਜੇ। ਓਏ ਪਾਣੀ ਵਿੱਚ ਗੋਤੇ ਨਾ ਦਿਉ ਓਏ। ਮੇਰਾ ਸਾਹ ਨਹੀਂ ਜੇ ਨਿਕਲਦਾ। ਦੁਹਾਈ ਉਏ ਮੈਨੂੰ ਬਖਸ਼ੋ।’
ਫਿਰ ਪਿਆਂ ਪਿਆਂ ਉੱਚੀ ਉੱਚੀ ਅਵਾਜ਼ਾਂ ਮਾਰ ਘਰ ਸਿਰ ‘ਤੇ ਚੁੱਕ ਲਿਆ, ‘ਮੰਗਿਆ ਓਏ, ਓ ਮੰਗਿਆ, ਹਈਥੋਂ ਡਾਂਗ ਫੜ ਸੰਮਾਂ ਵਾਲੀ। ਬੌਲਦ ਆਉਂਦਾ ਈ ਭੂਤਰਿਆ ਇਕ, ਇਹਦੇ ਸਿੰਗ ਵੇਖ ਕਿਵੇਂ ਤਿੱਖੇ ਐ, ਨੇਜਿਆਂ ਵਰਗੇ। ਲੱਗਦੈ ਮੇਰੇ ਢਿੱਡ ‘ਚ ਖੋਭੂਗਾ ਇਹ ਤੇ ਕੱਢ ਦਏਗਾ ਆਂਦਰ ਪੇਟਾ ਬਾਹਰ ਮੇਰਾ। ਪੁੱਤ ਮੰਗਿਆ, ਤੂੰ ਵੇਹੰਦਾ ਕਿ ਨਹੀਂ। ਵੇਖ ਓਧਰ, ਕਿੱਦਾਂ ਵਿਹੜੇ ‘ਚ ਖੌਰੂ ਪਾ ਰਿਹਾ ਸਾਨ੍ਹ। ਚੌਂਕੇ ਦੇ ਓਟੇ ਨੂੰ ਕਿਵੇਂ ਢੁੱਡਾਂ ਮਾਰਦੈ ਹਟ ਹਟ ਕੇ। ਅਗਾਂਹ ਹੋ, ਸਿੰਗ ਭੰਨ ਇਹਦੇ। ਨਹੀਂ ਤਾਂ ਢੱਠ ਜਾਊਗਾ ਚੁੱਲਾ ਚੌਂਕਾ ਤੇ ਭਾਂਡੇ ਮੂਧੇ ਵੱਜ ਜਾਣੇ ਜੇ।’
ਉਸ ਵੇਲੇ ਡਰ ਅਤੇ ਖੌਫ਼ ਦਾ ਸੰਘਣਾ ਪਰਛਾਵਾਂ ਸਾਰਿਆਂ ਦੇ ਚਿਹਰੇ ਤੋਂ ਸਾਫ਼ ਪੜ੍ਹਿਆ ਜਾ ਸਕਦਾ ਸੀ। ਮੇਰੇ ਤਾਂ ਡਰਦੇ ਮਾਰੇ ਦੇ ਗੋਡੇ ਆਪਸ ਵਿੱਚ ਵੱਜ ਰਹੇ ਸਨ ਤੇ ਦੰਦੋੜਿਕਾ ਜਿਹਾ ਵੀ। ਮੇਰੀ ਘਰ ਵਾਲੀ ਨੇ ਬਿਬੇਕਸਰ ਦੇ ਸਰੋਵਰ ਵਿੱਚੋਂ ਲਿਆਂਦੇ ਜਲ ਦਾ ਛਿੱਟਾ ਸਾਰੇ ਘਰ ਵਿੱਚ ਦਿੱਤਾ ਤੇ ਦੋ ਘੁੱਟ ਬਾਪੂ ਦੇ ਮੂੰਹ ਵਿੱਚ ਵੀ ਪਾਉਣ ਦੀ ਕੋਸ਼ਿਸ਼ ਕੀਤੀ। ਥੋੜ੍ਹਾ ਉਹਦੇ ਅੰਦਰ ਗਿਆ ਤੇ ਬਹੁਤਾ ਕੰਬਦੀਆਂ ਜਿਹੀਆਂ ਵਰਾਛਾਂ ਤੋਂ ਦੀ ਇੱਧਰ ਉੱਧਰ ਵਗ ਗਿਆ। ਆਪਣੀ ਜ਼ਬਾਨ ਤੇ ਡਿੱਗੇ ਅੱਧੇ ਕੁ ਚਿਮਚੇ ਪਾਣੀ ਨੂੰ ਉਸਨੇ ਮੂੰਹ ਮੀਚ ਕੇ ਸੰਘੋਂ ਹੇਠਾਂ ਸੁੱਟਿਆ। ਫਿਰ ਤਰਲੋਮੱਛੀ ਹੁੰਦੇ ਨੇ ਕੰਬਦੇ ਹੱਥਾਂ ਨਾਲ ਪਾਣੀ ਪਾਉਂਦੀ ਮੇਰੀ ਪਤਨੀ ਦੇ ਪੋਟਿਆਂ ਨੂੰ ਫੜਿਆਂ ਤੇ ਟੁੱਟਦੇ ਜਿਹੇ ਬੋਲਾਂ ਵਿੱਚ ਕਿਹਾ, ‘ਪੁੱਤ ਗੁਰਮੀਤ ਕੁਰੇ, ਆਹ ਕਾਲੇ ਰੰਗ ਦੇ ਝੁੰਗਲਮਾਟੇ ਜਿਹੇ ‘ਚ ਕੌਣ ਜ਼ਨਾਨੀਆਂ ਖੜ੍ਹੀਆਂ ਨੇ ਬਾਹਰ? ਇਨ੍ਹਾਂ ਦੇ ਮੂੰਹ ਸਿਰ ਕਿਉਂ ਨਹੀਂ ਦਿਸਦੇ? ਇਹ ਤਾਂ ਕੋਈ ਕਲਜੋਗਣਾਂ ਲੱਗਦੀਆਂ ਨੇ ਲਹੂ ਪੀਣੀਆਂ। ਵਸਦੇ ਘਰਾਂ ‘ਚ ਤਾਂ ਇਨ੍ਹਾਂ ਦਾ ਪ੍ਰਛਾਵਾਂ ਵੀ ਮਾੜਾ। ਉਜਾੜਾ ਭਾਲਦੀਆਂ ਇਹ।’
‘ਕੋਈ ਨਹੀਂ ਐ ਬਾਪੂ ਜੀ। ਐਵੇਂ ਡਰੀ ਜਾਂਦੇ ਓ।’ ਗੁਰਮੀਤ ਨੇ ਦਿਲਾਸਾ ਦਿੱਤਾ। ‘ਆਹ ਦੇਖੋ ਖਾਂ, ਅਸੀਂ ਕੋਲ ਖੜ੍ਹੇ ਆਂ ਤੁਹਾਡੇ। ਰੱਬ ਰੱਬ ਕਰੋ। ਉਹਦੇ ‘ਚ ਧਿਆਨ ਲਾਉ।’ ਕਹਿੰਦਿਆਂ ਉਹ ਗੁਟਕਾ ਫੜ ਕੇ ਸਿਰਹਾਣੇ ਪਾਠ ਕਰਨ ਲਈ ਬੈਠ ਗਈ।
ਬਾਪੂ ਆਪਣੇ ਆਪ ਨੂੰ ਉਸੇ ਤਰ੍ਹਾਂ ਖੋਹਣ ਤੋੜਨ ਲੱਗਾ। ਤੜ੍ਹੀਆਂ ਦੇ ਦੇ ਕੇ ਰਜਾਈ ਪਾੜਨ ਲੱਗਾ। ਗਲੀ ਗੁਆਂਢ ਵਿੱਚੋਂ ਜਿਹਨੇ ਸੁਣਿਆ, ਪਤਾ ਲੈਣ ਆਇਆ। ਕਿਸੇ ਮੰਜੀ ਦੀ ਹੀਂਹ ਲਾਗੇ ਥੋੜ੍ਹਾ ਝੁਕਦਿਆਂ ਪੁੱਛਿਆ, ‘ਕਿਵੇਂ ਭਈ ਚੈਂਚਲ ਸਿਹਾਂ, ਕੀ ਹਾਲ ਐ? ਸਿਆਣਦਾਂ ਮੈਨੂੰ?’ ਤਾਂ ਬਾਪੂ ਬੁੱਲ੍ਹਾਂ ਨੂੰ ਅਜੀਬ ਜਿਹੇ ਢੰਗ ਨਾਲ ਮਰੋੜਦਾ ਬੋਲਦਾ, ‘ਹੋਰ ਤੂੰ ਮੈਨੂੰ ਭੁੱਲਿਆਂ, ਖੋਰਿਆਂ ਦੀ ਪੱਤੀ ਵਾਲਾ ਫੱਜਾ ਤੇਲੀ। ਜਿਹਦੀ ਬਾਂਹ ਵੱਢੀ ਸੀ ਇੱਕੋ ਟਪ ਨਾਲ। ਪਰ੍ਹਾਂ ਹਟਵਾਂ ਹੋ ਕੇ ਖਲੋ ਉਏ। ਤੇਰੇ ਜ਼ਖ਼ਮਾਂ ‘ਚੋਂ ਖੂਨ ਡਿੱਗਦੈ ਮੇਰੇ ਲੀੜਿਆਂ ‘ਤੇ।’
ਕਿਸੇ ਨੂੰ ਮਿਹਰਦੀਨ ਤੇ ਕਿਸੇ ਨੂੰ ਫ਼ਜਲਦੀਨ ਦਾ ਮੁੰਡਾ। ਕੋਈ ਅਰਾਈਆਂ ਦੀ ਸੱਜ ਨੂੰਹ ਜੈਨਬ ਤੇ ਕੋਈ ਸਯਦਾਂ ਦੀ ਜਵਾਨ ਕੁੜੀ ਜਨਤੇ। ਪਤਾ ਲੈਣ ਆਏ ਹੈਰਾਨ ਜਿਹੇ ਹੁੰਦੇ। ਦੰਦਾਂ ਹੇਠ ਨਹੁੰ ਟੁੱਕਦੇ ਇਕ ਦੂਜੇ ਵੱਲ ਸਵਾਲੀਆ ਨਜ਼ਰਾਂ ਨਾਲ ਝਾਕਦੇ।
ਸਿਆਣੀ ਉਮਰ ਦੀ ਇਕ ਜ਼ਨਾਨੀ ਆਖਿਆ, ‘ਗੁਰਮੀਤ ਕੁਰੇ, ਬਾਪੂ ਜੀ ਦੀ ਤਾਂ ਸੁਰਤੀ ਟੁੱਟ ਗਈ ਏਸ ਜਹਾਨ ਨਾਲੋਂ। ਇਹ ਤਾਂ ਹੁਣ ਅਗਲਿਆਂ ਨਾਲ ਗੱਲਾਂ ਕਰਦਾ ਈ। ਐਂ ਕਰ, ਬਾਪੂ ਜੀ ਦੇ ਹੱਥ ਲੁਆ ਕੇ ਦਾਣੇ ਛੱਜ ‘ਚ ਪਾ ਤੇ ਸਿਰਹਾਣੇ ਰੱਖ ਇਨ੍ਹਾਂ ਦੇ। ਦਾਨ ਪੁੰਨ ਕੀਤਿਆਂ ਇਨ੍ਹਾਂ ਦਾ ਅਗਲਾ ਰਾਹ ਸੁਖਾਲਾ ਹੋ ਜੂ।’ ਦੂਜੀ ਨੇ ਦੋਵੇਂ ਹੱਥ ਜੋੜ ਕੇ ਅਸਮਾਨ ਵੱਲ ਮੂੰਹ ਕਰਦਿਆਂ ਕਿਹਾ, ‘ਭੈਣਾਂ ਆਹ ਵੇਲੇ ਦਾ ਨਹੀਂ ਪਤਾ ਕਿਹੋ ਜਿਹਾ ਆਉਣੈ। ਇਸ ਬਿਖੜੇ ਰਾਹ ‘ਤੇ ਤਾਂ ਆਪਣੀ ਜਾਨ ਤੇ ਹੀ ਝੱਲਣਾ ਪੈਣਾ ਸਭ ਕੁਝ।’
ਵਿਹੜੇ ਵਿੱਚ ਖਲੋਤੇ ਆਦਮੀ ਵੀ ਇਹੋ ਜਿਹੀਆਂ ਹੀ ਗੱਲਾਂ ਕਰਦੇ ਸੁਣਾਈ ਦਿੱਤੇ। ਇਕ ਆਖਿਆ, ‘ਬਜ਼ੁਰਗ ਜ਼ਿਆਦਾ ਹੋਣ ਕਰਕੇ ਅਪਲ ਟਪਲੀਆਂ ਮਾਰਦਾ ਤਾਇਆ।’
ਦੂਜਾ ਬੋਲਿਆ, ‘ਪਿਛਲੇ ਦਿਨੀਂ ਚਾਚੇ ਨੂੰ ਪੀਲੀਆ ਹੋ ਗਿਆ ਸੀ। ਲੱਗਦਾ ਦਿਮਾਗ ਨੂੰ ਅਸਰ ਹੋ ਗਿਆ, ਤਾਹੀਉਂ ਆਏ ਗਏ ਦੀ ਸੋਝੀ ਨਹੀਂ ਰਹੀ।’ ਤੀਜੇ ਨੇ ਆਪਣੀ ਅਕਲ ਝਾੜੀ, ‘ਪੀਲੀਆ ਸੁਆਹ ਚੜ੍ਹਿਆ, ਜਿਨ੍ਹਾਂ ਨੂੰ ਵੱਢਿਆ ਟੁੱਕਿਆ ਤੇ ਅਣਿਆਈ ਮੌਤੇ ਮਾਰਿਆ, ਉਹੋ ਆਪਣਾ ਲੇਖਾ ਮੰਗ ਰਹੇ ਐ ਸਿਰਹਾਣੇ ਖਲੋ ਕੇ।’
‘ਲਹਿਣਾ ਦੇਣਾ ਤਾਂ ਭਾਈ ਬੰਦੇ ਨੂੰ ਦੇਣਾ ਹੀ ਪੈਣਾ ਇਕ ਦਿਨ।’ ਚੌਥੇ ਗੱਲ ਮੁਕਾਈ।’
ਉੱਠ ਖੜ੍ਹ ਮੇਰੇ ਮਾਂ ਪਿਉ ਜਾਇਆ ਵੀਰਿਆ।’ ਭੂਆ ਦੁਹੱਥੜ ਮਾਰਦਿਆਂ ਲੇਰ ਕੱਢਦੀ ਹੈ, ‘ਕਾਹਤੋਂ ਮੂੰਹ ਮੋੜ ਕੇ ਸੌਂ ਗਿਆ ਵੀਰ ਸੋਹਣਿਆਂ।’
ਉਹ ਗੋਡਿਆਂ ਪਰਨੇ ਹੋ ਕੇ ਲੱਕੜਾਂ ਤੇ ਸਿਰ ਰੱਖਕੇ ਕੀਰਨੇ ਪਾ ਰਹੀ ਹੈ।’ ਭਜਨ ਸਿਹੁੰ ਲੁਹਾਰ ਦੀਆ ਨਿੱਕੀਆਂ ਨਿੱਕੀਆਂ ਗੱਲਾਂ ਬੇਰੋਕ ਜਾਰੀ ਨੇ। ਉਜਾੜੇ ਦੀਆਂ ਗੱਲਾਂ। ਉਹ ਗੱਲਾਂ ਜਿਹਦੇ ‘ਚ ਬਾਪੂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ ਸੀ। ਪੱਥਰ ਦਿਲਾਂ ਨੂੰ ਰੁਆ ਦੇਣ ਵਾਲੇ ਭੂਆ ਦੇ ਵੈਣ ਸੁਣ ਮੈਂ ਸੋਚਦਾਂ, ਇਵੇਂ ਹੀ ਉਸ ਫਿਜ਼ਾ ਵਿੱਚ ਧੀਆਂ ਭੈਣਾਂ ਦੇ ਵੈਣ ਗੂੰਜੇ ਹੋਣਗੇ। ਜਦੋਂ ਆਪਣਿਆਂ ਨੇ ਆਪਣਿਆਂ ਨੂੰ ਹੀ ਮਾਰਿਆ ਹੋਵੇਗਾ, ਉਦੋਂ ਬੰਦੇ ਅੰਦਰਲਾ ਰੱਬ ਕਿੱਥੇ ਲੁਕਿਆ ਹੋਵੇਗਾ?
ਜਦੋਂ ਬਾਪੂ ਲੈਅ ਵਿੱਚ ਆਇਆ ਉਨ੍ਹਾਂ ਦਿਨਾਂ ਦੀਆ ਗੱਲਾਂ ਦੱਸਦਾ ਹੁੰਦਾ ਸੀ ਤਾਂ ਉਹਦੀਆਂ ਗੱਲ੍ਹਾਂ ਦਾ ਰੰਗ ਭਖ ਭਖ ਜਾਂਦਾ ਸੀ। ਉਹ ਨਾਲਦਿਆਂ ਨੂੰ ਉੱਚਾ ਹੋ ਹੋ ਆਪਣੇ ਪਿੰਡ ਕੀਤੀ ਮਾਰਧਾੜ ਦੀ ਕਹਾਣੀ ਸ਼ੁਰੂ ਕਰਦਾ ਤੇ ਮੁਕਾ ਕੇ ਹਟਦਾ। ‘ਬਈ ਜਦੋਂ ਸਾਨੂੰ ਇੱਧਰ ਪਤਾ ਲੱਗਿਆ ਕਿ ਉੱਧਰ ਸਾਡੀਆਂ ਜ਼ਨਾਨੀਆਂ ਦੇ ਥਣ ਵੱਢੇ ਐ। ਤੀਵੀਆਂ ਨੰਗੀਆਂ ਕਰਕੇ ਸੜਕਾਂ ‘ਤੇ ਜਲੂਸ ਕੱਢੇ ਐ। ਅਸੀਂ ਸੋਚਿਆ ਕਿ ਉੱਧਰਲਿਆਂ ਸਾਡੀਆਂ ਧੀਆਂ ਭੈਣਾਂ ਦਾ ਇਹ ਹਾਲ ਕੀਤਾ, ਇਹ ਸਾਡੇ ਕੀ ਲੱਗਦੇ ਐ ? ਉਂਝ ਵੀ ਨੌ ਗਜੇ ਪੀਰ ਦੇ ਮੇਲੇ ‘ਚ ਉਨ੍ਹਾਂ ਦੀਆਂ ਜ਼ਨਾਨੀਆਂ ਵੇਖੀਦੀਆਂ ਸੀ ਤਾਂ ਧਰਮ ਨਾਲ ਮੂੰਹ ‘ਚ ਪਾਣੀ ਆ ਜਾਂਦਾ ਸੀ। ਭਰਵੇਂ ਜੁਸੇੱ, ਡੁੱਲ੍ਹ ਡੁੱਲ ਪੈਂਦਾ ਹੁਸਨ ਤੇ ਸਰੂ ਵਰਗੇ ਕੱਦ। ਪੂਛਾਂ ਵਾਲਾ ਸੁਰਮਾ ਪਾ ਕੇ ਫਿਰਦੀਆਂ ਬਹਿਸ਼ਤਾਂ ਦੀ ਹੂਰਾਂ ਲੱਗਦੀਆਂ ਹੁੰਦੀਆਂ ਸਨ। ਇਕੱਲੀ ਇਕੱਲੀ ਉੱਤੇ ਅੱਖ ਸੀ ਸਾਡੀ ਸਾਰਿਆਂ ਦੀ।’
ਅਸੀਂ ਕਈ ਵਾਰੀ ਵੇਖਦੇ ਕਿ ਬਾਪੂ ਨੂੰ ਇਹ ਦੱਸਦਿਆਂ ਨਾ ਤਾਂ ਆਪਣੀ ਉਮਰ ਦਾ ਧਿਆਨ ਹੁੰਦਾ ਅਤੇ ਨਾ ਹੀ ਘਰ ਦੇ ਬਾਕੀ ਜੀਆਂ ਦੀ ਕੋਈ ਪਰਵਾਹ। ਉਹਦੇ ਚਿਹਰੇ ਤੇ ਬੇਪਛਾਣੀ ਜਿਹੀ ਰੌਣਕ ਫੈਲਦੀ। ਤੇਜ਼ੀ ਨਾਲ ਘੁੰਮਦੇ ਅੱਖਾਂ ਦੇ ਸੁਰਖ਼ ਡੇਲੇ ਥੋੜ੍ਹਾ ਸਥਿਰ ਹੋਣ ਲੱਗਦੇ। ਉਹ ਸੁਣਨ ਵਾਲੇ ਦਾ ਹੁੰਗਾਰਾ ਉਡੀਕੇ ਬਿਨਾਂ ਹੀ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ‘ਲੌਢੇ ਕੁ ਵੇਲੇ ਘੇਰਾ ਘੱਤ ਕੇ ਉਸ ਪਿੰਡ ‘ਚ ਵੜੇ ਸਾਂ। ਇਕੱਲੇ ਇਕੱਲੇ ਨੂੰ ਧੂਹ ਕੇ ਘਰਾਂ ‘ਚੋਂ ਲਿਆਂਦਾ ਅਸੀਂ। ਨਾ ਕੋਈ ਬੁੱਢਾ ਵੇਖਿਆ ਤੇ ਨਾ ਹੀ ਕੋਈ ਛੋਟੇ ਬੱਚੇ ਦਾ ਲਿਹਾਜ਼ ਕੀਤਾ। ਜਿਹੜਾ ਵੀ ਅੱਗੇ ਆਇਆ, ਪਾਰ। ਪੂਰੀ ਦਹਿਸ਼ਤ ਮੱਚ ਗਈ ਪਿੰਡ ਦੀਆਂ ਗਲੀਆਂ ‘ਚ। ਲਹੂ ਲੁਹਾਨ ਹੋ ਗਈ ਸੀ ਉਸ ਦਿਨ ਉਸ ਪਿੰਡ ਦੀ ਜੂਹ। ਚਿੱਟੇ ਦਿਨ ਉੱਲੂ ਬੋਲਣ ਲੱਗ ਪਏ ਸੀ ਉਸ ਦਿਨ ਤਾਂ। ਭਈ ਜਿਹੜੇ ਉੱਥੇ ਵੱਢੇ ਟੁੱਕੇ, ਉਨ੍ਹਾਂ ਜਿਉਂਦੇ-ਮੋਇਆਂ ਨੂੰ ਗੱਡਿਆਂ ਉੱਤੇ ਸੁੱਟਿਆ। ਪਿੰਡ ਦੇ ਨਾਲ ਖਹਿ ਕੇ ਵਗਦੇ ਦਰਿਆ ਦੇ ਪੁਲ ‘ਤੇ ਜਾ ਖਲਿਹਾਰਿਆ ਗੱਡਿਆਂ ਨੂੰ। ਜਦੋਂ ਅਸੀਂ ਖਲੋ ਕੇ ਪਿੱਛੇ ਝਾਤੀ ਮਾਰੀ ਤਾਂ ਵੀਹ ਪੰਝੀ ਜ਼ਨਾਨੀਆਂ ਸਿਰ ਸੁੱਟੀ ਪਿੱਛੇ ਪਿੱਛੇ ਤੁਰੀਆਂ ਆਉਣ। ਚੁੱਪ ਚੁੱਪੀਤੀਆਂ। ਅਸੀਂ ਸੋਚਿਆ, ਪਹਿਲਾਂ ਗੱਡਿਆਂ ਤੇ ਲੱਦਿਆਂ ਨੂੰ ਕਿਸੇ ਬੰਨੇ ਲਾ ਲਈਏ। ਫਿਰ ਜਿਸ ਨੂੰ ਜਿਹੜੀ ਚਾਹੀਦੀ ਹੋਵੇਗੀ ਲੈ ਜਾਏਗਾ। ਬੱਸ ਫਿਰ ਕੀ ਸੀ, ਹੋ ਗਏ ਸ਼ੁਰੂ। ਦੋ ਦੋ ਜਣੇ ਇੱਕ ਨੂੰ ਫੜਦੇ ਤੇ ਭੁਆਂ ਕੇ ਹੇਠ ਵਗਦੇ ਦਰਿਆ ‘ਚ ਮਾਰਦੇ ਤੇ ਕਹਿੰਦੇ ਚਲੋ ਨਿਕਲੋ, ਆਪਣੇ ਦੇਸ਼ ‘ਚ ਵੇਲੇ ਸਿਰ। ਆਪਣਿਆਂ ‘ਚ ਰਲੋ ਜਾ ਕੇ। ਪਰ੍ਹਾਂ ਹਟਵੀਆਂ ਖਲੋਤੀਆਂ ਜ਼ਨਾਨੀਆਂ ਇਸ ਸਾਰੇ ਦ੍ਰਿਸ਼ ਨੂੰ ਵਿਹੰਦੀਆਂ ਰਹੀਆਂ। ਚੁੱਪ ਚਾਪ। ਉੱਪਰ ਲਏ ਲੀੜਿਆਂ ‘ਚ ਵਲ੍ਹੇਟੇ ਮੂੰਹ ਸਿਰ ਨਾਲ ਕਿਸੇ ਇੱਕ ਜਣੀ ਦਾ ਵੀ ਹਉਕਾ ਵੀ ਨਹੀਂ ਸੁਣਿਆ ਅਸੀਂ। ਸੂਰਜ ਝਾੜੀਆਂ ਤੇ ਰੁੱਖਾਂ ਦੇ ਝੁੰਡ ‘ਚ ਛਿਪਦਾ ਜਾ ਰਿਹਾ ਸੀ। ਅਸਮਾਨ ‘ਚ ਜਿਵੇਂ ਬੱਦਲਾਂ ਨੂੰ ਅੱਗ ਲੱਗੀ ਸੀ ਤੇ ਉਹ ਅੰਗਿਆਰਾਂ ਵਾਂਗ ਭਖ਼ ਰਹੇ ਸਨ। ਗੱਡਿਆਂ ਅੱਗੇ ਜੁਤੇ ਬਲਦਾਂ ਦੇ ਖੁਰਾਂ ਨਾਲ ਕੱਚੇ ਪਹੇ ਤੋਂ ਧੂੜ ਮਿੱਟੀ ਉਡ ਉਡ ਕੇ ਸਾਡੇ ਸਿਰਾਂ ‘ਚ ਪੈ ਰਹੀ ਸੀ। ਗਲ ਪਾਏ ਲੀੜੇ ਥਾਂ ਥਾਂ ਤੋਂ ਲਹੂ ਨਾਲ ਰੰਗੇ ਪਏ ਸਨ। ਇਕ ਵੱਡੇ ਮੋਰਚੇ ਦੀ ਫਤਿਹ ਨਾਲ ਸਾਡਾ ਚਾਅ ਸਾਂਭਿਆ ਨਹੀਂ ਸੀ ਜਾਂਦਾ।
‘ਇੱਕ ਗੁੱਠੇ ਮੁਰਗੀਆਂ ਵਾਂਗ ਦੜ ਕੇ ਖਲੋਤੀਆਂ ਜ਼ਨਾਨੀਆਂ ਵੱਲ ਵੇਖਦਿਆਂ ਹੀ ਦਿਮਾਗ ‘ਚੋਂ ਇਕ ਤਰੰਗ ਜਿਹੀ ਉੱਠੀ ਜਿਹੜੀ ਹਿੱਕ ਨੂੰ ਚੀਰਦੀ ਖਲਬਲੀ ਜਿਹੀ ਮਚਾ ਕੇ ਪੈਰਾਂ ਵੱਲ ਦੌੜੀ। ਸਾਡੇ ਪੈਰ ਭੋਂਏ ‘ਤੇ ਨਹੀਂ ਸਨ ਟਿਕ ਰਹੇ।’ ਬਾਪੂ ਸ਼ਬਦ ਜਾਲ ਬੁਣ ਬੁਣ ਕੇ ਐਸੀ ਕਸੀਦਾਕਾਰੀ ਕਰਦਾ ਕਿ ਸੁਣਨ ਵਾਲੇ ਦੀ ਉਤਸੁਕਤਾ ਵਧਦੀ ਜਾਂਦੀ। ਬਗੈਰ ਕੋਈ ਹਿਲਜੁਲ ਕੀਤਿਆਂ ਅਗਲਾ ਕੰਨ ਲਾ ਕੇ ਉਸਦੀ ਗੱਲ ਸੁਣਦਾ।
ਉਹ ਹਲਕਾ ਜਿਹਾ ਖੰਘੂਰਾ ਮਾਰ ਕੇ ਆਪਣੀ ਗੱਲ ਜਾਰੀ ਰੱਖਦਿਆਂ ਦੱਸਦਾ, ‘ਗੱਡਿਆਂ ਤੋਂ ਵਿਹਲੇ ਹੋ ਕੇ ਸਾਡਾ ਸਾਰਿਆਂ ਦਾ ਧਿਆਨ ਲਹਿੰਦੇ ਵੱਲ ਖਲੋਤੀਆਂ ਜ਼ਨਾਨੀਆਂ ਦੇ ਝੁੰਡ ਵੱਲ ਸੀ। ਉਨ੍ਹਾਂ ਦੇ ਤੇ ਸਾਡੇ ਵਿਚਕਾਰੇ ਐਂਵੇਂ ਦਸ ਬਾਰਾਂ ਕਦਮਾਂ ਦੀ ਵਿੱਥ ਸੀ। ਇਕ ਦੂਜੀ ਨਾਲ ਜੁੜ ਕੇ ਖੜ੍ਹੀਆਂ ਜ਼ਨਾਨੀਆਂ ਵਿੱਚ ਥੋੜ੍ਹੀ ਹਿਲਜੁਲ ਹੋਈ। ਨਾਲ ਹੀ ਸਾਡੇ ਸਾਰਿਆ ਦੇ ਦਿਲਾਂ ਦੀ ਧੜਕਣ ਤੇਜ਼ ਹੋ ਗਈ। ਇਉਂ ਲੱਗਦਾ ਸੀ ਕਿ ਉਨ੍ਹਾਂ ਨੂੰ ਮਨਾਉਣ ਲਈ ਕੋਈ ਬਹੁਤੀ ਮਿਹਨਤ ਨਹੀਂ ਕਰਨੀ ਪਏਗੀ। ਸਾਡੇ ਮੂਹਰੇ ਆਪੇ ਹੀ ਆਪਣਾ ਆਪ ਪੇਸ਼ ਕਰ ਦੇਣਗੀਆਂ। ਅੱਗੇ ਪਿੱਛੇ ਤਾਂ ਇਨ੍ਹਾਂ ਦਾ ਰਿਹਾ ਕੋਈ ਨਹੀਂ ਸੀ। ਜਾਣਾ ਕਿੱਥੇ ਸੀ ਇਨ੍ਹਾਂ? ਆਪਣਾ ਪਿੰਡ ਤਾਂ ਛੱਡੋ, ਦੂਰ ਦੂਰ ਰਿਸ਼ਤੇਦਾਰੀ ਵਿੱਚ ਵੀ ਕੋਈ ਜ਼ਨਾਨੀ ਵਿਹੂਣਾ ਨਹੀਂ ਰਹਿਣ ਦੇਣਾ।
‘ਫਿਰ?’ ਸੁਣਨ ਵਾਲੇ ਬਾਪੂ ਕੋਲੋਂ ਅਗਲੀ ਗੱਲ ਜਲਦੀ ਸੁਣਨ ਲਈ ਹੋਰ ਉਤਾਵਲੇ ਹੋ ਜਾਂਦੇ।
ਬਾਪੂ ਸੁਣਨ ਵਾਲੇ ਦੇ ਕੰਨ ਰਸ ਦਾ ਪੂਰਾ ਧਿਆਨ ਰੱਖਦਿਆਂ ਆਪਣੀ ਲੜੀ ਟੁੱਟਣ ਨਾ ਦਿੰਦਾ। ਦੱਸਦਾ, ‘ਭਈ ਮਿੱਤਰੋ, ਜ਼ਨਾਨੀਆਂ ਹਿੱਲੀਆਂ ਫਿਰ ਹੌਲੀ ਹੌਲੀ। ਪਤਾ ਨਹੀਂ ਕਿੰਨੀਆਂ ਕੁ ਡਰੀਆਂ ਤੇ ਸਹਿਮੀਆਂ ਹੋਣਗੀਆਂ ਉਹ ਕਿ ਉਨ੍ਹਾਂ ਦੇ ਪੈਰਾਂ ਦਾ ਖੜਾਕ ਵੀ ਨਹੀਂ ਸੀ ਸੁਣਾਈ ਦਿੱਤਾ ਕਿਧਰੇ। ਇਕ ਦੂਜੀ ਦੇ ਅੱਗੇ ਪਿੱਛੇ ਹੀ ਖਿਸਕਦੀਆਂ ਖਿਸਕਦੀਆਂ ਉਹ ਪੁਲ ਦੀ ਪਾਰਲੀ ਬਾਹੀ ਨੂੰ ਸਰਕੀਆਂ, ਜਿੱਧਰ ਪਾਣੀ ਦੀ ਠੋਕਰ ਵੱਜਦੀ ਸੀ। ਆਪਣੇ ਵਿੱਚ ਵੱਡੇ ਗੁਰਦੁਆਰੇ ਦਾ ਭਾਈ ਖਲੋਤਾ ਸੀ, ਇਕ ਬਾਂਹ ਵਾਲਾ। ਉਹਨੇ ਦੋ ਕੁ ਪੈਰ ਉਨ੍ਹਾਂ ਵੱਲ ਪੁੱਟੇ ਤੇ ਹੌਲੀ ਜਿਹੀ ਬੋਲਿਆ, ‘ਘਬਰਾਓ ਨਾ, ਕੁਝ ਨਹੀਂ ਕਹਿੰਦੇ ਤੁਹਾਨੂੰ। ਸਵੇਰੇ ਅੰਮ੍ਰਿਤ ਛਕਾ ਕੇ ਆਪਣਿਆਂ ‘ਚ ਰਲਾਵਾਂਗੇ ਤੁਹਾਨੂੰ। ਬਹੁਤਾ ਨਾ ਹੇਰਵਾ ਕਰੋ। ਸਰਦਾਰਨੀਆਂ ਬਣਕੇ ਘਰ ਬਾਹਰ ਸੰਭਾਲਿਉ। ਭੁੱਲ ਜਾਉ ਉਨ੍ਹਾਂ ਨੂੰ। ਗਏ ਨਹੀਂ ਮੁੜਦੇ ਹੁੰਦੇ ਕਦੀ ਵੀ।’
‘ਭਾਈ ਦੇ ਬਚਨ ਬਿਲਾਸ ਦਾ ਕੋਈ ਵੀ ਅਸਰ ਨਹੀਂ ਸੀ ਹੋਇਆ ਉਨ੍ਹਾਂ ‘ਤੇ। ਪਹਿਲਾਂ ਦੀ ਤਰ੍ਹਾਂ ਹੀ ਉਨ੍ਹਾਂ ਦੀਆਂ ਪਿਛਾੜੀਆਂ ਸਾਡੇ ਵੱਲ ਸਨ। ਉਹ ਪੁਲ ਦੇ ਹੇਠੋਂ ਗੁਜ਼ਰਦੇ ਪਾਣੀ ਨੂੰ ਨੀਝ ਲਾ ਕੇ ਝਾਕ ਰਹੀਆਂ ਇਵੇਂ ਲੱਗਦੀਆਂ ਸਨ ਜਿਵੇਂ ਥੋੜ੍ਹਾ ਪਹਿਲਾਂ ਡੂੰਘੇ ਵਹਿਣ ‘ਚ ਰੁੜ੍ਹ ਗਿਆਂ ਦਾ ਕੋਈ ਖੁਰਾ ਖੋਜ ਲੱਭ ਰਹੀਆਂ ਹੋਣ।
‘ਸਾਰੇ ਸਾਹ ਰੋਕ ਕੇ ਉਨ੍ਹਾਂ ਦੀ ਨਿੱਕੀ ਨਿੱਕੀ ਹਰਕਤ ਨੂੰ ਵੇਖਦੇ ਸੋਚ ਰਹੇ ਸਾਂ ਕਿ ਹੁਣੇ ਇਹ ਆਪਣੇ ਚਿਹਰੇ ਸਾਡੇ ਵੱਲ ਭਵਾਉਣਗੀਆਂ। ਸਾਰੇ ਹਥਿਆਰ ਸੁੱਟ ਦੇਣਗੀਆਂ ਤੇ ਆਪਣੇ ਆਪ ਨੂੰ ਸਾਡੇ ਹਵਾਲੇ ਕਰ ਦੇਣਗੀਆਂ।’
ਫਿਰ ਬਾਪੂ ਗੱਲ ਦੱਸਦਾ ਦੱਸਦਾ ਥੋੜ੍ਹਾ ਕੁ ਰੁਕਦਾ। ਉਦਾਸੀ ਦੀ ਇਕ ਲਹਿਰ ਉਹਦੇ ਚਿਹਰੇ ਤੇ ਪਸਰਦੀ ਤੇ ਉਹ ਡਾਢੇ ਅਫਸੋਸ ਜਿਹੇ ‘ਚ ਸਿਰ ਮਾਰਦਾ! ‘ਉਨ੍ਹਾਂ ਧੀ ਜਾਵ੍ਹੀਆਂ ਕਿਤੇ ਉਂਗਲ ਲਾਉਣ ਦਾ ਵੀ ਮੌਕਾ ਨਾ ਦਿੱਤਾ ਸਾਨੂੰ। ਵਿਹੰਦਿਆਂ ਵਿਹੰਦਿਆਂ ਹੀ ਗੜੰਮ ਗੜੰਮ ਦਰਿਆ ‘ਚ ਛਾਲਾਂ ਮਾਰ ਗਈਆਂ। ਸਾਰੀਆਂ ਦੀਆਂ ਸਾਰੀਆਂ।’
‘ਜਿਨ੍ਹਾਂ ਮਾਈਆਂ ਬੀਬੀਆਂ ਨੇ ਭਾਣਾ ਮਿੱਠਾ ਕਰਕੇ ਮੰਨਿਆ …। ਗ੍ਰੰਥੀ ਲਹਿਣਾ ਸਿਹੁੰ ਦੇ ਅਰਦਾਸ ਕਰਦੇ ਦੇ ਬੋਲ ਮੇਰੇ ਕੰਨੀ ਪੈਂਦੇ ਹਨ। ‘ਉਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ।’
‘ਤੇਰੇ ਭਾਣੇ ਸਰਬੱਤ ਦਾ ਭਲਾ’ ਦੇ ਵਾਕ ਨਾਲ ਸਾਰੇ ਉਂਗਲਾਂ ਜ਼ਮੀਨ ਨਾਲ ਛੁਹਾ ਕੇ ਮੱਥੇ ਲਾਉਂਦੇ ਹਨ। ਪਰਾਲੀ ਦਾ ਬੁੱਥਾ ਕੋਈ ਮੇਰੇ ਹੱਥ ਫੜਾਉਂਦਾ ਹੈ ਤੇ ਨਾਲ ਹੀ ਡੱਬੀ ਚੋਂ ਪੰਜ ਸੱਤ ਤੀਲ੍ਹਾਂ ਕੱਢ ਇਕੱਠੀਆਂ ਬਾਲ ਕੇ ਸਿਰੇ ਨੂੰ ਅੱਗ ਵਿਖਾ ਦਿੰਦਾ ਹੈ। ਲੋਕਾਂ ਦੀ ਆਸੇ ਪਾਸੇ ਜੁੜੀ ਭੀੜ ਦੋ ਦੋ ਪੈਰ ਪਿੱਛੇ ਹਟ ਜਾਂਦੀ ਹੈ। ਮੈਂ ਸਿਆਣਿਆਂ ਦਾ ਆਦੇਸ਼ ਮੰਨਦਿਆਂ ਪਹਿਲਾਂ ਸਿਰ ਵੱਲ ਅੱਗ ਛੁਹਾਉਂਦਾ ਹਾਂ ਫਿਰ ਹੌਲੀ ਹੌਲੀ ਪੈਰਾਂ ਵੱਲ ਵਧਦਾ ਹਾਂ। ਬੁੱਥੇ ਦੀ ਅੱਗ ਤੇਜ਼ੀ ਨਾਲ ਵਧਦੀ ਮੇਰੇ ਹੱਥਾਂ ਤੱਕ ਆ ਜਾਂਦੀ ਹੈ ਤੇ ਮੈਂ ਉਹਨੂੰ ਚਿਖਾ ਦੇ ਉੱਤੇ ਸੁੱਟ ਦਿੰਦਾ ਹਾਂ।
ਤਿੜ ਤਿੜ ਕਰਦੀ ਅੱਗ ਪਲਾਂ ਛਿਣਾਂ ਵਿੱਚ ਸਾਰੀ ਚਿਖ਼ਾ ਨੂੰ ਘੇਰ ਲੈਂਦੀ ਹੈ। ਆਸੇ ਪਾਸੇ ਖੜ੍ਹੇ ਲੋਕ ਹੋਰ ਪਿੱਛੇ ਹਟ ਜਾਂਦੇ ਹਨ। ਛੋਟੀਆਂ ਤੇ ਪਤਲੀਆਂ ਟਾਹਣੀਆਂ ਦੀ ਤਿੜ ਤਿੜ ਵਿਚ ਮੱਚਦੀ ਅੱਗ ਅਚਾਨਕ ਮੈਨੂੰ ਵਟਾਲੇ ਦੁਸਹਿਰਾ ਗਰਾਉਂਡ ਵਿੱਚ ਵੇਖੇ ਬਲਦੇ ਪੁਤਲਿਆਂ ਦਾ ਚੇਤਾ ਕਰਵਾ ਦਿੰਦੀ ਹੈ। ਬਦੀ ਦੇ ਅੰਤ ਬਾਰੇ ਸੋਚਦਿਆਂ ਜਿਵੇਂ ਮੇਰਾ ਮਨ ਹਲਕਾ ਹੋ ਜਾਂਦਾ ਹੈ ਤੇ ਮੈਂ ਹੱਥ ਝਾੜਦਾ ਪਿੱਛੇ ਖਲੋਤੇ ਲੋਕਾਂ ਵਿਚ ਜਾ ਰਲਦਾ ਹਾਂ।

-ਦੀਪ ਦਵਿੰਦਰ ਸਿੰਘ
 
Top