ਹਰ ਥਾਂ ਹੀ ਦਿਸਦੇ ਨੇ ਦੋਗਲੇ ਲੋਕ

KARAN

Prime VIP
ਹਰ ਥਾਂ ਹੀ ਦਿਸਦੇ ਨੇ
ਦੋਗਲੇ ਲੋਕ |

ਸਭ ਕੁਝ ਦੇਖ ਕੇ ਵੀ
ਅੰਨ੍ਹੇ ਹੋ ਜਾਣ ਵਾਲੇ
ਜ਼ੁਬਾਨ ਹੁੰਦਿਆ ਵੀ
ਗੂੰਗੇ ਬਣੇ ਰਹਿਣ ਵਾਲੇ
ਬੇ-ਦਿਲੇ ਲੋਕ |

ਕੂੜ੍ਹ ਬੋਲਦੇ
ਕੁਫਰ ਤੋਲਦੇ
ਖਸਿਆਣੀ ਹਾਸੀ ਹੱਸਦੇ
ਬੇ-ਦਿਲੇ ਲੋਕ |

ਇਨਕ਼ਲਾਬ ਦਾ ਨਾਅਰਾ
ਗੱਜ ਕੇ ਲਾਉਣ ਵਾਲੇ
ਦਿਨੇ ਲੀਡਰਾਂ ਨੂੰ ਰੱਜ ਕੇ ਗਾਲਾਂ ਕੱਢਣ ਵਾਲੇ
ਤੇ ਰਾਤੀਂ 2 ਪੈੱਗ ਲਾ
ਸੌਂ ਜਾਣ ਵਾਲੇ
ਦੋਗਲੇ ਲੋਕ |

ਸਵੇਰੇ ਤਿਆਰ ਹੋ
“ਔਰਤਾਂ ਦੀ ਮਹੱਤਤਾ” ਤੇ ਕਰਵਾਏ
ਸੈਮੀਨਾਰ ਵਿੱਚ
ਗੱਜ- ਵੱਜ ਕੇ ਮਾਇਕ ਪਾੜਨ ਵਾਲੇ
ਤੇ ਸ਼ਾਮੀਂ ਘਰ ਜਾ
ਆਪਣੀ ਘਰਵਾਲੀ ਨੂੰ
ਟੈਸਟ ਕਰਵਾਉਣ ਦੀ ਤਾਕੀਦ ਕਰਨ ਵਾਲੇ
ਅਨੈਤਿਕ ਲੋਕ |

ਇੱਕ ਪਾਸੇ
ਸੰਗਤ ਤੇ ਪੰਗਤ ਦਾ ਹੋਕਾ ਦੇਣ ਵਾਲੇ
ਦੂਜੇ ਪਾਸੇ
ਭਿਖਾਰੀਆਂ ਨੂੰ
ਘੂਰਦੇ ਤੇ ਖਿਝਦੇ
ਦੋਗਲੇ ਲੋਕ |

ਮੋੜਾਂ ਤੇ ਖੜ
ਫਿਕਰੇ ਕੱਸਦੇ
ਤੇ ਘਰ ਜਾ ਭੈਣ ਨੂੰ
ਸਿਰ ਤੇ ਚੁੰਨੀ ਲੈਣ ਦੀ ਹਦਾਇਤ ਕਰਦੇ
ਦੋਗਲੇ ਲੋਕ |

ਲਾਰੇ ਲਾਉਂਦੇ
ਤੇ ਪੱਗਾਂ ਲਾਹੁੰਦੇ
ਦੋਗਲੇ ਲੋਕ |

ਇਨਸਾਫ਼
ਤੇ ਹੱਕ
ਭੀਖ ਚ ਮੰਗਦੇ
ਖੁਦ ਨੂੰ ਹੀ ਮੂਰਖ ਬਣਾਉਂਦੇ
ਭੋਲੇ ਲੋਕ |

ਹਾਂ
ਪਰ ਜਿੰਦਗੀ
ਫੇਰ ਵੀ ਚਲਦੀ ਰਹਿੰਦੀ ਐ
ਜੋ ਇਹ ਸਭ ਤੋਂ ਪਰੇ
ਬਹੁਤ ਪਰੇ ਦੀ ਸ਼ੈਅ ਐ |

unknown
 
Top