ਜਦ ਬਿਗਾਨੀ ਪੀੜ ਆਪਣੀ ਹੀ ਬਣਾ ਲੈਂਦੇ ਨੇ ਲੋਕ i


ਗਜ਼ਲ
ਜਦ ਬਿਗਾਨੀ ਪੀੜ ਆਪਣੀ ਹੀ ਬਣਾ ਲੈਂਦੇ ਨੇ ਲੋਕ i
ਨਫਰਤਾਂ ਦਾ ਰੂਹ ਤੋਂ ਪਰਦਾ ਵੀ ਹਟਾ ਲੈਂਦੇ ਨੇ ਲੋਕ i

ਮੰਦਿਰਾਂ ਤੇ ਮਸਜਿਦਾਂ ਵਿਚ ਜਾ ਕੇ ਨਾ ਲੱਭਦੇ ਸਕੂਨ,
ਨਾਮ ਉਹ ਖਲਕਤ ਦੇ ਜੀਵਨ ਹੀ ਲਗਾ ਲੇਂਦੇ ਨੇ ਲੋਕ i

ਕਿਸਮਤਾਂ ਦੇ ਕਾਲ ਚੱਕਰ ਤੇ ਨਾ ਕਰਦੇ ਉਹ ਯਕੀਨ,
ਕਰਮ ਕਰਕੇ ਹੀ ਸਿਤਾਰੇ ਉਹ ਸਜਾ ਲੈਂਦੇ ਨੇ ਲੋਕ i

ਚੱਲਦੇ ਰਹਿਣਾ ਗਮ ਖੁਸ਼ੀ ਨੇ ਜਿੰਦਗੀ ਦੇ ਨਾਲ ਨਾਲ,
ਇਸ ਲਈ ਗਮ ਗਲ ਲਗਾ ਕੇ ਮੁਸਕਰਾ ਲੈਂਦੇ ਨੇ ਲੋਕ i

ਬੰਦਗੀ ਰੁਜਗਾਰ ਨਾਲੋ ਰੱਖਦੀ ਹੈ ਵੱਖਰਾ ਮੁਕਾਮ,
ਧਰਮ ਨੂੰ ਰੁਜਗਾਰ ਵੀ ਇਕ ਪਰ ਬਣਾ ਲੈਂਦੇ ਨੇ ਲੋਕ i

ਜ਼ਹਿਰ ਅੱਖੀਂ ਦਿਲ ‘ਚ ਧੋਖਾ ਚਿਹਰਿਆਂ ਤੇ ਹੈ ਜਨੂਨ,
ਵਹਿਸ਼ਤਾਂ ਦਾ ਵੀ ਨਸ਼ਾ ਫਿਰ ਉਹ ਚੜਾ ਲੈਂਦੇ ਨੇ ਲੋਕ i

ਜਦ ਹਕੂਮਤ ਦੇ ਨਸ਼ੇ ਵਿਚ ਲੜਖੜਾਉਂਦਾ ਹੈ ਨਿਜ਼ਾਮ,
ਤਖਤ ਤੋਂ ਫਿਰ ਮੁਨਸਿਫਾਂ ਨੂੰ ਵੀ ਗਿਰਾ ਲੈਂਦੇ ਨੇ ਲੋਕ i

ਵਤਨ ਦੇ ਹੀ ਪਿਆਰ ਦਾ ਜਦ ਸਿਰ ਤੇ ਚੱੜਦਾ ਹੈ ਸਰੂਰ,
ਫਾਂਸੀ ਦੀ ਤਖਤੇ ਵੀ ਹੱਥਾਂ ਵਿਚ ਉਠਾ ਲੈਂਦੇ ਨੇ ਲੋਕ i
ਆਰ.ਬੀ.ਸੋਹਲ

 
Top