Punjab News ਬਾਰਿਸ਼ ਕਣਕ ਲਈ ਵਰਦਾਨ ਤੇ ਆਲੂਆਂ ਲਈ ਨੁਕਸਾਨ

[JUGRAJ SINGH]

Prime VIP
Staff member
ਜਲੰਧਰ, 22 ਜਨਵਰੀ (ਮੇਜਰ ਸਿੰਘ)-ਕਰੀਬ ਸਾਰੇ ਹੀ ਪੰਜਾਬ ਅੰਦਰ ਬੀਤੇ ਕੱਲ੍ਹ ਤੋਂ ਹੋ ਰਹੀ ਬਾਰਿਸ਼ ਕਾਰਨ ਧੁੰਦ ਅਤੇ ਖੁਸ਼ਕ ਠੰਢ ਤੋਂ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ, ਪਰ ਸਰਦੀ ਦਾ ਕਹਿਰ ਪਹਿਲਾਂ ਨਾਲੋਂ ਵਧ ਗਿਆ ਹੈ | ਇਸ ਦੇ ਨਾਲ ਵੱਟਾਂ ਟੱਪ ਗਈ ਕਣਕ ਲਈ ਵੀ ਇਹ ਬਾਰਿਸ਼ ਵਰਦਾਨ ਬਣ ਕੇ ਬਹੁੜੀ ਹੈ | ਇਸ ਵੇਲੇ ਕਣਕ ਦੀ ਫਸਲ ਲਈ ਪਾਣੀ ਦੀ ਬੜੀ ਵੱਡੀ ਲੋੜ ਸੀ | ਕਣਕ ਵਾਲੇ ਖੇਤਾਂ ਦੀ ਸਿੰਚਾਈ ਲਈ ਕਿਸਾਨਾਂ ਨੂੰ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈਣਾ ਸੀ | ਪਰ ਕੁਦਰਤ ਦੇ ਕ੍ਰਿਸ਼ਮੇ ਨਾਲ ਸਾਰੇ ਪੰਜਾਬ ਵਿਚ ਹੋਈ ਬਾਰਿਸ਼ ਨੇ ਕਣਕ ਦੀ ਸਿੰਚਾਈ ਦਾ ਮਸਲਾ ਹੀ ਹੱਲ ਕਰ ਦਿੱਤਾ ਹੈ, ਪਰ ਖੇਤਾਂ ਵਿਚ ਪਾਣੀ ਭਰਨ ਕਾਰਨ ਪੁਟਾਈ ਉੱਪਰ ਆਈ ਆਲੂਆਂ ਦੀ ਫਸਲ ਲਈ ਬਾਰਿਸ਼ ਨੇ ਕਿਸਾਨਾਂ ਦੇ ਚਿਹਰਿਆਂ ਉੱਪਰ ਨਿਰਾਸ਼ਾ ਲਿਆ ਦਿੱਤੀ ਹੈ | ਕਿਸਾਨਾਂ ਤੇ ਆਲੂ ਉਤਪਾਦਕਾਂ ਦਾ ਕਹਿਣਾ ਹੈ ਕਿ ਜੇਕਰ ਇਹ ਭਾਰੀ ਬਾਰਿਸ਼ ਇਕ ਅੱਧ ਦਿਨ ਹੋਰ ਜਾਰੀ ਰਹੀ ਤਾਂ ਆਲੂਆਂ ਦੀ ਫਸਲ ਗਲਣੀ ਸ਼ੁਰੂ ਹੋ ਜਾਵੇਗੀ | ਆਲੂ ਉਤਪਾਦਨ ਦਾ ਗੜ੍ਹ ਮੰਨੇ ਜਾਂਦੇ ਦੁਆਬਾ ਖੇਤਰ ਵਿਚ ਆਲੂਆਂ ਦੀ ਫਸਲ ਨੂੰ ਪ੍ਰਭਾਵਿਤ ਹੋਣ ਤੋਂ ਰੋਕਣ ਲਈ ਅੱਜ ਖੇਤਾਂ ਵਿਚੋਂ ਪਾਣੀ ਕੱਢਣ ਦਾ ਅਮਲ ਆਰੰਭ ਦਿੱਤਾ | ਜਲੰਧਰ ਆਲੂ ਉਤਪਾਦਕ ਐਸੋਸੀਏਸ਼ਨ ਦੇ ਆਗੂ ਸ: ਜਸਵਿੰਦਰ ਸਿੰਘ ਸੰਘਾ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪਏ ਕੋਹਰੇ ਕਾਰਨ ਆਲੂ ਦੀ ਫਸਲ ਝੰਜੋੜੀ ਗਈ ਸੀ, ਪਰ ਹੁਣ ਭਾਰੀ ਬਾਰਿਸ਼ ਨੇ ਤਾਂ ਆਲੂਆਂ ਦੀ ਵੱਡੇ ਪੱਧਰ 'ਤੇ ਤਬਾਹੀ ਦਾ ਖਦਸ਼ਾ ਪੈਦਾ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਬਾਰਿਸ਼ ਕਾਰਨ ਹੁਣ 10 ਦਿਨ ਹੋਰ ਆਲੂਆਂ ਦੀ ਪੁਟਾਈ ਦਾ ਕੰਮ ਸ਼ੁਰੂ ਹੋਣਾ ਮੁਸ਼ਕਿਲ ਹੈ | ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਣੀ ਧਰਤੀ ਵਿਚ ਸਿਮ ਰਿਹਾ ਹੈ ਤੇ ਆਲੂ ਦੀ ਕੱਚੀ ਫਸਲ ਨੂੰ ਇਹ ਧਰਤੀ ਅੰਦਰ ਹੀ ਗਾਲ ਸਕਦਾ ਹੈ | ਉਨ੍ਹਾਂ ਕੋਲ ਇਸ ਤੋਂ ਬਚਾਅ ਦਾ ਵੀ ਕੋਈ ਸਾਧਨ ਨਹੀਂ | ਉੁਨ੍ਹਾਂ ਕਿਹਾ ਕਿ ਕਿਸਾਨ ਖੇਤਾਂ ਵਿਚੋਂ ਪਾਣੀ ਕੱਢਣ ਦਾ ਯਤਨ ਕਰ ਰਹੇ ਹਨ, ਪਰ ਜਿਸ ਤਰ੍ਹਾਂ ਬਾਰਿਸ਼ ਲਗਾਤਾਰ ਪੈ ਰਹੀ ਹੈ, ਉਸ ਹਿਸਾਬ ਪਾਣੀ ਦੇ ਰਿਸਾਅ ਨੂੰ ਰੋਕਣਾ ਮੁਸ਼ਕਿਲ ਹੈ |
 
Top