ਕਬੱਡੀ ਲਈ ਨਵੇਂ ਰਾਹ ਖੋਲ੍ਹ ਗਿਆ ਚੌਥਾ ਆਲਮੀ ਕੱਪ

[JUGRAJ SINGH]

Prime VIP
Staff member

ਪੰਜਾਬ ਸਰਕਾਰ ਵੱਲੋਂ ਕਬੱਡੀ ਨੂੰ ਆਲਮੀ ਮੰਚ 'ਤੇ ਲਿਜਾਣ ਦੇ ਮਨਸੂਬੇ ਨਾਲ ਕਰਵਾਏ ਜਾਂਦੇ ਵਿਸ਼ਵ ਕੱਪਾਂ ਦੀ ਲੜੀ 'ਚ ਵਾਧਾ ਕਰਨ ਵਾਲਾ ਪੁਰਸ਼ਾਂ ਦਾ ਚੌਥਾ ਤੇ ਔਰਤਾਂ ਦਾ ਤੀਸਰਾ ਵਿਸ਼ਵ ਕੱਪ ਪੰਜਾਬੀ ਖਿੱਤੇ ਦੀ ਪੈਦਾਇਸ਼ ਕਬੱਡੀ ਖੇਡ ਲਈ ਬਹੁਤ ਸਾਰੇ ਨਵੇਂ ਰਾਹ ਖੋਲ੍ਹਣ 'ਚ ਕਾਮਯਾਬ ਰਿਹਾ। ਇਸ ਆਲਮੀ ਕੁੰਭ 'ਚ ਹਿੱਸਾ ਲੈਣ ਵਾਲੀਆਂ ਸਾਰੀਆਂ ਟੀਮਾਂ 'ਚ ਸਬੰਧਤ ਮੁਲਕਾਂ ਦੇ ਮੂਲ ਵਾਸੀਆਂ ਦੀ ਸ਼ਮੂਲੀਅਤ ਨੇ ਦਰਸਾ ਦਿੱਤਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ 'ਚ 2010 ਤੋਂ ਸ਼ੁਰੂ ਕੀਤੀ ਮੁਹਿੰਮ ਕਬੱਡੀ ਨੂੰ ਦੁਨੀਆ ਦੇ ਹਰੇਕ ਮਹਾਂਦੀਪ ਦੀ ਖੇਡ ਬਣਾਉਣ 'ਚ ਸਫਲ ਹੋ ਗਈ ਹੈ। ਇਸ ਵਾਰ ਦੇ ਆਲਮੀ ਕੱਪ ਦੀ ਸਭ ਤੋਂ ਵੱਡੀ ਖਾਸੀਅਤ ਇਹ ਰਹੀ ਕਿ ਔਰਤਾਂ ਦੇ ਫਸਵੇਂ ਮੁਕਾਬਲਿਆਂ ਨੇ ਪੁਰਸ਼ਾਂ ਦੇ ਭੇੜਾਂ ਨੂੰ ਫਿੱਕਾ ਪਾ ਦਿੱਤਾ। ਜਿਥੇ ਔਰਤਾਂ ਦੇ ਵਰਗ 'ਚ ਭਾਰਤ ਦੀ ਤੀਸਰੀ ਵਾਰ ਵੀ ਸਰਦਾਰੀ ਕਾਇਮ ਰਹੀ, ਉਥੇ ਨਿਊਜ਼ੀਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਨਵੀਂ ਚੁਣੌਤੀ ਦੇ ਰੂਪ 'ਚ ਸਾਹਮਣੇ ਆਈਆਂ। ਪੁਰਸ਼ ਵਰਗ 'ਚ ਇੰਗਲੈਂਡ ਤੇ ਅਮਰੀਕਾ ਨੇ ਪਹਿਲੀ ਵਾਰ ਸੈਮੀਫਾਈਨਲ 'ਚ ਪੁੱਜਣ ਦਾ ਮਾਣ ਪ੍ਰਾਪਤ ਕੀਤਾ ਅਤੇ ਕੈਨੇਡਾ ਪਹਿਲੀ ਵਾਰ ਤਗਮੇ ਤੋਂ ਬਿਨਾਂ ਪਰਤੀ।
394085__kbadi.jpg

ਇਸ ਵਾਰ ਫਿਰ ਭਾਰਤ ਦੀ ਸਰਦਾਰੀ ਲਗਾਤਾਰ ਚੌਥੇ ਸਾਲ ਵੀ ਕਾਇਮ ਰਹੀ। ਪਾਕਿਸਤਾਨ ਤੀਸਰੀ ਵਾਰ ਉੱਪ-ਜੇਤੂ ਬਣਿਆ। ਭਾਰਤ ਨੇ ਖਿਤਾਬੀ ਮੁਕਾਬਲਾ 48-39 ਨਾਲ ਜਿੱਤਿਆ। ਪੁਰਸ਼ਾਂ ਵਿਚ ਬਲਵੀਰ ਸਿੰਘ ਦੁੱਲਾ ਅਤੇ ਬਲਵੀਰ ਸਿੰਘ ਪਾਲਾ ਕਰਮਵਾਰ ਸਰਬੋਤਮ ਰੇਡਰ ਅਤੇ ਜਾਫ਼ੀ ਬਣੇ ਜਦੋਂ ਕਿ ਔਰਤ ਵਰਗ ਵਿਚ ਰਾਮ ਬਤੇਰੀ ਅਤੇ ਅਨੁਰਾਣੀ ਕ੍ਰਮਵਾਰ ਸਰਬੋਤਮ ਰੇਡਰ ਅਤੇ ਜਾਫ਼ੀ ਬਣੇ।
ਚੌਥੇ ਵਿਸ਼ਵ ਕਬੱਡੀ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਇਸ 'ਚ ਭਾਗ ਲੈਣ ਵਾਲੀਆਂ ਸਾਰੀਆਂ ਟੀਮਾਂ ਦੇ ਖਿਡਾਰੀ ਸਬੰਧਤ ਮੁਲਕਾਂ ਦੇ ਪਾਸਪੋਰਟ ਧਾਰਕ ਸਨ ਅਤੇ ਸਿਰਫ ਚਾਰ ਵਿਦੇਸ਼ੀ ਟੀਮਾਂ 'ਚ ਹੀ ਪੰਜਾਬ 'ਚ ਜਨਮੇ ਪਰ ਵਿਦੇਸ਼ਾਂ 'ਚ ਪਲੇ ਦਰਜਨ ਕੁ ਖਿਡਾਰੀ ਹੀ ਸ਼ਾਮਲ ਸਨ, ਜਿਸ ਨਾਲ ਉਨ੍ਹਾਂ ਆਲੋਚਕਾਂ ਦੇ ਮੂੰਹ ਪੂਰੀ ਤਰ੍ਹਾਂ ਬੰਦ ਹੋ ਗਏ, ਜੋ ਇਸ ਨੂੰ ਪੰਜਾਬੀਆਂ ਦਾ ਆਲਮੀ ਕੱਪ ਗਰਦਾਨਦੇ ਰਹੇ ਹਨ। ਪਾਸਪੋਰਟ ਵਾਲੀ ਸ਼ਰਤ ਦਾ ਵੱਡਾ ਫਾਇਦਾ ਇਹ ਹੋਇਆ ਕਿ ਅਮਰੀਕਾ, ਇੰਗਲੈਂਡ ਤੇ ਕੈਨੇਡਾ ਦੇ ਖਿਡਾਰੀਆਂ ਦੇ ਮਨਾਂ 'ਚੋਂ ਇਹ ਗੱਲ ਨਿਕਲ ਗਈ ਕਿ ਉਨ੍ਹਾਂ ਮੁਲਕਾਂ ਦੀ ਕੌਮਾਂਤਰੀ ਪੱਧਰ 'ਤੇ ਪੰਜਾਬੀ ਖਿਡਾਰੀਆਂ ਦਾ ਪ੍ਰਤੀਨਿਧਤਾ ਕਰਨਾ ਬੰਦ ਹੋ ਗਿਆ ਹੈ ਅਤੇ ਹੁਣ ਉਨ੍ਹਾਂ ਲਈ ਨਵੇਂ ਦੁਆਰ ਖੁੱਲ੍ਹ ਗਏ ਹਨ। ਇਸ ਦੇ ਨਾਲ ਹੀ ਇੰਗਲੈਂਡ ਦੇ 17 ਸਾਲਾ ਪਰਮਜੋਤ ਸਿੰਘ ਸੰਘਾ, ਕੈਨੇਡਾ ਦੇ ਪਿਓ ਪੁੱਤਰ ਗੁਰਦੀਪ ਸਿੰਘ ਮੁਠੱਡਾ (46 ਸਾਲ) ਤੇ ਦਲਜਿੰਦਰ ਸਿੰਘ ਔਜਲਾ (21 ਸਾਲ) ਦਾ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰਨਾ ਵਿਦੇਸ਼ਾਂ 'ਚ ਗਏ ਪੰਜਾਬੀਆਂ ਦੀ ਔਲਾਦ ਦਾ ਕਬੱਡੀ ਨਾਲ ਮੋਹ ਰੱਖਣ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਇਸ ਟੂਰਨਾਮੈਂਟ ਦੀ ਵੱਡੀ ਪ੍ਰਾਪਤੀ ਇਹ ਰਹੀ ਕਿ ਔਰਤਾਂ ਦੀ ਕਬੱਡੀ ਵੀ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੂਹ ਗਈ। ਇਸ ਵਰਗ 'ਚ 8 ਟੀਮਾਂ ਨੇ ਹਿੱਸਾ ਲੈ ਕੇ ਦਰਸਾ ਦਿੱਤਾ ਕਿ ਇਹ ਖੇਡ ਜਲਦੀ ਹੀ ਦੁਨੀਆ ਭਰ ਦੀਆਂ ਔਰਤਾਂ 'ਚ ਮਕਬੂਲ ਹੋ ਜਾਵੇਗੀ। ਇਸ ਕੱਪ ਦੌਰਾਨ ਔਰਤ ਵਰਗ ਦੇ 16 ਮੁਕਾਬਲਿਆਂ 'ਚੋਂ ਸਿਰਫ ਦੋ ਮੈਚ ਇਕਪਾਸੜ ਰਹੇ।
ਪੰਜ ਮੈਚ ਚੰਗੀ ਮੁਕਾਬਲੇਬਾਜ਼ੀ ਵਾਲੇ ਅਤੇ 9 ਮੈਚ ਬਹੁਤ ਹੀ ਫਸਵੇਂ ਰਹੇ, ਜਿਨ੍ਹਾਂ 'ਚੋਂ ਤੀਸਰੇ ਤੇ ਚੌਥੇ ਸਥਾਨ ਲਈ ਜਲੰਧਰ ਵਿਖੇ ਹੋਇਆ। ਪਾਕਿਸਤਾਨ ਤੇ ਡੈਨਮਾਰਕ ਦੌਰਾਨ ਹੋਇਆ ਮੁਕਾਬਲਾ ਡੈਨਮਾਰਕ ਨੇ ਸਿਰਫ ਅੰਕ ਨਾਲ ਜਿੱਤਿਆ। ਇਹ ਮੈਚ ਆਲਮੀ ਕੱਪ ਦਾ ਸਭ ਤੋਂ ਫਸਵਾਂ ਮੈਚ ਰਿਹਾ।
ਪੰਜਾਬ ਸਰਕਾਰ ਵੱਲੋਂ ਤਕਰੀਬਨ 20 ਕਰੋੜ ਰੁਪਏ ਦੀ ਲਾਗਤ ਨਾਲ ਹਰ ਸਾਲ ਕਰਵਾਏ ਜਾਣ ਵਾਲੇ ਆਲਮੀ ਕੱਪਾਂ ਵਾਂਗ ਇਸ ਵਾਰ ਵੀ ਸਾਡੇ ਸੰਚਾਲਕਾਂ ਦੀਆਂ ਮਨਮਾਨੀਆਂ ਸਿਖਰਾਂ ਨੂੰ ਛੂਹ ਗਈਆਂ, ਜਿਨ੍ਹਾਂ ਕਾਰਨ ਵਿਸ਼ਵ ਕੱਪ ਦੇ ਮਿਆਰਾਂ ਨੂੰ ਵਾਰ-ਵਾਰ ਢਾਅ ਲੱਗਦੀ ਰਹੀ। ਇਸ ਕੱਪ ਵਰਗੀ ਗੈਰ-ਮਿਆਰੀ ਅੰਪਾਇਰਿੰਗ ਪਿਛਲੇ ਤਿੰਨ ਕੱਪਾਂ ਦੌਰਾਨ ਕਦੇ ਵੀ ਦੇਖਣ ਨੂੰ ਨਹੀਂ ਮਿਲੀ, ਜਿਸ ਕਾਰਨ ਮੈਚਾਂ 'ਚ ਵਾਰ-ਵਾਰ ਵਿਘਨ ਪੈਂਦਾ ਰਿਹਾ ਅਤੇ ਟੀ. ਵੀ. ਰੀਪਲੇਅ ਦੀ ਮਦਦ ਲਈ ਜਾਂਦੀ ਰਹੀ। ਅੰਪਾਇਰਾਂ/ਰੈਫਰੀਆਂ ਦੀ ਚੋਣ ਦੇ ਮਾਪਦੰਡ ਕਿਸੇ ਨੂੰ ਸਮਝ ਨਹੀਂ ਆਏ। ਸਿਰਫ 5 ਕੁ ਅੰਪਾਇਰ ਹੀ ਆਲਮੀ ਕੱਪ ਦੇ ਮੈਚ ਦੇ ਜਾਪੇ। ਦੂਸਰੀ ਗੱਲ ਵਿਸ਼ਵ ਕੱਪ ਲਈ ਬਣੀ ਜਿਊਰੀ ਦੇ ਮੈਂਬਰਾਂ ਦੀ ਵੱਡੀ ਫੌਜ ਮੈਦਾਨ 'ਚ ਜਾਣ ਲਈ ਮੌਕਾ ਨਹੀਂ ਖੁੰਝਣ ਦਿੰਦੀ ਸੀ। ਉਹ ਹਰ ਫੈਸਲਾ ਮੈਦਾਨ 'ਚ ਜਾ ਕੇ ਦੇਣ ਲਈ ਉਤਸੁਕ ਰਹਿੰਦੇ ਸਨ ਅਤੇ ਦੋ ਸ਼ਖ਼ਸ ਤਾਂ ਮੈਦਾਨ ਦੇ ਅੰਪਾਇਰ ਤੋਂ ਪਹਿਲਾਂ ਹੀ ਹਰ ਅੰਕ ਦਾ ਫੈਸਲਾ ਦੇ ਦਿੰਦੇ ਸਨ, ਜੋ ਕਿ ਬਹੁਤ ਹੀ ਤਰਸਮਈ ਜਾਪਦਾ ਸੀ।
ਖੇਡ ਵਿਭਾਗ ਦੇ ਦਖਲ ਕਾਰਨ ਲੀਗ ਦੌਰ ਖਤਮ ਹੋਣ ਉਪਰੰਤ ਨਾਕ ਆਊਟ ਦੌਰ ਦੌਰਾਨ ਹੀ ਆਖਰੀ ਤਿੰਨ ਦਿਨਾਂ 'ਚ ਜਿਊਰੀ ਨੂੰ ਕੁਝ ਨੱਥ ਪਈ। ਤੀਸਰੀ ਗੱਲ ਜਦੋਂ ਮੁੱਖ ਮਹਿਮਾਨ ਮੈਦਾਨ 'ਚ ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਜਾਂਦੇ ਸਨ ਤਾਂ ਅੱਧਾ ਸੈਂਕੜਾ ਲੋਕ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਮੈਦਾਨ 'ਚ ਜਾ ਖੜ੍ਹਦੇ ਸਨ। ਅਜਿਹੇ ਫੋਕੀ ਸ਼ੋਹਰਤ ਵਾਲੇ ਦ੍ਰਿਸ਼ ਵਿਸ਼ਵ ਕੱਪ 'ਚ ਵਾਰ-ਵਾਰ ਦੇਖਣ ਨੂੰ ਮਿਲੇ, ਜਿਸ ਨਾਲ ਮੁੱਖ ਮਹਿਮਾਨ ਤੇ ਖਿਡਾਰੀਆਂ ਦਾ ਸਤਿਕਾਰ ਵੀ ਘਟਦਾ ਸੀ। ਲੋੜ ਹੈ ਸਾਡੇ ਖੇਡ ਸੰਚਾਲਕ ਪੰਜਾਬ ਸਰਕਾਰ ਦੀ ਕਬੱਡੀ ਪ੍ਰਤੀ ਸੱਚੀ-ਸੁੱਚੀ ਸੋਚ ਨੂੰ ਅੱਗੇ ਵਧਾਉਣ ਲਈ ਆਪਾ ਮਾਰਨ ਅਤੇ ਸੱਚੀ ਲਗਨ ਨਾਲ ਕੰਮ ਕਰਨ। ਬਾਹਰਲੇ ਰੈਫਰੀਆਂ ਨੂੰ ਵੱਡੀ ਗਿਣਤੀ 'ਚ ਆਲਮੀ ਕੱਪ ਦਾ ਹਿੱਸਾ ਬਣਾਇਆ ਜਾਵੇ। ਕਿੱਟਾਂ ਦੀ ਇਕਸਾਰਤਾ ਤੇ ਨੰਬਰਿੰਗ ਸਬੰਧੀ, ਔਰਤਾਂ ਲਈ ਵਿਸੇਸ਼ ਕਿੱਟ ਤਿਆਰ ਕਰਨ ਵਰਗੇ ਮਾਮਲੇ ਵੀ ਨਜਿੱਠੇ ਜਾਣ। ਵਿਦੇਸ਼ਾਂ 'ਚ ਕੋਚ ਲੰਬੇ ਸਮੇਂ ਲਈ ਭੇਜੇ ਜਾਣ ਤਾਂ ਕਿ ਪੰਜਾਬ ਸਰਕਾਰ ਦੇ ਕਬੱਡੀ ਪ੍ਰਤੀ ਸੁਪਨੇ ਪੂਰੇ ਹੋ ਸਕਣ।
[/img][/B]
 
Top