ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ

ਭਾਈ ਮਨੀ ਸਿੰਘ ਨੂੰ 24 ਜੂਨ 1734 ਦੇ ਦਿਨ ਲਾਹੌਰ ਸ਼ਹਿਰ ਵਿਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ। ਆਪ ਦਾ ਜਨਮ 10 ਮਾਰਚ 1644 ਦੇ ਦਿਨ ਭਾਈ ਮਾਈ ਦਾਸ ਪਰਮਾਰ ਜੀ ਦੇ ਘਰ ਮੁਲਤਾਨ ਸੂਬੇ ਦੇ ਪਿੰਡ ਅਲੀਪੁਰ, ਜ਼ਿਲ੍ਹਾ ਮੁਜ਼ੱਫ਼ਰਗੜ੍ਹ (ਪਾਕਿਸਤਾਨ) ਵਿਚ ਹੋਇਆ ਸੀ। ਸੰਨ 1657 ਵਿਚ ਆਪ ਦੇ ਪਿਤਾ ਭਾਈ ਮਾਈ ਦਾਸ ਆਪ ਨੂੰ ਕੀਰਤਪੁਰ ਲੈ ਕੇ ਆਏ ਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਅਰਪਣ ਕਰ ਦਿੱਤਾ। ਆਪ ਦਾ ਵਿਆਹ ਬੀਬੀ ਸੀਤੋ (1698 ਤੋਂ ਮਗਰੋਂ ਬਸੰਤ ਕੌਰ) ਪੁੱਤਰੀ ਭਾਈ ਲੱਖੀ ਰਾਏ ਵਣਜਾਰਾ (ਜੋ ਉਦੋਂ ਮੁਲਤਾਨ ਰਿਆਸਤ ਦੇ ਪਿੰਡ ਖੈਰਪੁਰ ਵਿਚ ਰਹਿੰਦੇ ਸਨ ਤੇ ਮਗਰੋਂ ਰਸਾਇਨਾ ਪਿੰਡ, ਹੁਣ ਦੇ ਰਕਾਬਗੰਜ ਦਿੱਲੀ ਵਾਲੀ ਥਾਂ, ਚਲੇ ਗਏ ਸਨ) ਨਾਲ ਹੋਇਆ।

1661 ਵਿਚ ਗੁਰੂ ਹਰਿ ਰਾਇ ਸਾਹਿਬ ਜੋਤੀ ਜੋਤਿ ਸਮਾ ਗਏ ਤਾਂ ਆਪ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਸੇਵਾ ਵਿਚ ਵੀ ਹਾਜ਼ਰ ਰਹੇ। ਜਦੋਂ ਔਰੰਗਜ਼ੇਬ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਦਿੱਲੀ ਬੁਲਾਇਆ ਤਾਂ ਆਪ ਵੀ ਗੁਰੂ ਸਾਹਿਬ ਦੇ ਨਾਲ ਗਏ। ਗੁਰੂ ਹਰਕ੍ਰਿਸ਼ਨ ਸਾਹਿਬ 30 ਮਾਰਚ ਨੂੰ ਜੋਤੀ ਜੋਤਿ ਸਮਾ ਗਏ ਅਤੇ (ਗੁਰੂ) ਤੇਗ਼ ਬਹਾਦਰ ਸਾਹਿਬ ਨੂੰ ਗੁਰਗੱਦੀ ਸੌਂਪ ਗਏ। 1672 ਵਿਚ ਗੁਰੂ ਤੇਗ਼ ਬਹਾਦਰ ਸਾਹਿਬ ਬਕਾਲਾ ਤੋਂ ਅਨੰਦਪੁਰ ਆ ਗਏ ਤਾਂ ਭਾਈ ਮਨੀ ਸਿੰਘ ਵੀ ਗੁਰ ਦਰਬਾਰ ਵਿਚ ਹਾਜ਼ਿਰ ਹੋ ਗਏ। ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ (ਨਵੰਬਰ 1675) ਮਗਰੋਂ ਵੀ ਭਾਈ ਮਨੀ ਸਿੰਘ ਅਨੰਦਪੁਰ ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸੇਵਾ ਵਿਚ ਹਾਜ਼ਿਰ ਰਹੇ। ਜੁਲਾਈ 1678 ਵਿਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਭਾਈ ਮਨੀ ਸਿੰਘ ਤੋਂ ਗੁਰੂ ਗ੍ਰੰਥ ਸਾਹਿਬ ਦਾ ਨਵਾਂ ਸਰੂਪ ਤਿਆਰ ਕਰਵਾਇਆ ਤੇ ਇਸ ਵਿਚ ਗੁਰੁ ਤੇਗ਼ ਬਹਾਦਰ ਸਾਹਿਬ ਦੀ ਬਾਣੀ ਸ਼ਾਮਿਲ ਕਰਵਾਈ। ਸ਼੍ਰੋਮਣੀ ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਲਿਖਦੇ ਹਨ ਕਿ “ਕਿਉਂਕਿ ਇਹ ਬੀੜ ਆਦਿ ਸਿੰਘਾਸਨ ਦਮਦਮਾ ਸਾਹਿਬ ਤਖ਼ਤ (ਚੱਕ ਨਾਨਕੀ) ਦੇ ਅਸਥਾਨ ਤੇ ਤਿਆਰ ਹੋਈ ਸੀ ਇਸ ਕਰ ਕੇ ਇਸ ਨੂੰ “ਦਮਦਮੇ ਵਾਲੀ ਬੀੜ” ਆਖਿਆ ਜਾਂਦਾ ਹੈ।”
28 ਮਾਰਚ 1685 ਦੇ ਵਿਚ ਗੁਰੂ ਗੋਬਿੰਦ ਸਿੰਘ ਨਾਹਨ ਗਏ ਤੇ ਫਿਰ ਪਾਉਂਟਾ ਸਾਹਿਬ ਪਿੰਡ ਵਸਾ ਕੇ ਉਥੇ ਰਹਿਣ ਲਗ ਪਏ। ਇਸ ਸਾਰੇ ਸਮੇਂ ਵਿਚ ਭਾਈ ਮਨੀ ਸਿੰਘ ਗੁਰੂ ਸਾਹਿਬ ਦੇ ਨਾਲ ਹੀ ਸਨ। 1688 ਵਿਚ ਗੁਰੂ ਸਾਹਿਬ ਪਾਉਂਟਾ ਤੋਂ ਅਨੰਦਪੁਰ ਆ ਗਏ। ਇਸ ਵੇਲੇ ਤੱਕ ਭਾਈ ਮਨੀ ਸਿੰਘ ਦਾ ਗੁਰ ਦਰਬਾਰ ਵਿਚ ਦਰਜਾ ਦੀਵਾਨ ਨੰਦ ਚੰਦ ਮਗਰੋਂ ਦੂਜੇ ਨੰਬਰ ’ਤੇ ਸੀ। ਸੰਗਤਾਂ ਵਿਚ ਵੀ ਭਾਈ ਮਨੀ ਸਿੰਘ ਨੂੰ ਬਹੁਤ ਅਦਬ ਤੇ ਇੱਜ਼ਤ ਵਾਲਾ ਦਰਜਾ ਹਾਸਿਲ ਸੀ। ਗੁਰੂ ਜੀ ਵੀ ਭਾਈ ਮਨੀ ਸਿੰਘ ਨੂੰ ਬਹੁਤ ਪਿਆਰ ਕਰਦੇ ਸਨ। 1691 ਵਿਚ ਜਦ ਅਲਫ਼ ਖ਼ਾਨ ਨੇ ਪਹਾੜੀ ਰਾਜਿਆਂ ’ਤੇ ਹਮਲਾ ਕਰ ਦਿੱਤਾ ਤਾਂ ਗੁਰੂ ਸਾਹਿਬ ਦੀਵਾਨ ਨੰਦ ਚੰਦ, ਦੀਵਾਨ ਧਰਮ ਚੰਦ ਛਿੱਬਰ, ਭਾਈ ਮਨੀ ਸਿੰਘ ਤੇ ਭਾਈ ਆਲਮ ਚੰਦ ਤੇ ਹੋਰ ਬਹੁਤ ਸਾਰੇ ਯੋਧਿਆਂ ਨੂੰ ਲੈ ਕੇ ਨਦੌਣ ਗਏ। ਨਦੌਣ ਦੀ ਲੜਾਈ ਵਿਚ ਭਾਈ ਮਨੀ ਸਿੰਘ ਨੇ ਭਰਪੂਰ ਬਹਾਦਰੀ ਦੇ ਜਲਵੇ ਦਿਖਾਏ। ਲੜਾਈ ਜਿੱਤਣ ਮਗਰੋਂ ਗੁਰੂ ਸਾਹਿਬ ਅਨੰਦਪੁਰ ਸਾਹਿਬ ਪੁੱਜੇ। ਇਸ ਵੇਲੇ ਦੀਵਾਨ ਨੰਦ ਚੰਦ ਸੰਘਾ ਗੁਰੂ ਸਾਹਿਬ ਦਾ “ਦਰਬਾਰੀ ਦੀਵਾਨ” ਸੀ। ਇਕ ਵਾਰ ਕੁਝ ਉਦਾਸੀ ਉਸ ਨੂੰ ਗੁਰੂ ਗ੍ਰੰਥ ਸਾਹਿਬ ਦਾ ਇਕ ਉਤਾਰਾ ਦੇ ਗਏ ਤਾਂ ਜੋ ਉਹ ਸੁਧਾਈ ਕਰ ਦੇਵੇ। ਨੰਦ ਚੰਦ ਉਸ ਬੀੜ ਨੂੰ ਆਪਣੇ ਪਿੰਡ ਲੈ ਗਿਆ ਸੀ ਤੇ ਆਪਣੇ ਘਰ ਛੱਡ ਆਇਆ ਸੀ। ਜਦੋਂ ਉਦਾਸੀਆਂ ਨੇ ਬੀੜ ਮੰਗੀ ਤਾਂ ਉਹ ਮੁਕਰ ਗਿਆ। ਉਦਾਸੀ ਇਹ ਮਾਮਲਾ ਗੁਰੂ ਸਾਹਿਬ ਕੋਲ ਲੈ ਗਏ। ਜਦੋਂ ਨੰਦ ਚੰਦ ਨੂੰ ਇਹ ਪਤਾ ਲੱਗਾ ਤਾਂ ਉਹ ਘਬਰਾ ਕੇ ਅਨੰਦਪੁਰ ਸਾਹਿਬ ਤੋਂ ਖਿਸਕ ਗਿਆ।ਨੰਦ ਚੰਦ ਦੇ ਖਿਸਕ ਜਾਣ ਮਗਰੋਂ 29 ਮਾਰਚ 1691 ਦੇ ਦਿਨ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ “ਦਰਬਾਰੀ ਦੀਵਾਨ” ਥਾਪ ਦਿੱਤਾ।
1699 ਵਿਚ ਜਦੋਂ ਗੁਰੂ ਸਾਹਿਬ ਨੇ ਖਾਲਸਾ ਪ੍ਰਗਟ ਕੀਤਾ ਤੇ ਖੰਡੇ ਦੀ ਪਾਹੁਲ ਦੇਣੀ ਸ਼ੁਰੂ ਕੀਤੀ ਤਾਂ ਭਾਈ ਮਨੀ ਸਿੰਘ, ਉਨ੍ਹਾਂ ਦੇ ਛੇ ਪੁੱਤਰਾਂ (ਚਿਤਰ ਸਿੰਘ, ਬਚਿੱਤਰ ਸਿੰਘ, ਉਦੈ ਸਿੰਘ, ਅਨਕ ਸਿੰਘ, ਅਜਬ ਸਿੰਘ, ਅਜਾਇਬ ਸਿੰਘ), ਨੇ ਵੀ ਪਾਹੁਲ ਲਈ। ਇਨ੍ਹੀਂ ਦਿਨੀਂ ਗੁਰੂ ਦਾ ਚੱਕ (ਅੰਮ੍ਰਿਤਸਰ) ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਪ੍ਰਿਥੀ ਚੰਦ ਮੀਣੇ ਦੇ ਵਾਰਿਸ ਅੰਮ੍ਰਿਤਸਰ ਛੱਡ ਕੇ ਚਲੇ ਗਏ ਹਨ ਤੇ ਤੁਸੀਂ ਕਿਸੇ ਮੁਖੀ ਸਿੱਖ ਨੂੰ ਉੱਥੋਂ ਦੀ ਸੇਵਾ ਸੰਭਾਲਣ ਵਾਸਤੇ ਭੇਜ ਦਿਉ। ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਨੂੰ ਪੰਜ ਸਿੰਘ ਨਾਲ ਦੇ ਕੇ ਅੰਮ੍ਰਿਤਸਰ ਦਾ ਪ੍ਰਬੰਧਕ ਬਣਾ ਕੇ ਭੇਜਿਆ। ਭਾਈ ਮਨੀ ਸਿੰਘ 2 ਮਈ 1698 ਦੇ ਦਿਨ ਅੰਮ੍ਰਿਤਸਰ ਪੁੱਜੇ ਅਤੇ 3 ਮਈ ਨੂੰ ਦਰਬਾਰ ਸਾਹਿਬ ’ਚ ਨੀਲਾ ਨਿਸ਼ਾਨ ਸਾਹਿਬ ਝੁਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ। ਇਸ ਤੋਂ ਬਾਅਦ ਭਾਈ ਮਨੀ ਸਿੰਘ ਅੰਮ੍ਰਿਤਸਰ ਹੀ ਰਹਿਣ ਲੱਗ ਪਏ। ਹੁਣ ਅੰਮ੍ਰਿਤਸਰ ਵਿਚ ਸੰਗਤਾਂ ਦੋਬਾਰਾ ਆਉਣ ਲੱਗ ਪਈਆਂ। ਭਾਈ ਮਨੀ ਸਿੰਘ ਰੋਜ਼ ਕਥਾ ਕਰਨ ਲੱਗ ਪਏ। ਵਿਚ-ਵਿਚ ਆਪ ਅਨੰਦਪੁਰ ਸਾਹਿਬ ਵੀ ਜਾਇਆ ਕਰਦੇ ਸਨ। 2 ਅਕਤੂਬਰ 1703 ਦੇ ਦਿਨ ਗੁਰੂ ਸਾਹਿਬ ਨੇ ਭਾਈ ਮਨੀ ਸਿੰਘ ਪਰਿਵਾਰ ਨੂੰ ਖ਼ਾਸ ਹੁਕਮਨਾਮਾ ਬਖ਼ਸ਼ਿਆ, ਜਿਸ ਵਿਚ ਉਨ੍ਹਾਂ ਦੇ ਪੁੱਤਰਾਂ ਨੂੰ “ਫ਼ਰਜੰਦਹ ਖ਼ਾਨੇ ਜ਼ਾਦ” ਆਖਿਆ ਸੀ:
“ਸਤਿਗੁਰੂ ਜੀ ਕੀ ਆਗਿਆ ਹੈ। ਭਾਈ ਬਚਿੱਤਰ ਸਿੰਘ ਜੀ। ਭਾਈ ਉਦੈ ਸਿੰਘ ਜੀ । ਭਾਈ ਅਨਿਕ ਜੀ। ਭਾਈ ਅਜਬ ਸਿੰਘ ਜੀ। ਭਾਈ ਅਜਾਇਬ ਸਿੰਘ ਜੀ। ਨਾਇਕ ਮਾਈ ਦਾਸ ਵੋਇ ਮਨੀ ਸਿੰਘ ਨੂੰ ਵਾਹਿਗੁਰੂ ਸਰਮ ਰਖੇਗਾ। ਤੁਸੀਂ ਮੇਰੇ ਪੁੱਤਰ ਫ਼ਰਜੰਦਹ ਖ਼ਾਨੇ ਜ਼ਾਦ ਹੋ। ਤੁਸਾਂ ਉਪਰ ਮੇਰੀ ਖੁਸ਼ੀ ਹੈ। ਸਭ ਵਰਤਾਰੇ ਕੇ ਤੁਸੀਂ ਮਹਿਰਮ ਹੋ। ਹੋਰ ਕੌਡੀ ਦਮੜੀ ਪੈਸਾ ਧੇਲਾ ਰੁਪਿਆ ਰਛਿਆ ਦਾ ਜੋ ਅਸਾਨੂੰ ਦੇਏਗਾ। ਇਹ ਮੇਰੇ ਫ਼ਰਜੰਦ ਹੈਨ। ਸਿੱਖਾਂ (ਪੁੱਤਾਂ) ਸੇਵਾ ਦਾ ਵੇਲਾ ਹੈ। ਜੋ ਲੋਚ ਕੈ ਸੇਵਾ ਕੇਰੋਗੇ ਤੁਹਾਡੇ ਸੇਵਾ ਦਰਗਾਹਿ ਥਾਇ ਪਵੇਗੀ। ਤੁਸੀਂ ਉਪਰ ਵਾਹਿਗੁਰੂ ਰਖਿਆ ਕਰੇਗਾ। ਸੰਮਤ 1760 ਮਿਤੀ ਕਤਕ 1”
5-6 ਦਸੰਬਰ 1705 ਦੀ ਰਾਤ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡਿਆ ਤਾਂ ਉਦੋਂ ਭਾਈ ਮਨੀ ਸਿੰਘ ਅੰਮ੍ਰਿਤਸਰ ਵਿਚ ਸਨ। ਆਪ ਜਨਵਰੀ 1706 ਵਿਚ ਗੁਰੂ ਜੀ ਨੂੰ ਤਲਵੰਡੀ ਸਾਬੋ ਵਿਚ ਜਾ ਕੇ ਮਿਲੇ। ਅਕਤੂਬਰ 1706 ਵਿਚ ਜਦੋਂ ਗੁਰੂ ਸਾਹਿਬ ਨੇ ਤਲਵੰਡੀ ਸਾਬੋ ਤੋਂ ਜਾਣ ਦਾ ਪ੍ਰੋਗਰਾਮ ਬਣਾਇਆ ਤਾਂ ਭਾਈ ਮਨੀ ਸਿੰਘ ਫੇਰ ਅੰਮ੍ਰਿਤਸਰ ਤੋਂ ਚੱਲ ਕੇ ਤਲਵੰਡੀ ਸਾਬੋ ਪੁੱਜੇ। ਗੁਰੂ ਸਾਹਿਬ 30 ਅਕਤੂਬਰ 1706 ਦੇ ਦਿਨ ਤਲਵੰਡੀ ਸਾਬੋ ਤੋਂ ਦੱਖਣ ਵਲ ਚੱਲ ਪਏ। ਆਪ ਦੇ ਨਾਲ ਭਾਈ ਮਨੀ ਸਿੰਘ ਤੇ ਹੋਰ ਬਹੁਤ ਸਿੱਖ ਘੋੜਿਆਂ ’ਤੇ ਸਵਾਰ ਹੋ ਕੇ ਚੱਲ ਪਏ। ਫ਼ਰਵਰੀ 1707 ਵਿਚ ਗੁਰੂ ਸਾਹਿਬ ਬਘੌਰ ਵਿਚ ਸਨ। 19 ਮਾਰਚ 1707 ਦੇ ਦਿਨ ਆਪ ਨੇ ਭਾਈ ਮਨੀ ਸਿੰਘ ਤੇ ਚਾਰ ਹੋਰ ਸਿੱਖਾਂ ਨੂੰ ਅੰਮ੍ਰਿਤਸਰ ਵਾਪਿਸ ਜਾਣ ਵਾਸਤੇ ਵਿਦਾ ਕਰ ਦਿੱਤਾ ਅਤੇ ਆਪ ਦਿੱਲੀ ਵੱਲ ਚੱਲ ਪਏ।ਇਧਰ ਭਾਈ ਮਨੀ ਸਿੰਘ ਨੇ ਅੰਮ੍ਰਿਤਸਰ ਆ ਕੇ ਫੇਰ ਦੀਵਾਨ ਸਜਾਣੇ ਸ਼ੁਰੂ ਕਰ ਦਿੱਤੇ। ਉਧਰ ਨੰਦੇੜ ਵਿਚ 6-7 ਅਕਤੂਬਰ 1708 ਦੀ ਰਾਤ ਦੇ ਦਿਨ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਤੇ ਬੰਦਾ ਸਿੰਗ ਨੂੰ ਫ਼ੌਜਾਂ ਦੀ ਕਮਾਣ ਸੌਂਪ ਗਏ।
ਪੰਜਾਬ ਆ ਕੇ 26 ਸਤੰਬਰ 1709 ਦੇ ਦਿਨ ਬਾਬਾ ਬੰਦਾ ਸਿੰਘ ਨੇ ਸਮਾਣੇ ’ਤੇ ਹਮਲਾ ਕੀਤਾ। ਇਸ ਨਾਲ ਪੰਜਾਬ ਵਿਚ ਸਿੱਖਾਂ ਦਾ ਬੋਲਬਾਲਾ ਕਾਇਮ ਹੋਣ ਲੱਗ ਪਿਆ। ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਮਗਰੋਂ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਆਪ ਵੱਡੀ ਫ਼ੌਜ ਲੈ ਕੇ ਲਾਹੌਰ ਆ ਗਿਆ। ਇਸ ਦੌਰਾਨ ਬਾਬਾ ਬੰਦਾ ਸਿੰਘ ਪਹਾੜਾਂ ਵੱਲ ਨਿਕਲ ਗਿਆ। ਭਾਈ ਮਨੀ ਸਿੰਘ ਵੀ ਹਾਲਾਤ ਨੂੰ ਸਮਝਦੇ ਹੋਏ ਅੰਮ੍ਰਿਤਸਰ ਤੋਂ ਚਲੇ ਗਏ। 9 ਮਾਰਚ 1716 ਦੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਸ਼ਹੀਦ ਕਰ ਦਿੱਤੇ ਗਏ। ਬੰਦਾ ਸਿੰਘ ਦੀ ਸ਼ਹੀਦੀ ਮਗਰੋਂ ਅਗਲੇ ਤਿੰਨ ਸਾਲ ਸਿੱਖਾਂ ਵਾਸਤੇ ਬੜੇ ਔਖੇ ਸਨ। ਪੰਜਾਬ ਦੇ ਕਿਸੇ ਸ਼ਹਿਰ ਵਿਚ ਇਕ ਵੀ ਸਿੱਖ ਨਜ਼ਰ ਨਹੀਂ ਆਉਂਦਾ ਸੀ, ਅਤੇ ਅੰਮ੍ਰਿਤਸਰ ਵਿਚ ਤਾਂ ਕਿਸੇ ਸਿੱਖ ਦੇ ਹੋਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਜਦ ਹਾਲਾਤ ਸੁਖਾਵੇਂ ਹੋਏ ਤਾਂ ਆਪ ਫਿਰ ਅੰਮ੍ਰਿਤਸਰ ਆ ਗਏ। 1722 ਤਕ ਸਿੱਖਾਂ ਵਿਚ ਦੋ ਧੜਿਆਂ ਜਾਂ ਕਿਸੇ ਹੋਰ ਕਿਸਮ ਦੇ ਫ਼ਰਕ (ਮਤਭੇਦ) ਦਾ ਕੋਈ ਵਜੂਦ ਨਹੀਂ ਸੀ। ਇਸ ਸਮੇਂ ਤੱਕ ਕੋਈ ਤੱਤ ਖਾਲਸਾ ਜਾਂ ਬੰਦਈ ਖਾਲਸਾ ਨਹੀਂ ਸੀ। ਕਿਸੇ ਵੀ ਲਿਖਤ ਵਿਚ ਅਜਿਹਾ ਕੋਈ ਨਾਂ ਨਹੀਂ ਮਿਲਦਾ। ਹਾਂ 1723 ਵਿਚ ਅੰਮ੍ਰਿਤਸਰ ਵਿਚ ਦੋ ਧੜੇ ਜ਼ਰੂਰ ਪੈਦਾ ਹੋ ਗਏ ਸਨ। ਇਕ ਧੜਾ ਅਮਰ ਸਿੰਘ ਕੰਬੋਜ ਦਾ ਸੀ ਤੇ ਦੂਜਾ ਤਰੇਹਨ ਪਰਿਵਾਰ ਦਾ। 1723 ਵਿਚ ਗੁਰੂ-ਦਾ-ਚੱਕ ਵਿਚ ਝਗੜੇ ਦਾ ਕਾਰਨ ਇਹ ਸੀ ਕਿ ਅਮਰ ਸਿੰਘ ਕੰਬੋਜ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਬੰਦਾ ਸਿੰਘ ਨੂੰ ਯਾਰ੍ਹਵਾਂ ਗੁਰੂ ਥਾਪ ਕੇ ਗਏ ਸਨ। ਪਰ ਦੂਜੇ ਪਾਸੇ ਸੰਗਤ ਸਿੰਘ ਤੇ ਮੀਰੀ ਸਿੰਘ ਕਹਿੰਦੇ ਸਨ ਕਿ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦੇ ਕੇ ਗਏ ਸਨ। ਅਮਰ ਸਿੰਘ ਨੇ ਗੁਰੁੂ-ਦਾ-ਚੱਕ ਵਿਚ ਗੱਦੀ ਲਾ ਕੇ, ਮਹੰਤ ਬਣ ਕੇ, ਮੱਥਾ ਵੀ ਟਿਕਾਉਣਾ ਸ਼ੁਰੂ ਕਰ ਦਿੱਤਾ। ਉਸ ਨੇ ਤਾਂ ਇਹ ਪਰਚਾਰ ਵੀ ਸ਼ੁਰੂ ਕਰ ਦਿੱਤਾ ਕਿ ਸਿੱਖ ਨੂੰ ਮਾਸ ਮੱਛੀ ਨਹੀਂ ਖਾਣੀ ਚਾਹੀਦੀ ਤੇ ਸੂਹੇ ਰੰਗ ਦੇ ਕੱਪੜੇ ਪਹਿਣਨੇ ਚਾਹੀਦੇ ਹਨ।
ਭਾਈ ਮਨੀ ਸਿੰਘ ਨੇ ਦੋਹਾਂ ਧੜਿਆਂ ਨੂੰ ਬਿਠਾ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ। ਸਾਲਸੀ ਸਮਝੌਤੇ ਮੁਤਾਬਿਕ ਇਹ ਮੰਨਿਆ ਗਿਆ ਕਿ ਦੋ ਪਰਚੀਆਂ ’ਤੇ ਦੋਹਾਂ ਧੜਿਆਂ ਦਾ ਨਾਂ ਲਿਖ ਕੇ ਸਰੋਵਰ ਵਿਚ ਪਾ ਦਿੱਤਾ ਜਾਵੇਗਾ ਤੇ ਜਿਸ ਦੀ ਪਰਚੀ ਪਹਿਲਾਂ ਤਰ ਆਈ ਦੂਜਾ ਧੜਾ ਉਸ ਦੀ ਗੱਲ ਮੰਨ ਲਵੇਗਾ। ਨਿਹੰਗਾਂ (ਅਕਾਲਪੁਰਖੀਆਂ) ਦੀ ਪਰਚੀ ਪਹਿਲਾਂ ਤਰ ਆਈ। ਪਰ ਬੰਦਈ (ਅਮਰ ਸਿੰਘ ਦੇ ਸਾਥੀ) ਫਿਰ ਵਿੱਟਰ ਗਏ। ਇਸ ਹਾਲਤ ਵਿਚ ਭਾਈ ਮਨੀ ਸਿੰਘ ਨੇ ਅਕਾਲਪੁਰਖੀਆਂ ਦੇ ਲਾਹੌਰਾ ਸਿੰਘ ਨਾਲ ਸਲਾਹ ਕੀਤੀ ਕਿ ਦੋਹਾਂ ਤਰਫ਼ਾਂ ਦੇ ਮੱਲਾਂ (ਪਹਿਲਵਾਨਾਂ) ਦਾ ਘੋਲ ਕਰਵਾ ਦਿੱਤਾ ਜਾਵੇ ਤੇ ਜਿਹੜਾ ਢੱਠ ਜਾਵੇ ਉਹ ਜੇਤੂ ਨੂੰ ਆਪਣਾ ਆਗੂ ਮੰਨ ਲਏ। ਅਕਾਲ ਤਖ਼ਤ ਅਤੇ ਦਰਬਾਰ ਸਾਹਿਬ ਦੇ ਵਿਚਕਾਰ, ਝੰਡੇ ਬੁੰਗੇ (ਜਿੱਥੇ ਹੁਣ ਦੋ ਝੰਡੇ ਲੱਗੇ ਹੋਏ ਹਨ) ਦੇ ਨੇੜੇ, ਘੋਲ ਹੋਇਆ ਜਿਸ ਵਿਚ ਬੰਦਈਆਂ ਵੱਲੋਂ ਸੰਗਤ ਸਿੰਘ ਤੇ ਅਕਾਲਪੁਰਖੀਆਂ ਵੱਲੋਂ ਮੀਰੀ ਸਿੰਘ ਘੁਲੇ ਜਿਸ ਵਿਚ ਬੰਦਈਆਂ ਦਾ ਸੰਗਤ ਸਿੰਘ ਢੱਠ ਗਿਆ। ਹੁਣ ਸੰਗਤ ਸਿੰਘ ਨੇ ਹਾਰ ਮੰਨ ਲਈ ਤੇ ਬੰਦਾ ਸਿੰਘ ਨੂੰ ਗੁਰੂ ਕਹਿਣ ਦੀ ਜ਼ਿਦ ਬੰਦ ਕਰ ਦਿੱਤੀ। ਭਾਈ ਮਨੀ ਸਿੰਘ ਨੇ ਉਸੇ ਵਲੇ ਸੂਰ ਦਾ ਝਟਕਾ ਕਰਵਾ ਕੇ, ਮਾਸ ਤਿਆਰ ਕਰ ਕੇ, ਸੰਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਖੁਆਇਆ ਤੇ ਨਾਲ ਹੀ ਸੂਹੇ ਰੰਗ ਦੀ ਥਾਂ ਨੀਲੇ ਕਪੜੇ ਪੁਆ ਕੇ ‘ਏਕਤਾ’ ਕਰਵਾ ਦਿੱਤੀ)।
14 ਜਨਵਰੀ 1723 ਦੇ ਦਿਨ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਮਗਰੋਂ ਸਿੱਖਾਂ ਨੇ ਕਈ ਥਾਵਾਂ ’ਤੇ ਸਰਕਾਰੀ ਖ਼ਜ਼ਾਨੇ ਲੁੱਟ ਲਏ। ਕੁਝ ਸਾਲ ਸਿੱਖਾਂ ਅਤੇ ਸਰਕਾਰ ਵਿਚ ਲੁਕਣ ਮੀਟੀ ਚਲਦੀ ਰਹੀ। ਅਖ਼ੀਰ ਜ਼ਕਰੀਆ ਖ਼ਾਨ ਨੇ ਸਿੱਖਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ। ਸਿੱਖਾਂ ਨੇ ਨਵਾਬੀ ਕਬੂਲ ਤਾਂ ਕਰ ਲਈ ਪਰ ਅੰਦਰੋਂ ਉਨ੍ਹਾਂ ਮਹਿਸੂਸ ਕੀਤਾ ਕਿ ਜ਼ਾਲਮ ਹਕੂਮਤ ਨਾਲ ਸਮਝੌਤਾ ਅਸੂਲੀ ਤੌਰ ’ਤੇ ਗ਼ਲਤ ਸੀ। ਉਧਰ ਦੋ ਤਿੰਨ ਮਹੀਨੇ ਮਗਰੋਂ ਹੀ ਜ਼ਕਰੀਆ ਖ਼ਾਨ ਨੇ ਸਿੱਖਾਂ ਨਾਲ ਸਮਝੌਤਾ ਤੋੜਨਾ ਸ਼ੁਰੂ ਕਰ ਦਿੱਤਾ। ਹੁਣ ਸਰਕਾਰ ਨੇ ਸਿੱਖਾਂ ’ਤੇ ਫੇਰ ਸਖ਼ਤੀ ਸ਼ੁਰੂ ਕਰ ਦਿੱਤੀ। ਅੰਮ੍ਰਿਤਸਰ ਦੇ ਇਕੱਠ ਵੀ ਬੰਦ ਹੋ ਗਏ। ਭਾਵੇਂ ਭਾਈ ਮਨੀ ਸਿੰਘ ਅੰਮ੍ਰਿਤਸਰ ਹੀ ਰਹੇ ਪਰ ਸਿੱਖਾਂ ਦਾ ਆਉਣਾ ਜਾਣਾ ਬਿਲਕੁਲ ਘੱਟ ਗਿਆ। 1733 ਦੀ ਅਕਤੂਬਰ ਵਿਚ ਭਾਈ ਮਨੀ ਸਿੰਘ ਨੇ ਹਕੂਮਤ ਨਾਲ ਗੱਲਬਾਤ ਕਰ ਕੇ 10 ਹਜ਼ਾਰ ਰੁਪਏ ਦੇ ਟੈਕਸ ਦੀ ਅਦਾਇਗੀ ਦੀ ਸ਼ਰਤ ’ਤੇ ਦੀਵਾਲੀ ਵਾਲੇ ਦਿਨਾਂ ਵਿਚ ਅੰਮ੍ਰਿਤਸਰ ’ਚ ਸਿੰਘਾਂ ਦਾ ਇਕ ਇਕੱਠ ਸੱਦਿਆ। ਇਹ ਇਕੱਠ 20 ਤੋਂ 26 ਅਕਤੂਬਰ 1733 ਨੂੰ ਹੋਣਾ ਸੀ। ਇਕ ਪਾਸੇ ਮੁਗ਼ਲ ਹਕੂਮਤ ਨੇ ਇਜਾਜ਼ਤ ਦੇ ਦਿੱਤੀ ਪਰ ਦੂਜੇ ਪਾਸੇ ਫ਼ੌਜ ਨੂੰ ਚੌਕਸ ਕਰ ਦਿੱਤਾ ਤਾਂ ਜੋ ਮੌਕੇ ’ਤੇ ਹਮਲਾ ਕਰ ਕੇ ਵੱਧ ਤੋਂ ਵੱਧ ਸਿੰਘ ਸ਼ਹੀਦ ਜਾਂ ਗ੍ਰਿਫ਼ਤਾਰ ਕੀਤੇ ਜਾ ਸਕਣ। ਇਸ ਐਕਸ਼ਨ ਵਾਸਤੇ ਲਖਪਤ ਰਾਏ ਵਜ਼ੀਰ ਨੂੰ ਤਾਇਨਾਤ ਕੀਤਾ ਹੋਇਆ ਸੀ। ਉਸ ਨੇ ਕਈ ਸਿੱਖ ਗ੍ਰਿਫ਼ਤਾਰ ਕਰ ਕੇ ਸ਼ਹੀਦ ਕੀਤੇ ਵੀ ਸਨ। ਇਹ ਖ਼ਬਰ ਭਾਈ ਮਨੀ ਸਿੰਘ ਤੱਕ ਵੀ ਪੁੱਜ ਗਈ ਅਤੇ ਉਨ੍ਹਾਂ ਨੇ ਸਿੰਘਾਂ ਨੂੰ ਆਉਣੋਂ ਰੋਕ ਦਿੱਤਾ, ਜਿਸ ਨਾਲ ਵੱਡਾ ਇਕੱਠ ਨਾ ਹੋ ਸਕਿਆ। ਚੜ੍ਹਾਵਾ ਨਾ ਚੜ੍ਹਨ ਕਰ ਕੇ ਭਾਈ ਮਨੀ ਸਿੰਘ ਮਿੱਥੀ ਰਕਮ ਨਾ ਤਾਰ ਸਕੇ। ਅਖ਼ੀਰ ਭਾਈ ਸਾਹਿਬ ਨੇ ਇਕ 1734 (9 ਅਪ੍ਰੈਲ 1734) ਤੱਕ ਦੀ ਮੁਹਲਤ ਹਾਸਿਲ ਕਰ ਲਈ। ਵਿਸਾਖੀ ’ਤੇ ਵੀ ਮੁਗ਼ਲ ਫ਼ੌਜਾਂ ਨੇ ਸਿੱਖਾਂ ’ਤੇ ਹਮਲਾ ਕਰਨ ਦੀ ਤਿਆਰੀ ਕਰ ਰੱਖੀ ਸੀ। ਸਿੱਖ ਇਤਿਹਾਸਕਾਰ ਡਾਕਟਰ ਹਰਜਿੰਦਰ ਸਿੰਘ ਲਿਖਦੇ ਹਨ ਕਿ “ਇਸ ਦੌਰਾਨ ਹੀ ਮੌਲਾਣਿਆਂ ਨੇ ਜ਼ਕਰੀਆ ਖ਼ਾਨ ਨੂੰ ਸਿੱਖਾਂ ਦੇ ਖ਼ਿਲਾਫ਼ ਭੜਕਾਇਆ ਅਤੇ ਕਿਹਾ ਕਿ ਤੂੰ ਸਿੱਖਾਂ ਨੂੰ ਸ਼ਹਿ ਨਾ ਦੇਹ। ਉਨ੍ਹਾਂ ਸਗੋਂ ਸਾਰੇ ਸਿੱਖਾਂ ਨੂੰ ਖ਼ਤਮ ਕਰਨ ਵਾਸਤੇ ਭੜਕਾਇਆ। ਇਸ ’ਤੇ ਜ਼ਕਰੀਆ ਖ਼ਾਨ ਨੇ ਅੰਮ੍ਰਿਤਸਰ ਫ਼ੌਜ ਭੇਜ ਦਿੱਤੀ ਅਤੇ ਭਾਈ ਸਾਹਿਬ ਅਤੇ ਉੱਥੇ ਰਹਿ ਰਹੇ ਬਾਕੀ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਸਾਰਿਆਂ ਨੂੰ ਲਾਹੌਰ ਦੇ ਕੈਦਖਾਨੇ ਵਿਚ ਤਸੀਹੇ ਦਿੱਤੇ ਗਏ। ਇਨ੍ਹਾਂ ਨੂੰ “ਮੌਤ” ਅਤੇ “ਇਸਲਾਮ” ਵਿਚੋਂ ਇਕ ਦੀ ਚੋਣ ਕਰਨ ਦੀ ਪੇਸ਼ਕਸ਼ ਕੀਤੀ ਗਈ, ਪਰ, ਸਾਰਿਆ ਨੇ ਸ਼ਹੀਦੀ ਕਬੂਲ ਕੀਤੀ। ਭਾਈ ਮਨੀ ਸਿੰਘ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ। ਭਾਈ ਭੂਪਤ ਸਿੰਘ ਦੀਆ ਅੱਖਾਂ ਕੱਢ ਕੇ ਉਨ੍ਹਾਂ ਨੂੰ ਚਰਖੜੀ ’ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ। ਭਾਈ ਗੁਲਜ਼ਾਰ ਸਿੰਘ ਜੀ ਨੂੰ ਪੁੱਠਾ ਲਟਕਾ ਕੇ ਉਨ੍ਹਾਂ ਦੀ ਖੱਲ ਉਤਾਰੀ ਗਈ। ਇੰਞ ਹੀ ਬਾਕੀ ਸਿੰਘਾਂ ਨੂੰ ਵੀ ਵਹਿਸ਼ੀ ਤਰੀਕੇ ਨਾਲ ਸ਼ਹੀਦ ਕੀਤਾ ਗਿਆ।”
ਉਹ ਹੋਰ ਲਿਖਦੇ ਹਨ ਕਿ “ਭਾਈ ਮਨੀ ਸਿੰਘ ਦੇ ਬੰਦ-ਬੰਦ ਕੱਟਣ ਬਾਰੇ ਇਕ ਗੱਪ ਵੀ ਪਰਚੱਲਤ ਹੈ ਕਿ ‘ਉਨ੍ਹਾਂ ਨੂੰ ਅਖੌਤੀ ਦਸਮਗ੍ਰੰਥ ਪੋਥੀਆਂ ਜੁਦਾ ਕਰਨ ਕਰ ਕੇ ਸ਼ਹੀਦ ਕੀਤਾ ਗਿਆ ਸੀ’। ਇਹ ਗੱਪ ਦਸਮਗ੍ਰੰਥ ਨੂੰ ਸਿੱਖਾਂ ਵਿਚ ਪਰਚਾਰਨ ਵਾਸਤੇ ਪਟਨੇ ਦੇ ਬ੍ਰਾਹਮਣੀ ਲਿਖਾਰੀ ਸੁੱਖਾ ਸਿੰਘ (ਉਰਫ਼ ਗੁਰਦਾਸ ਸਿੰਘ ਦੂਜਾ) ਅਤੇ ਉਸ ਦੇ ਸਾਥੀਆਂ ਵੱਲੋਂ ਘੜੀ ਗਈ ਸੀ। ਇਸ ਦਾ ਦੂਜਾ ਮਕਸਦ ਮੁਗ਼ਲ ਹਾਕਮ ਜ਼ਕਰੀਆ ਖ਼ਾਨ ਨੂੰ ਸੱਚਾ ਸਿੱਧ ਕਰਨ ਤੇ ਉਸ ਵੱਲੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕਰਨ ਦੇ ਜੁਰਮ ਤੋਂ ਬਰੀ ਕਰਨ ਅਤੇ ਇਸ ਦਾ ਜ਼ਿੰਮੈਦਾਰ ਭਾਈ ਮਨੀ ਸਿੰਘ ਨੂੰ ਖ਼ੁਦ ਨੂੰ ਠਹਿਰਾਉਣਾ ਸੀ। ਇਸ ਪ੍ਰਚਾਰ ਨੂੰ ਫਿਰ ਮੁਸਲਮਾਨ ਲਿਖਾਰੀਆਂ ਨੇ ਵੀ ਲਖਪਤ ਰਾਏ ਤੇ ਜ਼ਕਰੀਆ ਖ਼ਾਨ ਨੂੰ ਸੱਚਾ ਸਿੱਧ ਕਰਨ ਵਾਸਤੇ ਵਰਤਿਆ ਸੀ; ਜਿਸ ਨੂੰ ਮਗਰੋਂ ਕੁਝ ਬੇਸਮਝ ਸਿੱਖ ਲਿਖਾਰੀਆਂ ਨੇ ਵੀ ਆਪਣੀਆਂ ਲਿਖਤਾਂ ਵਿਚ ਲਿਖ ਦਿੱਤਾ।”
ਭਾਈ ਮਨੀ ਸਿੰਘ ਜੀ 90 ਸਾਲ ਤੋਂ ਵੱਧ ਜੀਏ ਤੇ ਇਸ ਵਿਚੋਂ ਲਗਭਗ 77 ਸਾਲ ਉਹ ਪੰਥ ਦੀ ਸੇਵਾ ਕਰਦੇ ਰਹੇ। ਆਪ ਇਕ ਸੱਚੇ ਗੁਰਸਿੱਖ, ਸੰਤ ਤੇ ਸਿਪਾਹੀ ਸਨ। ਭਾਈ ਮਨੀ ਸਿੰਘ ਇਕ ਬਹਾਦਰ ਯੋਧੇ, ਵਿਦਵਾਨ ਅਤੇ ਉੱਚੇ ਆਚਰਣ ਵਾਲੇ ਸਿੱਖ ਸਨ। ਸਿੱਖ ਇਤਿਹਾਸ’ਚ ਆਪ ਦਾ ਨਾਂ ਹਮੇਸ਼ਾ ਇਜ਼ਤ ਤੇ ਪਿਆਰ ਨਾਲ ਲਿਆ ਜਾਂਦਾ ਰਹੇਗਾ। - :)
 

[JUGRAJ SINGH]

Prime VIP
Staff member
tfs.................
63.gif

63.gif
63.gif
63.gif
63.gif
 
Top