ਸ੍ਰੀ ਗੁਰੂ ਅੰਗਦ ਦੇਵ ਜੀ

Parv

Prime VIP
ਦੂਸਰੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਜਨਮ ਮਤੇ ਦੀ ਸਰਾਂ (ਫਿਰੋਜ਼ਪੁਰ) ਵਿਖੇ 31 ਮਾਰਚ 1504 ਈ. ਨੂੰ ਪਿਤਾ ਫੇਰੂਮਲ ਅਤੇ ਮਾਤਾ ਦਇਆ ਕੌਰ ਦੀ ਕੁੱਖੋਂ ਹੋਇਆ। ਆਪ ਜੀ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਸੀ। ਸੰਨ 1526 'ਚ ਆਪ ਜੀ ਦੇ ਪਿਤਾ ਅਕਾਲ ਚਲਾਣਾ ਕਰ ਗਏ। ਉਹ ਧਾਰਮਿਕ ਬਿਰਤੀ ਵਾਲੇ ਸਨ ਅਤੇ ਜਵਾਲਾਮੁਖੀ ਦੇ ਪਰਮ ਭਗਤ ਸਨ। ਪਿਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਆਪ ਜੀ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦੇ ਰਹੇ ਅਤੇ ਪਿਤਾ ਜੀ ਵਾਂਗ ਸੰਗ ਨੂੰ ਨਾਲ ਲੈ ਕੇ ਜਵਾਲਾਮੁਖੀ ਦੇਵੀ ਦੇ ਦਰਸ਼ਨ ਕਰਨ ਲਈ ਜਾਂਦੇ ਰਹੇ। ਆਪ ਜੀ ਹਮੇਸ਼ਾ ਹੱਥੀਂ ਕਿਰਤ ਕਰਦੇ ਅਤੇ ਨਾਮ ਸਿਮਰਨ (ਪ੍ਰਭੂ ਭਗਤੀ) ਵਿਚ ਲੀਨ ਰਹਿੰਦੇ।
ਇਕ ਦਿਨ ਖੂਹ 'ਤੇ ਇਸ਼ਨਾਨ ਕਰਦੇ ਸਮੇਂ ਆਪ ਜੀ ਦੀ ਮੁਲਾਕਾਤ ਅਚਾਨਕ ਗੁਰੂ ਨਾਨਕ ਦੇਵ ਜੀ ਦੇ ਇਕ ਸਿੱਖ ਭਾਈ ਜੋਧ ਜੀ ਨਾਲ ਹੋਈ। ਆਪ ਜੀ ਨੇ ਉਨ੍ਹਾਂ ਪਾਸੋਂ ਗੁਰੂ ਜੀ ਦੀ ਬਾਣੀ ਆਸਾ ਦੀ ਵਾਰ ਦਾ ਪਾਠ ਸੁਣਿਆ, ਜਿਸ ਨੂੰ ਸੁਣ ਕੇ ਆਪ ਜੀ ਭਾਵੁਕ ਹੋ ਗਏ ਅਤੇ ਭਾਈ ਜੋਧ ਜੀ ਅੱਗੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਦੀ ਬੇਨਤੀ ਕੀਤੀ। ਗੁਰੂ ਜੀ ਉਸ ਸਮੇਂ ਕਰਤਾਰਪੁਰ ਵਿਚ ਸਨ, ਜੋ ਹੁਣ ਪਾਕਿਸਤਾਨ ਦਾ ਸ਼ਹਿਰ ਹੈ। ਭਾਈ ਲਹਿਣਾ ਜੀ ਗੁਰੂ ਜੀ ਦੇ ਦਰਸ਼ਨ ਕਰਨ ਲਈ ਤੱਤਪਰ ਸਨ। ਇਸ ਲਈ ਆਪ ਜੀ ਨੇ ਜਵਾਲਾਮੁਖੀ ਜਾਣ ਦਾ ਧਿਆਨ ਤਿਆਗ ਦਿੱਤਾ ਅਤੇ ਆਪ ਜੀ ਜਵਾਲਾਮੁਖੀ ਸੰਗ ਨੂੰ ਨਾਲ ਲੈ ਕੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨਾਂ ਨੂੰ ਚੱਲ ਪਏ। ਗੁਰੂ ਜੀ ਦੇ ਦਰਸ਼ਨ ਕਰਨ ਉਪਰੰਤ ਆਪ ਜੀ ਹਮੇਸ਼ਾ ਲਈ ਉਨ੍ਹਾਂ ਪਾਸ ਰਹਿਣ ਲੱਗ ਪਏ, ਜਿਸ ਦੌਰਾਨ ਗੁਰੂ ਜੀ ਨੇ ਆਪ ਜੀ ਦੀਆਂ ਅਨੇਕਾਂ ਪ੍ਰੀਖਿਆਵਾਂ ਲਈਆਂ। ਕੁਝ ਸਮਾਂ ਬੀਤਣ 'ਤੇ ਗੁਰੂ ਜੀ ਨੇ ਭਾਈ ਲਹਿਣਾ ਜੀ ਨੂੰ ਆਪਣੇ ਅੰਗ ਲਗਾ ਕੇ ਅੰਗਦ ਬਣਾ ਦਿੱਤਾ ਅਤੇ ਸੰਨ 1539 ਨੂੰ ਗੁਰੂ ਜੀ ਨੇ ਆਪ ਨੂੰ ਗੁਰਤਾ ਗੱਦੀ ਦੇ ਕੇ ਖਡੂਰ ਜਾਣ ਦਾ ਹੁਕਮ ਦਿੱਤਾ, ਜਿਸ ਨੂੰ ਮੰਨਦਿਆਂ ਆਪ ਜੀ ਨੇ ਖਡੂਰ ਸਾਹਿਬ ਦੀ ਧਰਤੀ 'ਤੇ ਚਰਨ ਪਾ ਕੇ ਇਸ ਪਿੰਡ ਨੂੰ ਭਾਗ ਲਾਏ। ਇਥੇ ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਨਾਨਕ ਦੇਵ ਜੀ ਦੂਸਰੀ ਜੋਤ ਦੇ ਰੂਪ 'ਚ ਸੰਗਤਾਂ ਵਿਚ ਵਿਚਰੇ। ਇਥੇ ਆਪ ਨੇ 13 ਸਾਲ ਦਾ ਸਮਾਂ ਬਿਤਾਇਆ। ਗੁਰਪੁਰਬ, ਗੁਰੂ ਗੱਦੀ ਦਿਵਸ, ਜੋਤੀ ਜੋਤ ਗੁਰਪੁਰਬ ਅਤੇ ਅਨੇਕਾਂ ਹੀ ਧਾਰਮਿਕ ਪ੍ਰੋਗਰਾਮ ਆਪ ਜੀ ਦੇ ਨਾਂ ਨਾਲ ਕਰ ਰਹੇ ਹਨ।
 
Top