ਲੋਕਾਂ ਦੀਆਂ ਮੁਸ਼ਕਿਲਾਂ ਪਹਿਲ ਦੇ ਆਧਾਰ ‘ਤੇ ਹੱਲ ਕਰ&#2

ਮੋਹਾਲੀ, 4 ਅਪ੍ਰੈਲ (ਨਿਆਮੀਆਂ)-ਮੋਹਾਲੀ ਜ਼ਿਲੇ ਦੇ ਨਵੇਂ ਆਏ ਡਿਪਟੀ ਕਮਿਸ਼ਨਰ ਵਰੁਨ ਰੂਜਮ ਨੇ ਆਪਣੇ ਅਹੁਦੇ ਦਾ ਕਾਰਜਭਾਰ ਬਾਅਦ ਦੁਪਹਿਰ ਸੰਭਾਲ ਲਿਆ ਜਦਕਿ ਇੱਥੋਂ ਦੇ ਪਹਿਲੇ ਡਿਪਟੀ ਕਮਿਸ਼ਨਰ ਪਰਵੀਨ ਕੁਮਾਰ ਦਾ ਤਬਾਦਲਾ ਕਰਕੇ ਪੰਜਾਬ ਲਾਟਰੀ ਅਤੇ ਛੋਟੀਆਂ ਬੱਚਤਾਂ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਵਿਸ਼ੇਸ਼ ਸਕੱਤਰ ਵਿੱਤ ਵਿਭਾਗ ਨਿਯੁਕਤ ਕੀਤਾ ਗਿਆ ਹੈ। ਇੱਥੇ ਇਹ ਵਰਨਣਯੋਗ ਹੈ ਕਿ ਸ਼੍ਰੀ ਰੁਜਮ ਇਸ ਤੋਂ ਪਹਿਲਾਂ ਮੁਕਤਸਰ ਜ਼ਿਲੇ ਦੇ ਡਿਪਟੀ ਕਮਿਸ਼ਨਰ ਸਨ।
ਜ਼ਿਲੇ ਦੇ ਵਧੀਕ ਡਿਪਟੀ ਕਮਿਸ਼ਨਰ ਮਹਿੰਦਰ ਸਿੰਘ ਕੈਂਥ ਸਮੇਤ ਜ਼ਿਲੇ ਦੇ ਹੋਰਨਾਂ ਅਧਿਕਾਰੀ ਜਿਨ੍ਹਾਂ ਵਿਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਇਕਬਾਲ ਸਿੰਘ ਬਰਾੜ, ਸ਼੍ਰੀਮਤੀ ਨਵਜੋਤ ਕੌਰ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਐੱਸ.ਡੀ. ਐੱਮ. ਅਮਿਤ ਤਲਵਾੜ ਐੱਸ.ਏ.ਐੱਸ. ਨਗਰ, ਐੱਸ. ਡੀ. ਐੱਮ. ਰਾਜੀਵ ਗੁਪਤਾ ਖਰੜ , ਤਹਿਸੀਲਦਾਰ ਅਤੇ ਜ਼ਿਲਾ ਮਾਲ ਅਫ਼ਸਰ ਸੰਜੀਵ ਕੁਮਾਰ, ਤਹਿਸੀਲਦਾਰ ਚੋਣਾਂ ਯਾਦਵਿੰਦਰ ਸਿੰਘ ਭੱਲਾ, ਡੀ.ਡੀ.ਪੀ.ਓ. ਸੰਜੀਵ ਕੁਮਾਰ ਗਰਗ ਸ਼ਾਮਿਲ ਸਨ, ਨੇ ਡਿਪਟੀ ਕਮਿਸ਼ਨਰ ਨੂੰ ਨਿੱਘਾ ਜੀ ਆਇਆ ਆਖਿਆ।
ਸ਼੍ਰੀ ਰੂਜਮ ਡਿਪਟੀ ਕਮਿਸ਼ਨਰ ਨੇ ਇਸ ਮੌਕੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਜਿੱਥੇ ਜ਼ਿਲੇ ਵਿਚ ਮੁਕੰਮਲ ਹੋਏ ਪ੍ਰਾਜੈਕਟਾਂ ਅਤੇ ਚੱਲ ਰਹੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਹਾਸਿਲ ਕੀਤੀ, ਉੱਥੇ ਉਨ੍ਹਾਂ ਆਖਿਆ ਕਿ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਡਿਊਟੀ ਸੌਂਪੀ ਗਈ ਹੈ ਅਤੇ ਜੋ ਵੀ ਲੋਕ ਹਿੱਤ ਦੇ ਕੰਮ ਹੁੰਦੇ ਹਨ, ਨੂੰ ਪਰਮ ਅਗੇਤ ਦੇਣਾ ਫਰਜ਼ ਬਣਦਾ ਹੈ ਅਤੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਪਸੀ ਤਾਲਮੇਲ ਬਣਾ ਕੇ ਇੱਕ ਟੀਮ ਵਰਕ ਦੇ ਤੌਰ ‘ਤੇ ਕੰਮ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੇ ਟੀਚਿਆਂ ਨੂੰ ਪੂਰੇ ਕਰਨ ਵਿਚ ਕਾਮਯਾਬ ਹੋ ਸਕਾਂਗੇ। ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣ ਕੇ ਪਹਿਲ ਦੇ ਆਧਾਰ ‘ਤੇ ਹੱਲ ਕਰਨ ਨੂੰ ਤਰਜੀਹ ਦੇਣਗੇ ਅਤੇ ਆਮ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੋਣਗੇ। ਇਸ ਉਪਰੰਤ ਉਨ੍ਹਾਂ ਮਿਉਂਸਪਲ ਭਵਨ ਵਿਖੇ ਐੱਸ.ਏ.ਐੱਸ. ਨਗਰ ਨਿਗਮ ਦੇ ਕਮਿਸ਼ਨਰ ਵਜੋਂ ਵੀ ਆਪਣੇ ਅਹੁਦੇ ਦਾ ਕਾਰਜਭਾਰ ਸੰਭਾਲਿਆ। ਉਨ੍ਹਾਂ ਨੂੰ ਐੱਸ.ਏ.ਐੱਸ.ਨਗਰ ਦੇ ਨਗਰ ਨਿਗਮ ਦੇ ਕਮਿਸ਼ਨਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
 
Top