ਜੈਅੰਤੀ ਮਾਤਾ ਮੰਦਰ ਪੁਰਾਣਾ ਕਾਂਗੜਾ

ਕਾਂਗੜਾ (ਹਿਮਾਚਲ) ਵਿਖੇ ਅਨੇਕਾਂ ਹੀ ਪ੍ਰਾਚੀਨ ਮੰਦਰ ਹਨ। ਦੇਵੀ-ਦੇਵਤਿਆਂ ਨੇ ਤਪੱਸਿਆ-ਸਾਧਨਾ ਤਪ ਲਈ ਹਿਮਾਚਲ ਪ੍ਰਦੇਸ਼ ਦੀ ਸ਼ਾਂਤਮਈ ਧਰਤੀ ਨੂੰ ਹੀ ਆਪਣਾ ਆਸਣ ਬਣਾਇਆ। ਕੁਦਰਤ ਨੇ ਸਾਰੇ ਹਿਮਾਚਲ ਨੂੰ ਖੂਬਸੂਰਤੀ ਨਾਲ ਨਿਵਾਜਿਆ ਹੈ।
ਕਾਂਗੜੇ ਤੋਂ ਲਗਪਗ ਪੰਜ ਕਿਲੋਮੀਟਰ ਦੂਰ ਪੁਰਾਣਾ ਕਾਂਗੜਾ ਦੀ ਧਰਤੀ ’ਤੇ ਸ਼ੋਭਨੀਏ ਹੈ ਜੈਅੰਤੀ ਮਾਤਾ ਮੰਦਰ। ਇਹ ਮੰਦਰ ਬਹੁਤ ਹੀ ਉੱਚੀ ਪਹਾੜੀ ਉਪਰ ਸਥਿਤ ਹੈ। ਇਸ ਮੰਦਰ ਦਾ ਪਹਾੜੀ ਸਮੇਤ ਪੂਰਾ ਫੋਟੋਗ੍ਰਾਫ ਲੈਣ ਲਈ ਕਾਂਗੜੇ ਦੀ ਅਦਭੁਤ ਉੱਚੇ ਪ੍ਰਾਚੀਨ ਕਿਲੇ ਦੀ ਪਹਾੜੀ ’ਤੇ ਜਾਣਾ ਪਿਆ ਜਿਸ ਦਾ ਰਸਤਾ ਬਹੁਤ ਹੀ ਮੁਸ਼ਕਲ ਚੜ੍ਹਾਈ ਵਾਲਾ ਅਤੇ ਪੈਦਲ ਯਾਤਰਾ ਵਾਲਾ ਹੈ।
ਇਸ ਮੰਦਰ ਵਿਖੇ ਜਾਣ ਲਈ ਲਗਪਗ ਢਾਈ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਹੈ। ਇਥੇ ਅਕਤੂਬਰ ਅਤੇ ਨਵੰਬਰ ਵਿਚ ਮੇਲੇ ਲੱਗਦੇ ਹਨ। ਦੂਰ-ਦੂਰ ਤੋਂ ਅਨੇਕਾਂ ਹੀ ਸ਼ਰਧਾਲੂ ਦਰਸ਼ਨ ਕਰਨ ਲਈ ਆਉਂਦੇ ਹਨ ਅਤੇ ਆਪਣੀਆਂ ਆਸਾਂ-ਮੁਰਾਦਾਂ, ਮੰਨਤਾਵਾਂ ਸੰਪੂਰਨ ਪਾ ਕੇ ਮਾਤਾ ਦਾ ਗੁਣਗਾਣ ਕਰਦੇ ਹਨ।
ਹਰ ਐਤਵਾਰ ਇਥੇ ਇਲਾਕੇ ਦੇ ਲੋਕ ਸ਼ਰਧਾ ਭਾਵ ਨਾਲ ਜੁੜਦੇ ਹਨ। ਏਧਰ ਦੇ ਸ਼ਰਧਾਲੂਆਂ ਵਿਚ ਇਸ ਮੰਦਰ ਪ੍ਰਤੀ ਅਥਾਹ ਸ਼ਰਧਾ ਅਤੇ ਪ੍ਰੇਮ ਹੈ। ਵਿਆਹ-ਸ਼ਾਦੀ ਅਤੇ ਹੋਰ ਖੁਸ਼ੀਆਂ ਦੇ ਮੌਕੇ ਸਭ ਤੋਂ ਪਹਿਲਾਂ ਮਾਤਾ ਦੇ ਦਰਸ਼ਨ ਕਰਕੇ ਹੀ ਕਾਰਜ ਆਰੰਭੇ ਜਾਂਦੇ ਹਨ। ਨਵਜੋੜੇ ਆਪਣੀ ਜੀਵਨ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਮਾਤਾ ਰਾਣੀ ਦਾ ਆਸ਼ੀਰਵਾਦ ਲੈਣਾ ਜ਼ਰੂਰੀ ਸਮਝਦੇ ਹਨ।
ਸ਼ਰਧਾਵਾਨ ਲੋਕੀਂ ਚੜ੍ਹਾਵੇ ਵਿਚ ਫੁੱਲ, ਸੁੱਕੇ ਮੇਵੇ, ਮਿਸ਼ਠਾਨ ਆਦਿ ਵੀ ਚੜ੍ਹਾਉਂਦੇ ਹਨ। ਮੰਦਰ ਵਿਖੇ ਸਵੇਰੇ ਸ਼ਾਮ ਪੂਜਾ-ਅਰਚਨਾ ਹੁੰਦੀ ਹੈ। ਇਹ ਮੰਦਰ ਏਨੇ ਉੱਚੇ ਸਥਾਨ ਉਪਰ ਬਣਿਆ ਹੋਇਆ ਹੈ ਕਿ ਇਥੋਂ ਕਾਲਕਾ ਮੰਦਰ ਦਿਖਾਈ ਦਿੰਦਾ ਹੈ। ਲਗਪਗ ਤਿੰਨ ਕਨਾਲਾਂ ਵਿਚ ਇਹ ਮੰਦਰ ਫੈਲਿਆ ਹੋਇਆ ਹੈ। ਮੰਦਰ ਵਿਖੇ ਜੈਅੰਤੀ ਮਾਤਾ ਦੀ ਪ੍ਰਤਿਮਾ ਅਤੇ ਦੋ ਸ਼ੇਰਾਂ ਦੀਆਂ ਮੁੂਰਤੀਆਂ ਆਪਣੀ ਸ਼ਕਤੀ ਦਾ ਪ੍ਰਤੀਕ ਹਨ। ਪਿੰਡੀ ਦੇ ਰੂਪ ਵਿਚ ਸ਼ਿਵ ਭਗਵਾਨ ਦੀ ਮੂਰਤੀ ਵੀ ਸੁਸ਼ੋਭਿਤ ਹੈ।
ਪਿੱਪਲ ਦਾ ਵੱਡਾ ਪ੍ਰਾਚੀਨ ਰੁੱਖ ਇਤਿਹਾਸ ਦੀ ਗਵਾਹੀ ਭਰਦਾ ਨਜ਼ਰ ਆਉਂਦਾ ਹੈ। ਮੰਦਰ ਵਿਖੇ ਲਗਪਗ ਦਸ ਕਮਰੇ, ਲੰਗਰ ਹਾਲ ਅਤੇ ਬਿਜਲੀ ਪਾਣੀ ਆਦਿ ਦਾ ਪੂਰਾ ਪ੍ਰਬੰਧ ਹੈ। ਚੀਲ ਦੇ ਰੁੱਖਾਂ ਦੀ ਭਰਮਾਰ ਇਸ ਦੇ ਚੌਗਿਰਦੇ ਦੀ ਸ਼ੋਭਾ ਵਧਾਉਂਦੀ ਹੈ। ਇਸ ਦੇ ਨਜ਼ਦੀਕ ਨਦੀ ਵਹਿੰਦੀ ਹੈ, ਜੋ ਮੌਸਮ ਵਿਚ ਠੰਢਕ ਪੈਦਾ ਕਰਦੀ ਰਹਿੰਦੀ ਹੈ। ਲੰਗਰ ਦਾ ਯੋਗ ਪ੍ਰਬੰਧ ਵੀ ਹੈ। ਇਸ ਮੰਦਰ ਦੇ ਆਸ-ਪਾਸ ਪਿੰਡ ਨੰਦਰੂਲ, ਬੋੜ ਕਮਾਲੂ ਅਤੇ ਲੰਜ ਦਾ ਰਸਤਾ ਵੀ ਪੈਂਦਾ ਹੈ।
ਇਥੇ ਜੈਅੰਤੀ ਮਾਤਾ ਦੀ ਯਾਦ ਵਿਚ ਭਾਰੀ ਮੇਲਾ ਲੱਗਦਾ ਹੈ ਅਤੇ ਹੋਰ ਦਿਨ ਤਿਉਹਾਰ ਧੂਮ-ਧਾਮ ਤੇ ਸ਼ਰਧਾ ਨਾਲ ਮਨਾਏ ਜਾਂਦੇ ਹਨ।
 
Top