Palang Tod
VIP
ਪੰਜਾਬ ਗੁਰੂਆਂ, ਪੀਰਾਂ-ਫਕੀਰਾਂ ਦੀ ਧਰਤੀ ਹੈ, ਜਿਥੇ ਸਾਰੇ ਭਾਈਚਾਰਿਆਂ ਦੇ ਲੋਕ ਇਕ-ਦੂਜੇ ਦੇ ਧਰਮਾਂ ਅਤੇ ਤਿਉਹਾਰਾਂ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਉਂਦੇ ਹਨ। ਇਸਦੀ ਉਦਾਹਰਣ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਗਿਰਜਾਘਰਾਂ ‘ਚ ਆਯੋਜਿਤ ਸਮਾਗਮਾਂ ‘ਚ ਸਾਰੇ ਵਰਗਾਂ ਦੇ ਲੋਕਾਂ ਦੀ ਸ਼ਮੂਲੀਅਤ ਤੋਂ ਮਿਲਦੀ ਹੈ। ਇਸੇ ਤਰ੍ਹਾਂ ਹਿੰਦੂ-ਸਿੱਖ ਭਾਈਚਾਰੇ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ, ਜਦੋਂ ਜਲੰਧਰ ਸ਼ਹਿਰ ਦੇ ਲੰਮਾ ਪਿੰਡ ‘ਚ ਕੰਬੋਜ ਬਰਾਦਰੀ ਨਾਲ ਸਬੰਧਤ ਸਿੱਖ ਜ਼ਿਮੀਂਦਾਰਾਂ ਵਲੋਂ ਬਣਾਏ ਅਤੇ ਚਲਾਏ ਜਾ ਰਹੇ ਮਾਤਾ ਸ਼ੈਲਾਨੀ ਮੰਦਰ ‘ਚ ਸਾਲਾਨਾ ਜਗਰਾਤਾ ਕਰਵਾਇਆ ਗਿਆ। 100 ਸਾਲਾਂ ਤੋਂ ਵਧੇਰੇ ਪੁਰਾਣੇ ਇਸ ਮੰਦਰ ਦੇ ਇਤਿਹਾਸ ਸਬੰਧੀ ਦੱਸਿਆ ਜਾਂਦਾ ਹੈ ਕਿ ਸੰਨ 1903 ‘ਚ ਫੈਲੀ ਪਲੇਗ ਨਾਮੀ ਮਹਾਮਾਰੀ ‘ਚ ਲੰਮਾ ਪਿੰਡ ਦੇ 14 ਨੌਜਵਾਨਾਂ ਦੀ ਮੌਤ ਹੋ ਗਈ। ਇਸ ਘਟਨਾ ਨੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਘਟਨਾ ਤੋਂ ਪ੍ਰਭਾਵਿਤ ਪਿੰਡ ਦੇ ਸਾਰੇ ਵਡੇਰੇ ਅਤੇ ਨੌਜਵਾਨ ਇਕੱਠੇ ਹੋ ਕੇ ਜਲੰਧਰ ਸ਼ਹਿਰ ‘ਚ ਸਥਿਤ ਮਾਤਾ ਸ਼ੀਤਲਾ ਮੰਦਰ ਗਏ। ਉਥੋਂ ਤੁਰੰਤ ਪੰਡਤਾਂ ਨੇ ਉਕਤ ਪਿੰਡ ‘ਚ ਆ ਕੇ ਹਵਨਯੱਗ ਅਤੇ ਕੀਰਤਨ ਕੀਤਾ। ਹਵਨਯੱਗ ਦੌਰਾਨ ਇਕ ਕ੍ਰਿਸ਼ਮਾ ਉਸ ਵੇਲੇ ਹੋਇਆ, ਜਦੋਂ ਹਵਨ ‘ਚ ਪੰਜਵੀਂ ਕੰਜਕ ਦੇ ਰੂਪ ‘ਚ ਬੈਠੀ 4 ਸਾਲਾ ਕੰਨਿਆ ਸ਼ੈਲਾਨੀ ਦੇ ਮੂੰਹੋਂ ਭਵਿੱਖਬਾਣੀ ਹੋਈ ਕਿ ਹੇ ਪਿੰਡ ਵਾਸੀਓ, ਜੇਕਰ ਤੁਸੀਂ ਸੁਖੀ ਰਹਿਣਾ ਚਾਹੁੰਦੇ ਹੋ ਅਤੇ ਇਸ ਭਿਆਨਕ ਬੀਮਾਰੀ ਤੋਂ ਬਚਣਾ ਚਾਹੁੰਦੇ ਹੋ ਤਾਂ ਹਵਨ ਵਾਲੀ ਥਾਂ ‘ਤੇ ਮੰਦਰ ਬਣਵਾਓ। ਇਸ ਭਵਿੱਖਬਾਣੀ ਤੋਂ ਬਾਅਦ ਲੰਮਾ ਪਿੰਡ ਦੇ ਵਾਸੀਆਂ ਨੇ ਉਸੇ ਵੇਲੇ ਇਕ ਛੋਟੇ ਮੰਦਰ ਅਤੇ ਇਕ ਖੂਹੀ ਦਾ ਨਿਰਮਾਣ ਕਰਵਾਇਆ। ਉਦੋਂ ਤੋਂ ਇਸ ਸਥਾਨ ‘ਤੇ ਪੂਜਾ ਹੁੰਦੀ ਆ ਰਹੀ ਹੈ। ਮੰਦਰ ਨੂੰ ਵਿਸ਼ਾਲ ਰੂਪ ਦੇਣ ਵਾਲੇ ਪਿੰਡ ਦੇ ਚੌਧਰੀ ਓਮ ਪ੍ਰਕਾਸ਼, ਗੁਰਦਿਆਲ ਸਿੰਘ ਪੋਲਾ, ਗਿਆਨ ਸਿੰਘ ਖਿਨੜਾ, ਕਰਨੈਲ ਸਿੰਘ ਖਿਨੜਾ, ਮਹਿੰਦਰ ਸਿੰਘ, ਮਨਜੀਤ ਸਿੰਘ, ਸਵਰੂਪ ਸਿੰਘ, ਅਜੀਤ ਸਿੰਘ, ਹਰਮੇਸ਼ ਕੁਮਾਰ, ਜਸਵਿੰਦਰ ਕੁਮਾਰ, ਬਲਦੇਵ ਸਿੰਘ, ਅਵਤਾਰ ਸਿੰਘ, ਗੁਲਜ਼ਾਰ ਸਿੰਘ, ਜੋ ਕਿ ਮੰਦਰ ਕਮੇਟੀ ਦੇ ਅਹੁਦੇਦਾਰ ਹਨ, ਨੇ ਦੱਸਿਆ ਕਿ 30 ਅਪ੍ਰੈਲ ਸੰਨ 2003 ‘ਚ ਇਸ ਮੰਦਰ ਦੀ ਮੁੜ ਉਸਾਰੀ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਅੱਤਵਾਦ ਦੇ ਦੌਰ ‘ਚ ਇਸੇ ਸਥਾਨ ‘ਤੇ ਸਾਰੇ ਭਾਈਚਾਰਿਆਂ ਦੇ ਲੋਕ ਬੈਠ ਕੇ ਭਾਈਚਾਰੇ ਦੀਆਂ ਬੈਠਕਾਂ ਕਰਦੇ ਸਨ ਅਤੇ ਇਸ ਪਵਿੱਤਰ ਸਥਾਨ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਵੀ ਹੋਇਆ ਹੈ। ਇਸ ਮੰਦਰ ਦਾ ਨਾਂ ਸ਼ੈਲਾਨੀ ਨਾਮੀ ਉਸ ਕੰਨਿਆ ਦੇ ਨਾਂ ‘ਤੇ ਰੱਖਿਆ ਗਿਆ ਹੈ, ਜਿਸਦੇ ਮੂੰਹੋਂ ਮਾਂ ਨੇ ਮੰਦਰ ਬਣਵਾਉਣ ਦੀ ਪ੍ਰੇਰਣਾ ਪਿੰਡ ਵਾਸੀਆਂ ਨੂੰ ਦਿੱਤੀ ਸੀ। ਇਸ ਮੰਦਰ ‘ਚ ਮਾਤਾ ਸ਼ੈਲਾਨੀ, ਸ਼੍ਰੀ ਹਨੂੰਮਾਨ ਜੀ, ਸ਼ਨੀਦੇਵ ਦੀਆਂ ਮੂਰਤੀਆਂ ਸਥਾਪਿਤ ਹਨ ਅਤੇ ਇਕ ਸ਼ਿਵਲਿੰਗ ਹੈ, ਜਿਸ ‘ਤੇ ਚੜ੍ਹਾਇਆ ਗਿਆ ਜਲ ਪ੍ਰਾਚੀਨ ਖੂਹੀ ‘ਚ ਜਾਂਦਾ ਹੈ ਤਾਂਕਿ ਉਹ ਕਿਸੇ ਦੇ ਪੈਰਾਂ ਦੇ ਹੇਠਾਂ ਨਾ ਆਏ। ਕਮੇਟੀ ਵਲੋਂ ਹਰ ਸਾਲ 30 ਅਪ੍ਰੈਲ ਨੂੰ ਹੀ ਭਗਵਤੀ ਜਾਗਰਣ ਕਰਵਾਇਆ ਜਾਂਦਾ ਹੈ।