ਯਾਤਰਾ ਅਮਰਨਾਥ ਦੀ

ਭਾਰਤ ਅਨੇਕਾਂ ਧਰਮਾਂ ਦਾ ਦੇਸ਼ ਹੈ ਜਿਥੇ ਹਰੇਕ ਧਰਮ ਦੇ ਪੂਜਣਯੋਗ ਸਥਾਨ ਹਨ। ਇਨ੍ਹਾਂ ਵਿਚੋਂ ਭਗਵਾਨ ਸ਼ਿਵ ਨਾਲ ਸਬੰਧਤ ਅਮਰਨਾਥ ਦੀ ਗੁਫਾ ਵੀ ਸ਼ਾਮਲ ਹੈ। ਭਗਵਾਨ ਅਮਰੇਸ਼ਵਰ ਨੇ ਉਮਾ ਨਾਂ ਵਾਲੀ ਸੋਮ (ਚੰਦਰਮਾ) ਦੀ ਕਲਾ ਨੂੰ ਧਾਰਨਾ ਕਰ ਕੇ ਦੇਵਤਾਵਾਂ ਦਾ ਨਾਸ਼ ਕੀਤਾ ਸੀ। ਇਸ ਸ਼ਿਵÇਲੰਗ ਨੇ ਦੇਵਤਿਆਂ ਨੂੰ ਮੌਤ ਤੋਂ ਬਚਾਇਆ ਸੀ। ਇਸ ਲਈ ਇਸ ਦਾ ਨਾਂ ਅਮਰਨਾਥ ਹੋ ਗਿਆ। ਇਸ ਪਵਿੱਤਰ ਗੁਫ਼ਾ ਵੱਲ ਔਖੀ ਯਾਤਰਾ ਭਗਵਾਨ ਸ਼ਿਵ ਦੀ ਕਿਰਪਾ ਨਾਲ ਹੀ ਪੂਰੀ ਹੁੰਦੀ ਹੈ। ਇਕ ਵਾਰ ਸਵਾਮੀ ਵਿਵੇਕਾਨੰਦ ਨੇ ਅਮਰਨਾਥ ਧਾਮ ਦੇ ਦਰਸ਼ਨ ਕਰਨ ਤੋਂ ਬਾਅਦ ਕਿਹਾ ਸੀ ਕਿ ਮੈਨੂੰ ਪੂਰਨ ਰੂਪ ਵਿਚ ਭਗਵਾਨ ਸ਼ਿਵ ਦੇ ਦਰਸ਼ਨ ਹੋ ਗਏ ਹਨ।
ਯਾਤਰੀਆਂ ਨੂੰ ਆਪਣੇ ਨਾਲ ਸਵੈਟਰ, ਵਿੰਡ ਚੀਟਰ, ਬਰਫ ਉਤੇ ਚੱਲਣ ਵਾਲੇ ਬੂਟ, ਟਾਰਚ, ਗਰਮ ਜੁਰਾਬਾਂ ਅਤੇ ਹੱਥ ਵਿਚ ਸਹਾਰੇ ਲਈ ਸੋਟੀ ਲੈ ਕੇ ਜਾਣੀ ਚਾਹੀਦੀ ਹੈ। ਜਗ੍ਹਾ ਜਗ੍ਹਾ ਲੰਗਰ ਲੱਗੇ ਹੁੰਦੇ ਹਨ। ਲੰਗਰਾਂ ਵਿਚ ਹਰ ਤਰ੍ਹਾਂ ਦਾ ਸਾਮਾਨ ਖਾਣ ਲਈ ਮਿਲ ਜਾਂਦਾ ਹੈ। ਇਨ੍ਹਾਂ ਲੰਗਰਾਂ ਵਾਲਿਆਂ ਨੂੰ ਜੰਮੂ ਕਸ਼ਮੀਰ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ।
ਮਨਜ਼ੂਰੀ ਲਈ ਬਹੁਤ ਖੱਜਲ”ਖੁਆਰੀ ਹੁੰਦੀ ਹੈ। ਛੋਟੀ ਉਮਰ ਦੇ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਯਾਤਰਾ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਯਾਤਰਾ ਦੌਰਾਨ ਪੂਰੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਹਨ।


ਪਹਿਲਾਂ ਇਹ ਯਾਤਰਾ ਇਕ ਮਹੀਨੇ ਦੀ ਹੁੰਦੀ ਸੀ ਅਤੇ ਸਾਵਨ ਦੀ ਪੂਰਨਮਾਸ਼ੀ ਤੋਂ ਸ਼ੁਰੂ ਹੋ ਕੇ ਭਾਦੋਂ ਦੀ ਪੂਰਨਮਾਸ਼ੀ (ਰੱਖੜੀ) ਤਕ ਚਲਦੀ ਸੀ। ਹੁਣ ਅਮਰਨਾਥ ਯਾਤਰਾ ਬੋਰਡ ਦੇ ਬਣਨ ਤੋਂ ਬਾਅਦ ਇਸ ਯਾਤਰਾ ਦਾ ਸਮਾਂ ਵਧਾ ਦਿੱਤਾ ਗਿਆ ਹੈ। ਇਸ ਵਾਰ ਯਾਤਰਾ 29 ਜੂਨ ਤੋਂ ਸ਼ੁਰੂ ਹੋ ਕੇ 13 ਅਗਸਤ (ਰੱਖੜੀ) ਤਕ ਚੱਲੇਗੀ।
ਪਵਿੱਤਰ ਅਮਰਨਾਥ ਦੀ ਗੁਫਾ ਦੱਖਣੀ ਕਸ਼ਮੀਰ ਵਿਚ ਹਿਮਾਲਿਆ ਦੀਆਂ ਪਹਾੜੀਆਂ ਵਿਚ 13600 ਫੁੱਟ ਦੀ ਉਚਾਈ ‘ਤੇ ਸਥਿਤ ਹੈ। ਇਹ ਭਗਵਾਨ ਸ਼ਿਵ ਨਾਲ ਸਬੰਧਤ 30 ਪ੍ਰਮੁੱਖ ਮੰਦਰਾਂ ਵਿਚੋਂ ਇਕ ਹੈ। ਇਥੇ ਬਰਫ ਤੋਂ ਸ਼ਿਵÇਲੰਗ ਹਰ ਸਾਲ ਬਣਦਾ ਹੈ। ਇਸ ਗੁਫਾ ਲਈ ਪੁਰਾਣਾ ਰਸਤਾ ਅਵਾਂਤੀਪੁਰ ਤੋਂ ਅਨੰਤਨਾਗ, ਮਟਨ, ਪਹਿਲਗਾਮ, ਚੰਦਨਵਾੜੀ, ਸ਼ੇਸ਼ਨਾਗ ਅਤੇ ਪੰਚਤਰਨੀ ਰਾਹੀਂ ਹੋ ਕੇ ਜਾਂਦਾ ਹੈ। ਇਸ ਰਸਤੇ ਦੁਆਰਾ ਗੁਫਾ ਦੇ ਦਰਸ਼ਨਾਂ ਲਈ ਤਿੰਨ ਦਿਨ ਲੱਗਦੇ ਹਨ। ਪਹਿਲਗਾਮ ਤੋਂ ਗੁਫਾ 45 ਕਿਲੋਮੀਟਰ ਦੂਰ ਹੈ। ਇਹ ਯਾਤਰਾ ਤਿੰਨ ਪੜਾਵਾਂ ਵਿਚ ਕਰਨੀ ਪੈਂਦੀ ਹੈ।
ਯਾਤਰਾ ਦਾ ਪਹਿਲਾ ਪੜਾਅ: ਪਹਿਲਗਾਮ ਤੋਂ ਚੰਦਨਵਾੜੀ 16 ਕਿਲੋਮੀਟਰ ਦੂਰ ਹੈ। ਇਹ ਅਮਰਨਾਥ ਦੀ ਗੁਫਾ ਦਾ ਪਹਿਲਾ ਚਰਨ ਹੈ। ਇਥੇ ਤੱਕ ਛੋਟੀ ਗੱਡੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕੁਝ ਯਾਤਰੀ ਪੈਦਲ ਜਾਂਦੇ ਹਨ ਅਤੇ ਘੋੜਿਆਂ ਦਾ ਵੀ ਸਹਾਰਾ ਲੈਂਦੇ ਹਨ। ਇਹ ਰਸਤਾ ਲਿੱਦੜ ਨਦੀ ਦੇ ਕੰਢੇ-ਕੰਢੇ ਜਾਂਦਾ ਹੈ। ਨਦੀ ਉਪਰ ਬਰਫ ਦਾ ਬਣਿਆ ਪੁਲ ਯਾਤਰੀਆਂ ਨੂੰ ਬਹੁਤ ਆਕਰਸ਼ਿਤ ਕਰਦਾ ਹੈ। ਰਸਤਾ ਜੰਗਲੀ ਹੈ। ਇਸ ਰਸਤੇ ਵਿਚ ਅਸ਼ਟਨ ਮਾਰਗ ਅਤੇ ਸ਼ੇਸ਼ਨਾਗ ਨਦੀਆਂ ਦਾ ਸੰਗਮ ਹੁੰਦਾ ਹੈ।
ਯਾਤਰਾ ਦਾ ਦੂਸਰਾ ਪੜਾਅ: ਚੰਦਨਵਾੜੀ 15 ਕਿਲੋਮੀਟਰ ਅੱਗੇ ਸ਼ੇਸ਼ਨਾਗ ਵਿਚ ਦੂਜਾ ਪੜਾਅ ਕੀਤਾ ਜਾਂਦਾ ਹੈ। ਤਕਰੀਬਨ ਦੋ ਕਿਲੋਮੀਟਰ ਪਹਾੜੀਆਂ ਦੀ ਚੜ੍ਹਾਈ ਗਲੇਸ਼ੀਅਰ ਦੇ ਪੁਲ ਰਾਹੀਂ ਕਰਨੀ ਪੈਂਦੀ ਹੈ। ਇਸ ਪੁਲ ਦੇ ਥੱਲੇ ਸ਼ੇਸ਼ਨਾਗ ਦਰਿਆ ਚਲਦਾ ਹੈ। ਸ਼ੇਸ਼ਨਾਗ 12800 ਫੁੱਟ ਦੀ ਉਚਾਈ ‘ਤੇ ਹੈ। ਪਿੱਸੂ ਦੱਰੇ ‘ਤੇ ਪਹੁੰਚਣ ਲਈ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਪੰਜ ਕਿਲੋਮੀਟਰ ਅੱਗੇ ਜਾਗੀਪਾਲ ਆਉਂਦਾ ਹੈ ਜਿਥੋਂ ਵਾਵਜਨ (ਸ਼ੇਸ਼ਨਾਗ) ਦੀ ਚੋਟੀ ਸਿਰਫ 5 ਕਿਲੋਮੀਟਰ ਦੂਰ ਰਹਿ ਜਾਂਦੀ ਹੈ। ਇਸ ਦੀ ਚੜ੍ਹਾਈ ਸਿੱਧੀ ਵੀ ਹੈ ਅਤੇ ਰਸਤੇ ਵਿਚ ਕੋਹਿਨਹਾਰ ਦੇ ਗਲੇਸ਼ੀਅਰ ਵੀ ਪੈਂਦੇ ਹਨ। ਇਥੇ ਸ਼ੇਸ਼ਨਾਗ ਝੀਲ ਹੈ ਜੋ ਦੁਧੀਆ ਰੰਗ ਦੀ ਭਾਅ ਮਾਰਦੀ ਹੈ। ਵਾਵਜਨ ਤੋਂ ਅੱਗੇ ਰਸਤਾ ਕਾਫੀ ਔਖਾ ਹੈ। ਪੰਜ ਕਿਲੋਮੀਟਰ ਚੜ੍ਹਾਈ ਚੜ੍ਹ ਕੇ ਮਹਾਗੁਣਸ ਦੱਰਾ ਆਉਂਦਾ ਹੈ। ਇਥੋਂ ਰੰਗ-ਬਿਰੰਗੇ ਫੁੱਲਾਂ ਦੀਆਂ ਕਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਦੇਖ ਕੇ ਯਾਤਰੀ ਇਹ ਮਹਿਸੂਸ ਕਰਦੇ ਹਨ ਕਿ ਉਹ ਸਵਰਗ ਨਗਰੀ ਵਿਚ ਪਹੁੰਚ ਚੁੱਕੇ ਹਨ। ਇਹ ਕੁਦਰਤੀ ਫੁੱਲ ਹਨ। ਇਸ ਵਾਦੀ ਨੂੰ ਪੁਸ਼ਪਥਰੀ ਕਿਹਾ ਜਾਂਦਾ ਹੈ।
ਯਾਤਰਾ ਦਾ ਤੀਸਰਾ ਪੜਾਅ: ਇਹ ਪੜਾਅ ਉੱਚੀ ਵਾਦੀ ਦਾ ਹੈ ਅਤੇ ਸ਼ੇਸ਼ਨਾਗ ਤੋਂ 13 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈੋ। ਇਸ ਰਸਤੇ ਵਿਚ ਪੰਜ ਨਦੀਆਂ ਵਹਿੰਦੀਆਂ ਹਨ ਜੋ ਕਿ ਸ਼ਾਦੀਪੁਰ ਵਿਖੇ ਜੇਲ੍ਹਮ ਦਰਿਆ ਵਿਚ ਮਿਲਦੀਆਂ ਹਨ। ਇਸ ਨੂੰ ਪੰਚਤਰਨੀ ਕਹਿੰਦੇ ਹਨ। ਇਥੋਂ ਅਮਰਨਾਥ ਦੀ ਗੁਫਾ 7 ਕਿਲੋਮੀਟਰ ਦੂਰ ਰਹਿ ਜਾਂਦੀ ਹੈ। ਇਹ ਚੜ੍ਹਾਈ ਕੁਝ ਸੌਖੀ ਹੈ। ਪੰਚਤਰਨੀ ਤੋਂ ਸਵੇਰੇ ਯਾਤਰਾ ਸ਼ੁਰੂ ਕਰ ਕੇ ਤਿੰਨ ਘੰਟੇ ਵਿਚ ਗੁਫਾ ਵਿਚ ਪਹੁੰਚਿਆ ਜਾ ਸਕਦਾ ਹੈ।
ਬਦਲਵਾਂ ਰਸਤਾ: ਅਮਰਨਾਥ ਦੀ ਪਵਿੱਤਰ ਗੁਫਾ ਲਈ ਦੂਸਰਾ ਰਸਤਾ ਬਾਲਟਾਲ ਵਾਲਾ ਹੈ। ਬਾਲਟਾਲ ਮਿਲਟਰੀ ਦਾ ਕੈਂਪ ਹੈ। ਇਹ ਰਸਤਾ 1971 ਵਿਚ ਬਣਾਇਆ ਗਿਆ ਸੀ। ਇਸ ਲਈ ਸ੍ਰੀਨਗਰ ਰਾਹੀਂ ਹੋ ਕੇ ਜਾਣਾ ਪੈਂਦਾ ਹੈ। ਸ੍ਰੀਨਗਰ ਤੋਂ ਬੱਸ ਰਾਹੀਂ ਲੇਹ ਮਾਰਗ ‘ਤੇ ਸਥਿਤ ਬਾਲਟਾਲ ਪਹੁੰਚਿਆ ਜਾਂਦਾ ਹੈ। ਸ੍ਰੀਨਗਰ ਤੋਂ ਬਾਲਟਾਲ 94 ਕਿਲੋਮੀਟਰ ਦੂਰ ਹੈ। ਇਥੋਂ ਅੱਗੇ ਅਮਰਨਾਥ ਦੀ ਗੁਫਾ 16 ਕਿਲੋਮੀਟਰ ਦੂਰ ਰਹਿ ਜਾਂਦੀ ਹੈ। ਬਾਲਟਾਲ ਪਹੁੰਚ ਕੇ ਯਾਤਰੀ ਆਰਾਮ ਕਰਦੇ ਹਨ। ਇਥੇ ਛੋਟੇ-ਛੋਟੇ ਟੈਂਟ (ਚਮੋਟੀਆ) ਕਿਰਾਏ ‘ਤੇ ਮਿਲ ਜਾਂਦੇ ਹਨ ਜਿਨ੍ਹਾਂ ਵਿਚ ਬਿਸਤਰੇ ਲੱਗੇ ਹੁੰਦੇ ਹਨ। ਇਹ ਟੈਂਟਾਂ ਵਾਲੇ ਯਾਤਰੀਆਂ ਨੂੰ ਗਰਮ ਪਾਣੀ ਵੀ ਮੁਹੱਈਆ ਕਰਵਾਉਂਦੇ ਹਨ। ਇਹ ਰਸਤਾ ਪਹਿਲਗਾਮ ਵਾਲੇ ਰਸਤੇ ਨਾਲੋਂ ਛੋਟਾ ਹੈ। ਯਾਤਰੀ ਦੋ ਦਿਨ ਵਿਚ ਦਰਸ਼ਨ ਕਰ ਕੇ ਵਾਪਸ ਆ ਜਾਂਦਾ ਹੈ।
ਇਥੋਂ ਜੋਜ਼ੀਲਾ ਪਹਾੜੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਰਸਤਾ ਕਾਫੀ ਤੰਗ ਅਤੇ ਚੜ੍ਹਾਈ ਸਿੱਧੀ ਹੋਣ ਕਾਰਨ ਯਾਤਰੀਆਂ ਨੂੰ ਹਰ ਸਮੇਂ ਚੌਕਸੀ ਵਰਤਣੀ ਪੈਂਦੀ ਹੈ। ਇਸ ਰਸਤੇ ਨੂੰ ਘੋੜੇ ਅਤੇ ਪਿੱਠੂ ਵਾਲੇ ਵੀ ਜਾਂਦੇ ਹਨ ਜਿਸ ਨਾਲ ਰਸਤਾ ਹੋਰ ਵੀ ਤੰਗ ਹੋ ਜਾਂਦਾ ਹੈ। ਰਸਤਾ ਪਥਰੀਲਾ ਹੈ ਅਤੇ ਪਹਾੜੀ ਕੱਚੀ ਹੈ। ਰਸਤੇ ਵਿਚ ਠਹਿਰਾਅ ਕੋਈ ਨਹੀਂ। ਮੌਸਮ ਖਰਾਬ ਹੋਣ ਸਮੇਂ ਹਮੇਸ਼ਾ ਪਹਾੜਾਂ ਵਿਚੋਂ ਪੱਥਰਾਂ ਦੇ ਖਿਸਕਣ ਦਾ ਡਰ ਬਣਿਆ ਰਹਿੰਦਾ ਹੈ। ਰਸਤੇ ਵਿਚ ਪਹਿਲਾਂ ਬਰਾਰੀ ਮਾਰਗ ਆਉਂਦਾ ਹੈ। ਇਥੋਂ ਥੋੜ੍ਹੀ ਅੱਗੇ ਸੰਗਮ ਆ ਜਾਂਦਾ ਹੈ। ਇਥੇ ਤਿੰਨ ਨਦੀਆਂ ਦਾ ਸੰਗਮ ਹੈ। ਸੰਗਮ ਦੇ ਦੋਵੇਂ ਪਾਸੇ ਦੀ ਚੜ੍ਹਾਈ ਬਹੁਤ ਹੀ ਸਿੱਧੀ ਹੈ। ਇਥੇ ਫੌਜੀ ਭਰਾਵਾਂ ਵੱਲੋ ਯਾਤਰੀਆਂ ਨੂੰ ਨਮਕ ਵਾਲਾ ਗਰਮ ਪਾਣੀ ਪੀਣ ਲਈ ਦਿੱਤਾ ਜਾਂਦਾ ਹੈ ਜਿਸ ਨਾਲ ਸਾਹ ਨਹੀਂ ਫੁਲਦਾ ਅਤੇ ਯਾਤਰਾ ਵਿਚ ਅਸਾਨੀ ਰਹਿੰਦੀ ਹੈ।
ਸੰਗਮ ਤੋੋਂ ਥੋੜ੍ਹੀ ਅੱਗੇ ਜਾ ਕੇ ਅਸੀਂ ਪਹਿਲਗਾਮ ਵਾਲੇ ਰਸਤੇ ਨਾਲ ਮਿਲ ਜਾਂਦੇ ਹਾਂ। ਇਸ ਤੋਂ ਅੱਗੇ ਰਸਤਾ ਤਕਰੀਬਨ ਉਤਰਾਈ ਵਾਲਾ ਆ ਜਾਂਦਾ ਹੈ। ਅਮਰਨਾਥ ਦੀ ਗੁਫਾ ਇਥੋਂ ਦੋ ਫਰਲਾਂਗ ਰਹਿ ਜਾਂਦੀ ਹੈ। ਇਥੇ ਅਮਰਾਵਤੀ ਨਦੀ ਵਿਚ ਨਹਾ ਕੇ ਯਾਤਰੀ ਅਮਰਨਾਥ ਦੀ ਗੁਫਾ ਦੇ ਦਰਸ਼ਨਾਂ ਲਈ ਜਾਂਦੇ ਹਨ। ਇਥੋਂ ਪੈਂਦੇ ਗਲੇਸ਼ੀਅਰਾਂ ਦੇ ਉਪਰੋਂ ਯਾਤਰੀਆਂ ਨੂੰ ਲੰਘਣਾ ਪੈਂਦਾ ਹੈ। ਗੁਫਾ ਦੇ ਨੇੜੇ ਕੋਈ ਆਬਾਦੀ ਨਹੀਂ ਹੈ। ਪਰ ਤਕਰੀਬਨ ਦੋ ਮਹੀਨੇ ਚੱਲਣ ਵਾਲੀ ਯਾਤਰਾ ਦੇ ਮੌਕੇ ਸਥਾਨਕ ਲੋਕਾਂ ਵੱਲੋਂ ਆਪਣਾ ਕਾਰੋਬਾਰ ਅਲੱਗ ਅਲੱਗ ਤਰ੍ਹਾਂ ਨਾਲ ਕੀਤਾ ਜਾਂਦਾ ਹੈ। ਬਾਲਟਾਲ ਦੀ ਤਰ੍ਹਾਂ ਇਥੇ ਵੀ ਤੰਬੂ ਕਿਰਾਏ ‘ਤੇ ਮਿਲ ਜਾਂਦੇ ਹਨ।
ਅਮਰਨਾਥ ਦੀ ਗੁਫਾ ਇਕ ਗੋਲ ਚਾਪ ਦੀ ਤਰ੍ਹਾਂ ਹੈ। ਇਸ ਦਾ ਮੂੰਹ ਦੱਖਣ ਵਾਲੇ ਪਾਸੇ ਤੇ ਹੈ ਗੁਫਾ ਦੀ ਲੰਬਾਈ 60 ਫੁੱਟ ਅਤੇ ਚੌੜਾਈ 25-30 ਫੁੱਟ ਹੈ। ਗੁਫਾ ਵਿਚ ਹਰ ਵਕਤ ਪਾਣੀ ਟਪਕਦਾ ਰਹਿੰਦਾ ਹੈ। ਗੁਫਾ ਜਿਪਸਮ ਦੀ ਪਹਾੜੀ ਵਿਚ ਬਣੀ ਹੋਈ ਹੈ। ਕਹਿੰਦੇ ਹਨ ਕਿ ਗੁਫਾ ਦੇ ਉਪਰ ਸ੍ਰੀ ਰਾਮਕੁੰਡ ਹੈ ਉਸੇ ਦਾ ਹੀ ਜਲ ਗੁਫਾ ਵਿਚ ਟਪਕਦਾ ਰਹਿੰਦਾ ਹੈ। ਗੁਫਾ ਦੇ ਬਾਹਰ ਬਹੁਤ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ‘ਬਮ ਬਮ ਬੋਲੇ’ ਅਤੇ ‘ਹਰ ਹਰ ਮਹਾਂਦੇਵ’ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਰਿਹਾ ਹੁੰਦਾ ਹੈ।
 
Top