ਢਿੱਲੀ ਪੈਂਦੀ ਰੱਖੜੀ ਦੀ ਡੋਰ

ਅੱਜ ਰਿਸ਼ਤਿਆਂ ’ਚ ਪਈਆਂ ਤਰੇੜਾਂ ਦਾ ਜ਼ਿਕਰ ਅਸੀਂ ਆਮ ਹੀ ਪੜ੍ਹਦੇ-ਸੁਣਦੇ ਤੇ ਮਹਿਸੂਸ ਕਰਦੇ ਹਾਂ। ਸਾਡੇ ਸਮਾਜ ਵਿਚ ਭੈਣ-ਭਰਾ ਦੇ ਰਿਸ਼ਤੇ ਨੂੰ ਬਹੁਤ ਹੀ ਪਾਕਿ ਪਵਿੱਤਰ ਤੇ ਅਟੁੱਟ ਸਮਝਿਆ ਜਾਂਦਾ ਹੈ। ਇਹ ਰਿਸ਼ਤਾ ਵੀ ਹੁਣ ਖੋਖਲਾ ਹੋ ਕੇ ਰਹਿ ਗਿਆ ਹੈ। ਇਸ ਦੀ ਬਾਹਰੀ ਦਿੱਖ ਕਈ ਵਾਰ ਇਸ ਦੀ ਗੂੜ੍ਹੀ ਸਾਂਝ ਦਾ ਭਰਮ ਬਣਾਈ ਰੱਖਦੀ ਹੈ ਪਰ ਅੰਦਰੋਂ-ਅੰਦਰੀ ਇਸ ਰਿਸ਼ਤੇ ਵਿਚ ਉਹ ਨਿੱਘ ਤੇ ਨੇੜਤਾ ਨਹੀਂ ਰਹੀ ਜੋ ਕਦੇ ਪਹਿਲਾਂ ਹੁੰਦੀ ਸੀ।
ਬੇਸ਼ੱਕ ਰੱਖੜੀ ਦਾ ਤਿਉਹਾਰ ਭੈਣ-ਭਰਾ ਦੀ ਗੂੜ੍ਹੀ ਸਕੀਰੀ ਤੇ ਪ੍ਰੇਮ ਦਾ ਪ੍ਰਤੀਕ ਹੈ ਪਰ ਜੋ ਖੋਰਾ ਇਸ ਰਿਸ਼ਤੇ ਨੂੰ ਇਸ ਪਦਾਰਥਵਾਦੀ ਯੁੱਗ ਵਿਚ ਇਕ ਦੂਜੇ ਤੋਂ ਅੱਗੇ ਵਧਣ ਦੀ ਦੌੜ ਤੇ ਸਵਾਰਥ ਨੇ ਲਾਇਆ ਹੈ ਉਹ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਹਰ ਵਰ੍ਹੇ ਰੱਖੜੀ ਬਾਰੇ ਟੀ.ਵੀ. ’ਤੇ ਭੈਣਾਂ-ਭਰਾਵਾਂ ਦੇ ਰੱਖੜੀ ਬੰਨ੍ਹਦੀਆਂ ਦਿਖਾਈਆਂ ਜਾਂਦੀਆਂ ਨੇ ਬੜਾ ਹੀ ਖੁਸ਼ਗਵਾਰ ਮਾਹੌਲ ਸਿਰਜਿਆ ਜਾਂਦੈ। ਇਹ ਵੀ ਨਹੀਂ ਕਿ ਇਸ ਪ੍ਰੇਮ ਸਾਂਝ ਜਾਂ ਇਸ ਪ੍ਰੇਮ ਪ੍ਰਦਰਸ਼ਨ ਨੂੰ ਮੂਲੋਂ ਹੀ ਨਿਕਾਰਿਆ ਜਾਵੇ। ਅਜੇ ਵੀ ਬਹੁਤ ਸਾਰੇ ਭੈਣ-ਭਰਾ ਇਸ ਰਿਸ਼ਤੇ ਨੂੰ ਤਾਂ ਉਮਰਾਂ ਤੋੜ ਨਿਭਾਉਂਦੇ ਹਨ। ਰੱਖੜੀ ਬਾਰੇ ਆਮ ਧਾਰਨਾ ਇਹੋ ਹੈ ਕਿ ਇਹ ਭੈਣ-ਭਰਾ ਵਿਚ ਗੂੜ੍ਹੀਆਂ ਸਾਝਾਂ ਸਿਰਜਦੀ ਹੈ। ਰੱਖੜੀ ਭਾਵੇਂ ਸੋਹਣੀ ਰੇਸ਼ਮੀ ਡੋਰ ਹੋਵੇ ਜਾਂ ਸਾਦਾ ਗਾਨਾ ਜਾਂ ਫਿਰ ਕਿਸੇ ਸੁੰਦਰ ਰੂਪ ਵਾਲੀ ਹੋਵੇ ਹੁੰਦੀ ਤਾਂ ਮਹਿਜ਼ ਇਕੋ ਰਸਮ ਪੂਰਤੀ ਲਈ ਹੈ। ਕਈ ਭੈਣਾਂ ਸੋਨੇ, ਚਾਂਦੀ ਦੀ ਰੱਖੜੀ ਵੀ ਭਰਾ ਦੇ ਗੁੱਟ ’ਤੇ ਸਜਾ ਦਿੰਦੀਆਂ ਨੇ। ਅੱਗੋਂ ਭਰਾ ਵੀ ਬਰਾਬਰ ਤੁਲਦਾ ਹੈ, ਭਾਵੇਂ ਉਸ ਦੀ ਐਨੀ ਪਹੁੰਚ ਨਾ ਹੀ ਹੋਵੇ।
ਰੱਖੜੀ ਦਾ ਅਰਥ ਮੁੱਢ-ਕਦੀਮ ਤੋਂ ਇਹੋ ਲਿਆ ਜਾਂਦਾ ਹੈ ਕਿ ਇਹ ਮੋਹ ਭਿੱਜੀ ਤੰਦ ਭਰਾ ਦੇ ਗੁੱਟ ’ਤੇ ਬੰਨ੍ਹਣ ਨਾਲ ਕੋਈ ਵੀ ਭਰਾ, ਭੈਣ ਦੀ ਰੱਖਿਆ ਅਤੇ ਕਿਸੇ ਵੀ ਦੁੱਖ-ਸੁੱਖ ਵਿਚ ਭੈਣ ਦੇ ਕੰਮ ਆਉਣ ਲਈ ਵਚਨਬੱਧ ਹੋ ਜਾਂਦਾ ਹੈ। ਪਰ ਮੈਂ ਸੋਚਦੀ ਹਾਂ ਕਿ ਇਹ ਵੀ ਸੱਚ ਹੈ ਬਥੇਰੇ ਨਿਭਾਉਂਦੇ ਵੀ ਨੇ ਤੇ ਕੁਝ ਅਜਿਹੇ ਵੀ ਨੇ ਜਿਨ੍ਹਾਂ ਦੇ ਭੈਣਾਂ ਤਾਂ ਸਾਹੀਂ ਜਿਊਂਦੀਆਂ ਹਨ ਪਰ ਉਹ ਆਪਣ ਉਨ੍ਹਾਂ ਦਾ ਮਾਣ-ਆਦਰ ਤਾਂ ਕੀ ਮੂੰਹ ਰੱਖਣਾ ਪਿਆਰ ਦੇ ਕੇ ਵੀ ਉਨ੍ਹਾਂ ਦਾ ਹੰਮਾ ਨਹੀਂ ਰੱਖਦੇ। ਮੇਰੇ ਖਿਆਲ ਵਿਚ ਸਭ ਤੋਂ ਵੱਧ ਢਾਹ ਇਸ ਰਿਸ਼ਤੇ ਨੂੰ ਮਾਪਿਆਂ ਦੀ ਜ਼ਮੀਨ ਦਾ ਜਾਇਦਾਦ ਵਿਚ ਭੈਣਾਂ ਦੇ ਬਰਾਬਰ ਦੇ ਹੱਕ ਹਿੱਸੇ ਨੇ ਲਾਈ ਹੈ। ਸਾਰੇ ਭੈਣ-ਭਰਾ ਖੁਦਗਰਜ਼ ਵੀ ਨਹੀਂ ਹੁੰਦੇ। ਕਈ ਭਰਾ, ਭੈਣਾਂ ਦਾ ਆਪਣੀਆਂ ਜਾਈਆਂ ਧੀਆਂ ਵਰਗਾ ਆਦਰ ਤੇ ਸਨੇਹ ਕਰਦੇ ਹਨ ਪਰ ਕਈ ਵਾਰ ਭੈਣਾਂ ਵੀ ਭਰਾ ਤੋਂ ਮਿਲਦੇ ਪਿਆਰ ਨਾਲੋਂ ਉਹਦੇ ਦਿੱਤੇ ਉਪਹਾਰਾਂ ਨੂੰ ਹੀ ਸਭ ਕੁਝ ਸਮਝਦੀਆਂ ਨੇ। ਸਾਡੇ ਸਮਾਜ ਵਿਚ ਅਜਿਹੀਆਂ ਭੈਣਾਂ ਵੀ ਨੇ ਜੋ ਆਪਣੇ ਭਰਾਵਾਂ ਵਿਚ ਜਾਂ ਭਰਾ ਦੇ ਪਰਿਵਾਰ ਵਿਚ ਫੁੱਟ ਪਾਊ ਨੀਤੀ ਵਰਤ ਕੇ ਆਪ ਸਭ ਤੋਂ ਲਾਹਾ ਲੈਂਦੀਆਂ ਹਨ। ਉਹ ਅਜਿਹਾ ਲਾਲਚਵਸ ਹੀ ਕਰਦੀਆਂ ਹਨ ਪਰ ਅਜਿਹੀਆਂ ਭੈਣਾਂ ਦੇ ਝੂਠੇ ਪਿਆਰ ਦਾ ਮੁਲੰਮਾ ਜਦੋਂ ਲਹਿੰਦਾ ਹੈ ਤਾਂ ਭਰਾ ਭੈਣਾਂ ਦਾ ਉਮਰਾਂ ਲਈ ਤੋੜ-ਵਿਛੋੜਾ ਹੋ ਜਾਂਦਾ ਹੈ। ਇਹ ਇਕ ਕੌੜਾ ਸੱਚ ਹੈ।
ਸਿੱਕੇ ਦਾ ਦੂਜਾ ਪਹਿਲੂ ਵੀ ਵਿਚਾਰਨਯੋਗ ਹੈ। ਕਈ ਭਰਾ ਵੀ ਭੈਣਾਂ ਨਾਲ ਘੱਟ ਨਹੀਂ ਗੁਜ਼ਾਰਦੇ। ਜਿਥੇ ਤਾਂ ਮਾਪੇ ਜਿਉਂਦੇ ਜੀ ਆਪਣੀ ਜ਼ਮੀਨ-ਜਾਇਦਾਦ ਵੀ ਵੰਡ ਕਰ ਜਾਂਦੇ ਹਨ, ਮੇਰਾ ਭਾਵ ਹੈ ਪੁੱਤਾਂ ਦੇ ਨਾਂ ਲਵਾ ਜਾਂਦੇ ਹਨ, ਉਥੇ ਦੋਵੇਂ ਪਾਸਿਆਂ ਤੋਂ ਮਾੜੀ-ਮੋਟੀ ਠੀਕ ਨਿਭੀ ਜਾਂਦੀ ਹੈ। ਪਰ ਸਮਾਂ ਪਾ ਕੇ ਉਥੇ ਵੀ ਭਰਾ-ਭਰਜਾਈਆਂ ਵੱਲੋਂ ਘਰ ਦੀਆਂ ਧੀਆਂ ਨੂੰ ਨਿਆਸਰੀਆਂ ਜਿਹੀਆਂ ਕਰ ਦਿੱਤਾ ਜਾਂਦਾ ਹੈ। ਕਹਵਾਤ ਹੈ ‘ਭਾਈਏਂ ਰਾਜ ਭਤੀਜੇ ਠਾਣਾ, ਭੂਆ ਛੱਡ ਦੇ ਆਉਣਾ ਜਾਣਾ’ ਪਰ ਅਜੋਕੇ ਯੁੱਗ ਵਿਚ ਤਾਂ ਕਈਆਂ ਭੈਣਾਂ ਨੂੰ ਭਾਈਆਂ ਦੇ ਰਾਜ ਵਿਚ ਹੀ ਆਉਣਾ-ਜਾਣਾ ਛੱਡਣਾ ਪੈ ਰਿਹਾ ਹੈ। ਭਤੀਜਿਆਂ ਦੇ ਰਾਜ ਦੀ ਤਾਂ ਬੜੀ ਦੂਰ ਦੀ ਗੱਲ ਹੈ। ਅੱਜ ਕਹਾਵਤ ਵਾਲੇ ਠਾਣੇ ਨਹੀਂ ਬਲਕਿ ਅਸਲੀ ਠਾਣਿਆਂ, ਕਚਹਿਰੀਆਂ ਵਿਚ ਭੈਣ-ਭਰਾਵਾਂ ਦੇ ਕੇਸ ਚਲ ਰਹੇ ਹਨ। ਮੈਨੂੰ ਬੜੇ ਦੁੱਖ ਅਤੇ ਸ਼ਰਮਿੰਦਗੀ ਨਾਲ ਲਿਖਣਾ ਪੈ ਰਿਹਾ ਹੈ ਕਿ ਮੇਰੇ ਆਪਣੇ ਪੇਕੇ ਪਿੰਡ ਦੀਆਂ ਚਾਰ-ਪੰਜ ਕੁੜੀਆਂ ਦੇ ਆਪਣੇ ਮਾਂ ਜਾਇਆਂ ਨਾਲ ਜਾਇਦਾਦ ਸਬੰਧੀ ਕੇਸ ਚੱਲ ਰਹੇ ਹਨ। ਪਿੰਡ ਦੀ ਮੈਨੂੰ ਮਿਲਣ ਆਈ ਕੁੜੀ ਨੇ ਦੱਸਿਆ ਕਿ ਮਾਪਿਆਂ ਦੇ ਤੁਰ ਜਾਣ ਤੋਂ ਬਾਅਦ ਸਾਡੇ ਨਾਲ ਕੋਈ ਬੋਲ ਕੇ ਰਾਜ਼ੀ ਨਹੀਂ ਜਿਸ ਘਰ ਵਿਚ ਅਸੀਂ ਜੰਮੀਆਂ-ਪਲੀਆਂ, ਜਵਾਨ ਤੇ ਕਾਲੇ ਬਲਦ ਵਾਂਗ ਕਮਾਈ ਕੀਤੀ, ਸਹੁਰਿਓਂ ਜਾ ਕੇ ਵੀ ਜਿਸ ਪੇਕੇ ਘਰ ਨੂੰ ਝਾੜਿਆ, ਲਿੱਪਿਆ, ਸੁਆਰਿਆ ਉਸ ਘਰ ਵਿਚ ਕੀ ਸਾਡਾ ਤਾਂ ਉਸ ਪਿੰਡ ਦੀ ਜੂਹ ’ਚ ਵੀ ਵੜਨੋਂ ਮਨ ਮੁੜ ਗਿਆ ਹੈ। ਅਸੀਂ ਦੋਵਾਂ ਭੈਣਾਂ ਨੇ ਚਾਰ ਸਾਲ ਤੋਂ ਪਿੰਡ ਦਾ ਮੂੰਹ ਨਹੀਂ ਦੇਖਿਆ। ਸੁਣ ਕੇ ਮੇਰਾ ਹਿਰਦਾ ਪੱਛਿਆ ਗਿਆ। ਉਨ੍ਹਾਂ ਦੇ ਪਿਓ ਨੇ ਵੀ ਜ਼ਮੀਨ ਕੁੜੀਆਂ ਤੋਂ ਪੁੱਤਾਂ ਦੇ ਨਾਂ ਲਵਾ ਦਿੱਤੀ ਸੀ। ਉਸ ਨੇ ਦੂਜੀ ਕੁੜੀ ਦਾ ਜ਼ਿਕਰ ਕੀਤਾ ਜਿਹੜੀ ਉਸ ਦਿਨ ਇਕ ਭਰਾ ਦੇ ਹੱਕ ਵਿਚ ਦੂਜਿਆਂ ਦੇ ਖਿਲਾਫ ਗਵਾਹੀ ਦੇਣ ਆਈ ਹੋਈ ਸੀ ਜਿਨ੍ਹਾਂ ਨੇ ਬਾਹਰ ਰਹਿਣ ਕਾਰਨ ਉਹਦੀ ਜ਼ਮੀਨ ’ਤੇ ਕਬਜ਼ਾ ਕਰ ਲਿਆ ਸੀ।
ਅੱਜ ਸਾਰੇ ਭਰਾ ‘ਸਰਵਣ ਵੀਰ’ ਨਹੀਂ ਰਹੇ ਜਿਨ੍ਹਾਂ ’ਤੇ ਭੈਣਾਂ ਮਰ-ਮਰ ਜਾਂਦੀਆਂ ਸਨ ਤੇ ਕਹਿੰਦੀਆਂ ਸਨ:
‘‘ਬੋਤਾ ਬੰਨ੍ਹ ਦੇ ਸਰਵਣਾ ਵੀਰਾ,
ਸੁੰਨੀਆਂ ਰੰਗੀਲ ਗੱਡੀਆਂ।’’

ਹੁਣ ਭੈਣਾਂ ਬੇਵੱਸ ਹੋਈਆਂ ਭਰਾਵਾਂ ਨੂੰ ਕਚਹਿਰੀਆਂ ਵਿਚ ਟੱਕਰਦੀਆਂ ਨੇ। ਜਿਹੜੀਆਂ ਭੈਣਾਂ ਗਾਉਂਦੀਆਂ ਸਨ,
‘‘ਤੇਰੀ ਫੌਜ ਨੂੰ ਕਰੂੰਗੀ ਰੋਟੀ,
ਛੁੱਟੀ ਲੈ ਕੇ ਆ ਜਾ ਵੀਰਨਾ।’’

ਅੱਜ ਅਜੋਕੇ ਭਰਾਵਾਂ ਦੀਆਂ ‘ਫੌਜਾਂ’ ਭਾਵ ਦੋਸਤ ਉਨ੍ਹਾਂ ਦੀਆਂ ਭੈਣਾਂ ਦੇ ਖਿਲਾਫ ਕਚਹਿਰੀ ’ਚ ਜਾ ਕੇ ਗਵਾਹੀਆਂ ਦਿੰਦੇ ਹਨ। ਭੈਣਾਂ ਦਾ ਕਸੂਰ ਕਈ ਵਾਰ ਐਨਾ ਹੀ ਹੁੰਦਾ ਹੈ ਕਿ ਉਨ੍ਹਾਂ ਨੂੰ ਸਾਰੇ ਭਰਾ ਇਕੋ ਜਿਹੇ ਹੁੰਦੇ ਨੇ ਤੇ ਉਹ ਕਿਸੇ ਇਕ ਨਾਲ ਹੁੰਦੀ ਨਾ-ਇਨਸਾਫੀ ਨਹੀਂ ਜਰ ਸਕਦੀਆਂ ਤੇ ਸੱਚ ਨਾਲ ਜਾ ਖੜ੍ਹਦੀਆਂ ਹਨ। ਆਮ ਤੌਰ ’ਤੇ ਘਰੋਂ ਦੂਰ ਜਾਂ ਵਿਦੇਸ਼ ਰਹਿੰਦੇ ਭਰਾਵਾਂ ਦੀ ਜ਼ਮੀਨ ਤੇ ਜਾਇਦਾਦ, ਘਰ ਰਹਿਣ ਵਾਲੇ ਭਰਾ ਹੀ ਸਾਂਭਦੇ, ਵੇਚਦੇ-ਵੱਟਦੇ ਤੇ ਖਾਂਦੇ ਰਹਿੰਦੇ ਹਨ। ਜਦੋਂ ਉਹ ਆ ਕੇ ਆਪਣਾ ਹਿੱਸਾ ਮੰਗਦੇ ਹਨ ਤਾਂ ਉਨ੍ਹਾਂ ਦਾ ਇਹ ਮੁਫਤ ਦਾ ਮਾਲ ਹੱਥ ਆਇਆ ਛੱਡਣਾ ਬੜਾ ਔਖਾ ਲੱਗਦਾ ਹੈ ਤੇ ਇਥੋਂ ਹੀ ਪੁਆੜੇ ਪੈਂਦੇ ਹਨ। ਭਰਾ, ਭਰਾ ਦਾ ਦੁਸ਼ਮਣ ਬਣ ਜਾਂਦਾ ਹੈ।
ਕਈ ਵਾਰ ਭੈਣਾਂ ਘੋਰ ਧਰਮ ਸੰਕਟ ’ਚ ਫਸ ਜਾਂਦੀਆਂ ਹਨ ਜਦੋਂ ਇਕ ਭਰਾ ਦੀ ਮੌਤ ਹੋ ਜਾਣ ’ਤੇ ਉਸ ਦੀ ਵਿਧਵਾ ਪਤਨੀ ਤੇ ਛੋਟੇ-ਛੋਟੇ ਬੱਚੇ, ਦੂਜੇ ਭਰਾਵਾਂ ਹੱਥੋਂ ਠੱਗੇ ਜਾਂਦੇ ਨੇ। ਉਹ ਜੱਗੋਂ ਤੁਰ ਗਏ ਭਰਾ ਦੀ ਜਾਇਦਾਦ ਹੜੱਪ ਕਰ ਜਾਂਦੇ ਹਨ। ਭੈਣਾਂ ਤੋਂ ਇਹ ਜ਼ੁਲਮ ਸਹਾਰਿਆ ਨਹੀਂ ਜਾਂਦਾ। ਜਿਗਰੇ ਵਾਲੀਆਂ ਭੈਣਾਂ ਅੜ ਖੜੋਂਦੀਆਂ ਨੇ ਉਸ ਲੁੱਟੇ ਹੋਏ ਭਰਾ ਦੇ ਪਰਿਵਾਰ ਨਾਲ ਲੱਗ ਕੇ ਕਾਨੂੰਨੀ ਲੜਾਈ ਵੀ ਲੜਨ ਦੀ ਜੁਰਅਤ ਕਰਦੀਆਂ ਹਨ। ਆਪਣੇ ਹਿੱਸੇ ਦੀ ਜ਼ਮੀਨ ਵੀ ਉਹ ਭਰਜਾਈ ਤੇ ਮਾਸੂਮ ਬੱਚਿਆਂ ਨੂੰ ਦੇ ਦਿੰਦੀਆਂ ਹਨ। ਆਪਣੇ ਹੀ ਮਾਂ ਜਾਇਆਂ ਦੇ ਵਿਰੁੱਧ ਕਚਹਿਰੀ ’ਚ ਚੜ੍ਹਦੀਆਂ ਭੈਣਾਂ ਜੋ ਮਾਨਸਿਕ ਦਰਦ ਤੇ ਸਮਾਜਕ ਨਮੋਸ਼ੀ ਮਹਿਸੂਸ ਕਰਦੀਆਂ ਜਾਂ ਹੰਢਾਉਦੀਆਂ ਨੇ, ਇਹ ਉਹ ਭੈਣਾਂ ਹੀ ਜਾਣਦੀਆਂ ਹਨ ਜਿਨ੍ਹਾਂ ’ਤੇ ਇਹ ਬੀਤਦੀ ਹੈ। ਬਾਕੀਆਂ ਨੂੰ ਇਹ ਬੇਅਰਥ ਢਕੋਸਲੇ ਵੀ ਲੱਗ ਸਕਦੇ ਹਨ। ਇਨ੍ਹਾਂ ਹਾਲਾਤਾਂ ’ਚ ਰੱਖੜੀ ਦੀ ਜੋ ਬੇਹੁਰਮਤੀ ਹੁੰਦੀ ਹੈ, ਉਹ ਵੀ ਉਹ ਭੈਣਾਂ ਹੀ ਜਾਣਦੀਆਂ ਹਨ। ਰੱਖੜੀ ਦੀ ਡੋਰ ਢਿੱਲੀ ਪੈਂਦੀ ਜਾਂਦੀ ਗੁੱਟਾਂ ਤੋਂ ਲਹਿ ਜਾਂਦੀ ਹੈ।
ਜਿਨ੍ਹਾਂ ਨੇ ਨਿੱਕੇ-ਨਿੱਕੇ ਭਾਈ-ਭਤੀਜੇ ਗੋਦ ਚੁੱਕ ਕੇ ਖਿਡਾਏ ਹੁੰਦੇ ਹਨ, ਗੀਤ ਗਾਏ ਹੁੰਦੇ ਹਨ। ਜਦੋਂ ਉਹੋ ਹੀ ਭਤੀਜੇ ਤੇ ਭਰਾ ਕਚਹਿਰੀ ’ਚ ਖੜ੍ਹੇ ਮੁੱਛਾਂ ਨੂੰ ਵੱਟ ਦਿੰਦੇ ਹਨ ਤਾਂ ਭੂਆ ਜਾਂ ਭੈਣ ਦੇ ਅੰਦਰ ਵੱਢਿਆ-ਟੁੱਕਿਆ ਮੋਹ ਵੀ ਵੱਟ ਖਾ-ਖਾ ਉਸ ਦੀ ਆਤਮਾ ਨੂੰ ਲਹੂ- ਲੁਹਾਣ ਕਰਦਾ ਹੈ। ਮੇਰੀ ਕਲਮ ਵਿਚ ਇਨ੍ਹਾਂ ਗੂੜ੍ਹੀਆਂ ਸਾਕ ਸਕੀਰੀਆਂ ਦਾ ਹਾਲ ਦੇਖ ਕੇ ਜਿਵੇਂ ਹਰਫ਼ਾਂ ਦੀ ਥਾਂ ਅੱਥਰੂ ਕੇਰਦੀ ਹੈ:
‘ਤਿੱਥ ਤਿਉਹਾਰ ਸੱਭੇ ਵਿੱਸਰ ਗਏ
ਵਿਛੜੇ ਭੈਣਾਂ ਭਾਈ,
ਸਰਘੀ ਲੰਘੀ, ਲੰਘੀਆਂ ਤੀਆਂ,
ਰੱਖੜੀ ਹੱਥੋਂ ਛੁੱਟੀ ਕਲਾਈ…।

ਅਜਿਹੀ ਸਥਿਤੀ ਵਿਚ ਰੱਖੜੀ ਵਿਚਾਰੀ ਕੀ ਕਰੇ? ਕੀ ਅਹਿਮੀਅਤ ਰਹਿ ਜਾਂਦੀ ਹੈ ਰੱਖੜੀ ਦੀ? ਰੱਖੜੀ ਤਾਂ ਇਸ ਤਿਉਹਾਰ ਵਾਲੇ ਦਿਨ ਇਸ ਪਾਕ ਪਵਿੱਤਰ ਰਿਸ਼ਤੇ ਦੇ ਇੰਜ ਸ਼ਰ੍ਹੇਆਮ ਬੇਆਬਰੂ ਤੇ ਬੇਗੈਰਤ ਹੋ ਜਾਣ ’ਤੇ ਹਉਕੇ ਭਰਦੀ ਰਹਿ ਜਾਂਦੀ ਹੈ। ਕਿਤੇ ਕਿਸੇ ਭੈਣ ਦੀ ਆਤਮਾ ਨਿਰਮੋਹੇ ਹੋਏ ਸਵਾਰਥੀ ਭਰਾ ਲਈ ਰੁਦਨ ਕਰਦੀ ਹੈ:-
ਆਉਣੀ ਜਾਣੀ ਛੱਡ ’ਤੀ
ਵੀਰਨਾ ਕੀ ਆਈ ਮਨ ਤੇਰੇ,
ਵੀਰਾਂ ਬਾਝ ਨਾ ਸੋਂਹਦੀਆਂ ਭੈਣਾਂ,
ਕਾਗਾਂ ਬਾਝ ਬਨੇਰੇ,
ਕਰਦੀ ਬੇਨਤੀਆਂ,
ਆ ਵੀਰਾ ਘਰ ਮੇਰੇ….।
 
Top