Poetry by Shiv Kumar Batalvi

Jaswinder Singh Baidwan

Akhran da mureed
Staff member
ਜ਼ਖਮ


ਸੁਣਿਉਂ ਵੇ ਕਲਮਾਂ ਵਾਲਿਉ
ਸੁਣਿਉਂ ਵੇ ਅਕਲਾਂ ਵਾਲਿਉਂ
ਸੁਣਿਉਂ ਵੇ ਹੁਨਰਾਂ ਵਾਲਿਉਂ
ਹੈ ਅੱਕ ਚੁੱਭੀ ਅਮਨ ਦੀ
ਆਇਉ ਵੇ ਫੂਕਾ ਮਾਰਿਉ
ਇਕ ਦੋਸਤੀ ਦੇ ਜ਼ਖਮ ਤੇ
ਸਾਂਝਾਂ ਦਾ ਲੋਗੜ ਬੰਨ ਕੇ
ਸਮਿਆਂ ਦੀ ਥੋਹਰ ਪੀੜ ਕੇ
ਦੁੱਧਾਂ ਦਾ ਛੱਟਾ ਮਾਰਿਉ

ਵਿਹੜੇ ਅਸਾਡੀ ਧਰਤ ਦੇ
ਤਾਰੀਖ ਟੂਣਾ ਕਰ ਗਈ
ਸੇਹੇ ਦਾ ਤੱਕਲਾ ਗੱਡ ਕੇ
ਸਾਹਾਂ ਦੇ ਪੱਤਰ ਵੱਢ ਕੇ
ਹੱਡੀਆਂ ਦੇ ਚੌਲ ਡੋਹਲ ਕੇ
ਨਫਰਤ ਦੀ ਮੌਲੀ ਬੰਨ ਕੇ
ਲਹੂਆਂ ਦੀ ਗਾਗਰ ਧਰ ਗਈ
ਓ ਸਾਥੀਓ, ਓ ਬੇਲੀਉ
ਤਹਿਜ਼ੀਬ ਜਿਊਂਦੀ ਮਰ ਗਈ

ਇਖਲਾਖ ਦੀ ਅੱਡੀ ਤੇ ਮੁੜ
ਵਹਿਸ਼ਤ ਦਾ ਬਿਸੀਅਰ ਲੜ ਗਿਆ
ਇਤਿਹਾਸ ਦੇ ਇਕ ਬਾਬ ਨੂੰ
ਮੁੜ ਕੇ ਜ਼ਹਿਰ ਹੈ ਚੜ ਗਿਆ
ਸੱਦਿਓ ਵੇ ਕੋਈ ਮਾਂਦਰੀ
ਸਮਿਆਂ ਨੂੰ ਦੰਦਲ ਪੈ ਗਈ
ਸੱਦਿਓ ਵੇ ਕੋਈ ਜੋਗੀਆ
ਧਰਤੀ ਨੂੰ ਗਸ਼ ਹੈ ਪੈ ਗਈ
ਸੁੱਖੋ ਵੇ ਰੋਟ ਪੀਰ ਦੇ
ਪਿੱਪਲਾਂ ਨੂੰ ਤੰਦਾਂ ਕੱਚੀਆਂ
ਆਉ ਵੇ ਇਸ ਬਾਰੂਦ ਦੀ
ਵਰਮੀ ਤੇ ਪਾਈਏ ਲੱਸੀਆਂ
ਓ ਦੋਸਤੋਂ, ਓ ਮਹਿਰਮੋਂ
ਕਾਹਨੂੰ ਇਹ ਅੱਗਾਂ ਮੱਚੀਆਂ

ਹਾੜਾ ਜੇ ਦੇਸ਼ਾਂ ਵਾਲਿਓ
ਹਾੜਾ ਜੇ ਕੌਮਾਂ ਵਾਲਿਓ
ਓ ਐਟਮਾਂ ਦਿਉ ਤਾਜਰੋ
ਬਾਰੂਦ ਦੇ ਵਣਜਾਰਿਉ
ਹੁਣ ਹੋਰ ਨਾ ਮਾਨੁੱਖ ਸਿਰ
ਲਹੂਆਂ ਦਾ ਕਰਜ਼ਾ ਚਾੜਿਉ
ਹੈ ਅੱਖ ਚੁੱਭੀ ਅਮਨ ਦੀ
ਆਇਉ ਵੇ ਫੂਕਾਂ ਮਾਰਿਉ
ਹਾੜਾ ਜੇ ਕਲਮਾਂ ਵਾਲਿਉ
ਹਾੜਾ ਜੇ ਅਕਲਾਂ ਵਾਲਿਉ
ਹਾੜਾ ਜੇ ਹੁਨਰਾਂ ਵਾਲਿਉ.... ll
 

Jaswinder Singh Baidwan

Akhran da mureed
Staff member
ਕਰਜ਼

ਅਜ ਦਿਨ ਚੜਿਆ ਤੇਰੇ ਰੰਗ ਵਰਗਾ
ਤੇਰੇ ਚੁੰਮਣ ਪਿਛਲੀ ਸੰਗ ਵਰਗਾ
ਹੈ ਕਿਰਨਾਂ ਦੇ ਵਿਚ ਨਸ਼ਾ ਜਿਹਾ
ਕਿਸੇ ਛੀਂਬੇ ਸੱਪ ਦੇ ਡੰਗ ਵਰਗਾ
ਅਜ ਦਿਨ ਚੜਿਆ ਤੇਰੇ ਰੰਗ ਵਰਗਾ

ਮੈਂ ਚਾਹੁੰਦਾਂ ਅਜ ਦਾ ਗੋਰਾ ਦਿਨ
ਤਾਰੀਖ ਮੇਰੇ ਨਾਂ ਕਰ ਦੇਵੇ
ਇਹ ਦਿਨ ਤੇਰੇ ਅਜ ਰੰਗ ਵਰਗਾ
ਮੈਨੂੰ ਅਮਰ ਜਹਾਂ ਵਿਚ ਕਰ ਦੇਵੇ
ਮੇਰੀ ਮੌਤ ਦਾ ਜ਼ੁਰਮ ਕਬੂਲ ਕਰੇ
ਮੇਰਾ ਕਰਜ਼ ਤਲੀ ਤੇ ਧਰ ਦੇਵੇ
ਇਸ ਧੁੱਪ ਦੇ ਪੀਲੇ ਕਾਗਜ਼ ਤੇ
ਦੋ ਹਰਫ ਰਸੀਦੀ ਕਰ ਦੇਵੇ

ਮੇਰਾ ਹਰ ਦਿਹੁੰ ਦੇ ਸਿਰ ਕਰਜ਼ਾ ਹੈ
ਮੈਂ ਹਰੇ ਦਿਹੁੰ ਤੋਂ ਕੁਝ ਕੁਝ ਲੈਣਾ ਹੈ
ਜੇ ਜ਼ਰਬਾਂ ਦੇਵਾਂ ਵਹੀਆਂ ਨੂੰ
ਤਾਂ ਲੇਖਾ ਵਧਦਾ ਜਾਣਾ ਹੈ
ਮੇਰੇ ਤਨ ਦੀ ਕੱਲੀ ਕਿਰਨ ਲਈ
ਤੇਰਾ ਸੂਰਜ ਗਹਿਣੇ ਪੈਣਾ ਹੈ
ਤੇ ਚੁੱਲੇ ਅੱਗ ਨਾ ਬਲਣੀ ਹੈ
ਤੇਰੇ ਘੜੇ ਨਾ ਪਾਣੀ ਰਹਿਣਾ ਹੈ
ਇਹ ਦਿਨ ਤੇਰੇ ਅਜ ਰੰਗ ਵਰਗਾ
ਮੁੜ ਦਿਨ ਦੀਵੀਂ ਮਰ ਜਾਣਾ ਹੈ

ਮੈਂ ਚਾਹੁੰਦਾ ਅਜ ਦਾ ਗੋਰਾ ਦਿਨ
ਅਣਆਈ ਮੌਤ ਨਾ ਮਰ ਜਾਵੇ
ਮੈਂ ਚਾਹੁੰਦਾ ਇਸ ਦੇ ਚਾਨਣ ਤੋਂ
ਹਰ ਰਾਤ ਕੁਲਹਿਣੀ ਡਰ ਜਾਵੇ
ਮੈਂ ਚਾਹੁੰਦਾ ਕਿਸੇ ਤਿਜ਼ੌਰੀ ਦਾ
ਸੱਪ ਬਣ ਕੇ ਮੈਨੂੰ ਲੜ ਜਾਵੇ
ਜੋ ਕਰਜ਼ ਮੇਰਾ ਹੈ ਸਮਿਆਂ ਸਿਰ
ਉਹ ਬੇਸ਼ਕ ਸਾਰਾ ਮਰ ਜਾਵੇ
ਪਰ ਦਿਨ ਤੇਰੇ ਅਜ ਰੰਗ ਵਰਗਾ
ਤਾਰੀਖ ਮੇਰੇ ਨਾਂ ਕਰ ਜਾਵੇ
ਇਸ ਧੁੱਪ ਦੇ ਪੀਲੇ ਕਾਗਜ਼ ਤੇ
ਦੋ ਹਰਫ ਰਸੀਦੀ ਕਰ ਜਾਵੇ.
 

Jaswinder Singh Baidwan

Akhran da mureed
Staff member
ਰੋਗ ਬਣ ਕੇ ਰਹਿ ਗਿਆ


ਰੋਗ ਬਣ ਕੇ ਰਹਿ ਗਿਆ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬੀਮਾਰ ਤੇਰੇ ਸ਼ਹਿਰ ਦਾ

ਇਹ ਦੀਆਂ ਗਲੀਆਂ ਮੇਰੀ
ਚੜਦੀ ਜਵਾਨੀ ਖਾ ਗਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ

ਸ਼ਹਿਰ ਤੇਰੇ ਕਦਰ ਨਹੀਂ
ਲੋਕਾਂ ਨੁੰ ਸੁੱਚੇ ਪਿਆਰ ਦੀ
ਰਾਤ ਨੂੰ ਖੁੱਲਦਾ ਹੈ ਹਰ
ਬਾਜ਼ਾਰ ਤੇਰੇ ਸ਼ਹਿਰ ਦਾ

ਫੇਰ ਮੰਜ਼ਿਲ ਵਾਸਤ
ਇਕ ਪੈਰ ਨ ਪੁੱਟਿਆ
ਇਸ ਤਰਾਂ ਕੁਝ ਚੁੱਭਿਆ
ਕੋਈ ਖਾਰ ਤੇਰੇ ਸ਼ਹਿਰ ਦਾ

ਜਿਥੇ ਮੋਇਆਂ ਬਾਅਦ ਵੀ
ਕਫਨ ਨਹੀਂ ਹੋਇਆ ਨਸੀਬ
ਕੌਣ ਪਾਗਲ ਹੁਣ ਕਰੇ
ਇਤਬਾਰ ਤੇਰ ਸ਼ਹਿਰ ਦਾ

ਏਥੇ ਮੇਰੀ ਲਾਸ਼ ਤੱਕ
ਨੀਲਾਮ ਕਰ ਦਿੱਤੀ ਗਈ
ਲਥਿਆ ਕਰਜ਼ਾ ਨ ਫਿਰ ਵੀ
ਯਾਰ ਤੇਰੇ ਸ਼ਹਿਰ ਦਾ.....
 

Jaswinder Singh Baidwan

Akhran da mureed
Staff member
ਕਿਸਮਤ....

ਅਜ ਕਿਸਮਤ ਮੇਰੇ ਗੀਤਾਂ ਦੀ
ਹੈ ਕਿਸ ਮੰਜ਼ਿਲ ਤੇ ਆਣ ਖੜੀ
ਜਦ ਗੀਤਾਂ ਦੇ ਘਰ ਨ੍ਹੇਰਾ ਹੈ
ਤੇ ਬਾਹਰ ਮੇਰੀ ਧੁੱਪ ਚੜ੍ਹੀ !

ਇਸ ਸ਼ਹਿਰ 'ਚ ਮੇਰੇ ਗੀਤਾਂ ਦਾ
ਕੋਈ ਇਕ ਚਿਹਰਾ ਵੀ ਵਾਕਿਫ ਨਹੀਂ
ਪਰ ਫਿਰ ਵੀ ਮੇਰੇ ਗੀਤਾਂ ਨੂੰ
ਆਵਾਜ਼ਾਂ ਦੇਵੇ ਗਲੀ ਗਲੀ !

ਮੈਨੂੰ ਲੋਕ ਕਹਿਣ ਮੇਰੇ ਗੀਤਾਂ ਨੇ
ਮਹਿਕਾਂ ਦੀ ਜੂਨ ਹੰਢਾਈ ਹੈ
ਪਰ ਲੋਕ ਵਿਚਾਰੇ ਕੀ ਜਾਨਣ
ਗੀਤਾਂ ਦੀ ਵਿਥਿਆ ਦਰਦ ਭਰੀ !

ਮੈਂ ਹੰਝੂ ਹੰਝੂ ਰੋ ਰੋ ਕੇ
ਆਪਣੀ ਤਾਂ ਅਉਧ ਹੰਢਾ ਬੈਠਾਂ
ਕਿੰਜ ਅਉਧ ਹੰਢਾਵਾਂ ਗੀਤਾਂ ਦੀ
ਜਿਨ੍ਹਾਂ ਗੀਤਾਂ ਦੀ ਤਕਦੀਰ ਸੜੀ !

ਬਦਕਿਸਮਤ ਮੇਰੇ ਗੀਤਾਂ ਨੂੰ
ਕਿਸ ਵੇਲੇ ਨੀਂਦਰ ਆਈ ਹੈ
ਜਦ ਦਿਲ ਦੇ ਵਿਹੜੇ ਪੀੜਾਂ ਦੀ
ਹੈ ਗੋਡੇ ਗੋਡੇ ਧੁੱਪ ਚੜ੍ਹੀ !

ਇਕ ਸੂਰਜ ਨੇ ਮੇਰੇ ਗੀਤਾਂ ਨੂੰ
ਕਿਰਨਾਂ ਦੀ ਦਾਅਵਤ ਜਦ ਆਖੀ
ਇਕ ਬੁਰਕੀ ਮਿੱਸੇ ਚਾਨਣ ਦੀ
ਗੀਤਾਂ ਦੇ ਸੰਘ ਵਿਚ ਆਣ ਅੜੀ !

ਮੇਰੀ ਗੀਤਾਂ ਭਰੀ ਕਹਾਣੀ ਦਾ
ਕਿਆ ਅੰਤ ਗ਼ਜ਼ਬ ਦਾ ਹੋਇਆ ਹੈ
ਜਦ ਆਈ ਜਵਾਨੀ ਗੀਤਾਂ ਤੇ
ਗੀਤਾਂ ਦੀ ਅਰਥੀ ਉੱਠ ਚਲੀ !
 

Jaswinder Singh Baidwan

Akhran da mureed
Staff member
ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ

ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪਤਨੀਂ ਗਮ ਦਾ ਮੇਲਾ ਜੁੜ ਗਿਆ

ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜ਼ਰਾਂ ਦਾ ਪੰਛੀ ਉੜ ਗਿਆ

ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੌਰੇ ਕੀ ਹੈ ਮੇਰਾ ਥੁੜ ਗਿਆ...ll
 

Jaswinder Singh Baidwan

Akhran da mureed
Staff member
ਲੱਛੀ ਕੁੜੀ....

ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ
ਉਹਦੇ ਨੈਣਾਂ ਵਿਚ ਲੱਪ ਲੱਪ ਕੱਜਲਾ
ਤੇ ਕੰਨਾਂ ਵਿਚ ਕੋਕਲੇ ਹਰੇ |

ਮੁੱਖ ਤੇ ਪਸੀਨਾ ਉਹਦੇ ਖਾਵੇ ਇੰਜ ਮੇਲ ਨੀ
ਜਿਵੇਂ ਹੁੰਦੀ ਕੰਮੀਆਂ 'ਤੇ ਕੱਤੇ ਦੀ ਤ੍ਰੇਲ ਨੀ
ਉਹਦੀ ਹੱਥ ਜੇਡੀ ਲੰਮੀ ਧੌਣ ਵੇਖ ਕੇ
ਪੈਲਾਂ ਪਾਇਣੋਂ ਮੋਰ ਵੀ ਡਰੇ |
ਕਾਲੀ ਦਾਤਰੀ.....|

ਰੰਗ ਦੀ ਪਿਆਰੀ ਤੇ ਸ਼ਰਾਬੀ ਉਹਦੀ ਟੋਰ ਨੀ
ਬਾਗਾਂ ਵਿਚੋਂ ਲੰਘਦੀ ਨੂੰ ਲੜ ਜਾਂਦੇ ਭੌਰ ਨੀ
ਉਹਦੇ ਵਾਲਾਂ ਵਿਚ ਮੱਸਿਆ ਨੂੰ ਵੇਖ ਕੇ
ਕਿੰਨੇ ਚੰਨ ਡੁੱਬ ਕੇ ਮਰੇ |
ਕਾਲੀ ਦਾਤਰੀ.....|

ਗੋਰੇ ਹੱਥੀਂ ਦਾਤਰੀ ਨੂੰ ਪਾਇਆ ਏ ਹਨੇਰ ਨੀ
ਵੱਢ ਵੱਢ ਲਾਈ ਜਾਵੇ ਕਣਕਾਂ ਦੇ ਢੇਰ ਨੀ
ਉਹਨੂੰ ਧੁੱਪ ਵਿਚ ਭਖਦੀ ਨੂੰ ਵੇਖ ਕੇ
ਬੱਦਲਾਂ ਦੇ ਨੈਣ ਨੇ ਭਰੇ |
ਕਾਲੀ ਦਾਤਰੀ ਚੰਨਣ ਦਾ ਦਸਤਾ
ਤੇ ਲੱਛੀ ਕੁੜੀ ਵਾਢੀਆਂ ਕਰੇ |
 

Jaswinder Singh Baidwan

Akhran da mureed
Staff member
ਮੈਨੂੰ ਤੇਰਾ ਸ਼ਬਾਬ ਲੈ ਬੈਠਾ
ਰੰਗ ਗੋਰ ਗੁਲਾਬ ਲੈ ਬੈਠਾ

ਦਿਲ ਦਾ ਡਰ ਸੀ ਕਿਤੇ ਨਾ ਲੈ ਬੈਠੇ
ਲੈ ਹੀ ਬੈਠਾ ਜਨਾਬ ਲੈ ਬੈਠਾ

ਵਿਹਲ ਜਦ ਵੀ ਮਿਲੀ ਹੈ ਫਰਜ਼ਾਂ ਤੋਂ
ਤੇਰੇ ਮੁੱਖ ਦੀ ਕਿਤਾਬ ਲੈ ਬੈਠਾ

ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ
ਮੈਨੁੰ ਇਹੋ ਹਿਸਾਬ ਲੈ ਬੈਠਾ

ਸ਼ਿਵ ਨੂੰ ਇਕ ਗਮ ਤੇ ਹੀ ਭਰੋਸਾ ਸੀ
ਗਮ ਤੋਂ ਕੋਰਾ ਜਵਾਬ ਲੈ ਬੈਠਾ....
 

Jaswinder Singh Baidwan

Akhran da mureed
Staff member
ਕੁੱਤੇ.....

ਕੁੱਤਿਓ ਰਲ ਕੇ ਭੌਂਕੋ
ਤਾਂ ਕਿ ਮੈਨੂੰ ਨੀਂਦ ਨਾ ਆਵੇ
ਰਾਤ ਹੈ ਕਾਲੀ ਚੋਰ ਨੇ ਫਿਰਦੇ
ਕੋਈ ਘਰ ਨੂੰ ਸੰਨ੍ਹ ਨਾ ਲਾਵੇ |

ਉਂਜ ਤਾਂ ਮੇਰੇ ਘਰ ਵਿਚ ਕੁਝ ਨਹੀਂ
ਕੁਝ ਹਉਕੇ ਕੁਝ ਹਾਵੇ
ਕੁੱਤਿਆਂ ਦਾ ਮਸ਼ਕੂਰ ਬੜਾ ਹਾਂ
ਰਾਤੋਂ ਡਰ ਨਾ ਆਵੇ |

ਕੋਈ ਕੋਈ ਪਰ ਸੰਗਲੀ ਸੰਗ ਬੱਝਾ
ਐਵੇਂ ਭੌਂਕੀ ਜਾਵੇ
ਚੋਰਾਂ ਨੂੰ ਉਹ ਮੋੜੇ ਕਾਹਦਾ
ਸਗੋਂ ਉਲਟੇ ਚੋਰ ਬੁਲਾਵੇ |

ਕੁੱਤਿਓ ਪਰ ਇਹ ਯਾਦ ਜੇ ਰੱਖਣਾ
ਕੋਈ ਨਾ ਸੱਪ ਨੂੰ ਖਾਵੇ
ਜਿਹੜਾ ਕੁੱਤਾ ਸੱਪ ਨੂੰ ਖਾਵੇ
ਸੋਈਓ ਹੀ ਹਲਕਾਵੇ |

ਤੇ ਹਰ ਇਕ ਹਲਕਿਆ ਕੁੱਤਾ
ਪਿੰਡ ਵਿਚ ਹੀ ਮਰ ਜਾਵੇ
ਜੇਕਰ ਪਿੰਡੋ ਬਾਹਰ ਜਾਵੇ
ਸਿਰ ਤੇ ਡਾਂਗਾਂ ਖਾਵੇ
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ |
ਉਂਜ ਜਦ ਵੀ ਕੋਈ ਕੁੱਤਾ ਰੋਵੇ
ਮੈਂ ਸਮਝਾਂ ਰੱਬ ਗਾਵੇ |
 

Jaswinder Singh Baidwan

Akhran da mureed
Staff member
ਮੈਂ ਅਧੁਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫਰ ਹਾਂ

ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ

ਮੈਂ ਤੇਰੀ ਮਹਿਫਲ ਦਾ ਬੁੱਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ਚੋਂ ਕਿਰਆ ਜ਼ਿਕਰ ਹਾਂ

ਇਕ ਕੱਲੀ ਮੌਤ ਹੈ ਜਿਸਦਾ ਇਲਾਜ਼
ਚਾਰ ਦਿਨ ਦੀ ਜ਼ਿੰਦਗੀ ਦਾ ਫਿਕਰ ਹਾਂ

ਜਿਸ ਨੇ ਮੈਨੂੰ ਵੇਖ ਕੇ ਨ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ

ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆਂ 'ਚ ਕੈਸਾ ਬਸ਼ਰ ਹਾਂ

ਪਲ ਕਿਸੇ ਸੁਣਿਆ ਹੈ 'ਸ਼ਿਵ' ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾ ਵਿੱਚ ਨਸ਼ਰ ਹਾਂ....
 

Jaswinder Singh Baidwan

Akhran da mureed
Staff member
ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!

ਸੂਰਤ ਉਸ ਦੀ ਪਰੀਆਂ ਵਰਗੀ
ਸੀਰਤ ਦੀ ਉਹ ਮਰੀਅਮ ਲਗਦੀ
ਹਸਦੀ ਹੈ ਤਾਂ ਫੁੱਲ ਝੜਦੇ ਨੇ
ਟੁਰਦੀ ਹੈ ਤਾਂ ਗ਼ਜ਼ਲ ਹੈ ਲਗਦੀ
ਲੰਮ-ਸਲੰਮੀ ਸਰੂ ਕੱਦ ਦੀ
ਉਮਰ ਅਜੇ ਹੈ ਮਰ ਕੇ ਅੱਗ ਦੀ
ਪਰ ਨੈਣਾਂ ਦੀ ਗੱਲ ਸਮਝਦੀ।

ਗੁੰਮਿਆ ਜਨਮ ਜਨਮ ਹਨ ਹੋਏ
ਪਰ ਲੱਗਦੈ ਜਿਉਂ ਕੱਲ੍ਹ ਦੀ ਗੱਲ ਹੈ
ਇਉਂ ਲੱਗਦੈ ਜਿਉਂ ਅੱਜ ਦੀ ਗੱਲ ਹੈ,
ਇਉਂ ਲੱਗਦੈ ਜਿਉਂ ਹੁਣ ਦੀ ਗੱਲ ਹੈ
ਹੁਣ ਤਾਂ ਮੇਰੇ ਕੋਲ ਖੜੀ ਸੀ
ਹੁਣ ਤਾਂ ਮੇਰੇ ਕੋਲ ਨਹੀਂ ਹੈ
ਇਹ ਕੀਹ ਛਲ ਹੈ ਇਹ ਕੇਹੀ ਭਟਕਣ
ਸੋਚ ਮੇਰੀ ਹੈਰਾਨ ਬੜੀ ਹੈ
ਚਿਹਰੇ ਦਾ ਰੰਗ ਫੋਲ ਰਹੀ ਹੈ
ਓਸ ਕੁੜੀ ਨੂੰ ਟੋਲ ਰਹੀ ਹੈ।

ਸ਼ਾਮ ਢਲੇ ਬਾਜ਼ਾਰਾਂ ਦੇ ਜਦ
ਮੋੜਾਂ ‘ਤੇ ਖੁਸ਼ਬੋ ਉੱਗਦੀ ਹੈ
ਵਿਹਲ, ਥਕਾਵਟ, ਬੇਚੈਨੀ ਜਦ
ਚੌਰਾਹਿਆਂ ‘ਤੇ ਆ ਜੁੜਦੀ ਹੈ
ਰੌਲੇ ਲਿੱਪੀ ਤਨਹਾਈ ਵਿਚ
ਓਸ ਕੁੜੀ ਦੀ ਥੁੜ ਖਾਦੀ ਹੈ
ਓਸ ਕੁੜੀ ਦੀ ਥੁੜ ਦਿੱਸਦੀ ਹੈ।

ਹਰ ਛਿਣ ਮੈਨੂੰ ਇੳਂ ਲੱਗਦਾ ਹੈ
ਹਰ ਦਿਨ ਮੈਨੂੰ ਇਉਂ ਲੱਗਦਾ ਹੈ
ਜੁੜੇ ਜਸ਼ਨ ਦੇ ਭੀੜਾਂ ਵਿਚੋਂ
ਜੁੜੀ ਮਹਿਕ ਦੇ ਝੁਰਮਟ ਵਿਚੋਂ
ਉਹ ਮੈਨੂੰ ਆਵਾਜ਼ ਦਵੇਗੀ
ਮੰੈਂ ਉਹਨੂੰ ਪਹਿਚਾਣ ਲਵਾਂਗਾ
ਉਹ ਮੈਨੂੰ ਪਹਿਚਾਣ ਲਵੇਗੀ
ਪਰ ਇਸ ਰੌਲੇ ਦੇ ਹੜ੍ਹ ਵਿਚੋਂ
ਕੋਈ ਮੈਨੂੰ ਆਵਾਜ਼ ਨਾ ਦੇਂਦਾ
ਕੋਈ ਵੀ ਮੇਰੇ ਵੱਲ ਨਾ ਵਿਹੰਦਾ
ਪਰ ਖੋਰੇ ਕਿਉਂ ਟਪਲਾ ਲੱਗਦਾ
ਪਰ ਖੋਰੇ ਕਿਉਂ ਝੋਲਾ ਪੈਂਦਾ
ਹਰ ਦਿਨ ਹਰ ਇਕ ਭੀੜ ਜੁੜੀ ‘ਚੋਂ
ਬੁੱਤ ਉਹਦਾ ਜਿਉਂ ਲੰਘ ਕੇ ਜਾਂਦਾ
ਪਰ ਮੈਨੂੰ ਹੀ ਨਜ਼ਰ ਨਾ ਆਉਂਦਾ
ਗੁੰਮ ਗਈ ਮੈਂ ਓਸ ਕੁੜੀ ਦੇ
ਚਿਹਰੇ ਦੇ ਵਿਚ ਗੁੰਮਿਆ ਰਹਿੰਦਾ
ਉਸ ਦੇ ਗਮ ਵਿਚ ਖੁਰਦਾ ਜਾਂਦਾ।

ਓਸ ਕੁੜੀ ਨੂੰ ਮੇਰੀ ਸੌਂਹ ਹੈ
ਓਸ ਕੁੜੀ ਨੂੰ ਸਭ ਦੀ ਸੌਂਹ ਹੈ
ਓਸ ਕੁੜੀ ਨੂੰ ਜੱਗ ਦੀ ਸੌਂਹ ਹੈ
ਓਸ ਕੁੜੀ ਨੂੰ ਰੱਬ ਦੀ ਸੌਂਹ ਹੈ
ਜੇ ਕਿਤੇ ਪੜ੍ਹਦੀ ਸੁਣਦੀ ਹੋਵੇ
ਜਿਊਂਦੀ ਜਾਂ ਉਹ ਮਰ ਰਹੀ ਹੋਵੇ
ਇਕ ਵਾਰੀ ਤਾਂ ਆ ਕੇ ਮਿਲ ਜਾਵੇ
ਵਫ਼ਾ ਮੇਰੀ ਨੂੰ ਦਾਗ ਨਾ ਲਾਵੇ
ਨਹੀਂ ਤਾਂ ਮੈਥੋਂ ਜੀਆ ਨਾ ਜਾਂਦਾ
ਗੀਤ ਕੋਈ ਲਿਖਿਆ ਨਾ ਜਾਂਦਾ।

ਇਕ ਕੁੜੀ ਜਿਦ੍ਹਾ ਨਾਂ ਮੁਹੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
ਸਾਦ-ਮੁਰਾਦੀ ਸੁਹਣੀ ਫੱਬਤ
ਗੁੰਮ ਹੈ- ਗੁੰਮ ਹੈ- ਗੁੰਮ ਹੈ!
 

Jaswinder Singh Baidwan

Akhran da mureed
Staff member
ਢੋਲੀਆ ਵੇ ਢੋਲੀਆ
ਓ ਮੇਰੇ ਬੇਲੀਆ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁੱਤਰਾ ਦੇਸ਼ ਜਗਾਂਦਾ ਜਾ

ਕਹਿ ਮਹਿਕਾਂ ਨੂੰ ਦੇਸ ਮੇਰੇ ਦੀਆਂ
ਪੌਣਾਂ ਦਾ ਮੂੰਹ ਧੋ ਜਾ
ਕਹਿ ਸੂਰਜ ਨੂੰ ਸਾਡੇ ਦਰ ਤੇ
ਕਿਰਨਾਂ ਦੀ ਰੱਤ ਚੋ ਜਾ
ਕਹਿ ਸਾਵਨ ਨੂੰ ਨਗਰੀ ਨਗਰੀ
ਸੁੱਖ ਦਾ ਮੀਂਹ ਵਰਸਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ

ਸਾਰੀ ਦੁਨੀਆਂ ਜਾਗੀ
ਮੇਰੇ ਦੇਸ਼ ਨੁੰ ਨੀਂਦਰ ਆਈ
ਪੱਛੜੀ ਸਾਡੀ ਹਾੜੀ ਸਾਉਣੀ
ਪੱਛੜੀ ਯਾਰ ਬਿਆਈ
ਲੈ ਸਰਘੀ ਤੋਂ ਚਾਨਣ ਦੇ ਬੀ
ਰਾਹਾਂ ਵਿਚ ਬਿਜਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ

ਜਾਗੇ ਮਿੱਟੀ ਜਾਗਣ ਫਸਲਾਂ
ਜਾਗੇ ਹੱਲ ਪੰਜਾਲੀ
ਜਾਗਣ ਮੇਰੇ ਲਾਖੇ ਕਾਲੇ
ਪਾਲੀ ਨਾਲ ਅਯਾਲੀ
ਜਾਗਣ ਬੱਚੇ ਬੁੱਢੇ ਨੱਢੇ
ਜਾਗੇ ਹੋਰ ਜਗਾਂਦਾ ਜਾ ਤੂੰ ਗਾਂਦਾ ਜਾ
ਇਕ ਡੱਗਾ ਢੋਲ ਤੇ ਲਾਂਦਾ ਜਾ
ਮੇਰਾ ਸੁਤੜਾ ਦੇਸ਼ ਜਗਾਂਦਾ ਜਾ...!!
 

Jaswinder Singh Baidwan

Akhran da mureed
Staff member
ਸੂਰਜ ਦਾ ਮਰਸੀਆ.

ਅਜ ਅਮਨਾਂ ਦਾ ਬਾਬਲ ਮਰਿਆ
ਸਾਰੀ ਧਰਤ ਨੜੋਏ ਆਈ
ਤੇ ਅੰਬਰ ਨੇ ਹੌਂਕਾ ਭਰਿਆ
ਇੰਜ ਫੈਲੀ ਦਿਨ ਦੀ ਖੁਸ਼ਬੋਈ

ਈਕਣ ਰੰਗ ਸੋਗ ਦਾ ਚੜਿਆ
ਜੀਕਣ ਸੰਘਣੇ ਵਣ ਵਿਚ ਕਿੱਧਰੇ
ਚੰਦਨ ਦਾ ਇਕ ਬੂਟਾ ਸੜਿਆ
ਤਹਿਜ਼ੀਬਾਂ ਨੇ ਫੂਹੜੀ ਪਾਈ

ਤਵਾਰੀਖ ਦਾ ਮੱਥਾ ਠਰਿਆ
ਮਜ਼ਬਾਂ ਨੂੰ ਅਜ ਆਈ ਤ੍ਰੇਲੀ
ਕੌਮਾਂ ਘੁੱਟ ਕਲੇਜਾ ਫੜਿਆ
ਰਾਮ ਰਹਿਮ ਗਏ ਪਥਰਾਏ

ਹਰਮੰਦਰ ਦਾ ਪਾਣੀ ਡਰਿਆ
ਫੇਰ ਕਿਸੇ ਮਰੀਅਮ ਦਾ ਜਾਇਆ
ਅਜ ਫਰਜ਼ਾਂ ਦੀ ਸੂਲੀ ਚੜਿਆ
ਅੱਜ ਸੂਰਜ ਦੀ ਅਰਥੀ ਨਿਕਲੀ

ਅਜ ਧਰਤੀ ਦਾ ਸੂਰਜ ਮਰਿਆ
ਕੁਲ ਲੁਕਾਈ ਮੋਢਾ ਦਿੱਤਾ
ਤੇ ਨੈਣਾਂ ਵਿਚ ਹੰਝੂ, ਭਰਿਆ
ਪੈਣ ਮਨੁੱਖਤਾਂ ਤਾਈਂ ਦੰਦਲਾਂ

ਕਾਲਾ ਦੁੱਖ ਨਾ ਜਾਵੇ ਜਰਿਆ
ਰੋ ਰੋ ਮਾਰੇ ਢਿੱਡੀਂ ਮੁੱਕੀਆਂ
ਦਸੇ ਦਿਸ਼ਾਵਾਂ ਸੋਗੀ ਹੋਈਆਂ
ਈਕਣ ਚੁੱਪ ਦਾ ਨਾਗ ਹੈ ਲੜਿਆ
ਜਿਉਂ ਧਰਤੀ ਨੇ ਅੱਜ ਸੂਰਜ ਦਾ
ਰੋ ਰੋ ਇਕ ਮਰਸੀਆ ਪੜਿਆ
ਅਜ ਅਮਨਾਂ ਦਾ ਬਾਬਲ ਮਰਿਆ
ਸਾਰੀ ਧਰਤ ਨੜੋਏ ਆਈ
ਤੇ ਅੰਬਰ ਨੇ ਹੌਂਕਾ ਭਰਿਆ
 

Jaswinder Singh Baidwan

Akhran da mureed
Staff member
ਡਰ


ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ
ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾ
ਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸਪਨੀ ਵੱਸੇ
ਮਕੜੀਆਂ ਦੇ
ਜਾਲ ਪਲੱਚੇ
ਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੱੜਿਕਾਂ ਦਿੱਤੇ ਬੱਚੇ
ਮੜਿਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ
ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁਪ ਦਾ
ਦੂਰ ਦੂਰ ਤਕ
ਮੀਂਹ ਪਿਆ ਵੱਸੇ.
 

Jaswinder Singh Baidwan

Akhran da mureed
Staff member
ਮੇਰੇ ਰਾਮ ਜੀਉ


ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਜਦ ਅੰਗ ਅੰਗ ਸਾਡੇ
ਰੁੱਤ ਜੋਬਨ ਦਿ ਮੌਲੀ
ਕਿੱਥੇ ਸਉ ਜਦ ਤਨ ਮਨ ਸਾਡੇ
ਗਈ ਕਥੂਰੀ ਘੋਲੀ
ਕਿੱਥੇ ਸਉ ਜਦ ਸਾਹ ਵਿਚ ਚੰਬਾ
ਚੇਤਰ ਬੀਜਣ ਆਏ,
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਮੇਰੇ ਪ੍ਰਭ ਜੀ
ਜਦ ਇਹ ਕੰਜਕ ਜਿੰਦ ਨਿਮਾਣੀ
ਨੀਮ-ਪਿਆਜ਼ੀ ਰੂਪ-ਸਰਾਂ ਦਾ
ਪੀ ਕੇ ਆਈ ਪਾਣੀ
ਕਿੱਥੇ ਸਉ ਜਦ ਧਰਮੀ ਬਾਬਲ
ਸਾਡੇ ਕਾਜ ਰਚਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ

ਕਿੱਥੇ ਸਉ ਜਦ ਨੂੰਹ ਟੁੱਕਦੀ ਦੇ
ਸਉਣ ਮਹੀਨੇ ਬੀਤੇ
ਕਿੱਥੇ ਸਉ ਜਦ ਮਹਿਕ ਦੇ,
ਅਸਾਂ ਦੀਪ ਚਮੁਖੀਏ ਸੀਖੇ
ਕਿੱਥੇ ਸਉ ਉਸ ਰੁੱਤੇ-
ਤੇ ਤੁਸੀਂ ਉਦੋਂ ਕਿਉਂ ਨਾ ਆਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਕਿੱਥੇ ਸਉ ਜਦ ਜਿੰਦ ਮਜਾਜਨ
ਨਾਂ ਲੈ ਲੈ ਕੁਰਲਾਈ
ਉਮਰ-ਚੰਦੋਆ ਤਾਣ ਵਿਚਾਰੀ
ਗਮ ਦੀ ਬੀੜ ਰਖਾਈ
ਕਿੱਥੇ ਸਉ ਜਦ ਵਾਕ ਲੈਂਦਿਆਂ
ਹੋਂਠ ਨਾ ਅਸਾਂ ਹਿਲਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ !

ਹੁਣ ਤਾਂ ਪ੍ਰਭ ਜੀ ਨਾ ਤਨ ਆਪਣਾ
ਤੇ ਨਾ ਹੀ ਮਨ ਆਪਣਾ
ਬੇਹੇ ਫੁੱਲ ਦਾ ਪਾਪ ਵਡੇਰਾ
ਦਿਉਤੇ ਅੱਗੇ ਰੱਖਣਾ
ਹੁਣ ਤਾਂ ਪ੍ਰਭ ਜੀ ਬਹੁੰ ਪੁੰਨ ਹੋਵੇ
ਜੇ ਜਿੰਦ ਖਾਕ ਹੰਢਾਏ
ਮੇਰੇ ਰਾਮ ਜੀਉ
ਤੁਸੀਂ ਕਿਹੜੀ ਰੁੱਤੇ ਆਏ
ਮੇਰੇ ਰਾਮ ਜੀਉ !
ਜਦੋਂ ਬਾਗੀਂ ਫੁੱਲ ਕੁਮਲਾਏ
ਮੇਰੇ ਰਾਮ ਜੀਉ...........ll
 

Jaswinder Singh Baidwan

Akhran da mureed
Staff member
ਮੈਨੂੰ ਵਿਦਾ ਕਰੋ

ਮੈਨੂੰ ਵਿਦਾ ਕਰੋ ਮੇਰੇ ਰਾਮ
ਮੈਨੂੰ ਵਿਦਾ ਕਰੋ !
ਕੋਸਾ ਹੰਝ ਸ਼ਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਵਾਰੋ ਪੀੜ ਮੇਰੀ ਦੇ ਸਿਰ ਤੋਂ
ਨੈਣ- ਸਰਾਂ ਦਾ ਪਾਣੀ
ਇਸ ਪਾਣੀ ਨੂੰ ਜੱਗ ਵਿੱਚ ਵੰਡੋ
ਹਰ ਇੱਕ ਆਸ਼ਕ ਤਾਣੀ
ਪ੍ਰਭ ਜੀ ਜੇ ਕੋਈ ਬੂਦ ਬਚੇ
ਉਹਦਾ ਆਪੇ ਘੁੱਟ ਭਰੋ
ਤੇ ਮੈਨੂੰ ਵਿਦਾ ਕਰੋ !

ਕੋਸਾ ਹੰਝ ਸਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਪ੍ਭ ਜੀ ਏਸ ਵਿਦਾ ਦੇ ਵੇਲੇ
ਸੱਚੀ ਗੱਲ ਅਲਾਈਏ
ਦਾਨ ਕਰਾਈਏ ਜਾਂ ਕਰ ਮੋਤੀ
ਤਾ ਕਰ ਬਿਰਹਾ ਪਾਈਏ
ਪ੍ਰਭ ਜੀ ਹੁਣ ਤਾ ਬਿਰ੍ਹੋਂ- ਵਿਹੂਣੀ
ਮਿੱਟੀ ਮੁਕਤ ਕਰੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ !

ਦੁੱਧ ਦੀ ਰੁੱਤੇ ਅੰਮੜੀ ਮੋਈ
ਬਾਬਲ ਬਾਲ- ਵਰੇਸੇ
ਜੋਬਨ ਰੁੱਤੇ ਸੱਜਣ ਮਰਿਆ
ਮੋਏ ਗੀਤ ਪਲੇਠੇ
ਹੁਣ ਤਾ ਪ੍ਰਭ ਜੀ ਹਾੜਾ ਜੇ
ਸਾਡੀ ਬਾਹੀਂ ਘੁੱਟ ਫੜੋ
ਤੇ ਮੈਨੂੰ ਵਿਦਾ ਕਰੋ !
ਕੋਸਾ ਹੰਝ ਸਗਨ ਪਾਉ ਸਾਨੂੰ
ਬਿਰਹਾ ਤਲੀ ਧਰੋ
ਤੇ ਮੈਨੂੰ ਵਿਦਾ ਕਰੋ............lll
 

Jaswinder Singh Baidwan

Akhran da mureed
Staff member
ਵਿਧਵਾ ਰੁੱਤ

ਮਾਏ ਨੀਂ,
ਦੱਸ ਮੇਰੀਏ ਮਾਏ
ਇਸ ਵਿਧਵਾ ਰੁੱਤ ਦਾ-
ਕੀ ਕਰੀਏ
ਹਾਏ ਨੀਂ,
ਇਸ ਵਿਧਵਾ ਰੁੱਤ ਦਾ
ਕੀ ਕਰੀਏ ?

ਇਸ ਰੁੱਤੇ ਸਭ ਰੁੱਖ ਨਿਪੱਤਰੇ
ਮਹਿਕ-ਵਿਹੂਣੇ
ਇਸ ਰੁੱਤੇ ਸਾਡੇ ਮੁੱਖ ਦੇ ਸੂਰਜ
ਸੇਕੋਂ ਊਣੇ
ਮਾਏ ਨੀ ਪਰ ਵਿਧਵਾ ਜੋਬਨ
ਹੋਰ ਵੀ ਲੂਣੇ
ਹਾਏ ਨੀ,
ਇਹ ਲੂਣਾ ਜੋਬਨ ਕੀ ਕਰੀਏ ?
ਮਾਏ ਨੀ,
ਇਸ ਵਿਧਵਾ ਰੁੱਤ ਦਾ ਕੀ ਕਰੀਏ ?

ਇਸ ਰੁੱਤੇ,
ਸਾਡੀ ਪੀੜ ਨੇ ਵਾਲ ਵਧਾਏ
ਗਮ ਦਾ ਸੂਤੀ ਦੂਧਾ ਵੇਸ ਹੰਢਾਏ
ਰੱਖੇ ਰੋਜ਼ੇ ਗੀਤ ਨਾ ਹੋਠੀਂ ਲਾਏ
ਹਾਏ ਨੀ,
ਇਸ ਰੁੱਤੇ ਕਿੱਥੇ ਡੁੱਬ ਮਰੀਏ ?
ਮਾਏ ਨੀ,
ਇਸ ਵਿਧਵਾ ਰੁੱਤ ਦਾ-
ਕੀ ਕਰੀਏ ?

ਮਾਏ ਨੀ,
ਇਹ ਰੁੱਤ ਕਿਦੇ ਲੜ ਲਾਈਏ
ਕਿਸ ਨੂੰ ਇਹਦੇ ਜੂਠੇ ਅੰਗ ਛੁਹਾਈਏ
ਕਿਸ ਧਰਮੀਂ ਦੇ ਵਿਹੜੇ ਬੂਟਾ ਲਾਈਏ
ਹਾਏ ਨੀ,
ਇਹਨੂੰ ਕਿਹੜੇ ਫੁੱਲ ਸੰਗ ਵਰੀਏ ?
ਮਾਏ ਨੀ,
ਇਸ ਵਿਧਵਾ ਰੁੱਤ ਦਾ-
ਕੀ ਕਰੀਏ
ਹਾਏ ਨੀਂ,
ਇਸ ਵਿਧਵਾ ਰੁੱਤ ਦਾ
ਕੀ ਕਰੀਏ ....?
 

Jaswinder Singh Baidwan

Akhran da mureed
Staff member
ਧਰਮੀ ਬਾਬਲਾ

ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ
ਸਾਨੂੰ ਉਹ ਰੁੱਤ ਲੈ ਦਈਂ ਮੁੱਲ
ਵੇ ਧਰਮੀ ਬਾਬਲਾ !
ਇਸ ਰੁੱਤੇ ਮੇਰਾ ਗੀਤ ਗਵਾਚਾ
ਜਿਦੇ ਗਲ ਬਿਰਹੋਂ ਦੀ ਗਾਨੀ
ਮੁੱਖ ਤੇ ਕਿੱਲ ਗਮਾਂ ਦੇ-
ਨੈਣੀਂ ਉੱਜੜੇ ਖੂਹ ਦਾ ਪਾਣੀ
ਗੀਤ ਕਿ ਜਿਸ ਨੂੰ ਹੋਂਠ ਛੁਹਾਇਆਂ
ਜਾਏ ਕਥੂਰੀ ਹੁੱਲ,
ਵੇ ਧਰਮੀ ਬਾਬਲਾ !
ਸਾਨੂੰ ਗੀਤ ਉਹ ਲੈ ਦਈਂ ਮੁੱਲ
ਵੇ ਧਰਮੀ ਬਾਬਲਾ

ਇਕ ਦਿਨ ਮੈਂ ਤੇ ਗੀਤ ਮੇਰੇ
ਇਸ ਟੂਣੇ-ਹਾਰੀ ਰੁੱਤੇ
ਦਿਲਾਂ ਦੀ ਧਰਤੀ ਵਾਹੀ ਗੋਡੀ
ਬੀਜੇ ਸੁਪਨੇ ਸੁੱਚੇ
ਲਲੱਖ ਨੈਣਾਂ ਦੇ ਪਾਣੀ ਸਿੰਜੇ
ਪਰ ਨਾ ਲੱਗੇ ਫੁੱਲ
ਵੇ ਧਰਮੀ ਬਾਬਲਾ !
ਸਾਨੂੰ ਇਕ ਫੁੱਲ ਲੈ ਦਈਂ ਮੁੱਲ
ਵੇ ਧਰਮੀ ਬਾਬਲਾ !

ਕਿਹੜੇ ਕੰਮ ਇਹ ਮਿਲਖ ਜਗੀਰਾਂ
ਜੇ ਧੀਆਂ ਕੁਮਲਾਈਆਂ
ਕਿਹੜੇ ਕੰਮ ਤੇਰੇ ਮਾਨਸਰੋਵਰ
ਹੰਸਨੀਆਂ ਤਿਰਹਾਈਆਂ
ਕਿਹੜੇ ਕੰਮ ਖਿਲਾਰੀ ਤੇਰੀ
ਚੋਗ ਮੋਤੀਆਂ ਤੁੱਲ-
ਵੇ ਧਰਮੀ ਬਾਬਲਾ
ਜੇ ਰੁੱਤ ਨ ਲੈ ਦਏਂ ਮੁੱਲ
ਵੇ ਧਰਮੀ ਬਾਬਲਾ !
ਜਦ ਪੈਣ ਕਪਾਹੀਂ ਫੁੱਲ
ਵੇ ਧਰਮੀ ਬਾਬਲਾ........!!
 

Jaswinder Singh Baidwan

Akhran da mureed
Staff member
ਸਾਨੂੰ ਟੋਰ ਅੰਬੜੀਏ ਟੋਰ

ਸਾਨੂੰ ਟੋਰ ਅੰਬੜੀਏ ਟੋਰ
ਅੰਬੜੀਏ ਟੋਰ ਨੀ
ਪਰ੍ਹਾਂ ਇਹ ਫੂਕ ,
ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !

ਅੰਬੜੀਏ ਸਾਡੇ ਬਾਹੀਂ ਖੱਲੀਆਂ
ਗੋਰੇ ਹੱਥੀਂ ਰੱਟਨਾਂ
ਇਸ ਰੁੱਤੇ ਸਾਨੂੰ ਭਲਾ ਨਾ ਸੋਹਵੇ
ਪਾ ਤੰਦਾਂ ਦੋ ਥਕਣਾ
ਜਿਸ ਲਈ ਕੱਤਣਾ ,
ਉਹ ਨਾ ਆਪਣਾ
ਤਾਂ ਅਸਾਂ ਕਿਸ ਲਈ
ਕੱਤਣਾ ਹੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਲੈ ਕੱਚੀਆਂ ਤੰਦਾਂ
ਸਾਹ ਦੀਆਂ ,ਮਾਹਲ ਵਟੀਵਾਂ
ਰੂਪ ਸਰਾਂ ਦੇ ਪਾਣੀ ਭੇਵਾਂ
ਸੌ ਸੌ ਸ਼ਗਨ ਮਨੀਵਾਂ
ਨਿੱਤ ਬੰਨ੍ਹਾਂ ਗੀਤਾਂ ਦੀਆਂ ਕੌਡਾਂ
ਸ਼ੀਸ਼ੇ ਹੰਝ ਮੜ੍ਹੀਵਾਂ
ਜਿਉਂ ਜਿਉਂ ਮੁੱਖ ਵਖੀਵਾਂ ਸ਼ੀਸ਼ੇ
ਪਾਵੇ ਬਿਰਹਾ ਸ਼ੋਰ ਨੀ !
ਅੰਬੜੀਏ ਟੋਰ ਨੀ !

ਅੰਬੜੀਏ ਇਸ ਚਰਖੇ ਸਾਥੋਂ
ਸੁਪਨੇ ਕੱਤ ਨਾ ਹੋਏ
ਇਸ ਚਰਖੇ ਥੀਂ ,
ਸੈ ਘੁਣ ਲਗੇ ,
ਚਰਮਖ ਖੱਦੇ ਹੋਏ
ਟੁੱਟ ਗਿਆ ਤੱਕਲਾ ,
ਭਰ ਗਿਆ ਬੀੜਾ
ਬਰੜਾਂਦੀ ਘਨਘੋਰ ਨੀ
ਅੰਬੜੀਏ ਟੋਰ ਨੀ !
ਪਰ੍ਹਾਂ ਇਹ ਫ਼ੂਕ ਚਰਖੜੇ ਤਾਈਂ
ਸਾਥੋਂ ਕੱਤ ਨਾ ਹੋਵੇ ਹੋਰ ਨੀ
ਅੰਬੜੀਏ ਟੋਰ ਨੀ !
 

Jaswinder Singh Baidwan

Akhran da mureed
Staff member
ਉਮਰਾਂ ਦੇ ਸਰਵਰ

ਉਮਰਾਂ ਦੇ ਸਰਵਰ
ਸਾਹਵਾਂ ਦਾ ਪਾਣੀ
ਗੀਤਾਂ ਦੇ ਚੁੰਝ ਭਰੀਂ
ਭਲਕੇ ਨਾ ਰਹਿਣੇ
ਪੀੜਾਂ ਦੇ ਚਾਨਣ
ਹਾਵਾਂ ਦੇ ਹੰਸ ਸਰੀਂ
ਗੀਤਾਂ ਵੇ ਚੁੰਝ ਭਰੀਂ

ਗੀਤਾ ਵੇ,
ਉਮਰਾਂ ਦੇ ਸਰਵਰ ਛਲੀਏ
ਪਲ-ਛਿਨ ਭਰ ਸੁੱਕ ਜਾਂਦੇ
ਸਾਹਵਾਂ ਦੇ ਪਾਣੀ,
ਪੀਲੇ ਵੇ ਅੜਿਆ
ਅਨਚਾਹਿਆ ਫਿੱਟ ਜਾਂਦੇ
ਭਲਕੇ ਨਾ ਸਾਨੂੰ ਦਈਂ ਉਲਾਂਭੜਾ
ਭਲਕੇ ਨਾ ਰੋਸ ਕਰੀਂ
ਗੀਤਾ ਵੇ ਚੁੰਝ ਭਰੀਂ


ਹਾਵਾਂ ਦੇ ਹੰਸ,
ਸੁਣੀਂਦੇ ਵੇ ਲੋਭੀ
ਦਿਲ ਮਰਦਾ ਤਾਂ ਗਾਂਦੇ
ਇਹ ਬਿਰਹੋਂ ਰੁੱਤ ਹੰਝੂ ਚੁਗਦੇ
ਚੁਗਦੇ ਤੇ ਉੱਡ ਜਾਂਦੇ
ਐਸੇ ਉਡਦੇ ਮਾਰ ਉਡਾਰੀ
ਮੁੜ ਨਾ ਆਉਣ ਘਰੀਂ
ਗੀਤਾ ਵੇ ਚੁੰਝ ਭਰੀਂ !

ਗੀਤਾ ਵੇ,
ਚੁੰਝ ਭਰੇਂ ਤਾਂ ਤੇਰੀ
ਸੋਨੇ ਚੁੰਝ ਮੜਾਵਾਂ
ਮੈਂ ਚੰਦਰੀ ਤੇਰੀ ਬਰਦੀ ਥੀਵਾਂ
ਨਾਲ ਥੀਏ ਪਰਛਾਵਾਂ
ਹਾੜਾ ਈ ਵੇ,
ਨਾ ਤੂੰ ਤਿਰਹਾਇਆ
ਮੇਰੇ ਵਾਂਗ ਮਰੀਂ
ਗੀਤਾ ਵੇ ਚੁੰਝ ਭਰੀਂ !

ਉਮਰਾਂ ਦੇ ਸਰਵਰ
ਸਾਹਵਾਂ ਦਾ ਪਾਣੀ
ਗੀਤਾਂ ਦੇ ਚੁੰਝ ਭਰੀਂ
ਭਲਕੇ ਨਾ ਰਹਿਣੇ
ਪੀੜਾਂ ਦੇ ਚਾਨਣ
ਹਾਵਾਂ ਦੇ ਹੰਸ ਸਰੀਂ
ਗੀਤਾਂ ਵੇ ਚੁੰਝ ਭਰੀਂ.....!!
 

Jaswinder Singh Baidwan

Akhran da mureed
Staff member
ਰਾਤ ਚਾਨਣੀਂ ਮੈਂ ਟੁਰਾਂ

ਰਾਤ ਚਾਨਣੀਂ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ !
ਗਲੀਏ ਗਲੀ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ !
ਠੀਕਰ-ਪਹਿਰਾ ਦੇਣ ਸੁਗੰਧੀਆਂ
ਲੋਰੀ ਦੇਨ ਹਵਾਵਾਂ
ਜਿੰਦੇ ਮੇਰੀਏ !

ਮੈਂ ਰਿਸ਼ਮਾਂ ਦਾ ਵਾਕਫ ਨਾਹੀਂ
ਕਿਹੜਾ ਰਿਸ਼ਮ ਜਗਾਵਾਂ
ਜਿੰਦੇ ਮੇਰੀਏ !

ਜੇ ਕੋਈ ਰਿਸ਼ਮ ਜਗਾਵਾਂ ਅੜੀਏ
ਡਾਢਾ ਪਾਪ ਕਮਾਵਾਂ
ਜਿੰਦੇ ਮੇਰੀਏ !

ਡਰਦੀ ਡਰਦੀ ਟੁਰਾਂ ਨਿਮਾਣੀ
ਪੋਲੇ ਪੱਬ ਟਿਕਾਵਾਂ
ਜਿੰਦੇ ਮੇਰੀਏ !

ਸਾਡੇ ਪੋਤੜਿਆਂ ਵਿੱਚ ਬਿਰਹਾ
ਰੱਖਿਆ ਸਾਡੀਆਂ ਮਾਵਾਂ
ਜਿੰਦੇ ਮੇਰੀਏ !

ਚਾਨਣ ਸਾਡੇ ਮੁੱਢੋਂ ਵੈਰੀ
ਕੀਕਣ ਅੰਗ ਛੁਹਾਵਾਂ
ਜਿੰਦੇ ਮੇਰੀਏ !

ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ?
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀ ਆਵਾਂ
ਜਿੰਦੇ ਮੇਰੀਏ.
 
Top