Poetry by Shiv Kumar Batalvi

Jaswinder Singh Baidwan

Akhran da mureed
Staff member
ਅਸਾਂ ਤੇ ਜੋਬਨ ਰੁੱਤੇ ਮਰਨਾ

ਅਸਾਂ ਤੇ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜ਼ਰ ਤੇਰੇ ਦੀ ਕਰ ਪਰਕਰਮਾ
ਅਸਾਂ ਤੇ ਜੋਬਨ ਰੁੱਤੇ ਮਰਨਾ !

ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨਾਂ ਲਿਖਾਏ
ਹਿਜ਼ਰ ਧੁਰੋਂ ਵਿਚ ਕਰਮਾਂ
ਹਿਜ਼ਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤੇ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਭਲਾ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ,
ਜੋਬਨ ਰੁੱਤ ਤੱਕ
ਜਿਨਾਂ ਹੰਢਾਈਆਂ ਸ਼ਰਮਾਂ
ਨਿੱਤ ਲੱਜਿਆ ਦੀਆਂ ਜੰਮਣ -ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ,
ਫੁੱਲ ਬਣ ਖਿੜਨਾ
ਨਿਤ ਤਾਰਾ ਬਣ ਚੜਨਾ
ਅਸਾਂ ਤੇ ਜੋਬਨ ਰੁੱਤੇ ਮਰਨਾ !

ਸੱਜਣ ਜੀ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾਂ
ਮਰ ਕੇ ਕਰੀਏ,
ਇਕ ਦੂਜੇ ਦੀ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤੇ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜ਼ਰ ਤੇਰੇ ਦੀ ਕਰ ਪਰਕਰਮਾ
ਅਸਾਂ ਤੇ ਜੋਬਨ ਰੁੱਤੇ ਮਰਨਾ
 

Jaswinder Singh Baidwan

Akhran da mureed
Staff member
ਚੰਬੇ ਦਾ ਫੁੱਲ


ਅੱਜ ਇਕ ਚੰਬੇ ਦਾ ਫੁੱਲ ਮੋਇਆਂ
ਅੱਜ ਇਕ ਚੰਬੇ ਦਾ ਫੁੱਲ ਮੋਇਆਂ
ਗਲ ਪੌਣਾਂ ਦੇ ਪਾਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆਂ
ਅੱਜ ਇਕ ਚੰਬੇ ਦਾ ਫੁੱਲ ਮੋਇਆਂ

ਚੇਤਰ ਦੇ ਬੁਲ ਨੀਲੇ ਨੀਲੇ
ਮੁਖੜਾ ਵਾਂਗ ਵਸਾਰਾਂ ਹੋਇਆਂ
ਨੈਣੀਂ ਲੱਖ ਮਾਤਮੀ ਛੱਲੇ
ਗੱਲ ਵਿਚ ਪੈ ਪੈ ਜਾਵੇ ਟੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆਂ
ਅੱਧੀ ਰਾਤੀਂ ਰੋਵੇ ਚੇਤਰ
ਪੌਣਾਂ ਦਾ ਦਿਲ ਜ਼ਖਮੀ ਹੋਇਆ
ਡੂੰਘੇ ਵੈਣ ਬੜੇ ਦਰਦੀਲੇ
ਸੁਣ ਕੇ ਸਾਰਾ ਆਲਮ ਰੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆਂ

ਲੱਖ ਚੇਤਰ ਨੂੰ ਦੇਵਾਂ ਮੱਤੀ
ਰਾਮ ਵੀ ਮੋਇਆ ਰਾਵਨ ਮੋਇਆ
ਤਾਂ ਕੀਹ ਹੋਇਆ ਜੇ ਇਕ ਤੇਰਾ
ਸਮਿਆਂ ਟਾਹਣਾਂ ਤੋਂ ਫੁੱਲ ਖੋਹਿਆ
ਅਜ ਇਕ ਚੰਬੇ ਦਾ ਫੁੱਲ ਮੋਇਆ

ਪਰ ਚੇਤਰ ਤਾਂ ਡਾਢਾ ਭਰਮੀ
ਉਸ ਪੁਰ ਰੱਤੀ ਅਸਰ ਨਾ ਹੋਇਆ
ਪੈ ਪੈ ਜਾਣ ਨੀ ਦੰਦਲਾਂ ਉਹਨੂੰ
ਅੰਬਰ ਮੂੰਹ ਵਿਚ ਚਾਨਣ ਚੋਇਆ
ਅੱਜ ਇਕ ਚੰਬੇ ਦਾ ਫੁੱਲ ਮੋਇਆਂ
ਗਲ ਪੌਣਾਂ ਦੇ ਪਾਕੇ ਬਾਹੀਂ
ਗੋਰਾ ਚੇਤਰ ਛਮ ਛਮ ਰੋਇਆਂ
ਅੱਜ ਇਕ ਚੰਬੇ ਦਾ ਫੁੱਲ ਮੋਇਆਂ.
 

Jaswinder Singh Baidwan

Akhran da mureed
Staff member
ਰਿਸ਼ਮ ਰੁਪਹਿਲੀ

ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ !

ਅਸੀਂ ਮੁਬਾਰਿਕ,
ਤੇਰੀ ਅੱਗ ਵਿਚ
ਪਹਿਲੋਂ ਪਹਿਲ ਨਹਾਤੇ
ਤੇਰੀ ਅੱਗ ਦੇ ਸਾਡੀ ਅੱਗ ਵਿਚ
ਅੱਜ ਤਕ ਬਲਣ ਮੁਆਤੇ
ਅੱਜ ਵੀ ਸਾਡੀ,
ਅੱਗ ਚੋਂ ਆਵੇ-
ਮਹਿਕ ਤੇਰੇ ਚੰਗਿਆੜੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ !

ਸੱਜਣਾਂ,
ਫੁੱਲ ਦੀ ਮਹਿਕ ਮਰੇ
ਪਰ ਅੱਗ ਦਿ ਮਹਿਕ ਨਾ ਮਰਦੀ
ਜਿਉਂ ਜਿਉਂ ਰੁੱਖ
ਉਮਰ ਦਾ ਸੁੱਕਦਾ,
ਦੂਣ ਸਵਾਈ ਵਧਦੀ
ਅੱਗ ਦੀ ਮਹਿਕ ਮਰੇ,
ਜੇ ਲੱਜਿਆ,
ਮਰ ਜਾਏ ਦਰਦ ਕੁਆਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ*
ਪਹਿਲੇ ਤਾਰੇ ਦੀ !

ਅਸੀ ਤਾਂ ਸੱਜਣ,
ਅੱਗ ਤੁਹਾਡੀ
ਪਰ ਅੰਗ ਕਦੇ ਨਾ ਘੋਲੀ
ਅੱਗ ਪਰਾਈ,
ਸੰਗ ਸਾਡੀ ਲੱਜਿਆ
ਬੋਲ ਕਦੇ ਨਾ ਬੋਲੀ
ਭਾਵੇਂ ਅੱਗ ਅਮਾਨਤ ਸਾਡੀ
ਅੱਜ ਕਿਸੇ ਹੋਰ ਅੰਗਾਰੇ ਦੀ
ਮੈਂ ਸੱਜਣ ਰਿਸ਼ਮ ਰੁਪਹਿਲੀ
ਪਹਿਲੇ ਤਾਰੇ ਦੀ
ਮੈਂ ਤੇਲ ਚੋਈ ਦਹਿਲੀਜ਼
ਸੱਜਣ ਤੇਰੇ ਦੁਆਰੇ ਦੀ
 

Jaswinder Singh Baidwan

Akhran da mureed
Staff member
ਚੰਬੇ ਦੀ ਖੁਸ਼ਬੋ

ਸੱਜਣ ਜੀ,
ਮੈਂ ਚੰਬੇ ਦੀ ਖੁਸ਼ਬੋ
ਇਕ ਦੋ ਚੁੰਮਣ ਹੋਰ ਹੰਢਾ
ਅਸਾਂ ਉੱਡ ਪੁੱਡ ਜਾਣਾ ਹੋ
ਸੱਜਣ ਜੀ,
ਮੈਂ ਚੰਬੇ ਦੀ ਖੁਸ਼ਬੋ !

ਧੀ ਬਗਾਨੀ ਮੈਂ ਪਰਦੇਸ਼ਣ
ਟੁਰ ਤੈਂਡੇ ਦਰ ਆਈ
ਸੈਆਂ ਕੋਹ ਮੇਰੇ ਪੈਰੀਂ ਪੈਂਡਾ
ਭੁੱਖੀ ਤੇ ਤਿਰਹਾਈ
ਟੁਰਦੇ ਟੁਰਦੇ ਸੱਜਣ ਜੀ,
ਸਾਨੂੰ ਗਿਆ ਕੁਵੇਲਾ ਹੋ !
ਸੱਜਣ ਜੀ ,
ਮੈਂ ਚੰਬੇ ਦੀ ਖੁਸ਼ਬੋ !

ਸੱਜਣ ਜੀ.,
ਅਸਾਂ ਮੰਨਿਆਂ, ਕਿ
ਹਰ ਸਾਹ ਹੁੰਦਾ ਹੈ ਕੋਸਾ
ਪਰ ਹਰ ਸਾਹ ਨਾ ਚੁੰਮਣ ਬਣਦਾ
ਨਾ ਹਰ ਚੁੰਮਣ ਹੌਕਾ
ਨਾ ਹਰ ਤੂਤ ਦਾ ਪੱਤਰ ਬਣਦਾ
ਰੇਸ਼ਮ ਦੀ ਤੰਦ ਹੋ !
ਸੱਜਣ ਜੀ !
ਮੈਂ ਚੰਬੇ ਦੀ ਖੁਸ਼ਬੋ !

ਸੱਜਣ ਜੀ,
ਅਸੀਂ ਚੁੰਮਣ ਦੇ ਗਲ
ਕਿਤ ਬਿਧ ਬਾਹੀਂ ਪਾਈਏ
ਜੇ ਪਾਈਏ ਤਾਂ ਫਜਰੋਂ ਪਹਿਲਾਂ
ਦੋਵੇਂ ਹੀ ਮਰ ਜਾਈਏ
ਮਸਝ ਨਾ ਆਵੇ
ਚੁੰਮਣ ਮਹਿੰਗਾ
ਜਾਂ ਜਿੰਦ ਮਹਿੰਗੀ ਹੋ !
ਸੱਜਣ ਜੀ,
ਮੈਂ ਚੰਬੇ ਦੀ ਖੁਸ਼ਬੋ
ਇਕ ਦੋ ਚੁੰਮਣ ਹੋਰ ਹੰਢਾ
ਅਸਾਂ ਉੱਡ ਪੁੱਡ ਜਾਣਾ ਹੋ
 

Jaswinder Singh Baidwan

Akhran da mureed
Staff member
ਫ਼ਰਕ

ਜਦੋਂ ਮੇਰੇ ਗੀਤ ਕੱਲ ਤੈਥੋਂ
ਵਿਦਾਇਗੀ ਮੰਗ ਰਹੇ ਸੀ
ਤਦੋਂ ਯਾਰ
ਹੱਥਕੜੀਆਂ ਦਾ ਜੰਗਲ ਲੰਘ ਰਹੇ ਸੀ
ਤੇ ਮੇਰੇ ਜਿਹਨ ਦੀ ਤਿੜਕੀ ਹੋਈ ਦੀਵਾਰ ਉੱਤੇ
ਅਜਬ ਕੁੱਝ ਡੱਬ-ਖੜੱਬੇ ਨਗਨ ਸਾਏ
ਕੰਬ ਰਹੇ ਸੀ।
ਦੀਵਾਰੀ ਸੱਪ ਤ੍ਰੇੜਾਂ ਦੇ
ਚੁਫੇਰਾ ਡੰਗ ਰਹੇ ਸੀ ।
ਇਹ ਪਲ ਮੇਰੇ ਲਈ ਦੋਫਾੜ ਪਲ ਸੀ
ਦੋ-ਚਿੱਤੀਆਂ ਨਾਲ ਭਰਿਆ ।
ਦੋ-ਨਦੀਆਂ ਸੀਤ ਜਲ ਸੀ ।
ਮੈਂ ਤੇਰੇ ਨਾਲ ਵੀ ਨਹੀਂ ਸਾਂ
ਤੇ ਤੇਰੇ ਨਾਲ ਵੀ ਮੈਂ ਸਾਂ
ਮੈਨੂੰ ਏਸੇ ਹੀ ਪਲ
ਪਰ ਕੁਝ ਨਾ ਕੁਝ ਸੀ ਫੈਸਲਾ ਕਰਨਾ
ਕੀ ਤੇਰੇ ਨਾਲ ਹੈ ਚੱਲਣਾ ?
ਕੀ ਤੇਰੇ ਨਾਲ ਹੈ ਮਰਨਾ ?
ਜਾਂ ਉਹਨਾਂ ਨਾਲ ਹੈ ਮਰਨਾ ?
ਕਿ ਜਾਂ ਤਲਵਾਰ ਹੈ ਬਣਨਾ ?
ਕਿ ਮੈਨੂੰ ਗੀਤ ਹੈ ਬਣਨਾ
ਸੀ ਉੱਗੇ ਰੁੱਖ ਸਲਾਖਾਂ ਦੇ
ਮੇਰੀ ਇਕ ਸੋਚ ਦੇ ਪਾਸੇ
ਤੇ ਦੂਜੀ ਤਰਫ ਸਨ
ਤੇਰੇ ਉਦਾਸੇ ਮੋਹ ਭਰੇ ਹਾਸੇ
ਤੇ ਇੱਕ ਪਾਸੇ ਖੜੇ ਸਾਏ ਸੀ
ਜੇਲ ਬੂਹਿਆਂ ਦੇ
ਜਿਨਾਂ ਪਿੱਛੇ ਮੇਰੇ ਯਾਰਾਂ ਦੀਆਂ
ਨਿਰਦੋਸ਼ ਚੀਕਾਂ ਸਨ
ਜਿਨਾਂ ਦਾ ਦੋਸ਼ ਏਨਾ ਸੀ
ਕਿ ਸੂਰਜ ਭਾਲਦੇ ਕਿਉਂ ਨੇ
ਉਹ ਆਪਣੇ ਗੀਤ ਦੀ ਅੱਗ ਨੂੰ
ਚੌਰਾਹੀਂ ਬਾਲਦੇ ਕਿਉਂ ਨੇ
ਉਹ ਆਪਣੇ ਦਰਦ ਦਾ ਲੋਹਾ
ਕੁਠਾਲੀ ਢਾਲਦੇ ਕਿਉਂ ਨੇ
ਤੇ ਹੱਥਕੜੀਆਂ ਦੇ ਜੰਗਲ ਵਿੱਚ ਵੀ ਆ
ਲਲਕਾਰਦੇ ਕਿਉਂ ਨੇ ?
ਤੇ ਫਿਰ ਮੈਂ ਕੁੱਝ ਸਮੇ ਲਈ
ਇਸ ਤਰਾਂ ਖਾਮੋਸ਼ ਸਾਂ ਬੈਠਾ
ਕਿ ਨਾਂ ਹੁਣ ਗੀਤ ਹੀ ਮੈਂ ਸਾਂ
ਸਗੋਂ ਦੋਹਾਂ ਪੜਾਵਾਂ ਤੇ ਖੜਾ
ਇੱਕ ਭਾਰ ਹੀ ਮੈਂ ਸਾਂ ।
ਇਵੇਂ ਖਾਮੋਸ਼ ਬੈਠੇ ਨੂੰ
ਮੈਨੂੰ ਯਾਰਾਂ ਤੋਂ ਸੰਗ ਆਉਂਦੀ
ਕਦੀ ਮੇਰਾ ਗੀਤ ਗੁੰਮ ਜਾਂਦਾ
ਕਦੇ ਤਲਵਾਰ ਗੁੰਮ ਜਾਂਦੀ ।
ਤੂੰ ਆ ਕੇ ਪੁੱਛਦੀ ਮੈਨੂੰ
ਕਿ ਤੇਰਾ ਗੀਤ ਕਿੱਥੇ ਹੈ ?
ਤੇ ਮੇਰੇ ਯਾਰ ਆ ਕੇ ਪੁੱਛਦੇ
ਤਲਵਾਰ ਕਿੱਥੇ ਹੈ ?
ਤੇ ਮੈਂ ਦੋਹਾਂ ਨੂੰ ਇਹ ਕਹਿੰਦਾ
ਮੇਰੀ ਦੀਵਾਰ ਪਿੱਛੇ ਹੈ
ਮੈਨੂੰ ਦੀਵਾਰ ਵਾਲੀ ਗੱਲ ਕਹਿੰਦੇ
ਸ਼ਰਮ ਜਿਹੀ ਆਉਂਦੀ
ਕਿ ਉਸ ਦੀਵਾਰ ਪਿੱਛੇ ਤਾਂ
ਸਿਰਫ ਦੀਵਾਰ ਸੀ ਰਹਿੰਦੀ
ਤੇ ਮੇਰੀ ਰੂਹ ਜੁਲਾਹੇ ਦੀ
ਨਲੀ ਵੱਤ ਭਟਕਦੀ ਰਹਿੰਦੀ
ਕਦੇ ਉਹ ਗੀਤ ਵੱਲ ਜਾਂਦੀ
ਕਦੇ ਤਲਵਾਰ ਵੱਲ ਜਾਂਦੀ ।
ਨਾਂ ਹੁਣ ਯਾਰਾਂ ਦਾ
ਹੱਥਕੜੀਆਂ ਦੇ ਜੰਗਲ ਚੋਂ ਵੀ ਖਤ ਆਉਂਦਾ
ਨਾ ਤੇਰਾ ਹੀ ਪਹਾੜੀ ਨਦੀ ਵਰਗਾ
ਬੋਲ ਸੁਣ ਪਾਂਦਾ
ਤੇ ਮੈਂ ਦੀਵਾਰ ਦੇ ਪਿੱਛੇ ਸਾਂ ਹੁਣ
ਦੀਵਾਰ ਵਿੱਚ ਰਹਿੰਦਾ ।
ਮੈਂ ਹੁਣ ਯਾਰਾਂ ਦੀਆਂ ਨਜ਼ਰਾਂ ‘ਚ ਸ਼ਾਇਦ
ਮਰ ਗਿਆ ਸਾਂ
ਤੇ ਤੇਰੀ ਨਜ਼ਰ ਵਿੱਚ
ਮੈਂ ਬੇਵਫਾਈ ਕਰ ਗਿਆ ਸਾਂ
ਪਰ ਅੱਜ ਇੱਕ ਦੇਰ ਪਿੱਛੋਂ
ਸੂਰਜੀ ਮੈਨੂੰ ਰਾਹ ਕੋਈ ਮਿਲਿਐ
ਤੇ ਏਸੇ ਰਾਹ ਤੇ ਮੈਨੂੰ ਤੁਰਦਿਆਂ
ਇਹ ਸਮਝ ਆਈ ਹੈ
ਕਦੇ ਵੀ ਗੀਤ ਤੇ ਤਲਵਾਰ ਵਿੱਚ
ਕੋਈ ਫ਼ਰਕ ਨਹੀਂ ਹੁੰਦਾ ।
ਜੇ ਕੋਈ ਫ਼ਰਕ ਹੁੰਦਾ ਹੈ
ਤਾਂ ਬਸ ਹੁੰਦਾ ਸਮਿਆਂ ਦਾ
ਕਦੇ ਤਾਂ ਗੀਤ ਸੱਚ ਕਹਿੰਦੈ
ਕਦੇ ਤਲਵਾਰ ਸੱਚ ਕਹਿੰਦੀ
ਹੈ ਗੀਤਾਂ ‘ਚੋਂ ਹੀ
ਹੱਥਕੜੀਆਂ ਦੇ ਜੰਗਲ ਨੂੰ ਸੜਕ ਜਾਂਦੀ ।
ਤੇ ਹੁਣ ਇਹ ਵਕਤ ਹੈ
ਤਲਵਾਰ ਲੈ ਕੇ ਮੈਂ ਚਲਾ ਜਾਵਾਂ
ਤੇ ਹੱਥਕੜੀਆਂ ਦੇ ਜੰਗਲ ਵਾਲਿਆਂ ਦੀ
ਬਾਤ ਸੁਣ ਆਵਾਂ ।
 

Jaswinder Singh Baidwan

Akhran da mureed
Staff member
ਇਹ ਕੇਹੇ ਦਿਨ ਆਏ


ਇਹ ਕੇਹੇ ਦਿਨ
ਆਏ ਨੀ ਜਿੰਦੇ
ਇਹ ਕੇਹੇ ਦਿਨ ਆਏ
ਗਲ ਮਹਿਕਾਂ ਦੀ ਪਾ ਕੇ ਗਾਨੀ
ਚੇਤਰ ਟੁਰਿਆ ਜਾਏ ਨੀ ਜਿੰਦੇ
ਇਹ ਕੇਹੇ ਦਿਨ ਆਏ ?

ਅੰਬਰ ਦੀ ਇਕ ਥਿੰਦੀ ਚਾਟੀ
ਸੰਦਲੀ ਪੌਣ ਮਧਾਣੀ
ਅੱਧੀ ਰਾਤੀਂ ਰਿੜਕਣ ਬੈਠੀ
ਚਾਨਣ ਧਰਤ ਸੁਆਣੀ
ਚੰਨ ਦਾ ਪੇੜਾ,
ਖੁਰ ਖੁਰ ਜਾਏ-
ਸੇਕ ਨਾ ਵੱਤਰ ਆਏ ਨੀ ਜਿੰਦੇ
ਇਹ ਕੇਹੇ ਦਿਨ ਆਏ ?

ਮਹਿਕਾਂ ਦਾ ਇਕ ਮਾਨਸਰੋਵਰ
ਕੋਸੇ ਜਿਸ ਦੇ ਪਾਣੀ
ਰੁੱਤ ਮੁਟਿਆਰ,
ਪਈ ਵਿਚ ਨਾਵੇ
ਧੁੱਪ ਦਾ ਪਰਦਾ ਤਾਣੀ
ਧੁੱਪ ਦਾ ਪਰਦਾ -
ਅੰਗ ਅੰਗ ਨਜ਼ਰੀਂ ਆਏ ਨੀ ਜਿੰਦੇ
ਇਹ ਕੇਹੇ ਦਿਨ ਆਏ ?
ਸੁਪਨੇ ਜੀਕਣ ਫੁੱਲਾਂ ਲਦੀ
ਮੌਲਸਰੀ ਦੀ ਟਹਿਣੀ
ਜਿਸ ਰੁੱਤੇ ਸਾਡਾ ਇਸ਼ਕ ਗਵਾਚਾ
ਉਹ ਰੁੱਤ ਚੇਤਰ ਮਾਣੀ
ਤਾਹੀਓਂ ਰੁੱਤ ਚੋਂ,
ਗੀਤਾਂ ਵਰਗੀ,
ਅੱਜ ਖੁਸ਼ਬੋਈ ਆਈ ਨੀ ਜਿੰਦੇ
ਇਹ ਕੇਹੇ ਦਿਨ ਆਏ ?

ਰੁੱਤਾਂ ਨੂੰ ਮਹਿਕਾਂ ਦਾ ਉਹਲਾ
ਪਰ ਸਾਨੂੰ ਅਜ ਕਿਹੜਾ
ਰੁੱਤਾਂ ਦੇ ਘਰ ਚਾਨਣ ਜਾਏ
ਪਰ ਮੇਰੇ ਘਰ ਨੇਰਾ
ਗੁਲਰ ਦੇ ਫੁੱਲ ਕਿਰ ਕਿਰ ਜਾਵਣ
ਚੰਬਾ ਖਿੜ ਖਿੜ ਜਾਏ ਨੀ ਜਿੰਦੇ
ਇਹ ਕੇਹੇ ਦਿਨ ਆਏ ?
ਗਲ ਮਹਿਕਾਂ ਦੀ
ਪਾ ਕੇ ਗਾਨੀ
ਚੇਤਰ ਟੁਰਿਆ ਜਾਏ ਨੀ ਜਿੰਦੇ
ਇਹ ਕੇਹੇ ਦਿਨ ਆਏ
 

Jaswinder Singh Baidwan

Akhran da mureed
Staff member
ਮੇਰ ਨਾਮੁਰਾਦ ਇਸ਼ਕ ਦਾ ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ ਰਹਿ ਰਹਿ ਕੇ ਤਰਸ ਆਇਆ

ਮੇਰੇ ਦਿਲ ਮਾਸੂਮ ਦਾ ਕੁਝ ਹਾਲ ਇਸ ਤਰਾਂ ਹੈ
ਸੂਲੀ ਤੇ ਬੇਗੁਨਾਹ ਜਿਉਂ ਮਰੀਅਮ ਕਿਸੇ ਦਾ ਜਾਇਆ

ਇਕ ਵਕਤ ਸੀ ਕਿ ਆਪਣੇ, ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁੱਦ ਲਈ ਅਜ ਆਪ ਹਾ ਪਰਾਇਆ

ਮੇਰੇ ਦਿਲ ਦੇ ਦਰਦ ਦਾ ਵੀ ਉਕਾ ਨ ਭੇਤ ਚਲਿਆ
ਜਿਉਂ ਜਿਉਂ ਟਕੋਰ ਕੀਤੀ ਵਧਿਆ ਸਗੋਂ ਸਵਾਇਆ

ਮੈਂ ਚਾਹੁੰਦਿਆਂ ਵੀ ਆਪ ਨੁੰ ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ ਆਪੇ ਜਦੋਂ ਸੁਣਾਇਆ

ਕਹਿੰਦੇ ਨੇ ਯਾਰ 'ਸ਼ਿਵ' ਦੇ ਮੁਦਤ ਹੋਈ ਹੈ ਮਰਿਆ
ਪਰ ਰੋਜ਼ ਆ ਕੇ ਮਿਲਦੈ ਅਜ ਤੀਕ ਉਸ ਦਾ ਸਾਇਆ.
 

Jaswinder Singh Baidwan

Akhran da mureed
Staff member
ਰਾਤ ਗਈ ਕਰ ਤਾਰਾ ਤਾਰਾ

ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ
ਰਾਤੀਂ ਈਕਣ ਸੜਿਆ ਸੀਨਾ
ਅੰਬਰ ਟਪ ਗਿਆ ਚੰਗਿਆੜਾ
ਅੱਖਾਂ ਹੋਈਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਲਾ ਇਕ ਹੰਝੂ ਖਾਰਾ
ਮੈਂ ਬੁੱਝੇ ਦੀਵੇ ਦਾ ਧੂਆਂ
ਕਿੰਝ ਕਰਾਂ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ
 

Jaswinder Singh Baidwan

Akhran da mureed
Staff member
ਮੇਰੀ ਉਮਰਾ ਬੀਤੀ ਜਾਏ

ਸਈਉ ਨੀ,
ਮੇਰੇ ਗਲ ਲਗ ਰੋਵੋ
ਨੀ ਮੇਰੀ ਉਮਰਾ ਬੀਤੀ ਜਾਏ
ਉਮਰਾਂ ਦਾ ਰੰਗ ਕੱਚਾ ਪੀਲਾ
ਨਿਸ ਦਿਨ ਫਿੱਟਦਾ ਜਾਏ
ਸਈਉ ਨੀ
ਮੇਰੇ ਗਲ ਲੱਗ ਰੋਵੋ
ਨੀ ਮੇਰੀ ਉਮਰ ਬੀਤੀ ਜਾਏ !

ਇਸ ਰੁੱਤੇ ਸਾਡਾ ਇਕੋ ਸੱਜਣ
ਇਕ ਰੁੱਤ ਖਲਕਤ ਮੋਹੀ
ਇਕ ਰੁੱਤੇ ਸਾਡੀ ਸੱਜਣ ਹੋਈ
ਗੀਤਾਂ ਦੀ ਖੁਸ਼ਬੋਈ
ਇਹ ਰੁੱਤ ਕੇਹੀ ਨਿਕਰਮਣ,
ਜਦ ਸਾਨੂੰ ਕੋਈ ਨਾ ਅੰਗ ਛੁਹਾਏ
ਸਈਉ ਨੀ,
ਮੇਰੇ ਗਲ ਲੱਗ ਰੋਵੋ
ਨੀ ਮੇਰੀ ਉਮਰ ਬੀਤੀ ਜਾਏ !

ਇਹ ਰੁੱਤ ਕੇਹੀ ਕਿ ਜਦ ਮੇਰਾ ਜੋਬਨ
ਨਾ ਭਰਿਆ ਨਾ ਊਣਾ
ਅੱਠੇ ਪਹਿਰ ਦਿਲੇ ਦਿਲਗੀਰੀ
ਮੈਂ ਭਲਕੇ ਨਹੀਂ ਜਿਊਣਾ
ਅੱਗ ਲੱਗੀ,
ਇਕ ਰੂਪ ਦੇ ਬੇਲੇ
ਦੂਜੇ ਸੂਰਜ ਸਿਰ ਤੇ ਆਏ
ਸਈਉ ਨੀ,
ਮੇਰੇ ਗਲ ਲੱਗ ਰੋਵੋ
ਨੀ ਮੇਰੀ ਉਮਰ ਬੀਤੀ ਜਾਏ !

ਰੂਪ ਜੇ ਵਿਰਥਾ ਜਾਏ ਸਈਉ
ਮਨ ਮੈਲਾ ਕੁਮਲਾਏ
ਗੀਤ ਜੇ ਵਿਰਥਾ ਜਾਏ
ਤਾਂ ਵੀ,
ਇਹ ਜੱਗ ਭੰਡਣ ਆਏ
ਮੈਂ ਵਡਭਾਗੀ ਜੇ ਮੇਰੀ ਉਮਰਾ
ਗੀਤਾਂ ਨੂੰ ਲੱਗ ਜਾਏ
ਕੀਹ ਭਰਵਾਸਾ ਭਲਕੇ ਮੇਰਾ
ਗੀਤ ਕੋਈ ਮਰ ਜਾਏ
ਇਸ ਰੁੱਤੇ ਸੋਈਉ ਸੱਜਣ ਥੀਵੇ
ਜੋ ਸਾਨੂੰ ਅੰਗ ਛੁਹਾਏ
ਸਈਉ ਨੀ ਮੇਰੇ ਗਲ ਲਗ ਰੋਵੋ
ਨੀ ਮੇਰੀ ਉਮਰਾ ਬੀਤੀ ਜਾਏ
ਉਮਰਾਂ ਦਾ ਰੰਗ ਕੱਚਾ ਪੀਲਾ
ਨਿਸ ਦਿਨ ਫਿੱਟਦਾ ਜਾਏ
 

Jaswinder Singh Baidwan

Akhran da mureed
Staff member
ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬੀਮਾਰ ਹੋਵੇਗਾ

ਕਿਸੇ ਵੀ ਜਨਮ ਆ ਕੇ ਵੇਖ ਲਈਂ
ਤੇਰਾ ਹੀ ਇੰਤਜ਼ਾਰ ਹੋਵੇਗਾ

ਜਿੱਥੇ ਭਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਿਜ਼ਾਰ ਹੋਵੇਗਾ

ਕਿਸ ਨੇ ਮੈਨੂੰ ਆਵਾਜ਼ ਮਾਰੀ ਹੈ
ਕੋਈ ਦਿਲ ਦਾ ਬੀਮਾਰ ਹੋਵੇਗਾ

ਇੰਜ ਲਗਦਾ ਹੈ 'ਸ਼ਿਵ' ਦੇ ਸ਼ਿਅਰਾਂ ਚੋਂ
ਕੋਈ ਧੁਖਦਾ ਅੰਗਾਰ ਹੋਵੇਗਾ.
 

Jaswinder Singh Baidwan

Akhran da mureed
Staff member
ਲੁੱਚੀ ਧਰਤੀ
ਅੰਬਰ ਦਾ ਜਦ ਕੰਬਲ ਲੈ ਕੇ,
ਧਰਤੀ ਕੱਲ ਦੀ ਸੁੱਤੀ,
ਮੈਨੂੰ ਧਰਤੀ ਲੁੱਚੀ ਜਾਪੀ,
ਮੈਨੂੰ ਜਾਪੀ ਕੁੱਤੀ।
ਸਦਾ ਹੀ ਰਾਜ-ਘਰਾਂ ਸੰਗ ਸੁੱਤੀ,
ਰਾਜ-ਘਰਾਂ ਸੰਗ ਉਠੀ,
ਝੁਗੀਆਂ ਦੇ ਸੰਗ ਜਦ ਵੀ ਬੋਲੀ,
ਬੋਲੀ ਸਦਾ ਹੀ ਰੁੱਖੀ।
ਇਹ ਗੱਲ ਵੱਖਰੀ ਹੈ ਕਿ ਉਨ੍ਹਾਂ,
ਅੱਖੀਆਂ ਉਪਰ ਚੁੱਕੀ,
ਉਹ ਇਹਨੂੰ 'ਮਾਂ' ਕਹਿੰਦੇ ਹਨ,
ਭਾਵੇਂ ਇਹ ਕਪੁੱਤੀ।
ਉਨ੍ਹਾਂ ਇਹਨੂੰ ਲਾਡ ਲਡਾਇਆ,
ਪਰ ਇਹ ਰੁੱਸੀ-ਰੁੱਸੀ.
ਕਈ ਵਾਰੀ ਇਹਦੀ ਇੱਜ਼ਤ ਰਲ ਕੇ,
ਸੌ ਸਿਕੰਦਰਾਂ ਲੁਟੀ।
ਇਹਨੇ ਰਾਜ-ਘਰਾਂ 'ਚੋਂ ਆ ਕੇ,
ਫਿਰ ਵੀ ਬਾਤ ਨਾ ਪੁੱਛੀ।
ਅੱਜ ਤੋਂ ਮੈਂ ਇਹਨੂੰ ਲੁੱਚੀ ਕਹਿੰਦਾ,
ਅੱਜ ਤੋਂ ਮੈਂ ਇਹਨੂੰ ਕੁੱਤੀ,
ਕੱਲ ਤਕ ਜਿਹੜੀ ਮਾਂ ਵਾਕਣ ਮੈਂ,
ਅੱਖੀਆਂ 'ਤੇ ਸੀ ਚੁੱਕੀ।
 

Jaswinder Singh Baidwan

Akhran da mureed
Staff member
ਸ਼ਹਿਰ ਤੇਰੇ ਤਰਕਾਲਾਂ ਢਲੀਆਂ
ਗਲ ਲਗ ਰੋਈਆਂ ਤੇਰੀਆਂ ਗਲੀਆਂ

ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ

ਮੱਥੇ ਦਾ ਦੀਵਾ ਨ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ

ਇਸ਼ਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ

'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ.
 

Jaswinder Singh Baidwan

Akhran da mureed
Staff member
ਜਿੰਦ ਮਜਾਜਨ

ਜਿੰਦ ਮਜਾਜਨ
ਜੀਣ ਨਾ ਦੇਂਦੀ
ਜੇ ਮੈਂ ਮਰਦਾਂ
ਹਾੜੇ ਕੱਢਦੀ
ਜੇ ਥੀਦਾਂ,
ਮੈਨੂੰ ਥੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ !

ਜੇ ਮੈਂ ਕਹਿੰਦਾ :
ਆ ਟੁਰ ਚਲੀਏ
ਕਿਧਰੇ ਦੇਸ਼ ਪਰਾਏ
ਤਾਂ ਆਖੇ :
ਜੇ ਪੈਰ ਪੁਟੀਵਾਂ
ਚਾਨਣ ਮਿੱਧਿਆ ਜਾਏ
ਜੇ ਰਾਹਾਂ ਚੋਂ ਚਾਨਣ ਚੁਗਦਾਂ
ਇਕ ਵੀ ਕਿਰਨ-
ਚੁਗੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ !

ਜੇ ਜ਼ਿੰਦਗੀ ਦਾ ਪਾਣੀ ਮੰਗਦਾਂ
ਤਾਂ ਭੰਨ ਸੁੱਟਦੀ ਕਾਸੇ
ਆਖੇ ਭਾਵੇਂ ਸਰਵਰ ਛਲਕਣ
ਆਸ਼ਿਕ ਮਰਨ ਪਿਆਸੇ
ਜੇ ਮੈਂ ਘੋਲ ਹਲਾਹਲ ਪੀਂਦਾਂ
ਉਹ ਵੀ ਮੈਨੂੰ
ਪੀਣ ਨਾ ਦੇਂਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ !

ਜੇ ਆਖਾਂ ਦਿਲ ਪਾਟ ਗਿਆ
ਇਹਨੂੰ ਲਾ ਵਸਲਾਂ ਦੇ ਤੋਪੇ
ਤਾਂ ਆਖੇ ਕੋਈ ਸੂਈ ਕੰਧੂਈ
ਪੁੜ ਜਾਊ ਮੇਰੇ ਪੋਟੇ
ਨਾ ਪੂਰਾ ਦਿਲ ਪਾਟਣ ਦੇਂਦੀ
ਨਾ ਪੂਰਾ ਇਹਨੂੰ,
ਸੀਣ ਹੀ ਦਿੰਦੀ
ਜਿੰਦ ਮਜਾਜਨ
ਜੀਣ ਨਾ ਦੇਂਦੀ !

ਜਿੰਦੇ ਨੀ ਤੇਰੀ ਖੈਰ ਬਲਾਈਂ
ਹੋ ਆਸੇ ਜਾਂ ਪਾਸੇ
ਹੋਰ ਨਾ ਸਾਥੋਂ ਕੱਟਣ ਹੁੰਦੇ
ਬਿਰਹੋਂ ਦੇ ਜਗਰਾਤੇ
ਹੁਣ ਸਾਹਵਾਂ ਦੀ ਬੌਲੀ ਵਿਚੋਂ
ਕਿਸਮਤ ਘੁੱਟ ਭਰੀਣ ਨਾ ਦੇਂਦੀ
ਜਿੰਦ ਮਜਾਜਨ ਜੀਣ ਨਾ ਦੇਂਦੀ
ਜੇ ਮੈਂ ਮਰਦਾਂ ਹਾੜੇ ਕਢਦੀ
ਜੇ ਥੀਵਾਂ,
ਮੈਨੂੰ ਥੀਣ ਨਾ ਦੇਂਦੀ.
 
U

Unregistered

Guest
ਪੁਰਾਣੀ ਅੱਖ

ਪੁਰਾਣੀ ਅੱਖ ਮੇਰੇ ਮੱਥੇ 'ਚੋ ਕੱਢ ਕੇ
ਸੁੱਟ ਦਿਉ ਕਿੱਧਰੇ
ਇਹ ਅੰਨੀ ਹੋ ਚੁੱਕੀ ਹੈ
ਮੈਨੂੰ ਇਸ ਅੱਖ ਸੰਗ
ਹੁਣ ਆਪਣਾ ਆਪਾ ਵੀ ਨਹੀ ਦਿਸਦਾ
ਤੁਹਾਨੂੰ ਕਿੰਝ ਵੇਖਾਂਗਾ
ਬਦਲਦੇ ਮੌਸਮ ਦੀ ਅੱਗ ਸਾਵੀ
ਕਿੰਝ ਸੇਕਾਂਗਾ?

ਇਹ ਅੱਖ ਕੈਸੀ ਹੇ ਜਿਸ ਵਿਚ
ਪੁਠੇ ਚਮਗਿੱਦੜਾਂ ਦਾ ਵਾਸਾ ਹੈ
ਤੇ ਪੁਸ਼ਤੋ-ਪੁਸ਼ਤ ਤੋ ਜੰਮੀ ਹੋਈ
ਬੁੱਢੀ ਨਿਰਾਸ਼ਾ ਹੈ
ਨਾ ਇਸ ਵਿਚ ਦਰਦ ਹੈ ਰਾਈ
ਤੇ ਨਾ ਚਾਨਣ ਹੀ ਮਾਸਾ ਹੈ !

ਇਹ ਅੱਖ ਮੇਰੇ ਆਦਿ ਪਿਤਰਾਂ ਨੂੰ
ਸਮੁੰਦਰ 'ਚੋ ਜਦੋ ਲੱਭੀ
ਉਹਨਾਂ ਸੂਰਾਂ ਦੇ ਵਾੜੇ ਵਿਚ
ਤृਕੀ ਬੋਅ 'ਚ ਆ ਦੱਬੀ
ਤੇ ਮੇਰੇ ਜਨਮ ਛਿਣ ਵੇਲੇ
ਮੇਰੇ ਮੱਥੇ 'ਚ ਆ ਗੱਡੀ
ਤੇ ਫਿਰ ਸੂਰਾਂ ਦੇ ਵਾੜੇ ਵਿਚ
ਕਈ ਦਿਨ ਢੋਲਕੀ ਵੱਜੀ !

ਤੇ ਫਿਰ ਸੂਰਾਂ ਦੇ ਵਾੜੇ ਨੂੰ
ਮੈਂ ਇੱਕ ਦਿਨ ਕਹਿੰਦਿਆ ਸੁਣਿਆ-
" ਇਹ ਅੱਖ ਲੈ ਕੇ ਕਦੇ ਵੀ ਇਸ ਘਰ 'ਚੋਂ
ਬਾਹਰ ਜਾਈਂ ਨਾ
ਜੇ ਬਾਹਰ ਜਾਏਂ ਤਾ ਪੁੱਤਰਾ
ਕਦੇ ਇਸਨੂੰ ਗਵਾਈਂ ਨਾ
ਇਹ ਅੱਖ ਜੱਦੀ ਅਮਾਨਤ ਹੈ
ਇਹ ਗੱਲ ਬਿਲਕੁਲ ਭੁਲਾਈਂ ਨਾ
ਤੇ ਕੁੱਲ ਨੂੰ ਦਾਗ ਲਾਈ ਨਾ
ਇਹ ਅੱਖ ਸੰਗ ਖੂਹ 'ਚ ਤਾਰੇ ਵੇਖ ਲਈਂ
ਸੂਰਜ ਨਾ ਪਰ ਵੇਖੀਂ
ਇਸ ਅੱਖ ਦੇ ਗਾਹਕ ਲੱਖਾਂ ਮਿਲਣਗੇ
ਪਰ ਅੱਖ ਨਾ ਵੇਚੀਂ
ਬਦਲਦੇ ਮੌਸਮ ਦੀ ਅੱਗ ਸਾਵੀ
ਕਦੇ ਨਾ ਸੇਕੀ !

ਇਹ ਅੱਖ ਲੈ ਕੇ ਜਦੋਂ ਵੀ ਮੈ ਕਿਤੇ
ਪਰਦੇਸ ਨੂੰ ਜਾਂਦਾ
ਮੇਰੇ ਕੰਨਾਂ 'ਚੋ ਪਿਤਰਾ ਦਾ
ਕਿਹਾ ਹਰ ਬੋਲ ਕੁਰਲਾਂਦਾ
'ਤੇ ਮੈ ਮੱਥੇ ਚੋਂ ਅੱਖ ਕੱਢ ਕੇ
ਸਦਾ ਬੋਜੇ 'ਚ ਪਾ ਲੈਂਦਾ
ਮੈ ਕੋਈ ਸੂਰਜ ਤਾਂ ਕੀ
ਸੂਰਜ ਦੀਆਂ ਕਿਰਨਾ ਵੀ ਨਾ ਤੱਕਦਾ
ਹਮੇਸ਼ਾ ਖੂਹ 'ਚ ਰਹਿੰਦੇ
ਤਾਰਿਆਂ ਨਾਲ ਹੀ ਹੱਸਦਾ
ਤੇ ਬਲ ਕੇ ਬੁਝ ਗਈ ਅੱਖ ਸੰਗ
ਕਈ ਰਾਹੀਆਂ ਨੂੰ ਰਾਹ ਦੱਸਦਾ !

ਪਰ ਅੱਜ ਇਸ ਅੱਖ ਨੂੰ
ਮੱਥੇ 'ਚ ਲਾ ਜਦ ਆਪ ਨੂੰ ਲੱਭਿਆ
ਮੈਨੂੰ ਮੇਰਾ ਆਪ ਨਾ ਲੱਭਿਆ
ਮੈਨੂੰ ਮੇਰੀ ਅੱਖ ਪੁਰਾਣੀ ਹੋਣ ਦਾ
ਧੱਕਾ ਜਿਹਾ ਲੱਗਿਆ
ਤੇ ਹਰ ਇੱਕ ਮੋੜ ਤੇ ਮੇਰੇ ਪੈਰ ਨੂੰ
ਠੇਡਾ ਜਿਹਾ ਵੱਜਿਆ !

ਮੇਰੇ ਮਿਤਰੋ ! ਇਸ ਦੋਸ਼ ਨੂੰ
ਮੇਰੇ 'ਤੇ ਹੀ ਛੱਡੋ
ਤੁਸੀ ਹੋਛੇ ਬਣੋਂਗੇ
ਜੇ ਮੇਰੇ ਪਿਤਰਾ ਦੇ ਮੂੰਹ ਲੱਗੋ
ਤੁਸੀ ਕੁੱਤਿਆ ਦੀ ਪਿੱਠ ਤੇ ਬੈਠ ਕੇ
ਜਲੂਸ ਨਾ ਕੱਢੋ
ਤੇ ਲੋਕਾਂ ਸਾਹਮਣੇ ਮੈਨੂੰ
ਅੰਨਾ ਤਾਂ ਨਾ ਸੱਦੋ
ਸਗੋਂ ਮੈਨੂੰ ਤੁਸੀ ਸੂਰਾਂ ਦੇ ਵਾੜੇ
ਤੀਕ ਤਾਂ ਛੱਡੋ
ਮੈ ਸ਼ਾਇਦ ਗੁੰਮ ਗਿਆ ਹਾ ਦੋਸਤੋ
ਮੇਰਾ ਘਰ ਕਿਤੋਂ ਲੱਭੋ !

ਮੈ ਇਹ ਅੱਖ ਅੱਜ ਹੀ
ਸੂਰਾx ਨੂੰ ਜਾ ਕੇ ਮੋੜ ਆਵਾਗਾ
ਤੇ ਆਪਣੇ ਸੀਸ ਵਿਚ
ਬਲਦੀ ਸੁਲਗਦੀ ਅੱਖ ਉਗਾਵਾਂਗਾ
ਜੋ ਰਾਹ ਸੂਰਜ ਨੂੰ ਜਾਂਦਾ ਹੈ
ਤੁਹਾਡੇ ਨਾਲ ਜਾਵਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਸੇਕਾਂਗਾ
ਬਦਲਦੇ ਮੌਸਮ ਦੀ ਅੱਗ
ਤੁਹਾਡੇ ਨਾਲ ਖਾਵਾਂਗਾ !
 
Top