ਸਫ਼ਰ

ਮੈਂ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫ਼ਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀਆਂ
ਮੈਂ ਉਹਨਾਂ ਬਰਬਾਦੀਆਂ ਦੀ ਸਿਖਰ ਹਾਂ
ਮੈਂ ਤੇਰੀ ਮਹਿਫਲ ਦਾ ਬੁਝਿਆ ਇਕ ਚਿਰਾਗ
ਮੈਂ ਤੇਰੇ ਹੋਠਾਂ ‘ਚੋਂ ਕਿਰਿਆ ਜਿ਼ਕਰ ਹਾਂ
ਇਕ ‘ਕੱਲੀ ਮੌਤ ਹੈ ਜਿਸ ਦਾ ਇਲਾਜ
ਚਾਰ ਦਿਨ ਦੀ ਜਿ਼ੰਦਗੀ ਦਾ ਫਿ਼ਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨਾ ਵੇਖਿਆ
ਮੈਂ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆ ‘ਚ ਕੈਸਾ ਬਸ਼ਰ ਹਾਂ
ਕੱਲ੍ਹ ਕਿਸੇ ਸੁਣਿਆ ਹੈ ‘ਸਿ਼ਵ’ ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿਚ ਨਸ਼ਰ ਹਾਂ।
 
Top