40 ਮੁਕਤਿਆਂ ਦੀ ਯਾਦ ਦਵਾਉਂਦਾ ਹੈ ਮਾਘੀ ਦਾ ਦਿਹਾੜਾ

[JUGRAJ SINGH]

Prime VIP
Staff member

ਸ਼ਹੀਦੀ ਪ੍ਰੰਪਰਾ ਦਾ ਮੁੱਢ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰਾਂ 'ਚੋਂ ਵਿਕਸਿਤ ਹੁੰਦਾ ਹੈ। ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਸਿੱਖ ਇਤਿਹਾਸ ਸ਼ਹੀਦਾਂ ਦੀ ਉਹ ਦਾਸਤਾਨ ਹੈ, ਜਿਸ ਦੀ ਮਿਸਾਲ ਪੂਰੀ ਦੁਨੀਆ ਦੇ ਇਤਿਹਾਸ ਵਿਚ ਨਹੀਂ ਮਿਲ ਸਕਦੀ। ਭਾਈ ਗੁਰਦਾਸ ਜੀ ਅਨੁਸਾਰ ਸ਼ਹੀਦ ਉਹ ਹੈ ਜੋ ਭਰਮ ਭਾਉ ਗਵਾ ਕੇ ਸਿਦਕ ਦਾ ਧਾਰਨੀ ਬਣਦਾ ਹੈ:


ਸਾਬਰੁ ਸਿਦਕਿ ਸਹੀਦੁ ਭਰਮ ਭਉ ਖੋਵਣਾਸ਼ਹੀਦ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ। ਦੁਨੀਆ ਵੀ ਵਿਸ਼ੇ-ਵਿਕਾਰਾਂ ਅਤੇ ਐਸ਼ੋ-ਇਸ਼ਰਤ ਨੂੰ ਠੁਕਰਾ ਕੇ ਗੁਰੂ ਦੇ ਅੱਗੇ ਆਪਾ ਭਾਵ ਸਮਰਪਿਤ ਕਰਕੇ ਸ਼ਹੀਦ ਮੁਕਤਾ ਕਹਾਉਂਦਾ ਹੈ, ਕਿਉਂਕਿ ਜਨਮ-ਮਰਨ, ਮੋਹ-ਮਾਇਆ, ਦੁੱਖ-ਸੁੱਖ ਆਦਿ ਬੰਧਨਾਂ ਤੋਂ ਛੁਟਕਾਰੇ ਦਾ ਨਾਮ ਹੀ ਮੁਕਤੀ ਹੈ। 'ਮੁਕਤਾ' ਸ਼ਬਦ ਸਿੱਖ ਇਤਿਹਾਸ ਵਿਚ ਇਕ ਖਾਸ ਸੰਦਰਭ ਦੇ ਰੂਪ ਵਿਚ ਵਰਤਿਆ ਜਾਂਦਾ ਹੈ। ਇਹ ਸੰਕਲਪ ਸਿੱਖ ਧਰਮ ਦੇ ਮਹਾਨ ਅਤੇ ਪਵਿੱਤਰ ਅਸਥਾਨ ਸ੍ਰੀ ਮੁਕਤਸਰ ਸਾਹਿਬ ਨਾਲ ਸਬੰਧਿਤ ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਰੇਤਲੇ ਟਿੱਬਿਆਂ ਅਤੇ ਖੁਸ਼ਕ ਝਾੜੀਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ? ਇਹ ਇਤਿਹਾਸ ਦੀ ਇਕ ਲਾਸਾਨੀ ਅਤੇ ਬੇਮਿਸਾਲ ਦਾਸਤਾਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੱਕ-ਸੱਚ ਅਤੇ ਧਰਮ ਦੀ ਖਾਤਰ ਕਈ ਜੰਗਾਂ ਲੜੀਆਂ ਅਤੇ ਹਰ ਵਾਰ ਚੜ੍ਹਦੀ ਕਲਾ ਅਤੇ ਬਹਾਦਰੀ ਨਾਲ ਦੁਸ਼ਮਣਾਂ ਦਾ ਟਾਕਰਾ ਕੀਤਾ। ਪਹਾੜੀ ਰਾਜਿਆਂ ਨੂੰ ਹਰ ਯੁੱਧ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਅਖੀਰ ਉਨ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਔਰੰਗਜ਼ੇਬ ਅੱਗੇ ਫਰਿਆਦ ਕੀਤੀ, ਜਿਸ ਨੇ ਪਹਾੜੀ ਰਾਜਿਆਂ ਦੀ ਮਦਦ ਲਈ ਲਾਹੌਰ ਅਤੇ ਸਰਹਿੰਦ ਦੇ ਸੂਬੇਦਾਰਾਂ ਨੂੰ ਫੁਰਮਾਨ ਜਾਰੀ ਕਰ ਦਿੱਤੇ। ਲਾਹੌਰ, ਸਰਹਿੰਦ ਅਤੇ ਪਹਾੜੀ ਰਾਜਿਆ ਦੇ ਟਿੱਡੀ ਦਲਾਂ ਨੇ ਸ੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ। ਗੁਰੂ ਜੀ ਦੇ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡਟ ਕੇ ਮੁਕਾਬਲਾ ਕੀਤਾ। ਖ਼ਾਲਸਾ ਫ਼ੌਜ ਦੇ ਛਾਪਾਮਾਰ ਹਮਲਿਆਂ ਨਾਲ ਦੁਸ਼ਮਣ ਦੇ ਹੌਸਲੇ ਪਸਤ ਹੋ ਚੁੱਕੇ ਸਨ। ਰਾਸ਼ਨ-ਪਾਣੀ ਵੀ ਮੁੱਕਦਾ ਜਾ ਰਿਹਾ ਸੀ, ਇਸ ਦੇ ਬਾਵਜੂਦ ਵੀ ਸਿੰਘ ਸ਼ੇਰਾਂ ਵਾਗੂੰ ਲੜ ਰਹੇ ਸਨ। ਗੁਰੂ ਜੀ ਨੇ ਦੂਰਅੰਦੇਸ਼ੀ ਨਾਲ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ। ਇਸ ਦੇ ਬਾਵਜੂਦ ਕੁਝ ਕਾਹਲੇ ਸਿੰਘ, ਭਰਮ ਦਾ ਸ਼ਿਕਾਰ ਹੋ ਕੇ ਡੋਲ ਗਏ। ਉਨ੍ਹਾਂ ਗੁਰੂ ਜੀ ਦਾ ਸਾਥ ਛੱਡ ਦਿੱਤਾ ਅਤੇ 'ਬੇਦਾਵਾ' ਦੇ ਕੇ ਆਪਣੇ ਘਰਾਂ ਨੂੰ ਚਲੇ ਗਏ। ਥੋੜ੍ਹੇ ਦਿਨਾਂ ਪਿੱਛੋਂ ਕਿਲੇ ਅੰਦਰ ਬਾਕੀ ਬਚੇ ਸਿੰਘਾਂ ਵਲੋਂ, ਦੁਸ਼ਮਣ ਵਲੋਂ ਖਾਧੀਆਂ ਕਸਮਾਂ 'ਤੇ ਕਿਲਾ ਖਾਲੀ ਕਰਨ ਦੀ ਸਲਾਹ 'ਤੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਗੁਰੂ ਜੀ ਦਾ ਸਾਰਾ ਪਰਿਵਾਰ ਵਿੱਛੜ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਜਿਹੇ ਸਿੰਘਾਂ ਸਮੇਤ ਚਮਕੌਰ ਦੀ ਗੜ੍ਹੀ ਪਹੁੰਚੇ, ਜਿਥੇ ਸੰਸਾਰ ਦਾ ਅਨੋਖਾ ਤੇ ਅਸਾਵਾਂ ਯੁੱਧ ਲੜਿਆ ਗਿਆ। ਇਥੋਂ ਆਪ ਦੁਸ਼ਮਣ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲ ਵੱਲ ਚਲੇ ਗਏ। ਉੱਧਰ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਰਸਤੇ ਵਿਚੋਂ ਗੁਰੂ ਜੀ ਦੇ ਕਾਫਲੇ ਵਿਚ ਵੀ ਕਾਫੀ ਸਿੰਘ ਸ਼ਾਮਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰੇ ਪੁੱਜੇ, ਜਿਥੇ ਉਨ੍ਹਾਂ ਉਥੋਂ ਦੇ ਹਾਕਮ ਕਪੂਰੇ ਤੋਂ ਕਿਲੇ ਦੀ ਮੰਗ ਕੀਤੀ। ਮੁਗ਼ਲਾਂ ਤੋਂ ਡਰਦਿਆਂ ਕਪੂਰੇ ਨੇ ਕਿਲਾ ਤਾਂ ਨਾ ਦਿੱਤਾ ਪਰ ਉਸ ਨੇ ਗੁਰੂ ਜੀ ਨੂੰ ਸੰਘਣੀਆਂ ਝਾੜੀਆਂ ਵਾਲੇ ਰੇਤਲੇ ਇਲਾਕੇ (ਖਿਦਰਾਣੇ ਦੀ ਢਾਬ) ਵੱਲ ਜਾਣ ਦੀ ਸਲਾਹ ਦਿੱਤੀ। ਵੱਡੇ ਫ਼ੌਜੀ ਕੈਂਪ ਦਾ ਭੁਲੇਖਾ ਦੇਣ ਲਈ ਸਿੰਘ ਝਾੜੀਆਂ 'ਤੇ ਕੱਪੜੇ ਪਾ ਕੇ ਦੁਸ਼ਮਣ ਦੀ ਉਡੀਕ ਕਰਨ ਲੱਗੇ। ਦੂਜੇ ਪਾਸੇ ਗੁਰੂ ਜੀ ਨੂੰ ਬੇਦਾਵਾ ਦੇਣ ਵਾਲੇ ਸਿੰਘ ਜਦੋਂ ਘਰੀਂ ਪਹੁੰਚੇ ਤਾਂ ਮਾਈ ਭਾਗੋ ਜੀ ਤੇ ਹੋਰ ਬੀਬੀਆਂ ਨੇ ਉਨ੍ਹਾਂ ਨੂੰ ਫਿਟਕਾਰਾਂ ਪਾਈਆਂ ਅਤੇ ਮੁੜ ਗੁਰੂ ਜੀ ਦੇ ਚਰਨੀਂ ਲੱਗਣ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੂੰ ਗੁਰੂ ਜੀ ਦੇ ਪਰਿਵਾਰ ਦੇ ਖੇਰੂੰ-ਖੇਰੂੰ ਹੋਣ, ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਮੁਗ਼ਲ ਫੌਜਾਂ ਵਲੋਂ ਗੁਰੂ ਜੀ ਦਾ ਪਿੱਛਾ ਕਰਨ ਦੀਆਂ ਖ਼ਬਰਾਂ ਵੀ ਮਿਲ ਰਹੀਆਂ ਸਨ। ਉਨ੍ਹਾਂ ਦੀ ਜ਼ਮੀਰ ਨੇ ਹਲੂਣਾ ਖਾਧਾ ਅਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ।
ਮੁਗ਼ਲ ਫੌਜਾਂ ਦੇ ਖਿਦਰਾਣਾ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੰਘਾਂ ਦਾ ਇਹ ਜਥਾ ਗੁਰੂ ਜੀ ਦੇ ਕੈਂਪ ਦੇ ਨੇੜੇ ਪਹੁੰਚ ਚੁੱਕਾ ਸੀ ਅਤੇ ਮੁਗ਼ਲਾਂ ਦੀ ਟੱਕਰ ਸਭ ਤੋਂ ਪਹਿਲਾਂ ਇਸੇ ਜਥੇ ਨਾਲ ਹੋਈ। ਘਮਸਾਨ ਦਾ ਯੁੱਧ ਹੋਇਆ, ਉੱਚੀ ਟਿੱਬੀ ਤੋਂ ਗੁਰੂ ਜੀ ਖੁਦ ਤੀਰਾਂ ਦੀ ਵਰਖਾ ਕਰ ਰਹੇ ਸਨ। ਗੁਰੂ ਜੀ ਦੇ ਨਾਲ ਵਾਲੇ ਸਿੰਘ ਵੀ ਮੈਦਾਨੇ-ਜੰਗ ਵਿਚ ਜੂਝ ਕੇ ਸ਼ਹੀਦੀਆਂ ਪਾ ਰਹੇ ਸਨ। ਸਿੰਘ ਅਜਿਹੀ ਬਹਾਦਰੀ ਅਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਫੌਜਾਂ ਵਿਚ ਖਲਬਲੀ ਮਚ ਗਈ। ਦੁਸ਼ਮਣ ਹਾਰ ਕੇ ਭੱਜ ਉੱਠੇ ਅਤੇ ਖ਼ਾਲਸੇ ਨੇ ਮੈਦਾਨ ਫ਼ਤਹਿ ਕਰ ਲਿਆ ਪਰ 'ਬੇਦਾਵਾ' ਦੇ ਗਏ 40 ਸਿੰਘਾਂ ਸਮੇਤ ਬਹੁਤ ਸਾਰੇ ਸਿੰਘ ਬੜੀ ਬਹਾਦਰੀ ਨਾਲ ਜੂਝਦੇ ਹੋਏ ਸ਼ਹੀਦੀ ਪ੍ਰਾਪਤ ਕਰ ਗਏ ਸਨ।
 
Top