Punjab News 30 ਜੂਨ ਨੂੰ ਰਿਲੀਜ਼ ਹੋਵੇਗੀ ਧਾਰਮਿਕ ਫ਼ਿਲਮ ‘ਬਾਬਾ ਬੰਦ&

chief

Prime VIP


ਫਿਰੋਜਪੁਰ 24 ਜੂਨ (ਹਰਿੰਦਰ ਸਿੰਘ ਭੁੱਲਰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਸਿੱਖ ਧਰਮ ਅਤੇ ਕੌਮ ਦੇ ਬਹਾਦਰ ਯੋਧਿਆਂ ਦੀ ਵੀਰ-ਗਾਥਾ ਤੋਂ ਅਜੋਕੀ ਪੀੜ੍ਹੀ ਨੂੰ ਜਾਣੂੰ ਕਰਵਾਉਣ ਦੇ ਮਨਸ਼ੇ ਨਾਲ ਲਗਭਗ ਇੱਕ ਘੰਟੇ ਦੀ ਫ਼ਿਲਮ ‘ਬਾਬਾ ਬੰਦਾ ਸਿੰਘ ਬਹਾਦਰ’ ਦਾ ਨਿਰਮਾਣ ਕੀਤਾ ਹੈ ਜੋ ਕਿ ਇਸ 30 ਜੂਨ ਰਿਲੀਜ਼ ਹੋਣ ਜਾ ਰਹੀ ਹੈ। ਨਾਮਵਰ ਨਿਰਦੇਸ਼ਕ ਹਰਜੀਤ ਰਿੱਕੀ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿੱਚ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਦੇ ਉਸ ਭਾਗ ਨੂੰ ਵਿਖਾਇਆ ਗਿਆ ਹੈ ਜਦ ਪਹਿਲੀ ਵਾਰ ਬੰਦਾ ਸਿੰਘ ਬਹਾਦਰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦੇ ਹਨ ਅਤੇ ਗੁਰੂ ਜੀ ਉਹਨਾਂ ਨੂੰ ਪੰਜਾਬ ਚ ਮੁਗਲਾਂ ਖਿਲਾਫ਼ ਲੜਨ ਲਈ ਭੇਜਦੇ ਹਨ । ਇਸ ਦ੍ਰਿਸ਼ ਤੋਂ ਲੈ ਕੇ ਚੱਪੜਚਿੜੀ ਦੀ ਲੜਾਈ ਤੱਕ ਦੇ ਦ੍ਰਿਸ਼ ਤੱਕ ਇਸ ਫ਼ਿਲ਼ਮ ਦਾ ਫ਼ਿਲਮਾਂਕਣ ਕੀਤਾ ਗਿਆ ਹੈ। ਇਸ ਫ਼ਿਲਮ ਦੀ ਖਾਸ ਗੱਲ ਇਹ ਹੈ ਕਿ ਸਿੱਖ ਧਰਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਫ਼ਿਲਮ ਰਾਹੀਂ ਕਿਸੇ ਸਿੱਖ ਜਰਨੈਲ ਦੀ ਭੂਮਿਕਾ ਇੱਕ ਅਦਾਕਾਰ ਦੁਆਰਾ ਨਿਭਾਈ ਜਾ ਰਹੀ ਹੈ। ਇਸ ਤੋਂ ਪਹਿਲਾਂ ਐਨੀਮੇਸ਼ਨ ਫ਼ਿਲਮਾਂ ਰਾਹੀਂ ਤਾਂ ਇਸਨੂੰ ਦਿਖਾਇਆ ਗਿਆ ਹੈ ਪਰ ਕਿਸੇ ਵੀ ਫ਼ਿਲਮ ਵਿੱਚ ਸਜੀਵ ਰੂਪ ਵਿੱਚ ਕਿਸੇ ਵੀ ਅਦਾਕਾਰ ਨੇ ਕਿਸੇ ਵੀ ਸਿੱਖ ਇਤਿਹਾਸ ਨਾਲ ਸਬੰਧਤ ਪਾਤਰ ਦਾ ਰੋਲ ਅਦਾ ਨਹੀਂ ਕੀਤਾ ਹੈ।
ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਭੂਮਿਕਾ ਪੂਰਨ ਗੁਰਸਿੱਖ ਕਲਾਕਾਰ ਗੁਰਪ੍ਰੀਤ ਸਿੰਘ ਨੇ ਨਿਭਾਈ ਹੈ ਅਤੇ ਉਸ ਨਾਲ ਬਕਾਇਦਾ ਇਕਰਾਰਨਾਮਾ ਵੀ ਕੀਤਾ ਗਿਆ ਹੈ ਕਿ ਭਵਿੱਖ ‘ਚ ਉਹ ਕਦੇ ਵੀ ਕਿਸੇ ਵੀ ਫ਼ਿਲਮ ਵਿੱਚ ਕੋਈ ਵੀ ਅਜਿਹੀ ਭੂਮਿਕਾ ਨਹੀਂ ਨਿਭਾਏਗਾ ਜਿਸ ਨਾਲ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਅਕਸ ਖਰਾਬ ਹੋਵੇ। ਇਸ ਤੋਂ ਇਲਾਵਾ ਪ੍ਰਸਿੱਧ ਕਲਾਕਾਰ ਬੀ ਐਨ ਸ਼ਰਮਾਂ ਨੇ ਮੁਗਲ ਬਾਦਸ਼ਾਹ ਵਜ਼ੀਰ ਖਾਨ ਜਿਸ ਨੇ ਕਿ ਛੋਟੇ ਸਹਿਬਜ਼ਾਦਿਆ ਨੂੰ ਨੀਹਾਂ ਵਿੱਚ ਚਿਣਵਾਇਆ ਸੀ ਦਾ ਕਿਰਦਾਰ ਨਿਭਾਇਆ ਹੈ।ਕੁਝ ਸਮਾਂ ਪਹਿਲਾਂ ਰਿਲੀਜ਼ ਹੋਈ ਇੱਕ ਹੋਰ ਧਾਰਮਿਕ ਫ਼ਿਲਮ ‘ਸਤਿ ਸ੍ਰੀ ਅਕਾਲ’ ਦਾ ਸੰਗੀਤ ਤਿਆਰ ਕਰਨ ਵਾਲੇ ਸੰਗੀਤਕਾਰ ਰਵਿੰਦਰ ਸਿੰਘ ਨੇ ਹੀ ਇਸ ਦਾ ਸੰਗੀਤ ਤਿਆਰ ਕੀਤਾ ਹੈ ਅਤੇ ਇਸ ਫ਼ਿਲਮ ਵਿੱਚ ਇੱਕ ‘ਵਾਰ’ ਹੈ ਜਿਸਨੂੰ ਗਾਇਕ ਮੀਤ ਮਲਕੀਤ ਨੇ ਆਪਣੀ ਆਵਾਜ਼ ਦਿੱਤੀ ਹੈ।
30 ਜੂਨ ਦਿਨ ਬੁੱਧਵਾਰ ਨੂੰ ਚੰਡੀਗੜ੍ਹ ਦੇ 10 ਸੈਕਟਰ ਸਥਿਤ ਆਰਟ ਗੈਲ਼ਰੀ ਵਿੱਚ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਇਸ ਫ਼ਿਲਮ ਨੂੰ ਰਿਲੀਜ਼ ਕਰਨ ਦੀ ਰਸਮ ਅਦਾ ਕਰਨ ਜਾ ਰਹੇ ਹਨ।ਇਸ ਉਪਰੰਤ ਕਿਸੇ ਟੀ.ਵੀ. ਚੈਨਲ ‘ਤੇ ਇਸ ਫ਼ਿਲਮ ਦਾ ਪ੍ਰਸਾਰਨ ਕੀਤਾ ਜਾਵੇਗਾ ਅਤੇ ਲਗਭਗ ਹਰੇਕ ਗੁਰਦੁਆਰਾ ਸਾਹਿਬ ਵਿਖੇ ਪ੍ਰੋਜੈਕਟਰ ‘ਤੇ ਇਸ ਫ਼ਿਲਮ ਨੂੰ ਦਿਖਾਇਆ ਜਾਵੇਗਾ।ਸਿੱਖ ਇਤਿਹਾਸ ਦੇ ਗੌਰਵ ਨੂੰ ਪੇਸ਼ ਕਰਦੀ ਇਸ ਫ਼ਿਲਮ ਨੂੰ ਜ਼ਰੂਰ ਹੀ ਦਰਸ਼ਕ ਪਸੰਦ ਕਰਨਗੇ।
 
Top