ਗ਼ਜ਼ਲ

ਬੜਾ ਕੁਝ ਬਦਲਿਆ ਹੈ ਅੱਜ-ਕੱਲ੍ਹ ਯਾਰੋ ਘਰਾਂ ਅੰਦਰ ,
ਰਹੀ ਅਪਣੱਤ ਨਾ ਪਹਿਲਾ ਜਿਹੀ ਅੱਜ-ਕੱਲ੍ਹ ਗਰਾਂ ਅੰਦਰ ।

ਭਲ਼ਾ ਉਹ ਕੀ ਦਿਖਾਊ ਅੰਬਰਾਂ ਤੋਂ ਪਾਰ ਦੇ ਰਸਤੇ ,
ਭਰੀ ਪਰਵਾਜ਼ ਨਾ ਜਿਸ ਨੇ ਕਦੇ ਅਪਣੇ ਪਰਾਂ ਅੰਦਰ।

ਕੀ ਲੈ ਜਾਣਾ ਹੈ ਏਥੋਂ ਬੰਦਿਆ ਕਰਕੇ ਮੇਰੀ-ਮੇਰੀ,
ਮੁਸਾਫਿਰ ਵਾਂਗ ਆਏ ਹਾਂ, ਅਸੀਂ ਜਗ ਦੀ ਸਰਾਂ ਅੰਦਰ ।

ਮੈ ਸੁਣਿਆ ਸੱਜਣਾਂ ਨੇ ਇਸ਼ਕ ਨੂੰ ਵੀ ਰੋਗ ਕਹਿ ਭੰਡਿਆਂ ,
ਬਿਆਨ ਕਿਵੇਂ ਕਰਾਂ ਇਸ਼ਕੇ ਨੂੰ, ਯਾਰੋ ਮੈ ਡਰਾਂ ਅੰਦਰ।

ਬੜੀ ਚਰਚਾ ਹੈ ਥਾਂ-ਥਾਂ ਹੋ ਰਹੀ ਨਾਰੀ ਦੇ ਹੱਕਾਂ ਦੀ ,
ਮਗਰ ਮਹਿਫੂਜ਼ ਨਹੀਂ ਹੈ ਫੇਰ ਵੀ ਨਾਰੀ ਘਰਾਂ ਅੰਦਰ।

ਕਿਤਾਬਾਂ ਸੰਗ ਕਰਕੇ ਦੋਸਤੀ ਮਨ ਨੂੰ ਕਰਾਂ ਰੌਸਨ ,
ਹਨੇਰੇ ਨੂੰ ਭਜਾਵਾਂ ਦੂਰ, ਦੀਵੇ ਮੈ ਧਰਾਂ ਅੰਦਰ ।

ਤੈਨੂੰ ਲੱਗੇ ਮੈ ਸ਼ਾਇਰ ਬਣ ਗਿਆ ਵਿੱਛੜ ਕੇ ਤੇਰੇ ਤੋਂ ,
ਕਿਵੇਂ ਦੱਸਾਂ ਤੈਨੂੰ ਸਜਣਾਂ, ਕਿਨ੍ਹੇ ਦੁਖੜੇ ਜਰਾਂ ਅੰਦਰ l
ਮਨਦੀਪ ਗਿੱਲ ਧੜਾਕ
 
Top