ਮੇਰੀ ਭੈਣ ਏ ਨਰਾਜ ਥੋੜੇ ਹੋਣ ਲੱਗੀ

  • Thread starter Unregistered
  • Start date
  • Replies 0
  • Views 1K
U

Unregistered

Guest
ਰਾਜੀ' ਕਿੰਨੇ ਵਾਰ ਬਜਾਰੋਂ ਮਠਿਆਈ ਦੇ ਡੱਬੇ ਦਾ ਭਾਅ ਪੁੱਛ ਆਈ ਸੀ, ਸੌ ਤੋਂ ਘੱਟ ਕੋਈ ਸ਼ੈਅ ਈ ਨਹੀਂ ਸੀ। ਉਤੋਂ ਰੱਖੜੀਆਂ, ਧਾਗਿਆਂ ਦੇ ਭਾਵ ਵੀ ਰਹੇ ਰੱਬ ਦਾ ਨਾਂ...।
ਦੋ ਤਿੰਨ ਦਿਨਾਂ ਤੋਂ ਉਹ ਪਰੇਸ਼ਾਨ ਜਿਹੀ ਸੀ। ਜਿਥੇ ਉਹ ਕੰਮ ਕਰਦੀ ਸੀ ਓਥੋਂ ਪਹਿਲਾਂ ਹੀ ਉਸਨੇ ਜਵਾਕਾਂ ਦੀ ਫੀਸ ਵਾਸਤੇ ਪੈਸੇ ਅਗਾਉਂ ਲਏ ਹੋਏ ਸੀ। ਘਰ ਵਾਲੇ ਨੂੰ ਵੀ ਠੇਕੇਦਾਰ ਹਾਲੇ ਪੈਸੇ ਨਹੀਂ ਸੀ ਦੇ ਰਿਹਾ।
ਘੱਟੋ ਘੱਟ ਦੋ ਸੌ ਦਾ ਖਰਚਾ ਤਾਂ ਆ ਈ ਜਾਊ, ਕਿਰਾਇਆ ਪਾ ਕੇ। ਉਸਨੇ ਆਪਣੇ ਮਨ ਦੀ ਕਸ਼ਮਕਸ਼ ਤੋਂ ਥੋੜਾ ਧਿਆਨ ਹਟਾ ਕੇ ਸੋਚਿਆ....। ਕੁੱਝ ਚਿਰ ਚੁੱਪ ਰਹਿਣ ਪਿਛੋਂ ਉਸਨੇ ਆਪਣੇ ਆਪ ਨੂੰ ਫੈਸਲਾ ਸੁਣਾ ਦਿੱਤਾ; ''ਨਹੀ ਜਾਵਾਂਗੀ... ਆਖਾਂਗੀ ਤੇਰਾ ਜੀਜਾ ਬਿਮਾਰ ਸੀ, ਦਿਹਾੜੀਆਂ ਮਾਰੀਆਂ ਗਈਆਂ..., ਬੱਚਿਆਂ ਨੂੰ ਛੁੱਟੀ ਨਹੀਂ ਸੀ ਮਿਲੀ.... ਵੀਰ ਕਿਹੜਾ ਨਰਾਜ ਹੋ ਚੱਲਿਐ..... ਪਿਛਲੀ ਵਾਰ ਵੀ ਤਾਂ.....!''
ਓਧਰ ਰਾਜੀ ਦਾ ਭਰਾ ਅੱਜ ਤੀਜੇ ਦਿਨ ਵੀ ਲੇਬਰ ਚੌਂਕ ਵਿੱਚੋਂ ਖਾਲੀ ਮੁੜ ਆਇਆ ਸੀ।
''ਯੂ.ਪੀ. ਬਿਹਾਰ ਦੀ ਲੇਬਰ ਤੇ ਮਸ਼ੀਨਾਂ ਜਦੋਂ ਦੀਆਂ #ਪੰਜਾਬ 'ਚ ਆਈਆਂ ਨੇ ਇਥੋਂ ਦੇ ਕਾਮੇ ਤਾਂ ਵਿਹਲੇ ਕਰ ਛੱਡੇ ਨੇ...''
ਉਸਨੇ ਮਨ ਵਿੱਚ ਭਈਆਂ ਨੂੰ ਗਾਲਾਂ ਕੱਢੀਆਂ...। ਪਰੇਸ਼ਾਨੀ ਉਸਦੇ ਚਿਹਰੇ ਤੋਂ ਸਾਫ ਦਿਸ ਰਹੀ ਸੀ...। ਉਹ ਬਾਰ ਬਾਰ ਗਲੀ ਵੱਲ ਝਾਕਦਾ ਤੇ ਮਨ ਵਿੱਚ ਹੀ ਸੋਚਦਾ;
''ਜੇ ਰਾਜੀ ਭੈਣ ਆ ਗਈ ਤਾਂ ਕੀ ਮੂੰਹ ਵਿਖਾਏਗਾ... ਘਰ ਤਾਂ ਧੇਲਾ ਵੀ ਨਹੀ...।''
ਉਸਦੇ ਅੰਦਰ ਚੱਲ ਰਹੇ ਲਚਾਰੀ ਤੇ ਬੇਬਸੀ ਦੇ ਇਸ ਆਲਮ ਨੂੰ ਭਾਂਪਦੀ ਉਸਦੀ ਤੀਵੀਂ ਨੇ ਉਸਨੂੰ ਹੌਂਸਲਾ ਦਿੰਦਿਆਂ ਕਿਹਾ...'ਤੁਸੀ ਚਿੰਤਾ ਨਾ ਕਰੋ ਜੀ ਆਖ ਦਿਓ ਕੇ ਮੈਂ ਬਿਮਾਰ ਹੋ ਗਈ ਸੀ, ਖਾਸਾ ਖਰਚਾ ਹੋ ਗਿਆ... ਠੇਕੇਦਾਰ ਤੋਂ ਪੈਸੇ ਚੱਕ ਕੇ ਇਲਾਜ ਕਰਵਾਉਣਾ ਪਿਐ.... । ਭੈਣ ਏ ਆਪਣਾ ਖੂਨ ਏ, ਨਰਾਜ ਥੋੜਾ ਹੋਣ ਲੱਗੀ ਏ... ਜਦੋਂ ਕਦੇ ਚਾਰ ਛਿੱਲੜਾਂ ਹੋਈਆਂ ਅਸੀ ਆਪ ਉਸਦੇ ਘਰੇ ਜਾ ਕੇ ਦੇ ਆਵਾਂਗੇ...।''
ਪਤਨੀ ਦੀਆਂ ਗੱਲਾਂ ਸੁਣਕੇ ਉਹ ਜੇਤੂ ਅੰਦਾਜ਼ ਵਿੱਚ ਬੋਲਿਆ...
''ਆਹੋ ਇਹ ਠੀਕ ਐ, ਮੇਰੀ ਭੈਣ ਏ ਨਰਾਜ ਥੋੜੇ ਹੋਣ ਲੱਗੀ ਐ.....
 
Top