ਤੇਰੇ ਸੁੱਖ ਦੇ ਸਿਰ ਤੋਂ ਮਿਰਚਾਂ ਵਾਰ ਦਿਆਂ

ਗਜ਼ਲ
ਤੇਰੇ ਸੁੱਖ ਦੇ ਸਿਰ ਤੋਂ ਮਿਰਚਾਂ ਵਾਰ ਦਿਆਂ i
ਦੁੱਖ ਮੈਂ ਤੇਰੇ ਇਕ-ਇਕ ਕਰਕੇ ਮਾਰ ਦਿਆਂ i

ਦੁਨੀਆਂ ਦੇ ਗਮ ਸਿਰ ਤੇ ਚੁੱਕੀ ਫਿਰਦਾ ਏਂ,
ਆ ਜਾ ਤੈਨੂੰ ਖੁਸ਼ੀਆਂ ਦਾ ਸੰਸਾਰ ਦਿਆਂ i

ਕਰਕੇ ਵਾਧੇ ਹਰਗਿਜ਼ ਮੁਨਕਰ ਹੋਵੀਂ ਨਾ,
ਮੈਂ ਵੀ ਤੋੜ ਨਿਭਾਵਣ ਦਾ ਇਕਰਾਰ ਦਿਆਂ i

ਪੱਥਰ ਦਿਲ ਵੀ ਸ਼ਿੱਦੱਤ ਨਾਲ ਨਿਭਾਵਣਗੇ,
ਉਹਨਾਂ ਨੂੰ ਮੈਂ ਫੁੱਲਾਂ ਦਾ ਕਿਰਦਾਰ ਦਿਆਂ i

ਹਿਜਰਾਂ ਦੀ ਅੱਗ ਹਿਕੜੀ ਵਿਚ ਜੋ ਧੁਖਦੀ ਏ,
ਵਸਲਾਂ ਦਾ ਮੈਂ ਪਾਣੀ ਦੇ ਕੇ ਠਾਰ ਦਿਆਂ i

ਕੀ ਹੋਇਆ ਜੇ ਰਾਹ ਵਿਚ ਤੇਰੇ ਸੂਲਾਂ ਨੇ,
ਸੂਲਾਂ ਚੁਣਕੇ ਰਾਹੀਂ ਫੁੱਲ ਖਿਲਾਰ ਦਿਆਂ i

ਪਤਝੜ ਦੇ ਦਿਨ ਲੰਘ ਜਾਣੇ ਤੂੰ ਡੋਲੀਂ ਨਾ,
ਹਰ ਮੌਸਮ ਵਿਚ ਤੈਨੂੰ ਮੈਂ ਗੁਲਜ਼ਾਰ ਦਿਆਂ i

ਰੂਹ ਦੀ ਹਰ ਇਕ ਤਹਿ ਤਕ ਜਿਹੜੇ ਲੱਥ ਜਾਵਣ.
ਐਸੇ ਸ਼ਬਦ ਮੈਂ ਸ਼ਿਅਰਾਂ ਵਿਚ ਸ਼ਿੰਗਾਰ ਦਿਆਂ i

ਨਫਰਤ ਸੋਹਲ ਐਵੇਂ ਦਿਲ ਵਿਚ ਭਰਦਾ ਏਂ,
ਪਿਆਰ ਦੇ ਬਦਲੇ ਆਜਾ ਤੈਨੂੰ ਪਿਆਰ ਦਿਆਂ i
ਆਰ.ਬੀ.ਸੋਹਲ
 
Top