ਕਲਯੁੱਗ

ਪਤਾ ਨਹੀਂ ਕਿਉਂ ਚੰਗਾ ਲੱਗਦਾ ਹੈ
ਘੁੰਮਣਾ
ਇਸ ਨਵੇਂ ਯੁੱਗ ਦੇ ਮਾਰੂਥਲ ਵਿੱਚ,
ਪਤਾ ਨਹੀਂ ਕਿਉਂ
ਮੈਨੂੰ ਕੋਈ ਤਪਸ਼ ਮਹਿਸੂਸ ਨਹੀਂ ਹੋਂਦੀ,
ਪਤਾ ਨਹੀਂ ਕਿਉਂ
ਤੱਤੀ ਲੂ ਵੀ ਮੇਰਾ ਪਿੰਡਾ ਨਹੀਂ ਲੂਹੰਦੀ,
ਸ਼ਾਇਦ ਆਦਤ ਹੋ ਗਈ ਏ ਮੈਨੂੰ ਵੀ ,
ਉਸਦੇ ਕਹਿਣ ਵਾਂਗ ਸ਼ਾਇਦ ਮੈਂ ਪੱਥਰ ਹੋ ਗਿਆ ਹਾਂ,
ਯਾ ਫ਼ਿਰ ਰੇਤ ਦਾ ਢੇਰ ,
ਹਾਂ ਹਾਂ ਸ਼ਾਇਦ ਰੇਤ ਦਾ ਢੇਰ
ਕਿਉਂਕਿ
ਮੈਂ ਹੁਣ ਕਦੇ ਇਕੱਲਾਪਣ ਮਹਿਸੂਸ ਨਹੀਂ ਕਰਦਾ,
ਕਦੇ ਇਸ ਰੇਗਿਸਤਾਨ ਤੋਂ ਵੱਖ
ਆਪਣੀ ਹੋਂਦ ਬਾਰੇ ਮੈਂ ਸੋਚਿਆ ਹੀ ਨਹੀਂ,
ਸ਼ਾਇਦ ਖੁਦਗਰਜ਼ ਵੀ ਇੱਕ ਚੰਗਾ ਨਾਮ ਹੈ,
ਕਿਉਂਕਿ ਖੁਦ ਤੋਂ ਬਗੈਰ
ਕਿਸੇ ਹੋਰ ਦਾ ਦੁੱਖ ਕਦੇ ਦੇਖਿਆ ਹੀ ਨਹੀਂ,
ਪਰ ਇਸ ਵਿੱਚ ਮੇਰਾ ਕੋਈ ਕਸੂਰ ਨਹੀਂ,
ਇਸ ਕਲਯੁੱਗ ਵਿੱਚ ਲੋਕਾਂ ਦੇ ਲਹੂ ਸ੍ਫ਼ੈਦ ਨੇ,
ਇਸ ਯੁੱਗ ਵਿੱਚ ਸੋਹਣੀ ਦਰਿਆ ਵਿੱਚ ਨਹੀਂ ਡੁੱਬਦੀ,
ਉਸ ਨੂੰ ਬਚਾ ਲਿਆ ਜਾਂਦੈ
ਹਾਂ ਮਹੀਂਵਾਲ ਦੀ ਮੌਤ ਪੱਕੀ ਹੈ
ਕਿਉਂਕਿ ਓਸ ਦੇ ਕਰਮ ਵੀ ਮਾੜੇ ਨੇ
ਤੇ ਪਰਦੇਸੀ ਵੈਸੇ ਵੀ ਗੁੰਮ੍ਨਾਮ ਮੌਤ ਹੀ ਮਰਦੇ ਨੇ,
ਨਾਂ ਹੀ ਇਸ ਯੁੱਗ ਵਿੱਚ
ਕਿਸੇ ਸੱਸੀ ਦੇ ਥਲ ਵਿੱਚ ਸੜਨ ਦੀ ਖਬਰ ਹੀ ਸੁਣੀਂਦੀ ਏ ਕੋਈ,
ਕਿਉਂਕਿ ਓਹ ਤੇ ਸ਼ਾਇਦ ਬਿਊਟੀ ਪਾਰਲਰ ਗਈ ਸੀ ਸੁਹਾਗਰਾਤ ਤੋਂ ਬਾਦ
ਨਵਾਂ ਮੇਕਅੱਪ ਕਰਵਾਉਣ ਲਈ,
ਪੁੰਨੂ ਵੀ ਉਦੋਂ ਤੱਕ ਉਧਾਲਿਆ ਨਹੀਂ ਜਾਂਦਾ
ਜੱਦ ਤੱਕ ਉਸਦੀ ਜੇਬ ਭਾਰੀ ਰਹਿੰਦੀ ਹੈ ਹੋਤਾਂ ਨੂੰ ਦਾਰੂ ਪਿਲਾਉਣ ਲਈ,
ਇਸ ਯੁੱਗ ਵਿੱਚ ਮਿਰਜ਼ੇ ਦੀ ਮੌਤ ਨਹੀਂ ਹੁੰਦੀ
ਕਿਉਂ ਕਿ ਸਾਹਿਬਾਂ ਤਾਂ ਉੱਧਲ ਜਾਂਦੀ ਏ ਕਿਸੇ ਹੋਰ ਨਾਲ.
ਨਾਂ ਹੀ ਫ਼ਰਿਹਾਦ ਪਹਾੜ ਤੋੜ ਕੇ ਨਹਿਰ ਬਣਾਉਂਦਾ ਏ
ਕਿਉਂਕਿ ਉਸੇ ਹੀ ਵਕਤ ਵਿੱਚ ਵਿਦੇਸ਼ ਜਾ ਕੇ
ਉਸ ਕਿਸੇ ਗੋਰੀ ਮੇਮ ਨਾਲ ਵਿਆਹ ਕਰਵਾ ਕੇ p.r. ਲੈ ਲਈ ਏ,
ਇਹ ਓਹ ਯੁੱਗ ਹੈ ਜਿਸ ਵਿੱਚ ਪੀਲੂ ਸ਼ਾਇਰ ਨੂੰ ਕਿੱਸੇ ਯਾਦ ਨਹੀਂ ਆਉਂਦੇ,
ਇਹ ਓਹ ਯੁੱਗ ਹੈ ਜਿਸ ਵਿੱਚ ਵਾਰਿਸ ਸ਼ਾਹ ਦਾ ਦਿਲ ਕੋਈ ਵੈਣ ਨਹੀਂ ਪਾਉਂਦਾ,
ਕਿਉਂਕਿ ਇਹ ਕਲਯੁੱਗ ਹੈ
ਤੇ ਮੇਰੀ ਦਾਦੀ ਮਾਂ ਦੇ ਕਹਿਣ ਵਾਂਗ ਲੋਕਾਂ ਦੇ ਦਿਲ ਕਾਲੇ
ਤੇ ਖੂਨ ਸ੍ਫ਼ੈਦ ਹੋ ਗਏ ਨੇ,
ਜਦ ਇਹ ਵਰਤਾਰਾ ਸਰਵਵਿਆਪੀ ਏ
ਫ਼ਿਰ ਮੈਨੂੰ ਕਿਉਂ ਦੋਸ਼ੀ ਦਾ ਖਿਤਾਬ ਦਿੱਤੇ ਜਾਣ ਦੀਆਂ ਗੋਂਦਾ ਗੁੰਦੀਆਂ ਜਾ ਰਹੀਆਂ ਨੇ,
ਸ਼ਾਇਦ ਕੁਝ ਜ਼ਿਆਦਾ ਸੱਚ ਬੋਲ ਦਿੱਤਾ
ਜੋ ਇਨਾਮ ਮਿਲ ਰਿਹਾ ਏ,
ਯਾ ਫ਼ਿਰ ਸ਼ਾਇਦ ਇਹ ਕਲਯੁੱਗ ਹੈ
ਤੇ ਯਾਰਾਂ ਦਾ ਯਾਰ ਮਾਰ ਕਰਨਾ,
ਭਰਾ ਦਾ ਭਰਾ ਤੇ ਵਾਰ ਕਰਨਾ ਲਾਜ਼ਿਮ ਹੈ
 
Top