ਚਿਰਾਗਾਂ ਨਾਲ ਸੂਰਜ ਦੀ ,ਸਦਾ ਹੀ ਭਾਲ ਰੱਖਦੇ ਹਾਂ

ਗਜ਼ਲ
ਅਸੀਂ ਰੀਝਾਂ ਤੇ ਸੱਧਰਾਂ ਨੂੰ, ਹਮੇਸ਼ਾਂ ਪਾਲ ਰੱਖਦੇ ਹਾਂ i
ਚਿਰਾਗਾਂ ਨਾਲ ਸੂਰਜ ਦੀ ,ਸਦਾ ਹੀ ਭਾਲ ਰੱਖਦੇ ਹਾਂ i

ਦਿਲਾਂ ਵਿਚ ਨੂਰ ਦੇ ਭਾਂਡੇ,ਕਦੇ ਵੀ ਤਿੜਕ ਨਾ ਜਾਵਣ,
ਬਿਠਾ ਕੇ ਜ਼ਿਹਨ ਵਿਚ ਚੇਤਾ, ਅਸੀਂ ਹਰ ਹਾਲ ਰੱਖਦੇ ਹਾਂ i

ਨਹੀਂ ਮੁਮਕਿਨ ਕਿ ਰਾਹਾਂ ਵਿਚ ,ਰੁਕਾਵਟ ਨਾ ਮਿਲੇ ਕੋਈ,
ਅਸੀਂ ਕੰਡਿਆਂ ਤੇ ਤੁਰਦੇ ਵੀ ,ਬਣਾ ਕੇ ਚਾਲ ਰੱਖਦੇ ਹਾਂ i

ਉਜਾਲੇ ਨੂੰ ਹਨੇਰਾ ਨਾ , ਕਦੇ ਵੀ ਮਾਤ ਦੇਵੇ ਹੁਣ,
ਦਿਆਂਗੇ ਮਾਰ ਇਹ ਨ੍ਹੇਰਾ, ਮਿਸ਼ਾਲਾਂ ਨਾਲ ਰੱਖਦੇ ਹਾਂ i

ਜਦੋਂ ਗਲ ਤੁਰ ਪਏ ਕੋਈ ,ਕਦੇ ਵਹਿਮਾਂ ਤੇ ਭਰਮਾਂ ਦੀ,
ਅਸੀਂ ਤਾਂ ਰਿੜਕ ਭਾਂਡੇ ਨੂੰ, ਪਰੇ ਹੰਗਾਲ ਰੱਖਦੇ ਹਾਂ i

ਭਰੋਸੇ ਖੁਦ ਤੇ ਕਰਕੇ ਹੀ , ਅਸੀਂ ਤਾਂ ਜਿੱਤ ਨੂੰ ਚੁੰਮ ਲੈਂਦੇ,
ਮੁਕੱਦਰ ਨੂੰ ਸੰਵਾਰਨ ਦੀ ,ਹਮੇਸ਼ਾਂ ਘਾਲ ਰੱਖਦੇ ਹਾਂ i

ਸੁਣਾਈਏ ਪਿਆਰ ਦੇ ਨਗਮੇਂ , ਗਮਾਂ ਨੂੰ ਜੋ ਮਿਟਾ ਦੇਵਣ,
ਜੋ ਰੂਹਾਂ ਵੀ ਜਗਾ ਦੇਵਣ ,ਰੂਹਾਨੀ ਤਾਲ ਰੱਖਦੇ ਹਾਂ i

ਹਲਾਤਾਂ ਨੂੰ ਮਨਾ ਕੇ ਹੀ, ਸਜਾਇਆ ਪਿਆਰ ਦਾ ਵਿਹੜਾ,
ਸੁਵਾਗਤ ਹਿਜਰ ਦਾ ਕਰਦੇ ,ਤੇ ਆਪਣੇ ਨਾਲ ਰੱਖਦੇ ਹਾਂ i
ਆਰ.ਬੀ.ਸੋਹਲ
 
Top