ਗੀਤ : ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ

ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਲੈ ਕੇ ਆਜਾ ਕੋਈ ਤੂੰ ਸੁਨੇਹਾ ਮੇਰੇ ਮਾਹੀ ਦਾ
ਉਹਨੂੰ ਬੋਲ ਸੱਜਣਾ ਤੋਂ ਦੂਰ ਨਈਓਂ ਜਾਈਦਾ
ਰਮਜ਼ਾਂ ਇਹ ਦਿਲ ਦੀਆਂ ਕਿਨੂੰ ਮੈਂ ਸੁਣਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਚੂੜਾ ਹੋਇਆ ਫਿੱਕਾ ਖੁੱਲੇ ਰਹਿੰਦੇ ਮੇਰੇ ਵਾਲ ਵੇ
ਮੁੱਖ ਤੇ ਉਦਾਸੀ ਰਹੀਆਂ ਬੁੱਲੀਆਂ ਨਾ ਲਾਲ ਵੇ
ਝਾੰਜਰਾਂ ਨੂੰ ਮਾਹੀ ਬਿਨਾਂ ਕਿਦਾਂ ਛਣਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਆਈ ਰੁੱਤ ਚੰਨਾਂ ਵੇਖ ਬਾਗੀ ਪੀਂਘਾਂ ਪਾਉਣ ਦੀ
ਤੇਰੇ ਬਿਨਾ ਡੰਗਦੀ ਏ ਰੁੱਤ ਸਾਨੂੰ ਸਾਉਣ ਦੀ
ਕਿਹੜੀ- ਕਿਹੜੀ ਰੁੱਤ ਬਿੰਨ ਤੇਰੇ ਮੈਂ ਮਨਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਕਜਲਾ ਵੀ ਰੁੜ ਜਾਂਦਾ ਹੰਝੂਆਂ ਦੇ ਨਾਲ ਵੇ
ਮੱਥੇ ਦੇ ਸਿੰਧੂਰ ਦਾ ਵੀ ਕਰੇਂ ਨਾ ਖਿਆਲ ਵੇ
ਘੋਲ ਰੱਖੀ ਮਹਿੰਦੀ ਜਦੋਂ ਆਵੇਂ ਤੂੰ ਲਗਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਸਾਡੇ ਵੀ ਬਨੇਰੇ ਕਦੇ ਬੋਲ ਵੇ ਤੂੰ ਕਾਵਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ
ਤੱਕ ਤੱਕ ਉਹਨੂੰ ਹੁਣ ਥੱਕੀਆਂ ਨਿਗਾਹਾਂ
ਰਾਗ ਕੋਈ ਛੇੜ ਤੇਰੇ ਨਾਲ ਮੈਂ ਵੀ ਗਾਵਾਂ

ਆਰ.ਬੀ.ਸੋਹਲ​
 
Top