ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਚੰਨਾ ਹੋ ਗਿਆ ਤੂੰ ਓਹਲੇ ਵੇ ਤੂੰ ਕੀਤਾ ਨਈ ਉਜਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਯਾਦਾਂ ਤੇਰੀਆਂ ‘ਚ ਮੇਰੇ ਕੈਦ ਰਹਿੰਦੇ ਨੇ ਖਿਆਲ
ਵੇ ਮੈਂ ਧੁੱਪਾਂ ਵਿੱਚ ਠਰਾਂ ਲੱਗੇ ਗਰਮ ਸਿਆਲ
ਦੁੱਖ ਦੱਸਾਂ ਵੇ ਮੈਂ ਕਿਨੂੰ ਧਰਾਂ ਬੁਲੀਆਂ ਤੇ ਤਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਚਾਵਾਂ ਮੇਰੀਆਂ ਦੀ ਥਾਵੇਂ ਵੇ ਤੂੰ ਰੱਖੇ ਨੇ ਅੰਗਾਰ
ਦੱਸ ਕਿਕਰਾਂ ਦੇ ਥੱਲੋਂ ਕੀਵੇਂ ਲੱਭਾਂ ਮੈਂ ਬਹਾਰ
ਤੇਰੇ ਇਸ਼ਕ ‘ਚ ਝੱਲੀ ਜੱਪਾਂ ਨਿੱਤ ਤੇਰੀ ਮਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਐਸਾ ਰੁੱਸਿਆ ਏਂ ਸਾਥੋਂ ਨਈ ਤੂੰ ਮੁਖੜਾ ਵਿਖਾਇਆ
ਹਾਸੇ ਲੈ ਗਿਆ ਤੂੰ ਨਾਲ ਰੋਣਾ ਸਾਨੂੰ ਤੂੰ ਥਮਾਇਆ
ਨੈਣੀਂ ਰੁਕੇ ਨਾ ਚਿਨਾਬ ਰਹੇ ਲਹੁ ‘ਚ ਉਬਾਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਸਾਡੀ ਖਤਾ ਵੀ ਨਾ ਦੱਸੀ ਨਾ ਹੀ ਬਖਸ਼ਿਆ ਸਾਨੂੰ
ਸ਼ੁਰੂ ਕੀਤੇ ਲੰਬੇ ਪੈਂਡੇ ਮੁੱੜ ਤੱਕਿਆ ਨਾ ਰਾਹ ਨੂੰ
ਜੇ ਤੂੰ ਲੈਣੀ ਨਈ ਸਾਰ ਦੇ ਜਾ ਜ਼ਹਿਰ ਪਿਆਲਾ
ਵੇ ਮੈਂ ਮੱਸਿਆ ਤੇ ਰੋਵਾਂ ਲੱਗੇ ਚਾਨਣ ਵੀ ਕਾਲਾ

ਆਰ.ਬੀ.ਸੋਹਲ

progress-1.gif
 
Top