ਆਪਣਾ ਘਰ

ਰੁਕਮਣੀ ਘਰੋਂ ਬਾਹਰ ਨਿਕਲ ਕੇ ਬਗੀਚੇ ਵਿੱਚ ਟਹਿਲਣ ਲੱਗੀ। ਰੰਗ-ਬਿਰੰਗੇ ਫੁੱਲਾਂ ਨੂੰ ਨਿਹਾਰਦੇ ਹੋਏ ਮਖਮਲੀ ਘਾਹ ‘ਤੇ ਰੱਖੇ ਬੈਂਚ ‘ਤੇ ਆ ਬੈਠੀ। ਖੁੱਲ੍ਹੀ ਅਤੇ ਤਾਜ਼ੀ ਹਵਾ ਵਿੱਚ ਬੈਠਣਾ ਉਸ ਨੂੰ ਬਹੁਤ ਚੰਗਾ ਲੱਗਦਾ ਸੀ। ਘਰ ਦੇ ਜ਼ਰੂਰ ਕੰਮ ਕਰਨ ਦੇ ਨਾਲ ਬਗੀਚੇ ਦੀ ਦੇਖਭਾਲ ਕਰਨਾ ਉਸ ਨੂੰ ਚੰਗਾ ਲੱਗਦਾ ਸੀ। ਸਵੇਰੇ ਬਗਚੇ ਦੀ ਸਫਾਈ ਕਰਨ ਦੇ ਬਾਅਦ ਪੌਦਿਆਂ ਨੂੰ ਪਾਣੀ ਦਿੰਦੀ ਸੀ। ਫਾਲਤੂ ਵਧ ਰਹੀ ਘਾਹ ਅਤੇ ਦੂਜੇ ਪੌਦਿਆਂ ਦਾ ਛਾਂਟੀ ਕਰਦੀ ਸੀ। ਘਾਹ ਨੂੰ ਵੀ ਪਾਣੀ ਦੇਣਾ ਨਾ ਭੁੱਲਦੀ। ਮਖਮਲੀ ਘਾਹ ਨੂੰ ਦੇਖ ਕੇ ਉਸ ਨੂੰ ਅਜੀਬ ਜਿਹਾ ਸਕੂਨ ਮਿਲਦਾ ਸੀ। ਕਈ ਤਰ੍ਹਾਂ ਦੇ ਫੁੱਲ ਲਗਾਏ ਹੋਏ ਸਨ। ਇਸ ਨਾਲ ਬਗੀਚਾ ਬਹੁਤ ਹੀ ਖੂਬਸੂਰਤ ਲੱਗਦਾ ਸੀ। ਸ਼ਾਮ ਨੂੰ ਜਦ ਫੁਰਸਤ ਵਿੱਚ ਉਥੇ ਬੈਠਦੀ ਤਾਂ ਉਸ ਨੂੰ ਬੜੀ ਸ਼ਾਂਤੀ ਮਿਲਦੀ ਸੀ।
ਇੰਨੇ ਵੱਡੇ ਘਰ ਵਿੱਚ ਉਹ ਇਕੱਲੀ ਸੀ। ਇਕੱਲੇ ਰਹਿਣ ਦੀ ਉਸ ਦੀ ਆਪਣੀ ਮਜਬੂਰੀ ਸੀ, ਇਸ ਲਈ ਹੁਣ ਉਸ ਨੇ ਇਸ ਨੂੰ ਅਪਣਾ ਲਿਆ ਸੀ। ਕੰਮ ਵਿੱਚ ਰੁੱਝੇ ਰਹਿਣ ਕਾਰਨ ਉਸ ਨੂੰ ਇਕੱਲਾਪਨ ਮਹਿਸੂਸ ਨਹੀਂ ਸੀ ਹੁੰਦਾ, ਪਰੰਤੂ ਜਦ ਕੰਮ ਤੋਂ ਵਿਹਲੀ ਬੈਠਦੀ ਤਾਂ ਬੀਤੇ ਦਿਨਾਂ ਦੀਆਂ ਯਾਦਾਂ ਵਿੱਚ ਘਿਰ ਜਾਂਦੀ ਸੀ। ਹਾਲਾਂਕਿ ਬੀਤੀਆਂ ਯਾਦਾਂ ਤੋਂ ਬਾਹਰ ਨਿਕਲਣ ਲਈ ਉਸ ਦੇ ਕੋਲ ਬੇਟੇ ਰਵੀ, ਨੂੰਹ ਰੀਮਾ ਅਤੇ ਪੋਤੇ ਦੇ ਫੋਨ ਆਉਂਦੇ ਰਹਿੰਦੇ ਸਨ। ਉਨ੍ਹਾਂ ਨਾਲ ਗੱਲਾਂ ਕਰਦੀ, ਤਾਂ ਅਤੀਤ ‘ਚੋਂ ਨਿਕਲ ਕੇ ਕੁਝ ਦੇਰ ਲਈ ਵਰਤਮਾਨ ਵਿੱਚ ਪਰਤ ਆਉਂਦੀ ਸੀ। ਇਸ ਦੇ ਬਾਅਦ ਦੁਬਾਰਾ ਆਪਣੇ ਅਤੀਤ ਵਿੱਚ ਪਰਤ ਜਾਂਦੀ। ਅਤੀਤ ਦੀਆਂ ਗੱਲਾਂ ਉਹ ਭੁੱਲ ਨਹੀਂ ਸਕਦੀ ਸੀ। ਉਸ ਨੂੰ ਯਾਦ ਆਉਂਦਾ ਕਿ ਹੌਲੀ ਹੌਲੀ ਉਸ ਦੇ ਸਾਰੇ ਆਪਣੇ ਉਸ ਨੂੰ ਛੱਡ ਕੇ ਜਾ ਚੁੱਕੇ ਸਨ। ਉਹ ਇਕੱਲੀ, ਸਿਰਫ ਇਕੱਲੀ ਰਹਿ ਗਈ ਹੈ। ਇਸ ਖਿਆਲ ਨਾਲ ਉਹ ਉਦਾਸ ਹੋ ਜਾਂਦੀ ਸੀ।
ਨੂੰਹ-ਪੁੱਤ ਤੋਂ ਉਹ ਬੀਤੇ ਦਸ ਸਾਲਾਂ ਤੋਂ ਦੂਰ ਸੀ। ਰਵੀ ਦੀ ਭੋਪਾਲ ਵਿੱਚ ਨੌਕਰੀ ਸੀ, ਇਸ ਲਈ ਉਹ ਪਤਨੀ ਨੂੰ ਨਾਲ ਲੈ ਗਿਆ ਸੀ। ਉਥੇ ਹੀ ਪੋਤੇ ਹਰਿਲ ਦਾ ਜਨਮ ਹੋਇਆ। ਪਤੀ ਰਮਿੰਦਰ ਨਾਲ ਜਾ ਕੇ ਉਨ੍ਹਾਂ ਨੂੰ ਮਿਲ ਆਉਂਦੀ ਸੀ। ਰਵੀ ਵੀ ਕਦੀ-ਕਦਾਈਂ ਪਤਨੀ ਅਤੇ ਬੇਟੇ ਨੂੰ ਲੈ ਕੇ ਉਨ੍ਹਾਂ ਨੂੰ ਮਿਲਣ ਆ ਜਾਂਦਾ ਸੀ। ਉਹ ਕੁਝ ਦਿਨ ਰਹਿ ਕੇ ਚਲੇ ਜਾਂਦੇ ਸਨ। ਆਪਸੀ ਸੰਬੰਧ ਬਣਿਆ ਰਹਿੰਦਾ ਸੀ। ਰਵੀ ਉਨ੍ਹਾਂ ਨੂੰ ਨਾਲ ਚੱਲਣ ਲਈ ਕਹਿੰਦਾ ਸੀ, ਪਰੰਤੂ ਉਹ ਇਨਕਾਰ ਕਰ ਦਿੰਦੇ ਸਨ। ਰਮਿੰਦਰ ਇੱਕ ਕਾਲਜ ਵਿੱਚ ਪ੍ਰੋਫੈਸਰ ਸਨ। ਨੌਕਰੀ ਦਾ ਸਵਾਲ ਸੀ, ਇਸ ਲਈ ਉਥੇ ਜਾਣ ਦਾ ਮਨ ਨਹੀਂ ਮੰਨਦਾ ਸੀ। ਪ੍ਰੰਤੂ ਬੀਤੇ ਸਾਲ ਰਮਿੰਦਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਣ ‘ਤੇ ਉਸ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਉਸ ਦੁੱਖ ਨੂੰ ਹੁਣ ਤੱਕ ਭੁੱਲ ਨਹੀਂ ਸਕੀ ਸੀ। ਉਸ ਨਾਲ ਬਿਤਾਏ ਸੁੱਖ ਦੇ ਪਲਾਂ ਨੂੰ ਯਾਦ ਕਰ ਕੇ ਬਹੁਤ ਰੋਂਦੀ ਸੀ। ਅੱਥਰੂ ਪੂੰਝਣ ਵਾਲਾ ਕੋਈ ਨਹੀਂ ਹੁੰਦਾ, ਇਸ ਲਈ ਖੁਦ ਹੀ ਆਪਣੇ ਆਪ ਨੂੰ ਸੰਭਾਲਦੀ ਸੀ।
ਬੇਟੇ, ਨੂੰਹ ਅਤੇ ਪੋਤਾ ਉਸ ਨੂੰ ਨਾਲ ਲੈ ਜਾਣਾ ਚਾਹੁੰਦੇ ਸਨ, ਪਰੰਤੂ ਉਹ ਜਾਣ ਤੋਂ ਇਨਕਾਰ ਕਰ ਦਿੰਦੀ ਸੀ। ਦਰਅਸਲ, ਉਸਨੇ ਆਪਣੇ ਘਰ ਨਾਲ ਗਹਿਰਾ ਰਿਸ਼ਤਾ ਜੋੜ ਲਿਆ ਸੀ। ਘਰ ਨਾਲ ਉਸ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਸਨ। ਉਸ ਨਾਲ ਭਾਵਨਾਤਮਕ ਰਿਸ਼ਤਾ ਬਣ ਗਿਆ ਸੀ। ਵਿਆਹ ਦੇ ਬਾਅਦ ਜਦ ਨੂੰਹ ਬਣ ਕੇ ਇਸ ਘਰ ਵਿੱਚ ਆਈ ਸੀ, ਉਦੋਂ ਬੜੀ ਰੌਣਕ ਸੀ ਘਰ ਵਿੱਚ। ਰਮਿੰਦਰ ਦੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨੇ ਲਾਡ ਅਤੇ ਚਾਅ ਕੀਤੇ ਸਨ। ਉਸ ਨੂੰ ਬਹੁਤ ਪਿਆਰ ਅਤੇ ਸਨਮਾਨ ਦਿੱਤਾ ਸੀ। ਉਹ ਘਰ-ਪਰਵਾਰ ਦੀ ਚਹੇਤੀ ਨੂੰਹ ਬਣ ਕੇ ਰਹੀ। ਆਪਣੇ ਕੰਮ ਅਤੇ ਵਿਹਾਰ ਨਾਲ ਉਸਨੇ ਸਾਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ।
ਵਕਤ ਨੇ ਉਸ ਨੂੰ ਕਈ ਚਾਹੇ-ਅਣਚਾਹੇ ਬਦਲਾਅ ਦਿਖਾਏ। ਕਦੇ ਰਵੀ ਦੇ ਜਨਮ ਦੀਆਂ ਖੁਸ਼ੀਆਂ, ਕਦੇ ਪੜ੍ਹ-ਲਿਖ ਕੇ ਉਸਦੀ ਨੌਕਰੀ ਦੀਆਂ ਖੁਸ਼ੀਆਂ, ਉਸ ਦਾ ਵਿਆਹ, ਤਾਂ ਕਦੇ ਪੋਤੇ ਦੇ ਜਨਮ ਦੀਆਂ ਖੁਸ਼ੀਆਂ ਮਿਲੀਆਂ। ਹਾਲਾਂਕਿ ਦੁੱਖ ਵੀ ਘੱਟ ਨਹੀਂ ਮਿਲੇ। ਕਦੇ ਸਹੁਰੇ ਤਾਂ ਕਦੇ ਸੱਸ ਦੀ ਮੌਤ ਦਾ ਦੁੱਖ…ਫਿਰ ਪਤੀ ਰਮਿੰਦਰ ਵੀ ਉਸ ਨੂੰ ਇਕੱਲਾ ਛੱਡ ਗਏ। ਦਿਨ ਰਾਤ ਦੇ ਸਫੇਦ ਕਾਲੇ ਪੰਛੀ ਹਫਤੇ, ਮਹੀਨੇ ਅਤੇ ਸਾਲ ਬਣ ਕੇ ਉਡਦੇ ਰਹੇ। ਉਹ ਉਨ੍ਹਾਂ ਤੋਂ ਅਣਜਾਣ ਜਿਹੀ ਬਣੀ ਰਹੀ। ਉਸ ਨੂੰ ਬਾਅਦ ਵਿੱਚ ਅਹਿਸਾਸ ਹੋਇਆ ਕਿ ਸਮਾਂ ਉਮਰ ਬਣ ਕੇ ਉਸਦੇ ਜੀਵਨ ਦੇ ਸੱਤਰ ਸਾਲ ਨਿਗਲ ਚੁੱਕਾ ਹੈ। ਉਹ ਲਾਚਾਰ ਹੋ ਕੇ ਇਨ੍ਹਾਂ ਸਾਰੇ ਬਦਲਾਵਾਂ ਦੇਖਦੀ ਰਹੀ। ਉਸ ਨੂੰ ਲੱਗਾ, ਸਮਾਂ ਸਭ ਤੋਂ ਬਲਵਾਨ ਹੈ। ਉਸਦੇ ਅੱਗੇ ਕਿਸੇ ਦੀ ਨਹੀਂ ਚੱਲਦੀ। ਇੰਨੀ ਉਮਰ ਹੋ ਜਾਣ ਕਾਰਨ ਉਹ ਆਪਣੇ ਆਪ ਨੂੰ ਕਮਜ਼ੋਰ ਮਹਿਸੂਸ ਕਰਦੀ। ਡਰਦੀ ਸੀ ਕਿਤੇ ਬਿਮਾਰ ਹੋ ਕੇ ਪਲੰਗ ਦਾ ਸਹਾਰਾ ਨਾ ਲੈਣਾ ਪਵੇ, ਇਸ ਲਈ ਜ਼ਿਆਦਾ ਤੋਂ ਜ਼ਿਆਦਾ ਸਮਾਂ ਆਪਣੇ ਨੂੰ ਕੰਮ ਵਿੱਚ ਰੁਝਾਈ ਰੱਖਦੀ ਸੀ ਅਤੇ ਆਪਣੀ ਉਮਰ ਭੁੱਲ ਦੀ ਕੋਸ਼ਿਸ਼ ਕਰਦੀ ਸੀ।
ਉਸ ਦੇ ਧਿਆਨ ਵਿੱਚ ਹੈ, ਪਿਛਲੇ ਦਿਨੀਂ ਫਿਰ ਰਵੀ ਦਾ ਫੋਨ ਆਇਆ ਸੀ। ਉਸ ਨੇ ਉਸ ਨੰ ਆਪਣੇ ਕੋਲ ਬੁਲਾਇਆ ਸੀ। ਮਕਾਨ ਵੇਚ ਕੇ ਹਮੇਸ਼ਾ ਲਈ ਭੋਪਾਲ ਆ ਜਾਣ ਲਈ ਕਹਿ ਰਿਹਾ ਸੀ, ਪਰੰਤੂ ਘਰ ਵੇਚਣ ਦੀ ਗੱਲ ‘ਤੇ ਉਹ ਨਾਰਾਜ਼ ਹੋਈ ਸੀ। ਰਵੀ ਨੇ ਆਪਣੀ ਜੱਦੀ ਜਾਇਦਾਦ ਵੇਚਣ ਦੀ ਗੱਲ ਇੰਜ ਕਹਿ ਦਿੱਤੀ, ਜਿਵੇਂ ਬਹੁਤ ਹੀ ਮਾਮੂਲੀ ਜਿਹੀ ਹੋਵੇ। ਜਿਵੇਂ ਉਸਦਾ ਉਸ ਨਾਲ ਕੋਈ ਭਾਵਨਾਤਮਕ ਲਗਾਅ ਨਾ ਹੋਵੇ। ਉਸ ਨੇ ਰਵੀ ਨੂੰ ਕਹਿ ਦਿੱਤਾ ਕਿ ਉਸ ਨੂੰ ਆਪਣਾ ਘਰ ਬਹੁਤ ਪਿਆਰਾ ਹੈ। ਰਵੀ ਚੁੱਪ ਹੋ ਗਿਆ ਸੀ। ਸੱਚ ਇਹ ਸੀ ਕਿ ਉਹ ਰਵੀ ਕੋਲ ਜਾ ਕੇ ਰਹਿਣ ਨੂੰ ਠੀਕ ਨਹੀਂ ਸਮਝਦੀ ਸੀ। ਪੈਨਸ਼ਨ ਮਿਲ ਰਹੀ ਸੀ, ਇਸ ਲਈ ਆਰਥਿਕ ਤੰਗੀ ਨਹੀਂ ਸੀ। ਉਹ ਜਾਣਦੀ ਸੀ ਕਿ ਰਵੀ ਕੋਲ ਜਾ ਕੇ ਰਹਿਣ ਨਾਲ ਆਰਾਮ ਮਿਲ ਸਕਦਾ ਹੈ, ਪਰੰਤੂ ਇਸ ਗੱਲ ਦੀ ਗਾਰੰਟੀ ਨਹੀਂ ਹੈ। ਉਹ ਇਸ ਕਲਪਨਾ ਨਾਲ ਭੈਅਭੀਤ ਹੋ ਜਾਂਦੀ ਕਿ ਜੇ ਕੁਝ ਦਿਨਾਂ ਬਾਅਦ ਨੂੰਹ-ਪੁੱਤ ਦਾ ਵਤੀਰਾ ਬਦਲ ਗਿਆ, ਤਾਂ ਉਹ ਕਿੱਥੇ ਜਾਣਗੇ? ਇਸ ਵਿਚਾਰ ਨਾਲ ਵੀ ਉਸਨੇ ਰਵੀ ਨੂੰ ਮਨ੍ਹਾ ਕਰ ਦਿੱਤਾ ਸੀ।
ਉਸ ਦਿਨ ਸ਼ਾਮ ਨੂੰ ਬੈਂਚ ‘ਤੇ ਬੈਠੀ ਉਹ ਫੁੱਲਾਂ ਅਤੇ ਉਨ੍ਹਾਂ ਦੇ ਆਸਪਾਸ ਉਡ ਰਹੀਆਂ ਤਿਤਲੀਆਂ ਨੂੰ ਦੇਖ ਕੇ ਖੁਸ਼ ਹੋ ਰਹੀ ਸੀ। ਬਗੀਚੇ ਵਿੱਚ ਬਾਹਰ ਦਿਖਾਈ ਦਿੰਦੀਆਂ ਮੋਟਰ-ਗੱਡੀਆਂ ਅਤੇ ਉਨ੍ਹਾਂ ਦੀ ਤਿੱਖੀ ਆਵਾਜ਼ ਸੁਣ ਕੇ ਉਸ ਨੂੰ ਬੁਰਾ ਵੀ ਲੱਗ ਰਿਹਾ ਸੀ। ਸੋਚਣ ਲੱਗੀ, ਇਹ ਕਿਹੋ ਜਿਹੀ ਤਬਦੀਲੀ ਆਈ ਹੈ। ਕਿੰਨੇ ਵਾਹਨ, ਕਿੰਨੇ ਲੋਕ, ਕਿੰਨੀ ਭੱਜ ਦੌੜ ਹਰ ਇਨਸਾਨ ਕੁਝ ਹਾਸਲ ਕਰਨ, ਧਨ ਕਮਾਉਣ ਦੀ ਦੌੜ ਵਿੱਚ ਦਿਖਾਈ ਦਿੰਦਾ ਹੈ। ਕੁਝ ਲੋਕ ਤਾਂ ਹਰ ਕੀਮਤ ‘ਤੇ ਸੁੱਖ-ਸਹੂਲਤਾਂ ਪਾ ਲੈਣਾ ਚਾਹੁੰਦੇ ਹਨ। ਇਸ ਮਨੋਵ੍ਰਿਤੀ ਦਾ ਨਤੀਜਾ ਵੀ ਦੇਖਣ ਨੂੰ ਮਿਲ ਰਿਹਾ ਹੈ।
‘‘ਰੁਕਮਣੀ ਜੀ ਨਮਸਕਾਰ!” ਇਹ ਸੁਣ ਕੇ ਉਸ ਦੀਆਂ ਸੋਚਾਂ ਦੀ ਲੜੀ ਟੁੱਟੀ। ਉਸਨੇ ਦੇਖਿਆ, ਗੁਆਂਢ ਵਿੱਚ ਰਹਿਣ ਵਾਲੀ ਮਿਸਿਜ਼ ਬਾਂਸਲ ਉਸ ਦੇ ਕੋਲ ਆ ਬੈਠੀ ਹੈ। ਉਸ ਨੇ ਉਸ ਦੀ ਨਮਸਕਾਰ ਦਾ ਜਵਾਬ ਦਿੰਦੇ ਹੋਏ ਪੁੱਛਿਆ, ‘‘ਕੀ ਹਾਲ ਹੈ ਮਿਸਿਜ ਬਾਂਸਲ?”
‘‘ਠੀਕ ਹਾਂ ਰੁਕਮਣੀ।” ਮਿਸਿਜ ਬਾਂਸਲ ਨੇ ਜਵਾਬ ਦਿੱਤਾ। ‘‘ਤੁਸੀਂ ਸੁਣਾਓ, ਰਵੀ ਕੋਲ ਰਹਿਣ ਕਦੋਂ ਜਾ ਰਹੇ ਹੋ?”
‘‘ਮੇਰਾ ਉਸ ਕੋਲ ਜਾਣ ਦਾ ਇਰਾਦਾ ਨਹੀਂ ਹੈ। ਮੇਰਾ ਆਪਣਾ ਘਦਰ ਹੈ। ਇਸ ਨੂੰ ਕਿਵੇਂ ਛੱਡ ਦੇਵਾਂ?”
‘‘ਹੁਣ ਇਸ ਉਮਰ ਵਿੱਚ ਕਿਉਂ ਝੰਜਟ ਕਰਦੇ ਹੋ। ਨੂੰਹ-ਪੁੱਤ ਕੋਲ ਜਾ ਕੇ ਰਹੋ, ਉਹ ਤੁਹਾਡੀ ਸੇਵਾ ਕਰਨਗੇ।”
ਰੁਕਮਣੀ ਇਸ ਗੱਲ ਦਾ ਤੁਰੰਤ ਜਵਾਬ ਨਹੀਂ ਦੇ ਸਕੀ। ਮਿਸਿਜ ਬਾਂਸਲ ਨੇ ਕੁਝ ਦੇਰ ਰੁਕ ਕੇ ਕਿਹਾ, ‘‘ਤੁਹਾਡੇ ਰਵੀ ਨੇ ਮਿਸਟਰ ਬਾਂਸਲ ਨਾਲ ਗੱਲ ਕੀਤੀ ਹੈ। ਉਹ ਇਸ ਮਕਾਨ ਨੂੰ ਵੇਚਣਾ ਚਾਹੁੰਦਾ ਹੈ। ਪੁੱਛ ਰਿਹਾ ਸੀ ਕਿ ਇਸ ਦੇ ਕਿੰਨੇ ਕੁ ਪੈਸੇ ਮਿਲ ਸਕਦੇ ਹਨ। ਬਾਂਸਲ ਜੀ ਨੇ ਪੰਜਾਹ ਲੱਖ ਰੁਪਏ ਤੱਕ ਦੀ ਕੀਮਤ ਦੱਸੀ ਹੈ। ਇਹ ਸੁਣ ਕੇ ਉਹ ਖੁਸ਼ ਹੋਇਆ ਸੀ। ਕਹਿਣ ਲੱਗਾ, ਮੰਮੀ ਰਾਜ਼ੀ ਹੋ ਜਾਣ, ਤਾਂ ਇਸ ਨੂੰ ਵੇਚ ਦਿਆਂਗਾ। ਭੋਪਾਲ ਵਿੱਚ ਆਪਣਾ ਸ਼ਾਨਦਾਰ ਘਰ ਬਣਾਏਗਾ। ਮੇਰੇ ਹਿਸਾਬ ਨਾਲ ਰਵੀ ਦੀ ਗੱਲ ਠੀਕ ਹੈ। ਤੁਹਾਨੂੰ ਇਹ ਮਕਾਨ ਵੇਚ ਦੇਣਾ ਚਾਹੀਦਾ ਹੈ ਅਤੇ ਉਸ ਦੇ ਕੋਲਜਾ ਕੇ ਰਹਿਣਾ ਚਾਹੀਦਾ ਹੈ।”
ਮਿਸਿਜ ਬਾਂਸਲ ਦੀ ਗੱਲ ਉਸ ਨੂੰ ਤੀਰ ਵਾਂਗ ਚੁੱਭੀ। ਤੜਫ ਉਠੀ। ਬੋਲੀ, ‘‘ਮਿਸਿਜ ਬਾਂਸਲ, ਤੁਸੀਂ ਜਿਸ ਮਕਾਨ ਦੀ ਗੱਲ ਕਰ ਰਹੇ ਹੋ, ਉਹ ਮੇਰਾ ਘਰ ਹੈ ਅਤੇ ਘਰ ਇਸ ਤਰ੍ਹਾਂ ਵੇਚੇ ਨਹੀਂ ਜਾਂਦੇ। ਰਵੀ ਇਸ ਗੱਲ ਨੂੰ ਭੁੱਲ ਗਿਆ ਹੈ, ਪ੍ਰੰਤੂ ਮੈਂ ਨਹੀਂ ਭੁੱਲੀ ਹਾਂ। ਇਸ ਨਾਲ ਮੇਰਾ ਭਾਵਨਾਤਮਕ ਰਿਸ਼ਤਾ ਹੈ। ਇਸ ਨਾਲ ਮੇਰੇ ਪਤੀ ਅਤੇ ਮੇਰੇ ਵਡੇਰਿਆਂ ਦੀਆਂ ਯਾਦਾਂ ਜੁੜੀਆਂ ਹਨ। ਉਨ੍ਹਾਂ ਯਾਦਾਂ ਨੂੰ ਕੁਝ ਰੁਪਿਆਂ ਲਈ ਨਹੀਂ ਵੇਚਿਆ ਜਾ ਸਕਦਾ। ਤੁਸੀਂ ਮੈਨੂੰ ਰੂੜੀਵਾਦੀ ਕਹਿ ਸਕਦੇ ਹੋ, ਪ੍ਰੰਤੂ ਮੈਨੂੰ ਇਸਦੀ ਕੋਈ ਪ੍ਰਵਾਹ ਨਹੀਂ ਹੈ। ਮੈਨੂੰ ਮੇਰੇ ਘਰ ਦੀ ਨੀਂਹ ‘ਤੇ ਬੇਟੇ ਦੇ ਸੁਪਨਿਆਂ ਦਾ ਮਹਿਲ ਬਣਾਉਣ ਵਿੱਚ ਕੋਈ ਰੁਚੀ ਨਹੀਂ ਹੈ।”
ਉਸ ਦੀ ਦਿ੍ਰੜ੍ਹਤਾ ਦੇਖ ਕੇ ਮਿਸਿਜ ਬਾਂਸਲ ਹੈਰਾਨ ਰਹਿ ਗਈ। ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਨਿਮਰਤਾ ਭਰੇ ਸ਼ਬਦਾਂ ਵਿੱਚ ਬੋਲੀ, ‘‘ਮੁਆਫ ਕਰਨਾ ਰੁਕਮਣੀ ਭੈਣ, ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝ ਨਹੀਂ ਸਕੀ ਅਤੇ ਤੁਹਾਡੇ ਘਰ ਨੂੰ ਮਕਾਨ ਕਹਿ ਗਈ। ਅਸਲ ਵਿੱਚ ਘਰ, ਘਰ ਹੁੰਦਾ ਹੈ। ਉਸ ਨੂੰ ਮਕਾਨ ਸਮਝ ਕੇ ਖਰੀਦਣ ਜਾਂ ਵੇਚਣ ਦੀ ਗੱਲ ਠੀਕ ਨਹੀਂ ਹੈ। ਮੈਂ ਤੁਹਾਡੀਆਂ ਭਾਵਨਾਵਾਂ ਦੀ ਕਦਰ ਕਰਦੀ ਹਾਂ।”
ਇੰਨਾ ਕਹਿ ਕੇ ਉਹ ਘਰ ਜਾਣ ਲਈ ਉਠ ਖੜ੍ਹੀ ਹੋਈ।:peeng
 
Top