ਹੈਮਿਲਟਨ- ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਮੈਕਲੇਨਗਨ ਨੇ ਕਿਹਾ ਹੈ ਕਿ ਉਸ ਦੀ ਟੀਮ ਚੋਟੀ ਦੀਆਂ ਹੋਰ ਟੀਮਾਂ ਨੂੰ ਸੁਨੇਹਾ ਦੇਣ ਲਈ ਭਾਰਤ ਖਿਲਾਫ ਮੌਜੂਦਾ ਇਕ ਦਿਨਾ ਲੜੀ 'ਚ ਹਮਲਾਵਰ ਕ੍ਰਿਕਟ ਜਾਰੀ ਰੱਖੇਗੀ। ਨੇਪੀਅਰ 'ਚ ਐਤਵਾਰ ਨੂੰ ਪਹਿਲੇ ਵਨ-ਡੇ ਮੈਚ 'ਚ ਭਾਰਤੀ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਨੂੰ ਉਲਝਾਉਣ ਵਾਲੇ ਮੈਕਲੇਨਗਨ ਨੇ ਕਿਹਾ, ''ਭਾਰਤੀ ਬੱਲੇਬਾਜ਼ ਵਧੀਆ ਖਿਡਾਰੀ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਉਨ੍ਹਾਂ ਪ੍ਰਤੀ ਹਮਦਰਦੀ ਦਿਖਾਈਏ। ਅਸੀਂ ਉਨ੍ਹਾਂ ਸਾਹਮਣੇ ਚੰਗੇ ਬਣਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਸਗੋਂ ਉਨ੍ਹਾਂ ਦੀ ਅੱਖ ਨਾਲ ਅੱਖ ਮਿਲਾ ਕੇ ਖੇਡਾਂਗੇ। ਅਸੀਂ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹਾਂ ਕਿ ਅਸੀਂ ਇੱਥੇ ਮੌਜੂਦਾ ਹਾਂ ਅਤੇ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਛਾਪ ਛੱਡਣਾ ਚਾਹੁੰਦੇ ਹਾਂ।'' ਨਿਊਜ਼ੀਲੈਂਡ ਪੰਜ ਮੈਚਾਂ ਦੀ ਲੜੀ 'ਚ ਹਾਲੇ 1-0 ਨਾਲ ਅੱਗੇ ਹੈ ਅਤੇ ਮੈਕਲੇਨਗਨ ਨੇ ਕਿਹਾ ਕਿ ਇਹ ਦੁਨੀਆ ਦੀ ਸਰਵਸ੍ਰੇਸ਼ਟ ਟੀਮ ਖਿਲਾਫ ਬਹੁਤ ਵੱਡੀ ਲੜੀ ਹੈ। ਵਿਸ਼ਵ ਕੱਪ ਸਾਡੀ ਸਰਜ਼ਮੀਂ 'ਤੇ ਹੋਣਾ ਹੈ ਅਤੇ ਇਸ ਤੋਂ ਪਹਿਲਾਂ ਅਸੀਂ ਲਗਾਤਾਰ ਵਧੀਆ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ।